ਪੀ.ਏ.ਯੂ. ਵਿੱਚ ਖੋਜ ਅਤੇ ਪਸਾਰ ਕੌਂਸਲ ਦੀ ਮੀਟਿੰਗ ਦੌਰਾਨ ਵਾਤਾਵਰਨ ਪੱਖੀ ਖੇਤੀ ਬਾਰੇ ਚਰਚਾ
Farmer Centric Enviroment-Friendly Innovation: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡਾ. ਖੇਮ ਸਿੰਘ ਗਿੱਲ ਕਿਸਾਨ ਸਲਾਹ ਸੇਵਾ ਕੇਂਦਰ ਵਿਖੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੀ ਨਿਗਰਾਨੀ ਅਤੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ ਖੋਜ ਅਤੇ ਪਸਾਰ ਕੌਂਸਲ ਦੀ ਮੀਟਿੰਗ ਦੌਰਾਨ ਵਾਤਾਵਰਨ ਪੱਖੀ ਖੇਤੀ ਦੇ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਵਿਚਾਰ-ਚਰਚਾ ਹੋਈ।
ਇਸ ਮੌਕੇ ਖੋਜ ਅਤੇ ਪਸਾਰ ਮਾਹਿਰਾਂ ਨੂੰ ਸੰਬੋਧਨ ਕਰਦਿਆਂ ਡਾ. ਗੋਸਲ ਨੇ ਪਸਾਰ ਵਿਗਿਆਨੀਆਂ ਨੂੰ ਕਿਸਾਨਾਂ ਦੀਆਂ ਖੇਤ ਸਮੱਸਿਆਵਾਂ ਦੇ ਸਮੇਂ ਸਿਰ ਹੱਲ ਮੁਹੱਈਆ ਕਰਵਾਉਣ, ਉਨ੍ਹਾਂ ਦੀ ਆਮਦਨ ਵਧਾਉਣ ਅਤੇ ਖੇਤੀ ਨੂੰ ਸਥਿਰ ਬਨਾਉਣ ਲਈ ਆਪਣੇ ਯਤਨਾਂ ਨੂੰ ਤੇਜ ਕਰਨ ਦਾ ਸੱਦਾ ਦਿੱਤਾ।
ਡਾ. ਗੋਸਲ ਨੇ ਕਿਹਾ ਕਿ ਪਾਣੀ ਅਤੇ ਪਰਾਲੀ ਦੀ ਸੁਚੱਜੀ ਸੰਭਾਲ ਮੌਜੂਦਾ ਖੇਤੀ ਦੇ ਅਹਿਮ ਮੁੱਦੇ ਹਨ। ਇਸ ਸੰਬੰਧ ਵਿੱਚ ਪੀ.ਏ.ਯੂ. ਵੱਲੋਂ ਹਾੜੀ ਦੀਆਂ ਫਸਲਾਂ ਲਈ ਦਿੱਤੀਆਂ ਗਈਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਗੱਲ ਕਰਦਿਆਂ ਡਾ. ਗੋਸਲ ਨੇ ਖੋਜ ਅਤੇ ਪਸਾਰ ਮਾਹਿਰਾਂ ਨੂੰ ਕਿਹਾ ਕਿ ਉਹ ਸੰਯੁਕਤ ਕੀਟ ਪ੍ਰਬੰਧਨ ਨੂੰ ਆਪਣੇ ਤਰਜੀਹੀ ਖੇਤਰ ਵਿਚ ਸ਼ਾਮਿਲ ਕਰਨ। ਉਹਨਾਂ ਕਿਹਾ ਕਿ ਪੀ.ਏ.ਯੂ. ਵੱਲੋਂ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਜਾਰੀ ਹਨ ਅਤੇ ਕਿਸਾਨਾਂ ਨੂੰ ਇਸਦਾ ਲਾਭ ਲੈਣ ਲਈ ਪੀ.ਏ.ਯੂ. ਮਾਹਿਰਾਂ ਨਾਲ ਨਿਰੰਤਰ ਸੰਪਰਕ ਵਿੱਚ ਬਣੇ ਰਹਿਣਾ ਲਾਜ਼ਮੀ ਹੈ।
ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਖੋਜ ਅਤੇ ਪਸਾਰ ਕੌਂਸਲ ਦੀ ਮੀਟਿੰਗ ਸਾਲ ਵਿੱਚ ਦੋ ਵਾਰ ਕਰਵਾਈ ਜਾਂਦੀ ਹੈ ਅਤੇ ਇਸ ਦੌਰਾਨ ਕਿਸਾਨਾਂ ਦੇ ਤਜਰਬੇ ਅਤੇ ਮਾਹਿਰਾਂ ਦੇ ਸੁਝਾਅ ਮਾਰ ਕੇ ਖੇਤੀ ਮਸਲਿਆਂ ਦੇ ਹੱਲ ਲਈ ਢੁਕਵੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਯੂਨੀਵਰਸਿਟੀ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਕੀਤੀਆਂ ਗਈਆਂ ਪਸਾਰ ਗਤੀਵਿਧੀਆਂ ਉੱਪਰ ਗੱਲ ਕੀਤੀ। ਪੌਦਾ ਕਲੀਨਿਕ ਦੇ ਇੰਚਾਰਜ ਡਾ. ਗੁਰਪ੍ਰੀਤ ਸਿੰਘ ਮੱਕੜ ਨੇ ਇਸ ਦੌਰਾਨ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਪੇਸ਼ ਕੀਤੀ। ਸੰਬੰਧਿਤ ਮਾਹਿਰਾਂ, ਕਿਸਾਨਾਂ ਅਤੇ ਵਿਗਿਆਨੀਆਂ ਵੱਲੋਂ ਇਸ ਰਿਪੋਰਟ ਉੱਪਰ ਨਿੱਠ ਕੇ ਵਿਚਾਰ-ਚਰਚਾ ਹੋਈ।
ਇਹ ਵੀ ਪੜੋ: Cabinet Minister ਗੁਰਮੀਤ ਸਿੰਘ ਖੁੱਡੀਆਂ ਨੇ ਕਿਤਾਬ 'ਦ ਅੰਡਰਡੌਗ' ਕੀਤੀ ਲੋਕ ਅਰਪਣ
ਇਸ ਦੌਰਾਨ ਖੇਤੀ ਪਸਾਰ ਦੇ ਆਈ ਸੀ ਏ ਆਰ ਵਿਚ ਸਾਬਕਾ ਏ ਡੀ ਜੀ ਡਾ. ਅਸ਼ੋਕ ਕੁਮਾਰ ਮਹਿਤਾ, ਪੌਦਾ ਰੋਗ ਮਾਹਿਰ ਡਾ. ਚੰਦਰ ਮੋਹਨ, ਡਾ. ਇੰਦਰ ਮੋਹਨ ਛਿੱਬਾ ਅਤੇ ਬਾਗਬਾਨੀ ਦੇ ਸਾਬਕਾ ਨਿਰਦੇਸ਼ਕ ਡਾ. ਗੁਰਕੰਵਲ ਸਿੰਘ ਵੀ ਮੌਜੂਦ ਸਨ।
ਇਸ ਮੀਟਿੰਗ ਵਿਚ ਪੀ.ਏ.ਯੂ. ਦੇ ਕ੍ਰਿਸੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੀ ਕਾਰਵਾਈ ਰਿਪੋਰਟ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ’ਤੇ ਪਸਾਰ ਸਿੱਖਿਆ ਡਾਇਰੈਕਟੋਰੇਟ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ ਵਿਗਿਆਨੀ, ਜ਼ਿਲ੍ਹਾ ਪਸਾਰ ਮਾਹਿਰ ਅਤੇ ਪੀ.ਏ.ਯੂ. ਦੇ ਵਿਭਾਗਾਂ ਦੇ ਮੁਖੀ ਹਾਜ਼ਰ ਸਨ।
ਸਰੋਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University)
Summary in English: Continuous efforts to promote farmer centric enviroment-friendly innovation in Punjab: Vice-Chancellor Dr. Satbir Singh Gosal