USA Dairy Industry: ਸ਼੍ਰੀ ਪ੍ਰਣਵ ਵਸਿ਼ਸ਼ਟ, ਆਈਡਹੋ ਮਿਲਕ ਪ੍ਰੋਡਕਟਸ, ਅਮਰੀਕਾ, ਨੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ "ਅਮਰੀਕਾ ਦੇ ਡੇਅਰੀ ਉਦਯੋਗ ਵਿੱਚ ਸਥਿਰਤਾ ਅਭਿਆਸ" ਵਿਸ਼ੇ `ਤੇ ਲੈਕਚਰ ਦਿੱਤਾ।
ਸ਼੍ਰੀ ਵਸਿ਼ਸ਼ਟ ਨੇ ਟਿਕਾਊ ਡੇਅਰੀ ਪ੍ਰੋਸੈਸਿੰਗ `ਤੇ ਆਪਣੀ ਮੁਹਾਰਤ ਸਾਂਝੀ ਕੀਤੀ, ਪਾਣੀ ਅਤੇ ਊਰਜਾ ਦੀ ਸੰਭਾਲ, ਰਹਿੰਦ-ਖੂੰਹਦ ਨੂੰ ਘਟਾਉਣ ਅਤੇ ਡੇਅਰੀ ਕਾਰੋਬਾਰ ਦੀ ਸਮੁੱਚੀ ਲੜੀ ਜਿਵੇਂ ਕਿ ਫਾਰਮ ਤੋਂ ਖਪਤਕਾਰ ਤੱਕ ਵਿੱਚ ਟਿਕਾਊਪਨ ਨੂੰ ਲਾਗੂ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਉੱਨਤ ਸੰਸਥਾਵਾਂ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਵੀ ਪ੍ਰੇਰਿਤ ਕੀਤਾ।
ਡਾ. ਪ੍ਰਣਵ ਕੁਮਾਰ ਸਿੰਘ ਨੇ ਭਾਰਤ ਅਤੇ ਵਿਸ਼ਵ ਪੱਧਰ `ਤੇ ਡੇਅਰੀ ਖੇਤਰ ਵਿੱਚ ਸਥਿਰਤਾ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਪੰਜਾਬ ਦੇ ਡੇਅਰੀ ਉਦਯੋਗ ਵਿੱਚ ਚੁਣੌਤੀਆਂ ਅਤੇ ਮੌਕਿਆਂ ਬਾਰੇ ਗੱਲ ਕਰਦੇ ਹੋਏ ਨਵੀਨਤਾ ਦੀ ਲੋੜ `ਤੇ ਜ਼ੋਰ ਦਿੱਤਾ।
ਡਾ. ਸੰਜੀਵ ਕੁਮਾਰ ਉੱਪਲ, ਕਾਲਜ ਦੇ ਡੀਨ ਨੇ ਡੇਅਰੀ ਉਦਯੋਗ ਵਿੱਚ ਟਿਕਾਊਪਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਗੱਲ `ਤੇ ਜ਼ੋਰ ਦਿੱਤਾ ਕਿ ਇਹ ਇਸਦੀ ਲੰਮੇਂ ਸਮੇਂ ਤੱਕ ਸਥਿਰਤਾ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਾਤਾਵਰਣ ਪੱਖੀ ਤਰੀਕਿਆਂ ਨੂੰ ਅਪਨਾਉਣ, ਮੌਸਮੀ ਤਬਦੀਲੀਆਂ ਦੇ ਪ੍ਰਭਾਵ ਨੂੰ ਘਟਾਉਣ ਅਤੇ ਖਪਤਕਾਰਾਂ ਦੀਆਂ ਮੰਗਾਂ ਅਤੇ ਵਾਤਾਵਰਣ ਦੇ ਟੀਚਿਆਂ ਦੋਵਾਂ ਨੂੰ ਪੂਰਾ ਕਰਨ ਲਈ ਨਵੇਂ ਉਪਰਾਲੇ ਕਰਨ ਦਾ ਸੱਦਾ ਦਿੱਤਾ।
ਇਹ ਵੀ ਪੜ੍ਹੋ: 25 ਨਵੰਬਰ ਤੋਂ 05 ਦਸੰਬਰ ਤੱਕ Youth Festival ਦਾ ਆਯੋਜਨ, ਇਸ ਵਾਰ ਦੋ ਪੜਾਵਾਂ ਵਿੱਚ ਹੋਵੇਗਾ Veterinary University ਦਾ ਯੁਵਕ ਮੇਲਾ
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਲੈਕਚਰ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਸ ਸੰਬੋਧਨ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਡੇਅਰੀ ਟਿਕਾਊਪਨ ਦੇ ਇੱਕ ਪ੍ਰਮੁੱਖ ਖੇਤਰ ਵਿੱਚ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਸੰਬੋਧਨ ਨੇ ਨਾ ਸਿਰਫ਼ ਅਕਾਦਮਿਕ ਦ੍ਰਿਸ਼ਟੀ ਨੂੰ ਵਧਾਇਆ, ਸਗੋਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੇ ਪੇਸ਼ੇ ਵਿੱਚ ਸਥਿਰਤਾ ਲਿਆਉਣ ਲਈ ਵੀ ਉਤਸ਼ਾਹਿਤ ਕੀਤਾ। ਇਸ ਨਾਲ ਉਹ ਡੇਅਰੀ ਉਦਯੋਗ ਦੀਆਂ ਭਵਿੱਖੀ ਚੁਣੌਤੀਆਂ ਨਾਲ ਨਜਿੱਠਣ ਲਈ ਚੰਗੀ ਤਰ੍ਹਾਂ ਸਮਰੱਥ ਹੋਣਗੇ।
ਸਰੋਤ: ਗਡਵਾਸੂ (GADVASU)
Summary in English: Dairy Industry Expert from USA Interacts at Veterinary University