1. Home
  2. ਖਬਰਾਂ

Bathinda Kisan Mela 2024: ਕਿਸਾਨ ਪੱਖੀ ਖੇਤੀ ਨੀਤੀ ਦੇ ਲਾਗੂ ਹੋਣ ਨਾਲ ਵੱਡੀਆਂ ਸਮੱਸਿਆਵਾਂ ਦੇ ਹੱਲ ਹੋਣ ਦੀ ਉਮੀਦ: ਡਾ. ਸੁਖਪਾਲ ਸਿੰਘ

ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਰਖੇਜ਼ ਧਰਤੀ ਹਰ ਤਰ੍ਹਾਂ ਦੀ ਫ਼ਸਲ ਪੈਦਾ ਕਰਨ ਦੇ ਸਮਰੱਥ ਹੈ ਪਰ ਬਹੁਤੀਆਂ ਫ਼ਸਲਾਂ ਦੇ ਵਾਜਬ ਮੁੱਲ ਨਾ ਮਿਲਦੇ ਹੋਣ ਕਾਰਨ ਅੱਜ ਸਾਡਾ ਕਿਸਾਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਖੇਤੀ ਨੂੰ ਤਿਆਗ ਕੇ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਰਿਹਾ ਹੈ। ਸੂਬੇ ਦੇ ਕਿਸਾਨ ਨੂੰ ਇਸ ਆਰਥਿਕ ਸੰਕਟ ਵਿਚੋਂ ਕੱਢਣ ਲਈ ਉਨ੍ਹਾਂ ਦੱਸਿਆ ਕਿ ਕਿਸਾਨਾਂ, ਮਾਹਿਰਾਂ ਅਤੇ ਹੋਰ ਲਾਭ-ਪਾਤਰੀਆਂ ਦੇ ਸਲਾਹ-ਮਸ਼ਵਰੇ ਨਾਲ ਕਿਸਾਨ ਪੱਖੀ ਖੇਤੀ ਨੀਤੀ ਤਿਆਰ ਕੀਤੀ ਜਾ ਚੁੱਕੀ ਹੈ, ਜਿਸ ਦੇ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਹੋਣ ਦੀ ਉਮੀਦ ਹੈ।

Gurpreet Kaur Virk
Gurpreet Kaur Virk
ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

ਬਠਿੰਡਾ ਵਿਖੇ ਕਿਸਾਨ ਮੇਲੇ ਦਾ ਆਯੋਜਨ

Kisan Mela 2024: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿ਼ਰਕਤ ਕੀਤੀ। ਕੁਦਰਤੀ ਸੋਮੇ ਬਚਾਓ, ਸਭ ਲਈ ਖੁਸ਼ਹਾਲੀ ਲਿਆਓ ਦੇ ਉਦੇਸ਼ ਨਾਲ ਲਗਾਏ ਇਸ ਕਿਸਾਨ ਮੇਲੇ ਵਿੱਚ ਉਘੇ ਅਰਥ ਸਾਸ਼ਤਰੀ ਅਤੇ ਚੇਅਰਮੈਨ, ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ, ਡਾ. ਸੁਖਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ. ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਮੁਖੀ, ਤਕਨੀਕੀ ਮਾਹਰ ਅਤੇ ਡੀਨ ਡਾਇਰੈਕਟਰ ਵੀ ਸ਼ਾਮਲ ਹੋਏ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਪੀ.ਏ.ਯੂ. ਦੇ ਕਿਸਾਨ ਮੇਲੇ ਖੇਤੀ ਗਿਆਨ ਵਿਗਿਆਨ ਨੂੰ ਕਿਸਾਨਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਲਿਆ ਕੇ ਦੇਸ਼ ਦੇ ਅੰਨ-ਭੰਡਾਰ ਨੂੰ ਭਰਪੂਰ ਕਰਨ ਵਿੱਚ ਪੀ.ਏ.ਯੂ. ਵਿਗਿਆਨੀਆਂ ਅਤੇ ਪੰਜਾਬ ਦੇ ਕਿਸਾਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ।

ਡਾ. ਸੁਖਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੀ ਜਰਖੇਜ਼ ਧਰਤੀ ਹਰ ਤਰ੍ਹਾਂ ਦੀ ਫ਼ਸਲ ਪੈਦਾ ਕਰਨ ਦੇ ਸਮਰੱਥ ਹੈ ਪਰ ਬਹੁਤੀਆਂ ਫ਼ਸਲਾਂ ਦੇ ਵਾਜਬ ਮੁੱਲ ਨਾ ਮਿਲਦੇ ਹੋਣ ਕਾਰਨ ਅੱਜ ਸਾਡਾ ਕਿਸਾਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਦਾ ਹੋਇਆ ਖੇਤੀ ਨੂੰ ਤਿਆਗ ਕੇ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਰਿਹਾ ਹੈ। ਸੂਬੇ ਦੇ ਕਿਸਾਨ ਨੂੰ ਇਸ ਆਰਥਿਕ ਸੰਕਟ ਵਿਚੋਂ ਕੱਢਣ ਲਈ ਉਨ੍ਹਾਂ ਦੱਸਿਆ ਕਿ ਕਿਸਾਨਾਂ, ਮਾਹਿਰਾਂ ਅਤੇ ਹੋਰ ਲਾਭ-ਪਾਤਰੀਆਂ ਦੇ ਸਲਾਹ-ਮਸ਼ਵਰੇ ਨਾਲ ਕਿਸਾਨ ਪੱਖੀ ਖੇਤੀ ਨੀਤੀ ਤਿਆਰ ਕੀਤੀ ਜਾ ਚੁੱਕੀ ਹੈ, ਜਿਸ ਦੇ ਲਾਗੂ ਹੋਣ ਨਾਲ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਹੋਣ ਦੀ ਉਮੀਦ ਹੈ। ਖੇਤੀ ਨੀਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਨੀਤੀ ਵਿੱਚ ਕਿਸਾਨਾਂ ਦੀ ਸਿਹਤ, ਖੇਤੀ ਉਤਪਾਦਨ ਅਤੇ ਆਮਦਨ ਵਧਾਉਣ ਵਰਗੇ ਸਾਰੇ ਪੱਖਾਂ ਨੂੰ ਲਿਆ ਗਿਆ ਹੈ, ਜਿਨ੍ਹਾਂ ਨੂੰ ਨਿੱਠ ਕੇ ਪੜਨ ਅਤੇ ਵਿਚਾਰਨ ਦੀ ਲੋੜ ਹੈ। ਕਣਕ ਝੋਨੇ ਦੇ ਫ਼ਸਲੀ ਚੱਕਰ ਨੂੰ ਤਿਆਗ ਕੇ ਖੇਤੀ ਵੰਨ-ਸੁਵੰਨਤਾ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੁਦਰਤੀ ਸੋਮਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਅ ਕੇ ਰੱਖਣਾ ਸਾਡਾ ਮੁੱਢਲਾ ਫ਼ਰਜ਼ ਹੈ ਅਤੇ ਜਿੰਨੀ ਤੇਜ਼ੀ ਨਾਲ ਅੱਜ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਆ ਰਹੀ ਹੈ ਉਹ ਸਾਡੇ ਸਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੌਣ-ਪਾਣੀ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਲਈ ਖੇਤੀ ਰਹਿਦ-ਖੂੰਹਦ ਨੂੰ ਅੱਗ ਲਾ ਕੇ ਸਾੜਨ ਦੀ ਥਾਂ ਖੇਤਾਂ ਵਿੱਚ ਹੀ ਵਾਹੁਣ ਦੀ ਅਪੀਲ ਕਰਦਿਆਂ ਉਨ੍ਹਾਂ ਨੇ ਪੀ.ਏ.ਯੂ. ਵੱਲੋਂ ਵਿਕਸਤ ਕੀਤੀਆਂ ਘੱਟ ਸਮਾਂ ਅਤੇ ਘੱਟ ਪਾਣੀ ਲੈਣ ਵਾਲੀਆਂ ਪੀ.ਆਰ ਕਿਸਮਾਂ ਦੀ ਕਾਸ਼ਤ ਕਰਨ, ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਸਰਫੇਸ ਸੀਡਰ, ਸਮਾਰਟ ਸੀਡਰ ਵਰਗੀ ਅਤਿ-ਆਧੁਨਿਕ ਖੇਤ ਮਸ਼ੀਨਰੀ ਵਰਤਣ ਲਈ ਕਿਹਾ। ਖੇਤੀ ਆਮਦਨ ਨੂੰ ਦੁੱਗਣਾ ਕਰਨ ਲਈ ਉਨ੍ਹਾਂ ਨੇ ਖੇਤੀ ਖਰਚੇ ਘਟਾਉਣ, ਮੰਡੀਕਰਨ ਸੁਚਾਰੂ ਬਨਾਉਣ ਅਤੇ ਉਤਪਾਦਨ ਦੇ ਨਾਲ ਨਾਲ ਗੁਣੱਵਤਾ ਵਧਾਉਣ ਦਾ ਸੁਨੇਹਾ ਦਿੰਦਿਆਂ ਖੇਤੀ ਕਿਰਤ ਦਾ ਸਮਾਂ ਵਧਾਉਣ ਲਈ ਸਹਾਇਕ ਧੰਦੇ ਅਪਨਾਉਣ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ।

ਇਸ ਮੌਕੇ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਕਿਸਾਨ ਮੇਲਿਆਂ ਨੂੰ ਗਿਆਨ ਵਿਗਿਆਨ ਦੇ ਮੇਲੇ ਦੱਸਦਿਆਂ ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਮੱਦੇ ਨਜ਼ਰ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀਆਂ ਫ਼ਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤ ਮਸ਼ੀਨਰੀ ਬਾਰੇ ਜਾਣਕਾਰੀ ਸਾਂਝੀ ਕੀਤੀ. ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਹੁਣ ਤੱਕ 950 ਤੋਂ ਵੱਧ ਕਿਸਮਾਂ ਵਿਕਸਤ ਕੀਤੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿਚੋਂ 250 ਤੋਂ ਵੱਧ ਕਿਸਮਾਂ ਨੇ ਰਾਸ਼ਟਰੀ ਪੱਧਰ ਤੇ ਪਹਿਚਾਣ ਕਾਇਮ ਕੀਤੀ ਹੈ। ਪੀ.ਏ.ਯੂ. ਵੱਲੋਂ ਸ਼ਿ਼ਫ਼ਾਰਿਸ਼ ਕੀਤੀਆਂ ਫ਼ਸਲਾਂ ਦੀਆਂ ਕਿਸਮਾਂ ਬੀਜਣ ਦੀ ਸਿਫ਼ਾਰਿਸ਼ ਕਰਦਿਆਂ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵਿਕਸਤ ਕੀਤੀ ਕਣਕ ਦੀ ਵੱਧ ਝਾੜ ਦੇਣ ਵਾਲੀ ਕਿਸਮ ਪੀ.ਬੀ.ਡਬਲਯੂ-826 ਨੇ ਜੰਮੂ ਤੋਂ ਲੈ ਕੇ ਕਲਕੱਤੇ ਤੱਕ ਪੂਰੀ ਧਾਂਕ ਜਮਾਈ।

ਜਲ ਸੋਮਿਆਂ ਦੀ ਬੱਚਤ ਲਈ ਉਹਨਾਂ ਨੇ ਧਰਤੀ ਹੇਠਲੇ ਪਾਣੀ ਦੀ ਥਾਂ ਨਹਿਰੀ ਪਾਣੀ ਦੀ ਵਰਤੋਂ ਕਰਨ, ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨ ਅਤੇ ਤੁਪਕਾ ਸੰਚਾਈ ਵਰਗੀਆਂ ਤਕਨੀਕਾਂ ਅਪਨਾਉਣ ਦੀ ਅਪੀਲ ਕੀਤੀ। ਉਤਪਾਦਨ ਦੇ ਨਾਲ-ਨਾਲ ਗੁਣਵੱਤਾ ਵੱਲ ਵਿਸ਼ੇਸ਼ ਜ਼ੋਰ ਦਿੰਦਿਆਂ ਉਨ੍ਹਾਂ ਨੇ ਯੂਨੀਵਰਸਿਟੀ ਵਿਗਿਆਨੀਆਂ ਵੱਲੋਂ ਵਿਕਸਤ ਕੀਤੀ ਸਰੋਂ ਦੀ ਨਵੀਂ ਕਿਸਮ ਪੀ.ਐਚ.ਆਰ-127, ਗੋਭੀ ਸਰੋਂ ਦੀ ਹਾਈਬ੍ਰਿਡ ਕਿਸਮ ਪੀ.ਜੀ.ਐਸ.ਐਚ-2155, ਜਵੀਂ ਦੀ ਕਿਸਮ ਓ.ਐਲ-17, ਬੇਕਰੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਪੀ.ਬੀ.ਡਬਲਯੂ ਬਿਸਕੁਟ-1 ਅਤੇ ਰੋਟੀ ਲਈ ਢੁਕਵੀਂ ਕਿਸਮ ਪੀ.ਬੀ.ਡਬਲਯੂ ਚਪਾਤੀ-1 ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ. ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਦਾਲਾਂ, ਚਾਰੇ ਅਤੇ ਸਬਜ਼ੀਆਂ ਦੀਆਂ ਕਿੱਟਾਂ ਖਰੀਦਣ ਦੀ ਪੁਰਜ਼ੋਰ ਸਿਫ਼ਾਰਿਸ਼ ਕਰਦਿਆਂ ਉਨ੍ਹਾਂ ਨੇ ਕਣਕ ਵਿੱਚ ਪੀਲੀ ਕੁੰਗੀ ਦੀ ਰੋਕਥਾਮ ਲਈ ਤਾਕਤ ਨਾਂ ਦੀ ਦਵਾਈ ਵਰਤੋਂ ਕਰਨ ਦੇ ਨਾਲ ਨਾਲ ਜੈਵਿਕ ਬਿਜਾਈ ਤੋਂ ਇੱਕ ਮਹੀਨੇ ਬਾਅਦ ਖੱਟੀ ਲੱਸੀ ਦਾ ਛਿੜਕਾਅ ਕਰਨ ਅਤੇ ਗਰਮ ਰੁੱਤ ਦੀ ਮੂੰਗੀ ਵਿੱਚ ਜੂੰ ਦਾ ਹਮਲਾ ਹੋਣ ਤੇ ਨੀਲੇ ਟਰੈਪ ਵਰਤਣ ਅਤੇ ਪੀ.ਏ.ਯੂ. ਨਿੰਮ ਦੇ ਘੋਲ ਦਾ ਛਿੜਕਾਅ ਕਰਨ ਲਈ ਕਿਹਾ।

ਇਹ ਵੀ ਪੜੋ: Patiala Kisan Mela 2024: ਫਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਹੀ ਵਾਹੋ: Dr. Gosal

ਇਸ ਮੌਕੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਪਤਵੰਤਿਆਂ, ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਕਿਹਾ ਕਿ ਯੂਨੀਵਰਸਿਟੀ ਦਾ ਲਗਾਤਾਰ ਦੂਜੇ ਸਾਲ ਵੀ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣਨ ਦਾ ਸਮੁੱਚਾ ਸਿਹਰਾ ਖੇਤੀ ਵਿਗਿਆਨੀਆਂ ਦੇ ਨਾਲ-ਨਾਲ ਸਾਡੇ ਕਿਸਾਨਾਂ ਨੂੰ ਵੀ ਜਾਂਦਾ ਹੈ, ਜਿਨ੍ਹਾਂ ਨੇ ਹਮੇਸ਼ਾਂ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਪਸਾਰ ਸੇਵਾਵਾਂ ਪ੍ਰਤੀ ਅਥਾਹ ਵਿਸ਼ਵਾਸ ਜਤਾਇਆ ਹੈ। ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਪੀ.ਏ.ਯੂ. ਦੇ ਫੇਸਬੁੱਕ ਲਾਈਵ ਪ੍ਰੋਗਰਾਮ, ਯੂਟਿਊਬ ਚੈਨਲਜ਼ ਅਤੇ ਖੇਤੀ ਸੰਦੇਸ਼ ਨਾਲ ਜੁੜਨ ਦੀ ਅਪੀਲ ਕਰਦਿਆਂ ਪੀ.ਏ.ਯੂ. ਵੱਲੋਂ ਪ੍ਰਕਾਸ਼ਤ ਕੀਤੇ ਜਾਂਦੇ ਮਹੀਨਾਵਾਰ ਰਸਾਲੇ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਦੇ ਵੱਧ ਤੋਂ ਵੱਧ ਮੈਬਂਰ ਬਣਨ ਲਈ ਪ੍ਰੇਿਰਤ ਕੀਤਾ।

ਇਸ ਮੌਕੇ ਸਾਬਕਾ ਮੁਖੀ, ਭੂਮੀ ਵਿਗਿਆਨ ਵਿਭਾਗ ਅਤੇ ਯੂਨੀਵਰਸਿਟੀ ਦੇ ਸਾਬਕਾ ਲਾਇਬ੍ਰੇਰੀਅਨ ਡਾ. ਓ.ਪੀ.ਚੌਧਰੀ, ਕੇ.ਵੀ.ਕੇ. ਬਠਿੰਡਾ ਦੇ ਡਾ. ਜਸਵਿੰਦਰ ਕੌਰ ਬਰਾੜ ਅਤੇ ਸਾਬਕਾ ਭੂਮੀ ਵਿਗਿਆਨੀ ਡਾ ਏ.ਐਸ.ਸਿੱਧੂ ਦਾ ਯੂਨੀਵਰਸਿਟੀ ਵਿੱਚ ਸਰਵੋਤਮ ਸੇਵਾਵਾਂ ਨਿਭਾਉਣ ਦੇ ਇਵਜ਼ ਵਜੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਮਾਜਿਕ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਸਵ: ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲੌ (ਬਠਿੰਡਾ) ਦੇ ਅਹੁਦੇਦਾਰ ਸ੍ਰ: ਕਰਮਜੀਤ ਸਿੰਘ ਅਤੇ ਸ੍ਰ: ਭੁਪਿੰਦਰ ਸਿੰਘ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸ੍ਰ: ਕੁਲਦੀਪ ਸਿੰਘ ਸਿਰੀਏਵਾਲਾ ਨੂੰ ਸ੍. ਸੁਰਜੀਤ ਸਿੰਘ ਢਿਲੋਂ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸ੍ਰ: ਹਰਨੇਕ ਸਿੰਘ ਪਿੰਡ ਤਰਖਾਨਵਾਲਾ ਨੇ ਯੂਨੀਵਰਸਿਟੀ ਇੰਡੋਅਮੈਟਂ ਫੰਡ ਵਿੱਚ 6,000$-ਰੁਪਏ ਦੀ ਰਾਸ਼ੀ ਦਿੱਤੀ।

ਇਹ ਵੀ ਪੜੋ: ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਉਪਲਬਧ ਮਸ਼ੀਨਰੀ ਅਤੇ ਤਕਨੀਕ ਦਾ ਪ੍ਰਬੰਧ ਕਰਕੇ ਵਾਤਾਵਰਨ ਨੂੰ ਬਚਾਉਣ: Dr. Maninder Singh Bons

ਮੰਚ ਸੰਚਾਲਣ ਕਰਦਿਆਂ ਪ੍ਰਮੁੱਖ ਵਿਗਿਆਨੀ ਡਾ. ਜੀ.ਐਸ.ਰੋਮਾਣਾ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਲਗਾਈਆਂ ਖੇਤ ਪ੍ਰਦਰਸ਼ਨੀਆਂ ਅਤੇ ਨੁਮਾਇਸ਼ਾਂ ਦਾ ਦੌਰਾ ਕਰਨ ਲਈ ਕਿਹਾ। ਇਸ ਮੌਕੇ ਡਾ ਤੇਜਿੰਦਰ ਸਿੰਘ ਰਿਆੜ, ਅਪਰ ਨਿਰਦੇਸ਼ਕ ਸੰਚਾਰ, ਪੀ.ਏ.ਯੂ. ਵੱਲੋਂ ਯੂਨੀਵਰਸਿਟੀ ਵੱਲੋਂ ਵਿਕਸਤ ਅਤੇ ਸਿਫ਼ਾਰਿਸ਼ ਕੀਤੀਆਂ ਪ੍ਰਮਾਣਿਤ ਕਿਸਮਾਂ ਬੀਜਣ ਦੀ ਅਪੀਲ ਕਰਦਿਆਂ ਕ੍ਰਿਸ਼ੀ ਵਿਗਿਆਨ ਕੇਦਂਰਾਂ ਅਤੇ ਹੁਨਰ ਵਿਕਾਸ ਕੇਦਂਰ ਵੱਲੋਂ ਲਗਾਈਆਂ ਜਾਂਦੀਆਂ ਖੇਤੀ ਸਿਖਲਾਈਆਂ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਲਈ ਕਿਹਾ। ਉਨ੍ਹਾਂ ਨੇ ਹਾੜ੍ਹੀ ਦੀਆਂ ਫ਼ਸਲਾਂ ਦੀਆਂ ਸਿਫ਼ਾਰਿਸਾਂ ਪੁਸਤਕ ਨੂੰ ਪੜ੍ਹ ਕੇ ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਪ੍ਰੇਰਤ ਕਰਦਿਆਂ ਪੀ.ਏ.ਯੂ. ਵੱਟਸਅੱਪ ਗਰੁੱਪਾਂ ਨਾਲ ਜੁੜਣ ਲਈ ਸੰਪਰਕ ਨੰਬਰ ਵੀ ਸਾਂਝੇ ਕੀਤੇ।

ਨਿਰਦੇਸ਼ਕ, ਖੇਤਰੀ ਖੋਜ ਕੇਦਂਰ, ਬਠਿੰਡਾ, ਡਾ. ਕਰਮਜੀਤ ਸਿੰਘ ਸੇਖੋਂ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਕਿਸਾਨਾਂ ਨੂੰ ਖੇਤੀ ਸਬੰਧੀ ਸਮੱਸਿਆਵਾਂ ਲਈ ਖੇਤੀ ਮਾਹਿਰਾਂ ਨਾਲ ਜੁੜਨ ਦੀ ਅਪੀਲ ਕਰਦਿਆਂ ਆਪਣੇ ਬੱਚਿਆਂ ਨੂੰ ਖੇਤੀ ਸਿੱਖਿਆ ਹਾਸਲ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਆਉਣ ਵਾਲੀ ਪੀੜੀ ਖੇਤੀ ਧੰਦੇ ਨੂੰ ਵਿਗਿਆਨਕ ਲੀਹਾਂ ਤੇ ਤੋਰ ਕੇ ਪੰਜਾਬ ਨੂੰ ਹੋਰ ਵੀ ਖੁਸ਼ਹਾਲ ਬਣਾ ਸਕੇ।

Summary in English: Bathinda Kisan Mela 2024: Implementation of farmer-friendly agricultural policy expected to solve major problems: Dr Sukhpal Singh

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters