1. Home
  2. ਖਬਰਾਂ

Cyber Crime: ਪੰਜਾਬ ਵਿੱਚ ਵੱਧ ਰਹੀ ਸਾਈਬਰ ਥੋਖਾਧੜੀ, ਇਹ ਕਹਾਣੀ ਨਹੀਂ ਸਗੋਂ ਸੱਚੀ ਆਪ ਬੀਤੀ ਹੈ ਡਾ. ਰਣਜੀਤ ਸਿੰਘ ਦੀ...

ਪੰਜਾਬ ਵਿੱਚ ਭ੍ਰਿਸ਼ਟਾਚਾਰ, ਮਿਲਾਵਟ ਅਤੇ ਬੇਈਮਾਨੀ ਨੇ ਪੈਰ ਪਸਾਰ ਲਏ ਹਨ। ਦੁੱਧ, ਲੱਸੀ, ਪੀਣ ਵਾਲੇ ਨਸ਼ਿਆਂ ਵੱਲ ਮੁੱਖ ਮੋੜ ਰਹੇ ਹਨ। ਹੁਣ ਜਿਹੜੀ ਨਵੀਂ ਬਿਮਾਰੀ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ ਉਸ ਵਿੱਚ ਵੀ ਪੰਜਾਬੀ ਮੋਹਰੀ ਹੋ ਰਹੇ ਹਨ। ਇਸ ਨਵੀ ਬਿਮਾਰੀ ਦਾ ਨਾਂ ਹੈ ਸਾਈਬਰ ਕ੍ਰਾਈਮ (Cyber Crime)

Gurpreet Kaur Virk
Gurpreet Kaur Virk
ਸਾਈਬਰ ਕ੍ਰਾਈਮ (Cyber Crime)

ਸਾਈਬਰ ਕ੍ਰਾਈਮ (Cyber Crime)

Cyber ​​Fraud: ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਕਿਰਤ ਕਰਨ, ਵੰਡ ਛੱਕਣ ਅਤੇ ਨਾਮ ਜਪਣ ਵਿੱਚ ਵਿਸ਼ਵਾਸ਼ ਰੱਖਦੇ ਸਨ। ਪਰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਉਹ ਹੌਲੀ ਹੌਲੀ ਇਨ੍ਹਾਂ ਗੁਣਾਂ ਨੂੰ ਤਿਆਗ ਕਿਸੇ ਹੋਰ ਹੀ ਰਾਹ ਵੱਲ ਤੁਰ ਰਹੇ ਹਨ।

ਪੰਜਾਬ ਵਿੱਚ ਭ੍ਰਿਸ਼ਟਾਚਾਰ, ਮਿਲਾਵਟ ਅਤੇ ਬੇਈਮਾਨੀ ਨੇ ਪੈਰ ਪਸਾਰ ਲਏ ਹਨ। ਦੁੱਧ, ਲੱਸੀ, ਪੀਣ ਵਾਲੇ ਨਸ਼ਿਆਂ ਵੱਲ ਮੁੱਖ ਮੋੜ ਰਹੇ ਹਨ। ਹੁਣ ਜਿਹੜੀ ਨਵੀਂ ਬਿਮਾਰੀ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ ਉਸ ਵਿੱਚ ਵੀ ਪੰਜਾਬੀ ਮੋਹਰੀ ਹੋ ਰਹੇ ਹਨ। ਇਸ ਨਵੀ ਬਿਮਾਰੀ ਜਿਸ ਨੂੰ ਸਾਈਬਰ ਕ੍ਰਾਈਮ ਆਖਿਆ ਜਾਂਦਾ ਹੈ, ਪੰਜਾਬ ਵਿੱਚ ਵੀ ਪੈਰ ਪਸਾਰ ਰਹੀ ਹੈ।

ਮੈਨੂੰ ਇਹ ਲਿਖਣ ਲਈ ਮਜਬੂਰ ਇਸ ਕਰਕੇ ਹੋਣਾ ਪਿਆ ਕਿ ਕੁਝ ਦਿਨ ਪਹਿਲਾਂ ਹੀ ਸਾਡੇ ਗੁਆਂਢੀ ਪਰਿਵਾਰ ਨੂੰ 17 ਲੱਖ ਦਾ ਚੂਨਾ ਲੱਗਿਆ ਹੈ। ਉਨ੍ਹਾਂ ਦਾ ਬੇਟਾ ਕੈਨੇਡਾ ਵਿੱਚ ਹੈ। ਉਸ ਦਿਨ ਮਾਂ ਘਰ ਇਕੱਲੀ ਹੀ ਸੀ। ਉਹ ਪੜ੍ਹੀ ਲਿਖੀ ਅਤੇ ਅਧਿਆਪਕ ਹੈ। ਬੇਟੇ ਦੀ ਅਵਾਜ ਬਣਾ ਕੇ ਕਿਸੇ ਨੇ ਉਸਨੂੰ ਫੋਨ ਕੀਤਾ ਤੇ ਆਪਣੀ ਬੁਰੀ ਹਾਲਤ ਬਿਆਨ ਕਰਦੇ ਹੋਏ ਜਲਦੀ ਪੈਸੇ ਭੇਜਣ ਦੀ ਬੇਨਤੀ ਕੀਤੀ। ਇਥੋਂ ਤੱਕ ਆਖਿਆ ਕਿ ਜੇਕਰ ਅੱਜ ਪੈਸੇ ਨਾ ਪਹੁੰਚੇ ਤਾਂ ਉਸ ਨੂੰ ਜੇਲ੍ਹ ਵੀ ਹੋ ਸਕਦੀ ਹੈ। ਆਪਣਾ ਬੈਂਕ ਅਤੇ ਖਾਤਾ ਵੀ ਦੱਸ ਦਿੱਤਾ ਜਿੱਥੇ ਪੈਸੇ ਭੇਜਣੇ ਸਨ। ਮਾਂ ਵਿਚਾਰੀ ਘਬਰਾ ਗਈ। ਬੈਂਕ ਵਿੱਚ ਜਾਕੇ ਆਪਣੀਆਂ ਐਫਡੀਆਂ ਤੁੜਵਾਈਆਂ ਬਿਨ੍ਹਾਂ ਸੋਚੇ ਸਮਝੇ ਪੈਸੇ ਭੇਜ ਦਿੱਤੇ। ਰਾਤ ਨੂੰ ਬੇਟੇ ਦਾ ਫੋਨ ਆਇਆ ਤਾਂ ਮਾਂ ਨੇ ਪੁੱਛਿਆ ਬੇਟਾ ਪੈਸੇ ਮਿਲ ਗਏ ਤੇ ਤੇਰੀ ਮੁਸੀਬਤ ਟਲ ਗਈ ਹੈ। ਬੇਟਾ ਹੈਰਾਨ ਸੀ ਉਸ ਨੇ ਪੁੱਛਿਆ ਕਿਹੜੀ ਮੁਸੀਬਤ ਤੇ ਕਿਹੜੇ ਪੈਸੇ ?” ਮਾਂ ਨੇ ਸਾਰੀ ਵਿਥਿਆ ਸੁਣਾਈ ਤਾਂ ਉਸ ਨੂੰ ਪਤਾ ਲੱਗਾ ਕਿ ਉਹ ਠੱਗੇ ਗਏ ਹਨ।

ਕੁੱਝ ਦਿਨ ਪਹਿਲਾਂ ਮੇਰੇ ਨਾਲ ਵੀ ਕੁੱਝ ਅਜਿਹਾ ਹੋਇਆ ਸੀ। ਇਹ ਕਹਾਣੀ ਨਹੀਂ ਸਗੋਂ ਸੱਚੀ ਆਪ ਬੀਤੀ ਹੈ।

ਮੈਨੂੰ ਸਵੇਰੇ ਕੋਈ 10 ਕੁ ਵਜੇ ਫੋਨ ਆਇਆ। ਮੈਂ ਫੋਨ ਚੁੱਕਿਆ ਤੇ ਅੱਗੋਂ ਅਵਾਜ਼ ਆਈ, ਡਾ. ਰਣਜੀਤ ਸਿੰਘ ਜੀ ਬੋਲ ਰਹੇ ਹਨ। ਮੈਂ ਸੋਚਿਆ ਮੇਰਾ ਕੋਈ ਪਾਠਕ ਹੋਵੇਗਾ ਦਿਨ ਵਿੱਚ ਅਜੇਹੇ ਕਈ ਫੋਨ ਆਉਂਦੇ ਹਨ। ਮੇਰੇ ਹਾਂ ਕਹਿਣ ਤੇ ਉਹ ਆਖਣ ਲੱਗਾ ਡਾ. ਸਾਹਿਬ ਮੈਂ ਤੁਹਡਾ ਬਹੁਤ ਪੁਰਾਣਾ ਪਾਠਕ ਹਾਂ, ਵੈਸੇ ਤੁਹਾਡਾ ਬੇਟਾ ਕਿੱਥੇ ਕੰਮ ਕਰਦਾ ਹੈ”। ਮੈਨੂੰ ਜਾਪਿਆ ਮੇਰਾ ਕੋਈ ਜਾਣੂ ਹੋਵੇਗਾ ਇਸ ਕਰਕੇ ਮੈਥੋਂ ਦੱਸਿਆ ਗਿਆ। ਇਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਉਹ ਠੇਠ ਪੰਜਾਬੀ ਬੋਲ ਰਿਹਾ ਸੀ। ਉਸ ਅੱਗੋਂ ਦੱਸਿਆ ਕਿ ਮੈਂ ਦਿੱਲੀ ਪੁਲਿਸ ਤੋਂ ਬੋਲ ਰਿਹਾ ਤੁਹਾਡਾ ਬੇਟਾ ਇੱਕ ਗੰਭੀਰ ਕੇਸ ਵਿਚ ਫਸ ਗਿਆ ਹੈ। ਜਦੋਂ ਮੈਂ ਪੁੱਛਿਆ ਕਿ ਕਿਹੜੇ ਕੇਸ ਵਿੱਚ ਫਸ ਗਿਆ ਤਾਂ ਉਸ ਆਖਿਆ, ਕਿ ਉਹ ਆਪਣੇ ਦਫ਼ਤਰ ਜਾ ਰਿਹਾ ਸੀ ਰਾਹ ਵਿੱਚ ਕਿਸੇ ਨੇ ਉਸ ਤੋਂ ਲਿਫ਼ਟ ਮੰਗੀ ਤਾਂ ਤੁਹਾਡੇ ਬੇਟੇ ਨੇ ਆਪਣੀ ਗੱਡੀ ਵਿੱਚ ਬਿਠਾ ਲਿਆ। ਅਸੀਂ ਨਾਕੇ ਤੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਬੰਦੇ ਕੋਲੋਂ ਨਸ਼ੇ ਦੀਆਂ ਪੁੜੀਆਂ ਮਿਲੀਆਂ। ਅਸੀਂ ਉਸ ਨੂੰ ਗ੍ਰਿਫਤਾਰ ਕਰ ਲਿਆ। ਪਰ ਕਿਉਂਕਿ ਉਹ ਤੁਹਾਡੇ ਬੇਟੇ ਦੀ ਗੱਡੀ ਵਿੱਚ ਸੀ ਇਸ ਕਰਕੇ ਉਸ ਨੂੰ ਵੀ ਗ੍ਰਿਫਤਾਰ ਕਰਨਾ ਪਿਆ।

ਮੈਂ ਤੁਹਾਨੂੰ ਇਸ ਕਰਕੇ ਫੋਨ ਕੀਤਾ ਕਿ ਤੁਸੀਂ ਸ਼ਰੀਫ ਆਦਮੀ ਹੋ ਸਮਾਜ ਵਿੱਚ ਤੁਹਾਡੀ ਇੱਜ਼ਤ ਹੈ ਤੇ ਤੁਹਾਡਾ ਬੇਟਾ ਵੀ ਚੰਗੇ ਅਹੁੱਦੇ ਉੱਤੇ ਹੈ। ਜੇਕਰ ਉਸ ਨੂੰ ਸਜਾ ਹੋ ਗਈ ਤਾਂ ਜ਼ਿੰਦਗੀ ਬਰਬਾਦ ਹੋ ਜਾਵੇਗੀ। ਮੈਂ ਆਖਿਆਂ ਬੇਟੇ ਨਾਲ ਮੇਰੀ ਗੱਲ ਕਰਾਉ ਉਸ ਆਖਿਆ ਲਵੋ ਕਰੋ, ਫੋਨ ਤੇ ਕੋਈ ਰੋਂਦਾ ਹੋਇਆ ਆਖ ਰਿਹਾ ਸੀ ਡੈਡੀ ਮੈਨੂੰ ਬਚਾ ਲਵੋ ਤੇ ਉੱਚੀ-ਉੱਚੀ ਰੋਣ ਲੱਗ ਪਿਆ। ਮੈਂ ਉਸ ਨੂੰ ਤਸੱਲੀ ਦਿੱਤੀ ਕਿ ਤੂੰ ਫ਼ਿਕਰ ਨਾ ਕਰ ਤੈਨੂੰ ਕੁੱਝ ਨਹੀਂ ਹੋਣ ਦਿੰਦਾ ਮੈਂ ਫ਼ੋਨ ਕਰਨ ਵਾਲੇ ਨੂੰ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ, ਉਹ ਆਖਣਾ ਲੱਗਾ ਸਾਡਾ ਸਾਹਿਬ ਪਰੇ ਖੜਾ ਮੈਂ ਉਸ ਨਾਲ ਗੱਲ ਕਰਦਾ ਪਰ ਤੁਸੀਂ ਫੋਨ ਬੰਦ ਨਹੀਂ ਕਰਨਾ। ਦੋ ਕੁ ਮਿੰਟ ਪਿੱਛੋਂ ਮੁੜ ਆਖਣ ਲੱਗਾ”, ਮੈਂ ਸਾਹਿਬ ਨੂੰ ਬੜੀ ਮੁਸ਼ਕਿਲ ਨਾਲ ਮਨਾਇਆ, ਚਾਰ ਲੱਖ ਮੰਗ ਰਿਹਾ” ਮੈਂ ਆਖਿਆ, ਮੇਰੇ ਕੋਲ ਇਤਨੇ ਪੈਸੇ ਤਾਂ ਨਹੀਂ ਹਨ। ਉਹ ਕਹਿੰਦਾ ਤੁਸੀਂ ਕੀ ਦੇਵੋਗੇ, ਮੈਂ ਆਖਿਆ ਮੈਂ ਤਾਂ ਦੋ ਲੱਖ ਹੀ ਦੇ ਸਕਦਾ ਹਾਂ।

ਇਹ ਵੀ ਪੜ੍ਹੋ: Indian Farmer: ਮੇਰੇ ਦੇਸ਼ ਦਾ ਕਿਸਾਨ

ਉਹ - ਮੈਂ ਕੋਸ਼ਿਸ਼ ਕਰਦਾ ਹਾਂ

ਥੌੜ੍ਹੀ ਦੇਰ ਪਿਛੋਂ ਆਖਣ ਲੱਗਾ, ਮੈਂ ਬੜੀ ਮੁਸ਼ਕਿਲ ਨਾਲ ਸਾਹਿਬ ਨੂੰ ਮਨਾਇਆ। ਤੁਸੀਂ ਇੰਝ ਕਰੋ ਮੈਂ ਤੁਹਾਨੂੰ ਬੈਂਕ ਤੇ ਖਾਤਾ ਨੰਬਰ ਦੱਸਦਾ ਹਾਂ ਹੁਣੇ ਪੇਸੇ ਭੇਜ ਦੇਵੋ ਪਰ ਫੋਨ ਬੰਦ ਨਹੀਂ ਕਰਨਾ। ਤੁਸੀਂ ਫ਼ੋਨ ਬੰਦ ਕਰ ਦਿੱਤਾ ਤਾਂ ਸਾਹਿਬ ਨੇ ਚਲਾਣ ਕਰ ਦੇਣਾ, ਫਿਰ ਮੈਂ ਕੁੱਝ ਨਹੀਂ ਕਰ ਸਕਦਾ। ਉਸ ਦਵਾਰਕਾ ਦੇ ਇੱਕ ਬੈਂਕ ਦਾ ਨੰਬਰ ਲਿਖਵਾਇਆ ਤੇ ਖਾਤਾ ਧਾਰਕ ਕੋਈ ਔਰਤ ਸੀ। ਖੁਸ਼ਕਿਸਮਤੀ ਸਮਝੋ ਮੈਨੂੰ ਮੋਬਾਇਲ ਰਾਹੀਂ ਪੈਸੇ ਭੇਜਣੇ ਨਹੀਂ ਆਉਂਦੇ ਮੈਂ ਆਖਿਆ ਕੁੱਝ ਸਮਾਂ ਲੱਗੇਗਾ ਮੈਂ ਆਪਣੇ ਬੈਂਕ ਜਾਕੇ ਪੈਸੇ ਭੇਜਦਾ ਹਾਂ।” 

ਉਹ ਆਖਣ ਲੱਗਾ ਇਤਨੀ ਦੇਰ ਸਾਹਿਬ ਨੇ ਉਡੀਕ ਨਹੀਂ ਕਰਨੀ, ਪੈਸੇ ਤਾਂ ਹੁਣੇ ਭੇਜੋ ਨਹੀਂ ਤਾਂ ਚਲਾਣ ਭਰਿਆ ਜਾਵੇਗਾ’ ਮੈਂ ਬੇਨਤੀ ਕੀਤੀ, ਮੈਨੂੰ ਫ਼ੋਨ ਰਾਹੀਂ ਪੈਸੇ ਭੇਜਣੇ ਨਹੀਂ ਆਉਂਦੇ, ਮੇਰੀ ਮਜਬੂਰੀ ਹੈ। ਉਹ ਆਖਣ ਲੱਗਾ ਕਿ ਗਵਾਢੀ ਰਾਹੀਂ ਭਿਜਵਾ ਦੇਵੋ ਮੇਰੀ ਮਜਬੂਰੀ ਸੀ। ਉਹ ਨਾ ਮੰਨਿਆਂ ਤੇ ਮੈਨੂੰ ਸ਼ੱਕ ਹੋ ਗਿਆ ਤੇ ਮੈਂ ਆਖ ਬੈਠਾ ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ ਮੈਨੂੰ ਤਾਂ ਫਰਾਡ ਲੱਗਦਾ ਹੈ। ਇਹ ਸੁਣ ਉਸ ਫੋਨ ਬੰਦ ਕਰ ਦਿੱਤਾ। ਉਦੋਂ ਹੀ ਮੈਂ ਆਪਣੇ ਬੇਟੇ ਨੂੰ ਫੋਨ ਮਿਲਾਇਆ। ਜਦੋਂ ਉਸ ਦੱਸਿਆ ਕਿ ਉਹ ਤਾਂ ਆਪਣੇ ਦਫ਼ਤਰ ਵਿੱਚ ਹੈ ਤੇ ਅਜਿਹੀ ਕੋਈ ਘਟਨਾ ਨਹੀਂ ਹੋਈ ਤਾਂ ਮੈਂ ਸ਼ੁਕਰ ਕੀਤਾ ਕਿ ਮੈਂ ਆਪਣੇ ਆਪ ਨੂੰ ਕੋਸਦਾ ਹੁੰਦਾ ਸਾਂ ਕਿ ਮੈਨੂੰ ਮੋਬਾਇਲ ਰਾਹੀਂ ਪੇਮੈਂਟ ਕਰਨੀ ਨਹੀਂ ਆਉਂਦੀ ਸਿੱਖਣਾ ਚਾਹੀਦਾ ਹੈ ਪਰ ਉਸ ਦਿਨ ਇਸ ਦਾ ਨਾ ਆਉਣਾ ਮੇਰੇ ਲਈ ਵਰਦਾਨ ਬਣ ਕੇ ਆਇਆ।

ਕੁੱਝ ਦਿਨ ਪਹਿਲਾਂ ਰਾਤ ਦੇ ਦਸ ਕੁ ਵਜੇ ਵਟਸਅੱਪ ਤੇ ਫੋਨ ਆਇਆ, ਮੇਰੇ ਹੈਲੋ ਆਖਣ ਤੇ ਉਹ ਬੋਲਿਆ, ਮਾਮਾ ਜੀ ਸਤਿ ਸ੍ਰੀ ਅਕਾਲ, ਕੈਨੇਡਾ ਤੋਂ ਬੋਲ ਰਿਹਾ ਹਾਂ। ਪਹਿਚਾਣਿਆ ਮੈਨੂੰ, ਮੈਂ ਆਖਿਆਂ ‘ਕੋਸ਼ਿਸ਼ ਕਰ ਰਿਹਾ ਪਰ ਯਾਦ ਨਹੀਂ ਆ ਰਿਹਾ’।

ਉਹ – ਕੋਸ਼ਿਸ਼ ਕਰੋ।

ਮੇਰੀ ਇੱਕ ਦੂਰ ਦੀ ਭੈਣ ਦੇ ਬੱਚੇ ਉਥੇ ਰਹਿੰਦੇ ਹਨ ਮੈਂ ਸੋਚਿਆ ਉਹੀ ਹੋਣਗੇ।

ਮੈਂ – ਕੁਲਵੰਤ ਬੋਲ ਰਿਹਾ।

ਉਹ – ਮਾਮਾ ਜੀ ਤੁਸੀਂ ਪਹਿਚਾਣ ਹੀ ਲਿਆ।

ਮੈਂ – ਤੈਨੂੰ ਮਿਲਿਆ ਬਹੁਤ ਸਾਲ ਹੋ ਗਏ ਇਸ ਉਮਰ ਵਿੱਚ ਕਿੱਥੇ ਯਾਦ ਰਹਿੰਦੇ।

ਉਹ – ਹੋਰ ਮਾਮਾ ਜੀ ਮਾਮੀ ਜੀ ਠੀਕ ਹਨ।

ਮੈਂ - ਬਿਲਕੁੱਲ ਠੀਕ ਹਨ। 

ਉਹ – ਮਾਮਾ ਜੀ ਮੇਰਾ ਇੱਕ ਕੰਮ ਕਰੋ।

ਮੈਂ – ਦਸ ਕੀ ਕਰਨਾ?

ਉਹ – ਮੈਂ ਤੁਹਾਨੂੰ ਕੁੱਝ ਪੈਸੇ ਭੇਜਣੇ ਹਨ ਆਪਣਾ ਬੈਂਕ ਦਾ ਨੰਬਰ ਭੇਜੋ।

ਮੈਂ – ਮੈਨੂੰ ਕਿਉਂ ਭੇਜਣੇ ਹਨ ਆਪਣੇ ਘਰਦਿਆਂ ਨੂੰ ਭੇਜ।

ਉਹ – ਨਹੀਂ ਮੈਂ ਉਨ੍ਹਾਂ ਨੂੰ ਨਹੀਂ ਭੇਜਣੇ ਮੈਂ ਅਗਲੇ ਮਹੀਨੇ ਆਉਣਾ ਤੇ ਤੁਹਾਡੇ ਤੋਂ ਲੈ ਲਵਾਂਗਾ।

ਮੈਂ – ਨਹੀਂ ਬਈ ਮੈਂ ਬੁੱਢੇ ਬਰੇ ਇਸ ਝੰਜਟ ਨਹੀਂ ਪੈਣਾ ਨਾਲੇ ਮੈਨੂੰ ਹੁਣ ਖਾਤਾ ਨੰਬਰ ਵੀ ਜ਼ੁਬਾਨੀ ਯਾਦ ਨਹੀਂ ਹੈ।

ਉਹ – ਪਲੀਜ਼ ਮਾਮਾ ਜੀ ਇੰਝ ਨਾ ਕਰੋ ਮੈਨੂੰ ਤੁਹਾਡੇ ਨਾਲ ਬਹੁਤ ਲਗਾਵ ਹੈ।

ਮੈਂ – ਮੇਰੀ ਮਜਬੂਰੀ ਹੈ। ਇਸ ਵੇਲੇ ਰਾਤ ਨੂੰ ਮੈਂ ਪਾਸ ਬੁੱਕ ਕਿਥੋਂ ਲੱਭਦਾ ਫਿਰਾਂਗਾ।

ਉਹ – ਅੱਛਾ ਮਾਮਾ ਜੀ ਮੈਨੂੰ ਤਾਂ ਤੁਹਾਡੇ ਤੇ ਬਹੁਤ ਉਮੀਦ ਸੀ।

ਮੈਂ – ਮੇਰੀ ਮਜਬੂਰੀ ਹੈ ਬੇਟਾ, ਸਤਿ ਸ੍ਰੀ ਅਕਾਲ 

ਸ਼ਾਇਦ ਮੈਂ ਨੰਬਰ ਦਸ ਵੀ ਦਿੰਦਾ ਪਰ ਕੋਸ਼ਿਸ਼ ਕਰਨ ਤੇ ਵੀ ਮੈਨੂੰ ਆਪਣਾ ਖਾਤਾ ਨੰਬਰ ਯਾਦ ਨਹੀਂ ਰਹਿੰਦਾ ਕਿਉਂਕਿ ਹੁਣ ਕਾਫੀ ਲੰਬੇ ਨੰਬਰ ਹੋ ਗਏ ਹਨ। ਇਥੇ ਵੀ ਮੇਰੀ ਯਾਦਦਾਸਤ ਦੀ ਕਮਜੋਰੀ ਮੇਰੀ ਸਹਾਇਕ ਬਣੀ।

ਪਰ ਪੰਜਾਬੀਆਂ ਦਾ ਇਸ ਪਾਸੇ ਤੁਰਨਾ ਬਹੁਤ ਹੀ ਬੁਰਾ ਹੈ। ਦੁਨੀਆਂ ਦਾ ਸ਼ਾਇਦ ਹੀ ਕੋਈ ਅਜਿਹਾ ਭੈੜ ਹੋਵੇਗਾ ਜਿਸ ਨੂੰ ਸਾਡੀ ਨਵੀਂ ਪੀੜ੍ਹੀ ਨਹੀਂ ਅਪਨਾ ਰਹੀ। ਵਿਦੇਸ਼ ਤੋਂ ਨਿਤ ਖਬਰਾਂ ਮਿਲਦੀਆਂ ਜਿਸ ਤੋਂ ਪੰਜਾਬੀ ਮੁੰਡੇ ਤੇ ਕੁੜੀਆਂ ਵੱਲੋਂ ਨਸ਼ਾ ਤਸਕਰੀ, ਗੁੰਡਾਗਰਦੀ ਅਤੇ ਗਲਤ ਕੰਮ ਕਰਨ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਜਿਥੇ ਪੰਜਾਬੀ ਵਿਦੇਸ਼ਾਂ ਵਿੱਚ ਵਿਉਪਾਰ, ਖੇਤੀ, ਪੜ੍ਹਾਈ ਅਤੇ ਰਾਜਨੀਤੀ ਵਿੱਚ ਮੱਲ੍ਹਾਂ ਮਾਰ ਰਹੇ ਹਨ ਉਥੇ ਕੁਝ ਬੰਦਿਆਂ ਦੇ ਗਲਤ ਕਾਰਨਾਮੇ ਕੌਮ ਨੂੰ ਬਦਨਾਮ ਕਰਦੇ ਹਨ। 

ਸਰੋਤ: ਡਾ. ਰਣਜੀਤ ਸਿੰਘ

Summary in English: Cyber ​​Crime: Cyber ​​Fraud is increasing in Punjab, True story of Dr. Ranjit Singh

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters