1. Home
  2. ਖਬਰਾਂ

"CRM Machinery Bank" ਸੀਮਾਂਤ ਅਤੇ ਛੋਟੇ ਕਿਸਾਨਾਂ ਲਈ ਵਰਦਾਨ, ਕਿਸਾਨਾਂ ਨੂੰ ਹੁਣ ਵਾਜਬ ਕਿਰਾਏ 'ਤੇ ਮਿਲਣਗੇ ਖੇਤੀ ਸੰਦ: Dr. Mandeep Singh

ਪੀਏਯੂ - ਕੇਵੀਕੇ, ਸੰਗਰੂਰ ਨੇ ਪਿੰਡ ਕੈਂਪਰ ਵਿਖੇ ਪਰਾਲੀ ਪ੍ਰਬੰਧਨ ਬਾਰੇ ਪੰਜ-ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਸਫਲ ਆਯੋਜਨ ਕੀਤਾ। ਇਸ ਸਿਖਲਾਈ ਦੌਰਾਨ ਪਿੰਡ ਦੇ 25 ਸਿਖਿਆਰਥੀਆਂ ਨੂੰ ਸ਼ਾਮਲ ਕਰਕੇ ਵੱਖ-ਵੱਖ ਤਰੀਕਿਆਂ ਅਤੇ ਮਸ਼ੀਨਰੀ ਦੀ ਵਰਤੋਂ ਕਰਕੇ ਝੋਨੇ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ।

Gurpreet Kaur Virk
Gurpreet Kaur Virk
ਪਰਾਲੀ ਪ੍ਰਬੰਧਨ ਬਾਰੇ ਪੰਜ-ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਸਫਲ ਆਯੋਜਨ

ਪਰਾਲੀ ਪ੍ਰਬੰਧਨ ਬਾਰੇ ਪੰਜ-ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਸਫਲ ਆਯੋਜਨ

KVK Sangrur: ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ 1, ਲੁਧਿਆਣਾ ਦੀ ਅਗਵਾਈ ਹੇਠ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੇ ਅਭਿਆਸਾਂ ਤੋਂ ਜਾਣੂ ਕਰਵਾਉਣ ਲਈ ਪੰਜ-ਦਿਨਾਂ ਸਿਖਲਾਈ ਪ੍ਰੋਗਰਾਮ ਮਿਤੀ 16.09.2024 ਤੋਂ 20.09.2024 ਤੱਕ ਜ਼ਿਲ੍ਹਾ ਸੰਗਰੂਰ ਦੇ ਗੋਦ ਲਏ ਪਿੰਡ ਕੈਂਪਰ ਵਿਖੇ ਕਰਵਾਇਆ ਗਿਆ।

ਇਸ ਸਿਖਲਾਈ ਦੌਰਾਨ ਪਿੰਡ ਦੇ 25 ਸਿਖਿਆਰਥੀਆਂ ਨੂੰ ਸ਼ਾਮਲ ਕਰਕੇ ਵੱਖ-ਵੱਖ ਤਰੀਕਿਆਂ ਅਤੇ ਮਸ਼ੀਨਰੀ ਦੀ ਵਰਤੋਂ ਕਰਕੇ ਝੋਨੇ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਗਈ। ਇਹ ਸਿਖਲਾਈ ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ, ਸੰਗਰੂਰ ਦੀ ਯੋਗ ਅਗਵਾਈ ਹੇਠ ਕਰਵਾਈ ਗਈ।

ਟ੍ਰੇਨਿੰਗ ਵਿੱਚ ਸ਼ਮੂਲੀਅਤ ਕਰ ਰਹੇ ਕਿਸਾਨਾਂ ਦਾ ਨਿੱਘਾ ਸਵਾਗਤ ਕਰਦੇ ਹੋਏ ਉਹਨਾਂ ਨੇ ਮੌਜੂਦਾ ਸਥਿਤੀ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਦੀ ਮਹੱਤਤਾ ਅਤੇ ਵਾਤਾਵਰਣ ਦੇ ਨਾਲ-ਨਾਲ ਮਿੱਟੀ ਦੀ ਸਿਹਤ 'ਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਦੇ ਵੱਖ-ਵੱਖ ਤਰੀਕਿਆਂ ਦੇ ਆਰਥਿਕ ਲੇਖੇ-ਜੋਖੇ ਦੀ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕੇਵੀਕੇ, ਵਿਖੇ "ਸੀ ਆਰ ਐਮ ਮਸ਼ੀਨਰੀ ਬੈਂਕ" ਸਥਾਪਿਤ ਕੀਤਾ ਗਿਆ ਹੈ। ਜਿਥੋਂ ਸੀਮਾਂਤ ਅਤੇ ਛੋਟੇ ਕਿਸਾਨ ਵਾਜਬ ਕਿਰਾਏ 'ਤੇ ਖੇਤੀ ਮਸ਼ੀਨਰੀ ਲੈ ਕੇ ਆਪਣੇ ਖੇਤਾਂ ਵਿੱਚ ਪਰਾਲੀ ਦਾ ਯੋਗ ਪ੍ਰਬੰਧਨ ਕਰ ਸਕਦੇ ਹਨ। ਉਨ੍ਹਾਂ ਅੱਗੇ ਦੱਸਿਆ ਆਊਂਦੀ ਹਾੜ੍ਹੀ ਵਿੱਚ ਕੇਵੀਕੇ, ਵੱਲੋਂ ਕਿਸਾਨਾਂ ਦੀ ਭਾਈਵਾਲੀ ਨਾਲ ਉਨ੍ਹਾਂ ਦੇ ਖੇਤਾਂ ਵਿੱਚ ਪਰਾਲੀ ਪ੍ਰਬੰਧਨ ਦੀਆਂ 200 ਤੋਂ ਵੱਧ ਪ੍ਰਦ੍ਰਸ਼ਨੀਆਂ ਲਗਾਈਆਂ ਜਾਣਗੀਆਂ।

ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ) ਨੇ ਸਿਖਲਾਈ ਪ੍ਰੋਗਰਾਮ ਦੇ ਕੋਆਰਡੀਨੇਟਰ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਅਤੇ ਖੇਤ ਵਿੱਚ ਝੋਨੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵੱਖ-ਵੱਖ ਖੇਤੀ ਮਸ਼ੀਨਰੀ ਜਿਵੇਂ ਕਿ ਸੁਪਰ ਐਸਐਮਐਸ ਵਾਲੀ ਕੰਬਾਈਨ, ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ, ਮਲਚਰ, ਕਟਰ ਕਮ ਸਪ੍ਰੈਡਰ ਅਤੇ ਪਲਟਾਊ ਹਲ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਖੇਤ ਵਿੱਚ ਵੱਖ-ਵੱਖ ਮਸ਼ੀਨਰੀ ਦੀ ਵਰਤੋਂ ਸਬੰਧੀ ਕਿਸਾਨਾਂ ਦੇ ਡਰ ਅਤੇ ਸ਼ੰਕਿਆਂ ਨੂੰ ਵੀ ਦੂਰ ਕੀਤਾ।

ਡਾ. ਰੁਕਿੰਦਰ ਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ (ਐਗਰੋਨੋਮੀ) ਨੇ ਪਰਾਲੀ ਵਾਲੇ ਖੇਤਾਂ ਵਿੱਚ ਬੀਜੀ ਕਣਕ ਵਿੱਚ ਯੂਰੀਆ ਅਤੇ ਹੋਰ ਸੂਖਮ ਖੁਰਾਕੀ ਤੱਤਾਂ ਦੀ ਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਣਕ ਵਿੱਚ ਸਰਵਪੱਖੀ ਨਦੀਨ ਪ੍ਰਬੰਧ ਬਾਰੇ ਵੀ ਚਾਨਣਾ ਪਾਇਆ। ਡਾ. ਦਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਸੁਨਾਮ ਨੇ ਖੇਤੀਬਾੜੀ ਵਿਭਾਗ ਦੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਸੀ ਆਰ ਐਮ ਮਸ਼ੀਨਰੀ ਖਰੀਦਣ ਲਈ ਸਬਸਿਡੀ ਸਕੀਮ ਅਤੇ ਆਨਲਾਈਨ ਅਪਲਾਈ ਕਰਨ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ।

ਇਹ ਵੀ ਪੜੋ: Patiala Kisan Mela 2024: ਫਸਲਾਂ ਦੀ ਰਹਿੰਦ-ਖੁਹੰਦ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਹੀ ਵਾਹੋ: Dr. Gosal

ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਪਰਾਲੀ ਵਿੱਚ ਬੀਜੀ ਕਣਕ ਦੇ ਬੀਜ ਦੀ ਸੋਧ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਦੇ ਨਾਲ-ਨਾਲ ਕਣਕ ਦੀ ਫਸਲ ਨੂੰ ਲੱਗਣ ਵਾਲੀਆਂ ਵੱਖ-ਵੱਖ ਬੀਮਾਰੀਆਂ ਅਤੇ ਉਨ੍ਹਾਂ ਦੇ ਯੋਗ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਡਾ. ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਬਜ਼ੀਆਂ ਵਿੱਚ ਮਲਚ ਵਜੋਂ ਵਰਤਣ ਅਤੇ ਇਸ ਦੀ ਖੁੰਬਾਂ ਦੀ ਕਾਸ਼ਤ ਵਿੱਚ ਵਰਤੋਂ ਬਾਰੇ ਦੱਸਿਆ।

ਡਾ. ਅਜੇ ਸਿੰਘ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ., ਮਾਨਸਾ ਨੇ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੀ ਖੁਰਾਕ ਅਤੇ ਡੇਅਰੀ ਵਿੱਚ ਬੈਡਿੰਗ ਸਮੱਗਰੀ ਵਜੋਂ ਵਰਤਣ ਬਾਰੇ ਦੱਸਿਆ। ਡਾ. ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਘਰ ਵਿੱਚ ਸਜਾਵਟ ਸਮੱਗਰੀ ਤਿਆਰ ਕਰਨ ਲਈ ਝੋਨੇ ਦੀ ਪਰਾਲੀ ਦੀ ਵਰਤੋਂ ਬਾਰੇ ਆਪਣਾ ਗਿਆਨ ਸਾਂਝਾ ਕੀਤਾ।

ਸਾਰੇ ਸਿਖਿਆਰਥੀਆਂ ਨੂੰ ਸੀ ਆਰ ਐਮ ਪ੍ਰੋਜੈਕਟ ਤਹਿਤ ਪੀ ਏ ਯੂ ਦਾ ਖੇਤੀ ਸਾਹਿਤ ਮੁਹੱਈਆ ਕਰਵਾਇਆ ਗਿਆ। ਸੀ ਆਰ ਐਮ ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾ ਕੇ ਇਸ ਦੀ ਸੁੱਚਜੀ ਵਰਤੋਂ ਬਾਰੇ ਵਿਸਤਾਰਪੂਰਵਕ ਸਮਝਾਇਆ ਗਿਆ।

ਸਰੋਤ: ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ (Krishi Vigyan Kendra, Sangrur)

Summary in English: "CRM Machinery Bank" is a boon for marginal and small farmers, farmers will now get reasonable rents Farming Equipment: Dr. Mandeep Singh

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters