
‘ਯੰਗ ਰਾਈਟਰਜ਼ ਐਸੋਸੀਏਸ਼ਨ’ ਵੱਲੋਂ ਆਯੋਜਿਤ ਪੁਸਤਕ ਪੜ੍ਹਨ ਮੁਕਾਬਲਾ
Punjab Agricultural University: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਸੰਸਥਾ ‘ਯੰਗ ਰਾਈਟਰਜ਼ ਐਸੋਸੀਏਸ਼ਨ’ ਵੱਲੋਂ ਆਯੋਜਿਤ ਕੀਤੇ ਗਏ ਪੁਸਤਕ ਪੜ੍ਹਨ ਮੁਕਾਬਲੇ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੀਆਂ ਮਨ ਪਸੰਦ ਕਿਤਾਬਾਂ ਬਾਰੇ ਖੁੱਲਕੇ ਵਿਚਾਰ ਪੇਸ਼ ਕੀਤੇ।
‘ਮੈਨੂੰ ਇਹ ਕਿਤਾਬ ਕਿਉਂ ਚੰਗੀ ਲੱਗੀ’ ਵਿਸ਼ੇ ’ਤੇ ਕਰਵਾਏ ਗਏ ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਪੱਤਰਕਾਰ ਅਤੇ ਚਿੰਤਕ ਸ਼੍ਰੀ ਜਤਿੰਦਰ ਪੰਨੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਹੁਣ ਤੱਕ ਹੁੰਦੇ ਰਵਾਇਤੀ ਮੁਕਾਬਲਿਆਂ ਤੋਂ ਹਟਕੇ ਇੱਕ ਵਿਲੱਖਣ ਮੁਕਾਬਲੇ ਵਿੱਚ ਹਿੱਸਾ ਲਿਆ ਹੈ, ਜਿਸ ਲਈ ਯੂਨੀਵਰਸਿਟੀ ਵਧਾਈ ਦੀ ਹੱਕਦਾਰ ਹੈ।
ਸ਼੍ਰੀ ਜਤਿੰਦਰ ਪੰਨੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਿਤਾਬਾਂ ਪੜ੍ਹਨ ਦੇ ਨਾਲ ਨਾਲ ਇਨਸਾਨਾਂ ਦੇ ਮਨ ਦੀ ਇਬਾਰਤ ਵੀ ਪੜਨੀ ਸਿੱਖੋ ਕਿਉਂ ਕਿ ਇਸ ਵੇਲੇ ਮਰ ਰਹੀ ਇਨਸਾਨੀਅਤ ਨੂੰ ਬਚਾਉਣ ਵਿੱਚ ਨੌਜਵਾਨ ਪੀੜ੍ਹੀ ਮੁਲੱਵਾਨ ਯੋਗਦਾਨ ਪਾ ਸਕਦੀ ਹੈ। ਉਹਨਾ ਕਿਹਾ ਕਿ ਇਸ ਵੇਲੇ ਸਾਡਾ ਸਮਾਜ ਅਜਿਹੀਆਂ ਅਲਾਮਤਾਂ ਵਿੱਚ ਘਿਰ ਚੁੱਕਾ ਹੈ ਜਿਹੜੀਆਂ ਸਾਡੇ ਭਵਿੱਖ ਲਈ ਵੱਡਾ ਖਤਰਾ ਹਨ ਅਤੇ ਜਿੰਨਾ ਤੋਂ ਬਚਣ ਲਈ ਗੰਭੀਰ ਯਤਨ ਅਤੇ ਸੱਚੀ-ਸੁੱਚੀ ਸੋਚ ਦੀ ਜ਼ਰੂਰਤ ਹੈ। ਸ਼੍ਰੀ ਪੰਨੂ ਨੇ ਵਿਦਿਆਰਥੀਆਂ ਨੂੰ ਕਿਹਾ ਤੁਹਾਡੀ ਸੁਹਿਰਦਤਾ ਹੀ ਦੇਸ਼ ਨੂੰ ਖੁਸ਼ਹਾਲ ਬਣਾਵੇਗੀ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਮਾਣਯੋਗ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਤਾਬਾਂ ਪੜ੍ਹਨਾ ਜ਼ਿੰਦਗੀ ਲਈ ਇੱਕ ਵਰਦਾਨ ਹੈ। ਡਾ ਗੋਸਲ ਨੇ ਕਿਹਾ ਕਿ ਭਾਵੇਂ ਵਿਗਿਆਨਕ ਖੇਤਰ ਹੋਵੇ ਜਾਂ ਸਾਹਿਤਕ ਖੇਤਰ ਹੋਵੇ ਕਿਤਾਬਾਂ ਆਪਣੇ ਗਿਆਨ ਨਾਲ ਮਨੁੱਖ ਨੂੰ ਰਾਹ ਦਿਖਾਉਂਦੀਆਂ ਹਨ। ਡਾ ਗੋਸਲ ਨੇ ਕਿਹਾ ਕਿ ਪੀ ਏ ਯੂ ਦੇ ਵਿਦਿਆਰਥੀ ਭਾਗਸ਼ਾਲੀ ਹਨ ਕਿਉਂਕਿ ਇਹ ਏਸ਼ੀਆ ਦੀ ਸੱਭ ਤੋਂ ਵੱਡੀ ਯੂਨੀਵਰਸਿਟੀ ਹੈ ਜਿਸ ਦੀ ਲਾਇਬਰੇਰੀ ਵਿੱਚ ਚਾਰ ਲੱਖ ਤੋਂ ਜ਼ਿਆਦਾ ਕਿਤਾਬਾਂ ਉਪਲਬਧ ਹਨ।
ਸਵਾਗਤੀ ਸ਼ਬਦਾਂ ਦੌਰਾਨ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਬੇਸ਼ੱਕ ਇਹ ਪੁਸਤਕ ਪੜ੍ਹਨ ਮੁਕਾਬਲਾ ਪਹਿਲੀ ਵਾਰ ਹੋ ਰਿਹਾ ਹੈ ਫਿਰ ਵੀ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਵਿੱਚ ਹਿੱਸਾ ਲਿਆ ਹੈ। ਡਾ ਨਿਰਮਲ ਜੌੜਾ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਹੋਰ ਵਧਾਉਣ ਲਈ ਵੱਖ ਵੱਖ ਹੋਸਟਲਾਂ ਵਿੱਚ ਚੰਗੇ ਰੀਡਿੰਗ ਰੂਮ ਸਥਾਪਤ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਹਾਈਬ੍ਰਿਡ ਝੋਨੇ ਦੇ ਮੁੱਦੇ 'ਤੇ 13 ਮਈ ਨੂੰ ਸੁਣਵਾਈ, ਸੀਡ ਐਕਟ ਰਾਹੀਂ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਰੋਕ ਲਗਾ ਸਕਦੈ ਕੇਂਦਰ!
ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ (ਆਈ ਏ ਐਸ) ਨੇ ਕਿਹਾ ਵਿਦਿਆਰਥੀਆਂ ਨੂੰ ਸੁਖਾਵਾਂ ਮਹੌਲ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਉਹਨਾਂ ਦੀ ਦਿਲਚਸਪੀ ਪੜਾਈ ਵਿੱਚ ਬਣੇ। ਡਾ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਲ ਰਹੇ ਸਹਿਯੋਗ ਸਦਕਾ ਯੂਨੀਵਰਸਿਟੀ ਦੇ ਖੇਡ ਮੈਦਾਨਾਂ, ਲਾਇਬ੍ਰੇਰੀ ਅਤੇ ਹੋਸਟਲਾਂ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਰਿਹਾ ਹੈ।
ਧੰਨਵਾਦ ਕਰਦਿਆਂ ਯੂਨਵਿਰਸਿਟੀ ਦੇ ਐਸੋਸੀਏਟ ਡਾਇਰੈਕਟਰ ਕਲਚਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਸਤਕ ਸੱਭਿਆਚਾਰ ਪੈਦਾ ਕਰਨਾ ਸਮੇਂ ਦੀ ਜ਼ਰੂਰਤ ਹੈ ਜਿਸ ਨਾਲ ਵਿਦਿਆਰਥੀ ਸੋਹਜ ਸੋਚ ਅਤੇ ਵਿਚਾਰਾਂ ਨਾਲ ਜੁੜਦੇ ਹਨ। ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਪੁਸਤਕ ਪੜ੍ਹਨ ਮੁਕਾਬਲੇ ਦੇ ਨਿਰਣਾਇਕਾਂ ਦੀ ਭੂਮਿਕਾ ਗਜ਼ਲਗੋ ਸਤੀਸ਼ ਗੁਲਾਟੀ, ਉਘੇ ਲੇਖਕ ਹਰਪਾਲ ਸਿੰਘ ਮਾਂਗਟ ਅਤੇ ਸਿਖਿਆ-ਸਾਸ਼ਤ੍ਰੀ ਜਸਵਿੰਦਰ ਸਿੰਘ ਵਿਰਕ ਨੇ ਨਿਭਾਈ।
ਇਹ ਵੀ ਪੜ੍ਹੋ: ਕਿਸਾਨਾਂ ਦੀ ਪਹਿਲੀ ਪਸੰਦ ਬਣੀ ਝੋਨੇ ਦੀ PR 126 ਕਿਸਮ, Punjab ਵਿੱਚ ਪਾਣੀ ਤੋਂ ਪਰਾਲੀ ਤੱਕ ਦਾ ਪੱਕਾ ਹੱਲ
ਕਾਫਲਾ – ਜੀਵੇ ਜਵਾਨੀ ਦੇ ਮੁੱਖ ਸੰਚਾਲਕ ਸ਼੍ਰੀ ਗੁਰਪ੍ਰੀਤ ਸਿੰਘ ਤੂਰ (ਸਾਬਕਾ ਆਈ ਪੀ ਐਸ) ਨੇ ਕਿਹਾ ਕਿ ਕਿਤਾਬਾਂ ਪੜ੍ਹਨਾ ਇੱਕ ਚੰਗਾ ਰੁਝਾਨ ਹੈ ਅਤੇ ਤੰਦਰੁਸਤ ਸਮਾਜ ਦੀ ਨਿਸ਼ਾਨੀ ਹੈ। ਪੁਸਤਕ ਪੜ੍ਹਨ ਮੁਕਾਬਲੇ ਵਿੱਚ ਪਹਿਲਾ ਸਥਾਨ ਵਰਿਧੀ ਛਾਬੜਾ ਅਤੇ ਅਨਮੋਲਪ੍ਰੀਤ ਕੌਰ ਨੇ ਜਦੋਂ ਕਿ ਦੂਜਾ ਸਥਾਨ ਸ਼ਲੰਦਿਰਜੀਤ ਸਿੰਘ ਨੇ ਅਤੇ ਤੀਸਰਾ ਸਥਾਨ ਜੋਬਨਪ੍ਰੀਤ ਸਿੰਘ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਜਸ਼ਨਪ੍ਰੀਤ ਕੌਰ, ਜੈਸਮੀਨ ਕੌਰ ਅਤੇ ਚਰਨਜੀਤ ਕੌਰ ਨੂੰ ਵਿਸ਼ੇਸ਼ ਇਨਾਮ ਵੀ ਦਿੱਤੇ ਗਏ।
ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ ਬਿਕਰਮਜੀਤ ਸਿੰਘ ਨੇ ਕਿਹਾ ਇਸ ਤਰਾਂ ਦੇ ਹੋਰ ਸਾਹਿਤਕ ਮੁਕਾਬਲੇ ਭਵਿੱਖ ਵਿੱਚ ਕਰਵਾਉਣ ਦੀ ਯੋਜਨਾ ਹੈ। ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਜੀ ਨੇ ਮੁੱਖ ਮਹਿਮਾਨ ਸ਼੍ਰੀ ਜਤਿੰਦਰ ਪੰਨੂ ਜੀ ਨੂੰ ਸਨਮਾਨਿਤ ਕੀਤਾ। ਇਸ ਮੌਕੇ ਹਰਮਨਜੋਤ ਸਿੰਘ ਮਾਨ, ਅਨੁਵੇਸ਼ ਰਿਖੀ, ਜਸਕੀਰਤ ਸਿੰਘ ਅਤੇ ਅਰਸ਼ਪ੍ਰੀਤ ਕੌਰ ਵੱਲੋਂ ਸੰਗੀਤਕ ਪੇਸ਼ਕਾਰੀਆਂ ਵੀ ਕੀਤੀਆਂ ਗਈਆਂ।
ਇਸ ਮੌਕੇ ਸੰਯੁਕਤ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ, ਲਾਇਬ੍ਰੇਰੀਅਨ ਡਾ ਯੋਗਤਾ ਸ਼ਰਮਾ, ਡਾ ਬੂਟਾ ਸਿੰਘ ਢਿਲੋਂ, ਡਾ ਹਰਮੀਤ ਸਿੰਘ ਕਿੰਗਰਾ, ਡਾ ਅਨੁਰੀਤ ਕੌਰ ਚੰਦੀ, ਡਾ ਗੁਰਵੀਰ ਕੌਰ, ਐਡਜੰਕਟ ਪ੍ਰੋੋਫੈਸਰ ਡਾ ਜਸਵਿੰਦਰ ਕੌਰ ਬਰਾੜ, ਸਿਖਿਆ-ਸਾਸ਼ਤ੍ਰੀ ਸ਼੍ਰੀ ਭੂਸ਼ਣ ਗੋਇਲ, ਰਜਿਸਟਰਿੰਗ ਅਫਸਰ ਸਤਵੀਰ ਸਿੰਘ ਸਮੇਤ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਸਮਾਗਮ ਦਾ ਸੰਚਾਲਨ ਡਾ ਆਸ਼ੂ ਤੂਰ ਵੱਲੋਂ ਕੀਤਾ ਗਿਆ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀਆਂ ਹਰਮਨਜੋਤ ਸਿੰਘ ਮਾਨ ਨੇ ਕਰਵਾਈਆਂ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Book reading competition held at PAU, Along with reading books, also read the thoughts of people: Eminent journalist Jatinder Pannu