KVK Sangrur: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਿੰਡ ਖੇੜੀ ਦੇ ਅਗਾਂਹਵਧੂ ਕਿਸਾਨ ਭਰਾਵਾਂ ਸ. ਦਰਬਾਰਾ ਸਿੰਘ ਅਤੇ ਸ. ਗੁਰਮੀਤ ਸਿੰਘ ਦੇ 10 ਏਕੜ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਵਾਈ ਗਈ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਦੱਸਿਆ ਕਿ ਪਿੰਡ ਖੇੜੀ ਦੇ ਇਹਨਾਂ ਦੋਵਾਂ ਭਰਾਵਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਦੇ ਮਾਹਿਰਾਂ ਦੀ ਪ੍ਰੇਰਣਾ ਸਦਕਾ ਪਿਛਲੇ ਚਾਰ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਹੈਪੀ ਸੀਡਰ ਅਤੇ ਰੋਟੋ ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ।
ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵੱਲੋਂ ਕਿਸਾਨਾਂ ਨੂੰ ਲਗਾਤਾਰ ਮੁਹਿੰਮ ਚਲਾ ਕੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਕਿਉਂਕਿ ਪਰਾਲੀ ਦੇ ਖੇਤ ਵਿੱਚ ਗਲਣ ਉਪਰੰਤ ਇਹ ਖਾਦ ਦਾ ਕੰਮ ਕਰਦੀ ਹੈ। ਜਿਸ ਨਾਲ ਜ਼ਮੀਨ ਵਿੱਚ ਮੱਲੜ ਦੀ ਮਾਤਰਾ ਵਧਦੀ ਹੈ ਅਤੇ ਅਗਲੀ ਫ਼ਸਲ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ। ਪਰਾਲੀ ਨੂੰ ਅੱਗ ਨਾ ਲਾਉਣ ਨਾਲ ਜ਼ਮੀਨ ਵਿੱਚ ਮੌਜੂਦ ਖੁਰਾਕੀ ਤੱਤ ਵੀ ਨਸ਼ਟ ਨਹੀਂ ਹੁੰਦੇ ਅਤੇ ਸੂਖਮ ਜੀਵ ਵੀ ਬੱਚ ਜਾਂਦੇ ਹਨ।
ਸ. ਦਰਬਾਰਾ ਸਿੰਘ ਅਤੇ ਸ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਪਰਾਲੀ ਨੂੰ ਖੇਤ ਵਿੱਚ ਸਾਂਭਣ ਨਾਲ ਵਾਤਾਵਰਣ ਵੀ ਦੂਸ਼ਿਤ ਨਹੀਂ ਹੁੰਦਾ ਅਤੇ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਦੀ ਹੈ। ਪਰਾਲੀ ਨੂੰ ਲਗਾਤਾਰ ਖੇਤ ਵਿੱਚ ਵਾਹੁਣ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਵੀ ਘਟਦੀ ਹੈ। ਉਹਨਾਂ ਦੱਸਿਆ ਕਿ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਨਾਲ ਝੋਨੇ ਦੀ ਵਾਢੀ ਕਰਵਾਉਣ ਤੋਂ ਬਾਅਦ ਹੈਪੀ ਸੀਡਰ ਅਤੇ ਰੋਟੋ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ।
ਇਹ ਵੀ ਪੜ੍ਹੋ: Great Initiative: ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਭਾਸ਼ਣ ਅਤੇ ਕਵਿਤਾ ਲੇਖਣ ਦੇ ਮੁਕਾਬਲੇ, ਵੱਖ-ਵੱਖ ਤਕਨੀਕਾਂ ਬਾਰੇ ਕੀਤਾ ਜਾਗਰੂਕ
ਉਹਨਾਂ ਦਾ ਕਹਿਣਾ ਹੈ ਕਿ ਸਾਰੇ ਹੀ ਕਿਸਾਨ ਵੀਰਾਂ ਨੂੰ ਪਰਾਲੀ ਨੂੰ ਖੇਤ ਵਿੱਚ ਸਾਂਭਣ ਦਾ ਸੁਭਾਅ ਬਣਾਉਣਾ ਚਾਹੀਦਾ ਹੈ ਤਾਂ ਜੋ ਮਨੁੱਖ ਅਤੇ ਪਸ਼ੂ-ਪੰਛੀ ਸਾਫ ਅਤੇ ਸ਼ੁੱਧ ਵਾਤਾਵਰਣ ਦਾ ਆਨੰਦ ਮਾਣ ਸਕਣ। ਇਹਨਾਂ ਦੋਵਾਂ ਦੇ ਉਤਸ਼ਾਹ ਅਤੇ ਉੱਦਮਾਂ ਨੂੰ ਦੇਖਦਿਆਂ ਪਿੰਡ ਖੇੜੀ ਦੇ ਹੋਰ ਕਿਸਾਨਾਂ ਸ ਚਮਕੌਰ ਸਿੰਘ ਅਤੇ ਸ ਮੱਲ ਸਿੰਘ ਨੇ ਵੀ ਪਰਾਲੀ ਨੂੰ ਖੇਤ ਵਿੱਚ ਰੱਖ ਕੇ ਹੀ ਆਪਣੀ ਕਣਕ ਦੀ ਬਿਜਾਈ ਕੀਤੀ ਹੈ।
Summary in English: Conservation of Nutrients and Microorganisms by Not Burning Straw: Dr. Mandeep Singh