
ਕੌਮੀ ਸੇਵਾ ਯੋਜਨਾ ਅਧੀਨ 150 ਦੇ ਕਰੀਬ ਵਲੰਟੀਅਰਾਂ ਦੇ ਇਕ ਹਫ਼ਤੇ ਦੇ ਡਿਜੀਟਲ ਸਾਖ਼ਰਤਾ ਕੈਂਪ ਲਗਾਏ
Digital Literacy: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੌਮੀ ਸੇਵਾ ਯੋਜਨਾ ਅਧੀਨ 150 ਦੇ ਕਰੀਬ ਵਲੰਟੀਅਰਾਂ ਦੇ ਇਕ ਹਫ਼ਤੇ ਦੇ ਡਿਜੀਟਲ ਸਾਖ਼ਰਤਾ ਕੈਂਪ ਲਗਾਏ ਗਏ।
ਇਨ੍ਹਾਂ ਕੈਂਪਾਂ ਦਾ ਵਿਸ਼ਾ ਸੀ ‘ਡਿਜੀਟਲ ਸਾਖ਼ਰਤਾ ਲਈ ਸਿੱਖਿਆ’। ਇਸ ਮੁਹਿੰਮ ਤਹਿਤ ਉਨ੍ਹਾਂ ਨੂੰ ਸਕਰੀਨ ਦੀ ਘੱਟ ਵਰਤੋਂ ਕਰਦੇ ਹੋਏ ਡਿਜੀਟਲ ਸਿੱਖਿਆ ਅਤੇ ਜਾਗਰੂਕਤਾ ਵਧਾਉਣ ਹਿਤ ਦੱਸਿਆ ਗਿਆ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਸਕਰੀਨ ਦੀ ਸੀਮਿਤ ਅਤੇ ਜ਼ਿੰਮੇਵਾਰ ਵਰਤੋਂ ਕਰਦੇ ਹੋਏ ਡਿਜੀਟਲ ਸਾਖ਼ਰਤਾ ਸੰਬੰਧੀ ਗਿਆਨ ਦਿੱਤਾ ਗਿਆ। ਡਾ. ਘੁੰਮਣ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਿਦਿਆਰਥੀ ਅਜਿਹੇ ਕੈਂਪਾਂ ਰਾਹੀਂ ਸਮਾਜ ਅਤੇ ਰਾਸ਼ਟਰ ਦੀ ਸਵਾਰਥ ਰਹਿਤ ਸੇਵਾ ਕਰਨੀ ਸਿੱਖਦੇ ਹਨ।
ਯੂਨੀਵਰਸਿਟੀ ਵਿਖੇ ਸਥਾਪਿਤ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ ਜੋ ਕਿ ਕੌਮੀ ਸੇਵਾ ਯੋਜਨਾ ਦੇ ਖੇਤਰੀ ਨਿਰਦੇਸ਼ਾਲੇ ਵੱਲੋਂ ਚਲਾਈ ਗਈ ਸੀ। ਇਸ ਦਾ ਉਦੇਸ਼ ‘ਡਿਜੀਟਲ ਸਾਖ਼ਰਤਾ ਅਤੇ ਨੌਜਵਾਨ’ ਰਖਿਆ ਗਿਆ ਸੀ।
ਡਾ. ਕੁਲਦੀਪ ਸਿੰਘ ਕਾਕਾ, ਖੇਤੀਬਾੜੀ ਅਧਿਕਾਰੀ, ਫ਼ਤਹਿਗੜ੍ਹ ਸਾਹਿਬ ਨੇ ਡਿਜੀਟਲ ਸਾਖ਼ਰਤਾ ਸੰਬੰਧੀ ਕੌਮੀ ਸੇਵਾ ਯੋਜਨਾ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਸੁਚੱਜੀ ਵਰਤੋਂ ਅਤੇ ਦੁਰਵਰਤੋਂ ਵਿੱਚ ਬਹੁਤ ਮਹੀਨ ਅੰਤਰ ਹੈ। ਸੁਚੱਜੀ ਵਰਤੋਂ ਨਾਲ ਜਿਥੇ ਵਿਅਕਤੀ ਦੀ ਮਾਨਸਿਕ ਸਿਹਤ ਚੰਗੀ ਰਹਿੰਦੀ ਹੈ ਉਥੇ ਉਹ ਹੋਰ ਉਪਜਾਊ ਗਤੀਵਿਧੀਆਂ ਲਈ ਵੀ ਕਾਰਜਸ਼ੀਲ ਰਹਿੰਦਾ ਹੈ।
ਇਹ ਵੀ ਪੜ੍ਹੋ: Wheat Procurement: ਪੰਜਾਬ ਵਿੱਚ ਅੱਜ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਇਸ ਵਾਰ ਕਣਕ ਦੀ ਬੰਪਰ ਫ਼ਸਲ, ਸਰਕਾਰ ਨੇ ਕਿਸਾਨਾਂ ਨੂੰ ਕੀਤੀ ਅਪੀਲ
ਡਾ. ਨਿਧੀ ਸ਼ਰਮਾ, ਕੌਮੀ ਸੇਵਾ ਯੋਜਨਾ ਸੰਯੋਜਕ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਪ੍ਰਯੋਗਿਕ ਡੇਅਰੀ ਪਲਾਂਟ ਦੀ ਸਫਾਈ ਹਿਤ ਪਲਾਂਟ ਦੇ ਉਪਕਰਣ, ਮਸ਼ੀਨਾਂ ਅਤੇ ਆਲੇ-ਦੁਆਲੇ ਨੂੰ ਵੀ ਸਾਫ ਕੀਤਾ।
ਡਾ. ਸੱਯਦ ਹਸਨ, ਡਾ. ਨਰੇਂਦਰ ਕੁਮਾਰ ਅਤੇ ਡਾ. ਵਿਸ਼ਾਲ ਸ਼ਰਮਾ, ਕੌਮੀ ਸੇਵਾ ਯੋਜਨਾ ਦੇ ਕਾਲਜਾਂ ਦੇ ਸੰਯੋਜਕਾਂ ਨੇ ਕਿਹਾ ਕਿ ਅਜਿਹੇ ਕੈਂਪ ਜਿਥੇ ਵਿਅਕਤੀਗਤ ਰੂਪ ਵਿੱਚ ਮਨੁੱਖ ਨੂੰ ਗਿਆਨਵਾਨ ਬਣਾਉਂਦੇ ਹਨ ਉਥੇ ਉਹ ਸਮੁੱਚੇ ਸਮਾਜ ਲਈ ਵੀ ਫਾਇਦੇਮੰਦ ਸਾਬਿਤ ਹੁੰਦੇ ਹਨ।
Summary in English: Digital literacy camp organized by Veterinary University under National Service Scheme