Dairy Sector: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਅਤੇ ਇੰਡੀਅਨ ਡੇਅਰੀ ਐਸੋਸੀਏਸ਼ਨ ਪੰਜਾਬ ਚੈਪਟਰ ਦੇ ਸਾਂਝੇ ਸਹਿਯੋਗ ਨਾਲ ਯੂਨੀਵਰਸਿਟੀ ਵਿਖੇ ਕੌਮੀ ਦੁੱਧ ਦਿਵਸ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਚਿੱਟੀ ਕ੍ਰਾਂਤੀ ਦੇ ਪਿਤਾਮਾ ਡਾ. ਵਰਗੀਸ ਕੁਰੀਅਨ ਦੇ ਸਨਮਾਨ ਵਿੱਚ ‘ਡੇਅਰੀ ਵਿੱਚ ਸੂਚਨਾ ਤਕਨਾਲੋਜੀ ਅਤੇ ਮਸਨੂਈ ਬੱਧੀ ਦੀ ਪਰਿਵਰਤਨਕਾਰੀ ਭੂਮਿਕਾ’ ਵਿਸ਼ੇ ’ਤੇ ਕੇਂਦਰਿਤ ਸੀ।
ਦੱਸ ਦੇਈਏ ਕਿ ਇਸ ਸੈਮੀਨਾਰ ਦਾ ਆਯੋਜਨ ਚਿੱਟੀ ਕ੍ਰਾਂਤੀ ਦੇ ਪਿਤਾਮਾ ਡਾ. ਵਰਗੀਸ ਕੁਰੀਅਨ ਦੀ ਜਨਮ ਵਰ੍ਹੇਗੰਢ ਮਨਾਉਣ ਲਈ ਕੀਤਾ ਗਿਆ। ਮਾਹਿਰਾਂ ਨੇ ਪੰਜਾਬ ਵਿੱਚ ਦੁੱਧ ਦੀ ਘਾਟ ਵਾਲੇ ਸੂਬੇ ਤੋਂ ਡੇਅਰੀ ਉਤਪਾਦਨ ਵਿੱਚ ਮੋਹਰੀ ਬਣਨ ਦੇ ਸਫ਼ਰ ਦੀ ਚਰਚਾ ਕੀਤੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਕੌਮੀ ਪੱਧਰ ’ਤੇ ਦੁੱਧ ਲਈ ਸਲਾਨਾ ਲਗਭਗ 6.4 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਡੇਅਰੀ ਫਾਰਮਾਂ ਵਿੱਚ ਜੈਵਿਕ ਸੁਰੱਖਿਆ ਦੀ ਮਹੱਤਤਾ, ਜਨਤਕ ਜਾਗਰੂਕਤਾ, ਮਿਲਾਵਟ ਨਾਲ ਨਜਿੱਠਣ ਅਤੇ ਦੁੱਧ ਦੀ ਪੂਰਤੀ ਕੜੀ ਨੂੰ ਸੁਚਾਰੂ ਬਨਾਉਣ ਲਈ ਮਸਨੂਈ ਬੁੱਧੀ ਦੀ ਵਰਤੋਂ ਬਾਰੇ ਦੱਸਿਆ।
ਸ. ਇੰਦਰਜੀਤ ਸਿੰਘ ਸਰਾਂ, ਚੇਅਰਮੈਨ, ਇੰਡੀਅਨ ਡੇਅਰੀ ਐਸੋਸੀਏਸ਼ਨ (ਪੰਜਾਬ) ਨੇ ਡੇਅਰੀ ਵਿਕਾਸ ਦੇ ਖੇਤਰ ਦੀ ਵੱਖ-ਵੱਖ ਗਤੀਵਿਧੀਆਂ ’ਤੇ ਚਾਨਣਾ ਪਾਇਆ। ਡਾ. ਸੰਜੀਵ ਕੁਮਾਰ ਉੱਪਲ. ਡੀਨ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਨੇ ਸੈਮੀਨਾਰ ਦੇ ਵਿਸ਼ੇ ਸੰਬੰਧੀ ਬਹੁਤ ਗਹਿਰਾਈ ਨਾਲ ਜਾਣਕਾਰੀ ਦਿੱਤੀ। ਸ. ਦਲਜੀਤ ਸਿੰਘ ਗਿੱਲ, ਪ੍ਰਧਾਨ ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਵਿੱਚ ਵਪਾਰਕ ਡੇਅਰੀ ਫਾਰਮਾਂ ਦੇ ਸ਼ਾਨਦਾਰ ਸਫ਼ਰ ਬਾਰੇ ਦੱਸਿਆ।
ਇਹ ਵੀ ਪੜ੍ਹੋ: Veterinary University ਦੇ ਵਿਗਿਆਨੀਆਂ ਨੇ National Conference ਵਿੱਚ ਖੱਟਿਆ ਨਾਮਣਾ
ਡਾ. ਜੀ ਐਸ ਬੇਦੀ, ਨਿਰਦੇਸ਼ਕ ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਪਸ਼ੂਆਂ ਦੀ ਮੌਤ ਦਰ ਘਟਾਉਣ ਲਈ ਟੀਕਾਕਰਨ ਅਤੇ ਫੀਡ ਜਾਂਚ ਦੇ ਵਿਗਿਆਨਕ ਤਰੀਕਿਆਂ ਬਾਰੇ ਚਾਨਣਾ ਪਾਇਆ। ਸ਼੍ਰੀ ਰਮੇਸ਼ ਚੁੱਘ ਨੇ ਦੁੱਧ ਦੀ ਪ੍ਰਾਸੈਸਿੰਗ ਵਿੱਚ ਉਤਮਤਾ ਨੂੰ ਉਤਸਾਹਿਤ ਕਰਨ ਅਤੇ ਡੇਅਰੀ ਖੇਤਰ ਵਿੱਚ ਔਰਤਾਂ ਦੇ ਸ਼ਕਤੀਕਰਨ ਬਾਰੇ ਰੂਪ-ਰੇਖਾ ਦੱਸੀ।
ਸੈਮੀਨਾਰ ਦੌਰਾਨ ਵਿਭਿੰਨ ਤਕਨੀਕੀ ਵਿਸ਼ਿਆਂ ’ਤੇ ਮਾਹਿਰਾਂ ਨੇ ਬਹੁਤ ਉਚੇਚੀਆਂ ਸਲਾਹਵਾਂ ਸਾਂਝੀਆਂ ਕੀਤੀਆਂ। ਡਾ. ਇੰਦਰਪ੍ਰੀਤ ਕੌਰ ਨੇ ਬਤੌਰ ਪ੍ਰਬੰਧਕੀ ਸਕੱਤਰ ਵਿਭਿੰਨ ਸੈਸ਼ਨਾਂ ਦਾ ਸੰਚਾਲਨ ਕੀਤਾ। ਇਸ ਸਮਾਮਗ ਵਿੱਚ ਡੇਅਰੀ ਉਦਯੋਗ ਨਾਲ ਜੁੜੇ ਵੱਖੋ-ਵੱਖਰੇ ਵਿਭਾਗਾਂ ਅਤੇ ਭਾਈਵਾਲ ਧਿਰਾਂ ਦੇ 200 ਦੇ ਕਰੀਬ ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਸਰੋਤ: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Boost to the Dairy Sector, Seminar on The Transformative Role of Information Technology and Artificial Intelligence in Dairying