
ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਦੂਰ ਰੱਖਣ ਲਈ ਸਫਾਈ ਅਭਿਆਸ ਜ਼ਰੂਰੀ: ਵੈਟਰਨਰੀ ਯੂਨੀਵਰਸਿਟੀ ਮਾਹਿਰ
Water Borne Diseases: ਸਾਫ ਸੁਥਰਾ ਪਾਣੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪੀਣ ਲਈ, ਦੰਦ ਸਾਫ ਕਰਨ, ਹੱਥ ਧੋਣ, ਨਹਾਉਣ ਅਤੇ ਭੋਜਨ ਬਨਾਉਣ ਵਾਲਾ ਪਾਣੀ ਰਸਾਇਣਾਂ ਅਤੇ ਹਾਨੀਕਾਰਕ ਕੀਟਾਣੂਆਂ ਤੋਂ ਰਹਿਤ ਹੋਣਾ ਚਾਹੀਦਾ ਹੈ ਨਹੀ ਤਾਂ ਪਰਜੀਵੀਆਂ ਰਾਹੀਂ ਪਾਣੀ ਸਾਡੇ ਲਈ ਵੱਡੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ।
ਪਾਣੀ ਤੋਂ ਹੋਣ ਵਾਲੇ ਬਹੁਤ ਸਾਰੇ ਰੋਗ ਜਿਵੇਂ ਪੀਲੀਆ, ਦਸਤ, ਹੈਜ਼ਾ, ਟਾਈਫਾਈਡ, ਹੈਪਟਾਈਟਸ ਅਤੇ ਭੋਜਨ ਦਾ ਜ਼ਹਿਰਬਾਦ ਅਜਿਹੀਆਂ ਬਿਮਾਰੀਆਂ ਹਨ ਜੋ ਗੰਦੇ ਅਤੇ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੁੰਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਹੋਣ ਵਾਲੇ ਇਨ੍ਹਾਂ ਰੋਗਾਂ ਸਬੰਧੀ ਇਹ ਜਾਣਕਾਰੀ ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫਾਰ ਵਨ ਹੈਲਥ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਸਾਂਝੀ ਕੀਤੀ।
ਬਰਸਾਤ ਦੇ ਮੌਸਮ ਵਿੱਚ ਇਨ੍ਹਾਂ ਬਿਮਾਰੀਆਂ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ, ਕਿਉਂਕਿ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦਾ ਮਿਲ ਜਾਣਾ ਇਕ ਵੱਡਾ ਕਾਰਣ ਬਣਦਾ ਹੈ। ਪਰਜੀਵੀਆਂ, ਬੈਕਟੀਰੀਆ ਅਤੇ ਵਿਸ਼ਾਣੂਆਂ ਤੋਂ ਉਪਜੀਆਂ ਇਹ ਬਿਮਾਰੀਆਂ ਮਨੁੱਖ ਨੂੰ ਰੋਗੀ ਕਰਦੀਆਂ ਹਨ। ਇਹ ਰੋਗਾਣੂ ਮਨੁੱਖੀ ਅੰਤੜੀਆਂ ਨੂੰ ਪ੍ਰਭਾਵਿਤ ਕਰਦੇ ਹਨ, ਕਿਉਂਕਿ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵ ਦੂਸ਼ਿਤ ਪਾਣੀ ਰਾਹੀਂ ਸਿੱਧੇ ਮਨੁੱਖੀ ਸਰੀਰ ਵਿੱਚ ਜਾ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਵਿਸ਼ਵ ਵਿੱਚ ਪੰਜ ਸਾਲ ਤੋਂ ਛੋਟੇ ਬੱਚਿਆਂ ਦੀ ਮੌਤ ਦਾ ਪ੍ਰਮੁੱਖ ਕਾਰਣ ਹੈਜ਼ਾ ਅਤੇ ਦਸਤ ਵਾਲੀਆਂ ਬਿਮਾਰੀਆਂ ਹੀ ਬਣਦੀਆਂ ਹਨ। ਇਨ੍ਹਾਂ ਮੌਤਾਂ ਵਿੱਚੋਂ ਵਧੇਰੇ ਮੌਤਾਂ ਦੂਸ਼ਿਤ ਪਾਣੀ, ਸਫਾਈ ਦੇ ਮਾੜੇ ਹਾਲਾਤ ਅਤੇ ਗੰਦੇ ਪਾਣੀ ਦੇ ਮਾੜੇ ਨਿਕਾਸੀ ਪ੍ਰਬੰਧਾਂ ਕਾਰਣ ਹੁੰਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਬੱਚੇ ਇਸ ਦਾ ਸਭ ਤੋਂ ਵੱਧ ਸ਼ਿਕਾਰ ਬਣਦੇ ਹਨ।
ਵੈਟਨਰੀ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਵਿਭਾਗ ਦੇ ਮਾਹਿਰਾਂ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਰੁਕਾਵਟ, ਸੀਵਰੇਜ ਦੀ ਗ਼ੈਰ ਨਿਕਾਸੀ ਅਤੇ ਦੂਸ਼ਿਤ ਪਾਣੀ ਦੇ ਪੀਣ ਯੋਗ ਪਾਣੀ ਵਿੱਚ ਮਿਲ ਜਾਣ ਕਾਰਣ ਬਿਮਾਰੀਆਂ ਫੈਲਦੀਆਂ ਹਨ। ਇਸ ਤੋਂ ਇਲਾਵਾ ਰੁਕਿਆ ਹੋਇਆ ਪਾਣੀ ਵਧੇਰੇ ਮੱਛਰ ਪੈਦਾ ਕਰਦਾ ਹੈ ਅਤੇ ਮੱਛਰਾਂ ਰਾਹੀਂ ਡੇਂਗੂ ਅਤੇ ਮਲੇਰੀਏ ਵਰਗੇ ਰੋਗ ਫੈਲਦੇ ਹਨ। ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਵਸੋਂ ਵਾਲੀਆਂ ਥਾਵਾਂ ਦੇ ਨੇੜੇ ਤੇੜੇ ਪਾਣੀ ਬਿਲਕੁਲ ਨਾ ਇਕੱਠਾ ਹੋਣ ਦੇਣ ਅਤੇ ਪਾਣੀ ਦੇ ਨਿਕਾਸੀ ਮਾਰਗਾਂ ਨੂੰ ਵੀ ਦਰੁਸਤ ਰੱਖਣ।
ਇਹ ਵੀ ਪੜ੍ਹੋ: Blue Revolution: ਨੀਲੀ ਕ੍ਰਾਂਤੀ ਵਿੱਚ ਮੱਛੀ ਪਾਲਕਾਂ ਦੀ ਭੂਮਿਕਾ ਦੀ ਯਾਦ ਵਿੱਚ 7 ਤੋਂ 11 ਜੁਲਾਈ ਤੱਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ
ਪਾਣੀ ਦਾ ਭੰਡਾਰ ਕਰਨ ਵਾਲੀਆਂ ਟੈਂਕੀਆਂ ਅਤੇ ਭਾਂਡਿਆਂ ਨੂੰ ਵੀ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਿੱਚ ਵੀ ਬਹੁਤ ਸਾਰੇ ਕੀਟਾਣੂ ਇਕੱਠੇ ਹੁੰਦੇ ਰਹਿੰਦੇ ਹਨ। ਇਨ੍ਹਾਂ ਟੈਂਕੀਆਂ ਨੂੰ ਸਾਲ ਵਿੱਚ ਦੋ ਵਾਰ ਚੰਗੇ ਤਰੀਕੇ ਨਾਲ ਕੀਟਾਣੂ ਰਹਿਤ ਕਰਨਾ ਚਾਹੀਦਾ ਹੈ ਅਤੇ ਪਾਣੀ ਦੀ ਜਾਂਚ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ। ਘਰਾਂ ਵਿੱਚ ਵਰਤੇ ਜਾਂਦੇ ਪਾਣੀ ਦੇ ਫਿਲਟਰ ਵੀ ਚੰਗੀ ਕਵਾਲਿਟੀ ਦੇ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਵੀ ਸਮੇਂ ਸਮੇਂ ਸਫਾਈ ਹੋਣੀ ਬਹੁਤ ਜ਼ਰੂਰੀ ਹੈ।
ਪਾਣੀ ਸਬੰਧੀ ਕਿਸੇ ਕਿਸਮ ਦਾ ਸ਼ੱਕ ਹੋਣ `ਤੇ ਉਸ ਨੂੰ ਕਿਸੇ ਭਰੋਸੇਯੋਗ ਪ੍ਰਯੋਗਸ਼ਾਲਾ ਤੋਂ ਜਾਂਚ ਕਰਵਾ ਲੈਣਾ ਚਾਹੀਦਾ ਹੈ, ਅਜਿਹੀ ਸਹੂਲਤ ਵੈਟਨਰੀ ਯੂਨੀਵਰਸਿਟੀ ਦੇ ਸੈਂਟਰ ਫਾਰ ਵਨ ਹੈਲਥ ਵਿਖੇ ਵੀ ਉਪਲਬਧ ਹੈ। ਪਾਣੀ ਦੀ ਸਾਫ ਪੂਰਤੀ ਨਾਲ ਅਤੇ ਸਿਹਤਮੰਦ ਆਦਤਾਂ ਅਪਣਾਅ ਕੇ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ।
ਸਰੋਤ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University)
Summary in English: Dirty water, poor drainage system and dirt during the rainy season are the causes of diseases: Veterinary expert