
ਸੰਗਰੂਰ ਦੇ ਕਈ ਪਿੰਡਾਂ ਵਿੱਚ ਪ੍ਰਦਰਸ਼ਨੀਆਂ ਦਾ ਆਯੋਜਨ
Paddy Cultivation: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਨਯੋਗ ਐਡੀਸ਼ਨਲ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਵੱਲੋਂ ਜ਼ਿਲ੍ਹੇ ਸੰਗਰੂਰ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰਚੱਲਤ ਕਰਨ ਲਈ ਵੱਖ-ਵੱਖ ਬਲਾਕਾਂ ਦੇ ਕਈ ਪਿੰਡਾਂ ਵਿੱਚ ਲਗਾਈਆਂ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ ਗਿਆ।
ਬਲਾਕ ਲਹਿਰਾਗਾਗਾ ਦੇ ਪਿੰਡ ਅੜਕਵਾਸ ਦੇ ਅਗਾਂਹਵਧੂ ਕਿਸਾਨ ਸ. ਰਜਿੰਦਰ ਸਿੰਘ ਭੱਠਲ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਦੇ ਆ ਰਹੇ ਹਨ ਅਤੇ ਇਸ ਤਕਨੀਕ ਤੋਂ ਕਾਫੀ ਸੰਤੁਸ਼ਟ ਹਨ।
ਇਸ ਸਾਲ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਰਜਿੰਦਰ ਜੀ ਨੂੰ ਝੋਨੇ ਦੀ ਸਿੱਧੀ ਬਿਜਾਈ ਵਿੱਚ ਨਦੀਨਾਂ ਦੀ ਰੋਕਥਾਮ ਬਾਬਤ ਨਦੀਨਨਾਸ਼ਕ ਦਵਾਈਆਂ ਪ੍ਰਦਰਸ਼ਨੀ ਦੇ ਤੌਰ 'ਤੇ ਦਿੱਤੀਆਂ ਗਈਆਂ ਜਿੰਨਾਂ ਦੀ ਵਰਤੋਂ ਸਦਕਾ ਨਦੀਨਾਂ ਦੀ ਸਫਲਤਾਪੂਰਵਕ ਰੋਕਥਾਮ ਹੋ ਗਈ ਹੈ। ਇਸੇ ਤਰਾਂ ਪਿੰਡ ਖੋਖਰ ਕਲਾਂ ਦੇ ਕਈ ਕਿਸਾਨਾਂ ਵਲੋਂ ਵੀ ਇਸ ਸਾਲ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।
ਸ. ਨਿਰਮਲ ਸਿੰਘ ਅਤੇ ਸ. ਜਸਵਿੰਦਰ ਸਿੰਘ ਦੇ ਸਿੱਧੀ ਬਿਜਾਈ ਦੇ ਖੇਤਾਂ ਦਾ ਦੌਰਾ ਕਰਦੇ ਸਮੇਂ ਡਾ. ਢਿੱਲੋਂ ਨੇ ਇਸ ਤਕਨੀਕ ਦੇ ਲਾਭਾਂ ਬਾਰੇ ਜਾਣੂੰ ਕਰਵਾਇਆ ਅਤੇ ਕੇਵਲ ਕੁਝ ਖਾਸ ਗੱਲਾਂ ਜਿਵੇਂ ਕਿ ਲੋਹੇ ਦੀ ਘਾਟ ਦੀ ਪੂਰਤੀ, ਸਹੀ ਨਦੀਨ ਪ੍ਰਬੰਧਨ ਆਦਿ ਨੂੰ ਧਿਆਨ ਵਿੱਚ ਰੱਖਣ ਲਈ ਕਿਹਾ। ਉਨ੍ਹਾਂ ਅੱਗੇ ਦੱਸਿਆ ਕਿ ਉਪਰੋਕਤ ਸਿਫਾਰਸ਼ਾਂ ਨੂੰ ਅਪਣਾ ਕੇ ਕਿਸਾਨ ਵੀਰ ਕੱਦੂ ਵਾਲੇ ਝੋਨੇ ਦੇ ਮੁਕਾਬਲੇ ਸਿੱਧੇ ਝੋਨੇ ਤੋਂ ਪਾਣੀ ਦੀ ਬੱਚਤ ਦੇ ਨਾਲ-ਨਾਲ ਚੰਗਾ ਝਾੜ ਵੀ ਲੈ ਸਕਦੇ ਹਨ। ਉਨ੍ਹਾਂ ਨੇ ਇਸ ਤਕਨੀਕ ਨੂੰ ਹੋਰ ਕਿਸਾਨਾਂ ਤੱਕ ਪਹੁੰਚਾਉਣ ਬਾਰੇ ਵੀ ਪ੍ਰੇਰਿਤ ਕੀਤਾ।
ਪਿੰਡ ਅੜਕਵਾਸ ਦੇ ਸ. ਬਲਰਾਜ ਸਿੰਘ ਜੋ ਕਿ ਵੱਖ-ਵੱਖ ਸਬਜ਼ੀਆਂ ਦੀਆਂ ਪਨੀਰੀਆਂ ਉਗਾਉਣ ਦਾ ਕੰਮ ਕਰਦੇ ਹਨ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਤੰਦਰੁਸਤ ਪਨੀਰੀ ਕਿਸਾਨਾਂ ਨੂੰ ਉਪਲਬਧ ਕਰਵਾਉਂਦੇ ਹਨ, ਦੇ ਖੇਤਾਂ ਦਾ ਦੌਰਾ ਵੀ ਕੀਤਾ।
ਇਹ ਵੀ ਪੜ੍ਹੋ: PAU ਵੱਲੋਂ ਜ਼ਿੰਕ ਤੱਤਾਂ ਵਾਲੀਆਂ ਕਿਸਮਾਂ PBW ਜ਼ਿੰਕ-1 ਅਤੇ PBW ਜ਼ਿੰਕ-2 ਦੇ ਨਾਲ ਸਟਾਰਚ ਦੀ ਪ੍ਰਤੀਰੋਧੀ ਕਿਸਮ PBW RS-1 ਵਿਕਸਿਤ: VC Dr. Satbir Singh Gosal
ਇਸ ਤੋਂ ਇਲਾਵਾ ਡਾ. ਢਿੱਲੋਂ ਵਲੋਂ ਧੂਰੀ ਬਲਾਕ ਦੇ ਪਿੰਡ ਗਹਿਲਾਂ ਅਤੇ ਭੱਦਲਵੱਡ ਵਿਖੇ ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਖੋਜ ਤਜਰਬੇ, ਗੋਭੀ ਦੀ ਨਵੀਂ ਕਿਸਮ ਦੇ ਖੋਜ ਤਜਰਬੇ ਵੀ ਦੇਖੇ ਗਏ। ਪਿੰਡ ਭੱਦਲਵੱਡ ਵਿਖੇ ਸ. ਸੰਦੀਪ ਸਿੰਘ ਵਲੋਂ ਘੀਆ ਕੱਦੂ ਦੀ ਖੇਤੀ ਸ਼ੁਰੂ ਕੀਤੀ ਗਈ ਹੈ ਜਿਸ ਬਾਬਤ ਡਾ. ਢਿੱਲੋਂ ਨੇ ਇਹਨਾਂ ਸਬਜ਼ੀਆਂ ਤੋਂ ਚੰਗਾ ਝਾੜ ਲੈਣ ਲਈ ਆਪਣੇ ਨਿੱਜੀ ਤਜਰਬੇ ਕਿਸਾਨ ਵੀਰਾਂ ਨਾਲ ਸਾਂਝੇ ਕੀਤੇ। ਉਹਨਾਂ ਕਿਹਾ ਕਿ ਅਗੇਤੀ ਸਬਜ਼ੀ ਨਾਲ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਇਸੇ ਤਰ੍ਹਾਂ ਜ਼ਿਲ੍ਹਾ ਮਲੇਰਕੋਟਲਾ ਦੇ ਅਮਰਗੜ ਬਲਾਕ ਦੇ ਪਿੰਡ ਬਾਠਾਂ ਵਿਖੇ ਝੋਨੇ ਦੀ ਪੀ ਆਰ 126 ਕਿਸਮ ਦੀ ਪਨੀਰੀ ਵਾਲੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ। ਅੰਤ ਵਿੱਚ ਡਾ. ਢਿੱਲੋਂ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵਲੋਂ ਲਗਾਏ ਗਏ ਖੇਤੀ ਤਜਰਬੇ, ਪ੍ਰਦਰਸ਼ਨੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਇਹਨਾਂ ਤਕਨੀਕਾਂ ਨੂੰ ਹੋਰ ਕਿਸਾਨਾਂ ਤੱਕ ਪਹੁੰਚਾਉਣ ਦੀ ਸੇਧ ਵੀ ਦਿੱਤੀ।
Summary in English: DSR Technique: Dr Tarsem Singh Dhillon visits several villages in different blocks of Sangrur to popularize direct sowing of paddy