
“ਤਰ-ਵੱਤਰ ਸਿੱਧੀ ਬਿਜਾਈ” ਤਕਨੀਕ
'Tar-Vatar Direct Sowing' Technique: ਝੋਨੇ ਦੀ ਸਿੱਧੀ ਬਿਜਾਈ ਅਣਮੂਲੇ ਪਾਣੀ ਦੀ ਬੱਚਤ ਦੇ ਨਾਲ ਨਾਲ ਭੂੰਮੀਗਤ ਪਾਣੀ ਦਾ 10-12 ਪ੍ਰਤੀਸ਼ਤ ਜ਼ਿਆਦਾ ਰੀਚਾਰਜ ਹੁੰਦਾ ਹੈ, ਫ਼ਸਲ ਨੂੰ ਬਿਮਾਰੀ ਘੱਟ ਲੱਗਦੀ ਹੈ ਅਤੇ ਪਰਾਲੀ ਦੀ ਸੰਭਾਲ ਕਰਨੀ ਸੋਖਾਲੀ ਹੋ ਜਾਂਦੀ ਹੈ। ਖੋਜ ਤਜ਼ਰਬੇ ਇਹ ਵੀ ਦਰਸਾਉਂਦੇ ਹਨ ਕਿ ਸਿੱਧੀ ਬਿਜਾਈ ਵਾਲੇ ਖੇਤ ਵਿੱਚ, ਕੱਦੂ ਕਰਕੇ ਲਗਾਏ ਝੋਨੇ ਦੇ ਖੇਤ ਨਾਲੋਂ, ਕਣਕ ਦੇ ਝਾੜ ਵਿੱਚ 1.0 ਕੁਇੰਟਲ ਪ੍ਰਤੀ ਏਕੜ ਇਜ਼ਾਫਾ ਹੁੰਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਲ 2010 ਦੌਰਾਨ ਸੁੱਕੇ ਝੋਨੇ ਦੀ ਬਿਜਾਈ ਦੀ ਤਕਨੀਕ ਨੂੰ ਅਜਾਦ ਕੀਤਾ ਗਿਆ ਸੀ। ਪਰ ਇਸ ਤਕਨੀਕ ਵਿੱਚ ਕੁਝ (ਉਣਤਾਈਆਂ ਜਿਵੇਂ ਕਿ ਨਦੀਨਾਂ ਦੀ ਜਿਆਦਾ ਸਮੱਸਿਆ, ਪਾਣੀ ਦੀ ਘੱਟ ਬੱਚਤ, ਸੂਖਮ ਤੱਤ ਲੋਹੇ ਦੀ ਘਾਟ, ਆਦਿ) ਹੋਣ ਕਰਕੇ ਇਸ ਤਕਨੀਕ ਹੇਠਾਂ ਜਿਆਦਾ ਰਕਬਾ ਨਹੀਂ ਆਇਆ। ਇਨ੍ਹਾਂ ਉਣਤਾਈਆਂ ਦੇ ਸਥਾਈ ਹੱਲ ਲਈ ਇੱਕ ਲੰਮੀ ਖੋਜ ਉਪਰੰਤ ਸਾਲ 2020 ਦੌਰਾਨ ਪੀ.ਏ.ਯੂ. ਵੱਲੋਂ “ਤਰ-ਵੱਤਰ ਸਿੱਧੀ ਬਿਜਾਈ” ਤਕਨੀਕ ਨੂੰ ਕਿਸਾਨਾਂ ਦੇ ਸਪੁਰਦ ਕੀਤਾ ਗਿਆ ਹੈ।
“ਤਰ-ਵੱਤਰ ਸਿੱਧੀ ਬਿਜਾਈ” ਤਕਨੀਕ ਵਿੱਚ ਸੁੱਕੀ ਬਿਜਾਈ ਦੀ ਤਕਨੀਕ ਨਾਲੋਂ ਮੁੱਖ ਫਰਕ ਇਹ ਹੈ ਕਿ ਬਿਜਾਈ ਉਪਰੰਤ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨਾਂ ਬਾਅਦ ਲੱਗਦਾ ਹੈ, ਜਿਸ ਕਰਕੇ ਪਾਣੀ ਦੀ ਜਿਆਦਾ ਬੱਚਤ (15-20 ਫੀਸਦੀ) ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਜੜ੍ਹਾਂ ਜ਼ਿਆਦਾ ਡੂੰਘੀਆਂ ਜਾਣ ਕਰਕੇ ਖੁਰਾਕੀ ਤੱਤਾਂ ਖਾਸ ਕਰਕੇ ਲੋਹੇ ਦੀ ਘਾਟ ਵੀ ਘੱਟ ਆਉਂਦੀ ਹੈ। ਸੂਬੇ ਦਾ ਜ਼ਿਆਦਾ ਰਕਬਾ ਤਰ ਵੱਤਰ ਤਕਨੀਕ ਲਈ ਅਨੁਕੂਲ ਹੈ।ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਿਸਾਨ ਵੀਰਾਂ ਦਾ ਰੁਝਾਨ ਤਰ-ਵੱਤਰ ਤਕਨੀਕ ਪ੍ਰਤੀ ਵੱਧਦਾ ਜਾ ਰਿਹਾ ਹੈ। ਸਾਲ 2024 ਦੌਰਾਨ 2.5 ਲੱਖ ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ। ਤਰ ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਕਾਸ਼ਤਕਾਰੀ ਢੰਗਾਂ, ਨਵੀਨਤਮ ਮਸ਼ੀਨੀਕਰਨ ਅਤੇ ਇਸ ਵਿਧੀ ਲਈ ਝੋਨੇ ਦੀਆਂ ਅਨੂਕੁਲ ਕਿਸਮਾਂ ਦਾ ਸੁਮੇਲ ਹੈ।
ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ (ਰੇਤਲੀ ਮੈਰਾ, ਮੈਰਾ, ਚੀਕਣੀ ਮੈਰਾ, ਭੱਲ ਵਾਲੀ ਮੈਰਾ) ਜੋ ਕਿ ਰਾਜ ਦੇ 87% ਹਿੱਸੇ ਵਿੱਚ ਪਾਈਆਂ ਜਾਦੀਆਂ ਹਨ ਸਿੱਧੀ ਬਿਜਾਈ ਦੇ ਬਹੁਤ ਅਨੁਕੂਲ ਹਨ। ਹਲਕੀਆਂ ਜ਼ਮੀਨਾਂ (ਰੇਤਲੀ, ਮੈਰਾ ਰੇਤਲੀ) ਢੁੱਕਵੀਆਂ ਨਹੀਂ ਹਨ ਕਿਉਂਕਿ ਇਹਨਾਂ ਵਿੱਚ ਲੋਹੇ ਦੀ ਬਹੁਤ ਘਾਟ ਆ ਜਾਂਦੀ ਹੈਅਤੇ ਨਦੀਨਾਂ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ। ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਸਿੱਧੀ ਬਿਜਾਈ ਸਿਰਫ ਉੱਥੇ ਹੀ ਕਰਨ ਜਿੱਥੇ ਪਿਛਲੇ ਸਾਲਾਂ ਵਿੱਚ ਕੱਦੂ ਵਾਲੇ ਝੋਨੇ ਦੀ ਕਾਸ਼ਤ ਕੀਤੀ ਹੋਵੇ। ਜਿਹੜੇ ਖੇਤਾਂ ਵਿੱਚ ਪਿਛਲੇ ਸਾਲਾਂ ਵਿੱਚ ਗੰਨਾ, ਮੱਕੀ ਅਤੇ ਨਰਮਾ ਆਦਿ ਬੀਜਿਆ ਹੋਵੇ ਉੱਥੇ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਗੁਰੇਜ਼ ਕਰੋ, ਕਿਉਂਕਿ ਇਹਨਾਂ ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਵੀ ਜ਼ਿਆਦਾ ਆਉਂਦੀ ਹੈ।
ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਅਤੇ ਦਰਮਿਆਨਾ ਸਮਾਂ ਲੈ ਕੇ ਪੱਕਣ ਵਾਲੀਆਂ ਕਿਸਮਾਂ ਜ਼ਿਆਦਾ ਢੁੱਕਵੀਆਂ ਹਨ, ਕਿਉਂਕਿ ਇਹ ਲੰਬੇ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਨਾਲੋਂ ਮੁੱਢਲਾ ਵਾਧਾ ਤੇਜ਼ੀ ਨਾਲ ਹੋਣ ਕਰਕੇ ਨਦੀਨਾਂ ਨੂੰ ਕਾਬੂ ਹੇਠ ਰੱਖਦੀਆਂ ਹਨ, ਪਾਣੀ ਦੀ ਖੱਪਤ ਘੱਟ ਹੁੰਦੀ ਹੈ, ਛੇਤੀ ਪੱਕਣ ਕਰਕੇ ਝੋਨੇ ਦੀ ਪਰਾਲੀ ਸੰਭਾਲਣ ਲਈ ਜ਼ਿਆਦਾ ਸਮਾਂ ਮਿਲਣ ਕਰਕੇ ਪਰਾਲੀ ਪ੍ਰਬੰਧ ਸੌਖਾ ਹੋ ਜਾਂਦਾ ਹੈ। ਸਾਰੀਆਂ ਸ਼ਿਫਾਰਸ਼ ਸ਼ੁਦਾ ਬਾਸਮਤੀ ਝੋਨੇ ਦੀ ਕਿਸਮਾਂ ਸਿੱਧੀ ਬਿਜਾਈ ਲਈ ਢੁੱਕਵੀਆਂ ਹਨ।ਇੱਕ ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਲਈ 8-10 ਕਿਲੋ ਬੀਜ ਵਰਤੋ।ਬੀਜ ਨੂੰ 12 ਘੰਟਿਆਂ ਲਈ 2% ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ (ਇੱਕ ਏਕੜ ਬੀਜ ਲਈ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ 10 ਲੀਟਰ ਪਾਣੀ ਵਿੱਚ) ਵਿੱਚ ਭਿਉਂਕੇ, ਛਾਵੇਂ ਸੁਕਾ ਕੇ, 3 ਗ੍ਰਾਮ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨੂੰ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ 10-12 ਮਿਲੀਲੀਟਰ ਪਾਣੀ ਵਿੱਚ ਮਿਲਾ ਕੇ ਸੋਧ ਲਵੋ।
ਇਹ ਵੀ ਪੜ੍ਹੋ: ਝੋਨੇ ਦੀਆਂ ਪ੍ਰਵਾਣਿਤ ਕਿਸਮਾਂ ਬਾਰੇ ਪਿੰਡ ਪੱਧਰੀ ਕੈਂਪਾਂ ਦਾ ਆਯੋਜਨ, ਨਵੀਂ ਕਿਸਮ PR 132 ਅਤੇ ਬੀਜਾਂ ਦੇ ਪ੍ਰਬੰਧਾਂ ਬਾਰੇ ਪੂਰੀ ਜਾਣਕਾਰੀ
ਬੀਜ ਨੂੰ ਸੋਧ ਕੇ ਬੀਜਣ ਨਾਲ ਬੀਜ ਅਤੇ ਜ਼ਮੀਨ ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਬੀਜ ਨੂੰ ਭਿਉਂ ਕੇ ਬੀਜਣ ਨਾਲ ਪੁੰਗਾਰਾ ਅਤੇ ਜੰਮ ਛੇਤੀ ਅਤੇ ਚੰਗਾ ਹੁੰਦਾ ਹੈ ।ਲੋੜ ਅਨੁਸਾਰ ਲੇਜ਼ਰ ਕਰਾਹੇ ਦੀ ਵਰਤੋਂ ਕਰੋ। ਲੇਜ਼ਰ ਕਰਾਹ ਕਰਵਾਉਣ ਉਪਰੰਤ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ ਹਾਲਤ (ਵਾਹੀ ਯੋਗ ਚੰਗੇ ਵੱਤਰ ਵਾਲੇ ਹਾਲਾਤ/ਸਿੱਲ੍ਹਾ ਖੇਤ ਜਿਸ ਵਿੱਚ ਟਰੈਕਟਰ ਬਿਨਾਂ ਟਾਇਰਾਂ ਨਾਲ ਮਿੱਟੀ ਚਿੰਬੜੇ ਜਾਂ ਬਿਨਾਂ ਸਲਿੱਪ ਮਾਰੇ ਚੱਲ ਸਕਦਾ ਹੋਵੇ) ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2 ਤੋਂ 3 ਵਾਰ ਭਾਰਾ ਸੁਹਾਗਾ (ਮਿੱਟੀ ਦੇ ਭਰੇ ਤਿੰਨ ਬੋਰੇ ਸੁਹਾਗੇ ਉਪਰ ਰੱਖ ਕੇ) ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ।
ਬਿਜਾਈ ਦਾ ਢੰਗ : ਬਿਜਾਈ ਲਈ ‘ਲੱਕੀ ਸੀਡ ਡਰਿੱਲ’ (ਤਸਵੀਰ ਨੰ. 1) ਜਿਹੜੀ ਕਿ ਝੋਨੇੇ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇ ਨਾਲੋ ਨਾਲ ਕਰਦੀ ਹੈ, ਨੂੰ ਤਰਜੀਹ ਦਿਓ।ਪਹੀਆ ਵਾਲੀ (ਪ੍ਰੈਸ ਵੀਲ ਯਕੁਤ) ਲੱਕੀ ਸੀਡ ਡਰਿੱਲ ਨਾਲ ਬਿਜਾਈ ਕਰਨ ਤੇ, ਖੇਤ ਦੀ ਨਮੀਂ ਜ਼ਿਆਦਾ ਸਮੇਂ ਤਕ ਬਰਕਰਾਰ ਰਹਿੰਦੀ ਹੈ, ਬਿਜਾਈ ਸਮੇਂ ਬਣਨ ਵਾਲੀਆਂ ਡਲੀਆਂ/ਢੇਮਾਂ ਨੂੰ ਵੀ ਭੋਰ ਦਿੰਦੀ ਹੈ ਅਤੇ ਨਦੀਨਨਾਸ਼ਕਾਂ ਦੇ ਚੰਗੇ ਨਤੀਜੇ ਮਿਲਦੇ ਹਨ।ਜੇਕਰ ਇਹ ਮਸ਼ੀਨ ਨਾ ਉਪਲੱਬਧ ਹੋਵੇ ਤਾਂ ਝੋਨਾ ਬੀਜਣ ਵਾਲ਼ੀ ਟੇਡੀਆਂ ਪਲੇਟਾਂ (ਇੰਨਕਲਾਈਡ ਪਲੇਟ) ਵਾਲੀ ਟਰਕੈਟਰ ਡਰਿੱਲ ਨਾਲ ਬਿਜਾਈ ਕਰ ਦਿਉ ਅਤੇ ਬਿਜਾਈ ਦੇ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਸਪਰੇ ਕਰ ਦਿਓ।
ਕਿਸੇ ਵੀ ਮੌਜੂਦਾ ਝੋਨੇ ਦੀ ਡਰਿੱਲ ਦੇ ਪਿਛਲੇ ਪਾਸੇ ਹਰ ਦੋ ਫਾਲਿਆ ਵਿਚਕਾਰ ਨੂੰ 16 ਤੋਂ 17 ਸੈਂਟੀਮੀਟਰਚੌੜੇ ਪਹੀਏ ਲਗਾ ਕੇ ਪ੍ਰੈਸ ਵੀਲ ਯੁਕਤ ਡਰਿੱਲ ਬਣਾ ਕੇ ਵਰਤ ਸਕਦੇ ਹੋ। ਪਾਣੀ ਦੀ ਹੋਰ ਵੀ ਜ਼ਿਆਦਾ ਬੱਚਤ ਲਈ ਤਰ ਵੱਤਰ ਹਾਲਤ ਵਿੱਚ ਬੈੱਡਾਂ ਉੱਤੇ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ।ਝੋਨੇ ਦੀ ਸਿੱਧੀ ਬਿਜਾਈ ਬੈੱਡ ਪਲਾਂਟਰ ਨਾਲ 67.5 ਸੈਂਟੀਮੀਟਰ ਚੌੜਾਈ ਵਾਲੇ ਬੈੱਡਾਂ (37.5 ਸੈਂਟੀਮੀਟਰ ਚੌੜੇ ਬੈੱਡ ਅਤੇ 30 ਸੈਂਟੀਮੀਟਰ ਚੌੜੀ ਖਾਲ਼ੀ) ਉੱਤੇ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: PAU ਨੌਜਵਾਨਾਂ ਦੇ ਖੇਤੀ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਤੱਤਪਰ: Dr. T.S. Riar
ਪ੍ਰੈਸ ਵੀਲ ਯਕੁਤ ਲੱਕੀ ਸੀਡ ਡਰਿੱਲ
ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ਤੁਰੰਤ ਬਾਅਦ ਸਟੌਪ/ਬੰਕਰ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਦਿਉ।ਜੇਕਰ ਮੋਥੇ ਵਰਗੇ ਨਦੀਨ ਉੱਗਣ ਦਾ ਖਦਸ਼ਾ ਹੋਵੇ ਤਾਂ ਪੈਡੀਮੈਥਾਲੀਨ ਦੀ ਜਗਾਹ ਪੇਂਪੇ 25 ਐਸ ਈ (ਪਿਨੌਕਸੁਲਮ 1% + ਪੈਡੀਮੈਥਾਲੀਨ 24%) ਨੂੰ ਬਦਲਵੇਂ ਤੌਰ ਤੇ ਵਰਤੋ। ਜੇਕਰ ਲੱਕੀ ਸੀਡ ਡਰਿੱਲ ਵਰਤੀ ਜਾਵੇ ਤਾਂ ਉਸਦੇ ਨਾਲ ਨਦੀਨ ਨਾਸ਼ਕ ਦਾ ਛਿੜਕਾਅ ਬਿਜਾਈ ਦੇ ਨਾਲੋ ਨਾਲ ਹੀ ਹੋ ਜਾਂਦਾ ਹੈ। ਨਦੀਨ ਨਾਸ਼ਕ ਦਾ ਛਿੜਕਾਅ ਦੁਪਿਹਰ ਵੇਲੇ ਨਾ ਕਰੋ। ਇਹ ਨਦੀਨ-ਨਾਸ਼ਕ ਦੀ ਵਰਤੋਂ ਨਾਲ ਘਾਹ ਵਾਲੇ ਮੌਸਮੀ ਨਦੀਨ ਜਿਵੇਂ ਕਿ ਸਵਾਂਕ, ਗੁੜਤ ਮਧਾਣਾ ਅਤੇ ਕੁਝ ਚੌੜੇ ਪੱਤੇ ਵਾਲੇ ਨਦੀਨਾਂ ਦੀ ਚੰਗੀ ਰੋਕਥਾਮ ਹੋ ਜਾਂਦੀ ਹੈ।
ਤਰ ਵੱਤਰ ਬੈੱਡਾਂ ਉੱਤੇ ਝੋਨੇ ਦੀ ਸਿੱਧੀ ਬਿਜਾਈ ਕਰਕੇ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਛਿੜਕਾਅ ਕਰੋ। ਜੇਕਰ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਵੱਤਰ ਆਉਂਦਿਆਂ ਹੀ (ਜਿਹੜਾ ਕਿ ਬਿਜਾਈ ਤੋਂ 1-2 ਦਿਨਾਂ ਵਿੱਚ ਆ ਜਾਂਦਾ ਹੈ) ਪੈਰ ਧਰਾਵਾ ਹੋਣ ਤੇ, ਨਦੀਨ ਨਾਸ਼ਕ ਦਾ ਛਿੜਕਾਅ ਕਰੋ।ਇਸ ਤੋਂ ਬਾਅਦ ਜੇ ਲੋੜ ਪਵੇ ਤਾਂ ਗੋਡੀ ਕਰਕੇ ਜਾਂ ਨਦੀਨਾਂ ਦੀ ਕਿਸਮ ਅਨੁਸਾਰ ਸਾਰਨੀ 1 ਵਿੱਚ ਦਿਤੇ ਕਿਸੇ ਵੀ ਨਦੀਨ ਨਾਸ਼ਕ ਦੀ ਵਰਤੋਂ ਕਰਕੇ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਸਿੱਧੀ ਬਿਜਾਈ ਵਿੱਚ ਸਫਲ ਨਦੀਨ ਪ੍ਰਬੰਧ ਲਈ ਨਦੀਨਾਂ ਦੀਆਂ ਕਿਸਮਾਂ ਦੀ ਪਹਿਚਾਣ ਹੋਣੀ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜਦੋਂ ਨਦੀਨ 2-4 ਪੱਤਿਆਂ ਦੀ ਅਵਸਥਾ ਵਿੱਚ ਹੋਣ।
ਸਾਰਨੀ 1. ਝੋਨੇ ਦੀ ਖੜ੍ਹੀ ਫਸਲ ਵਿੱਚ ਵਰਤੇ ਜਾਣ ਵਾਲੇ ਨਦੀਨ ਨਾਸ਼ਕ

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Direct sowing of paddy through tarvatar technique: Dr. Jasvir Singh Gill