1. Home
  2. ਖਬਰਾਂ

DSR Technology: ਪੀ ਆਰ 131 ਕਿਸਮ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦਾ ਦੌਰਾ, ਪੀ.ਏ.ਯੂ. ਦੇ ਵਾਈਸ ਚਾਂਸਲਰ Dr. Satbir Singh Gosal ਨੇ ਕੀਤੀ ਕਿਸਾਨਾਂ ਦੀ ਸ਼ਲਾਘਾ

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਨ੍ਹਾਂ ਖੇਤਾਂ ਵਿਚ ਸਿੱਧੀ ਬਿਜਾਈ ਤਕਨੀਕ ਨੂੰ ਸਫਲ ਹੋਇਆ ਦੇਖਣਾ ਸ਼ਾਨਦਾਰ ਤਜਰਬਾ ਹੈ। ਕਿਸਾਨਾਂ ਨੇ ਇਸ ਤਰ੍ਹਾਂ ਝੋਨੇ ਦੀ ਬਿਜਾਈ ਕਰਕੇ ਨਾ ਸਿਰਫ ਪਾਣੀ ਦੀ ਬੱਚਤ ਕੀਤੀ ਹੈ ਬਲਕਿ ਉਹਨਾਂ ਦੀ ਮਜ਼ਦੂਰੀ ਦੇ ਪੈਸੇ ਵੀ ਬਚੇ ਹਨ ਅਤੇ ਫਸਲ ਉੱਪਰ ਰਸਾਇਣਾਂ ਦੇ ਛਿੜਕਾਅ ਦੀ ਖੇਚਲ ਅਤੇ ਖਰਚਾ ਵੀ ਘਟਿਆ ਹੈ।

Gurpreet Kaur Virk
Gurpreet Kaur Virk
ਸਿੱਧੀ ਬਿਜਾਈ ਤਕਨੀਕ ਨੂੰ ਸਫਲ ਹੋਇਆ ਦੇਖਣਾ ਸ਼ਾਨਦਾਰ ਤਜਰਬਾ: ਵਾਈਸ ਚਾਂਸਲਰ

ਸਿੱਧੀ ਬਿਜਾਈ ਤਕਨੀਕ ਨੂੰ ਸਫਲ ਹੋਇਆ ਦੇਖਣਾ ਸ਼ਾਨਦਾਰ ਤਜਰਬਾ: ਵਾਈਸ ਚਾਂਸਲਰ

Water Saving Techniques: ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੀ ਟੀਮ ਸਮੇਤ ਪਿੰਡ ਗੋਬਿੰਦਗੜ੍ਹ, ਰਾਏਕੋਟ, ਜ਼ਿਲ੍ਹਾ ਲੁਧਿਆਣਾ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਤਰ-ਵੱਤਰ ਖੇਤਾਂ ਵਿਚ ਸਿੱਧੀ ਬਿਜਾਈ ਤਕਨੀਕ ਨਾਲ ਬੀਜੇ ਝੋਨੇ ਦੀ ਫਸਲ ਦਾ ਮੁਆਇਨਾ ਕੀਤਾ।

ਇਸ ਤਰੀਕੇ ਨਾਲ 35 ਏਕੜ ਵਿਚ ਪੀ ਆਰ 131 ਕਿਸਮ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਸ. ਲਖਵਿੰਦਰ ਸਿੰਘ, ਸ. ਸੁਖਵੀਰ ਸਿੰਘ ਅਤੇ ਸ. ਕਰਮਜੀਤ ਸਿੰਘ ਦੇ ਖੇਤਾਂ ਦਾ ਦੌਰਾ ਕਰਕੇ ਡਾ. ਗੋਸਲ ਨੇ ਕਾਮਯਾਬੀ ਨਾਲ ਨੇਪਰੇ ਚੜੀ ਫਸਲ ਨੂੰ ਦੇਖਿਆ।

ਜ਼ਿਕਰਯੋਗ ਹੈ ਕਿ ਜੂਨ 2024 ਵਿੱਚ ਵੀ ਵਾਈਸ ਚਾਂਸਲਰ ਡਾ. ਗੋਸਲ ਨੇ ਇਹਨਾਂ ਖੇਤਾਂ ਦਾ ਦੌਰਾ ਕੀਤਾ ਸੀ ਜਦੋਂ 17 ਦਿਨ ਦੀ ਫਸਲ ਦੀ ਪਹਿਲੀ ਸਿੰਚਾਈ ਹੋਣ ਵਾਲੀ ਸੀ। ਹੁਣ ਇਹ ਫਸਲ ਵਾਢੀ ਲਈ ਤਿਆਰ, ਰੋਗ ਰਹਿਤ, ਬਿਨਾਂ ਢਹੇ ਝੋਨੇ ਦੀ ਬਿਜਾਈ ਦੀ ਇਸ ਤਕਨੀਕ ਦੀ ਸਫਲਤਾ ਦੀ ਜ਼ਾਮਨੀ ਭਰਦੀ ਹੈ। ਇਸ ਮੌਕੇ ਗੱਲ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਇਹਨਾਂ ਖੇਤਾਂ ਵਿਚ ਸਿੱਧੀ ਬਿਜਾਈ ਤਕਨੀਕ ਨੂੰ ਸਫਲ ਹੋਇਆ ਦੇਖਣਾ ਸ਼ਾਨਦਾਰ ਤਜਰਬਾ ਹੈ। ਕਿਸਾਨਾਂ ਨੇ ਇਸ ਤਰ੍ਹਾਂ ਝੋਨੇ ਦੀ ਬਿਜਾਈ ਕਰਕੇ ਨਾ ਸਿਰਫ ਪਾਣੀ ਦੀ ਬੱਚਤ ਕੀਤੀ ਹੈ ਬਲਕਿ ਉਹਨਾਂ ਦੀ ਮਜ਼ਦੂਰੀ ਦੇ ਪੈਸੇ ਵੀ ਬਚੇ ਹਨ ਅਤੇ ਫਸਲ ਉੱਪਰ ਰਸਾਇਣਾਂ ਦੇ ਛਿੜਕਾਅ ਦੀ ਖੇਚਲ ਅਤੇ ਖਰਚਾ ਵੀ ਘਟਿਆ ਹੈ। ਪੰਜਾਬ ਦੀ ਖੇਤੀ ਨੂੰ ਹੋਰ ਮੁਨਾਫ਼ੇ ਵਾਲੀ, ਸਥਿਰ ਅਤੇ ਲਾਹੇਵੰਦੀ ਬਨਾਉਣ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਪੱਖੋਂ ਇਹ ਢੰਗ ਬੇਹੱਦ ਸਫਲ ਸਿੱਧ ਹੋਇਆ ਹੈ। ਡਾ. ਗੋਸਲ ਨੇ ਕਿਹਾ ਕਿ ਇਹਨਾਂ ਕਿਸਾਨਾਂ ਨੇ ਯੂਨੀਵਰਸਿਟੀ ਵੱਲੋਂ ਸੁਝਾਈਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿਚ ਲਾਗੂ ਕਰਕੇ ਕ੍ਰਿਸ਼ਮਾ ਕਰ ਦਿਖਾਇਆ ਹੈ। ਇਸ ਸਫਲਤਾ ਹੋਰ ਕਿਸਾਨਾਂ ਲਈ ਤਕਨੀਕੀ ਅਗਵਾਈ ਵਾਲੀ ਅਤੇ ਰਾਹ ਦਸੇਰੀ ਬਣੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਹੋਰ ਕਿਸਾਨਾਂ ਨੂੰ ਇਸ ਕਾਰਜ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਡਾ. ਗੋਸਲ ਨੇ ਇਸ ਤਕਨੀਕ ਦੇ ਲਾਭ ਗਿਣਾਉਂਦਿਆ ਦੱਸਿਆ ਕਿ ਇਸ ਨਾਲ ਮਜ਼ਦੂਰੀ ਦੇ ਖਰਚੇ ਤਾਂ ਘਟਦੇ ਹਨ ਨਾਲ ਹੀ ਕੀਟ ਨਾਸ਼ਕਾਂ ਦਾ ਖਰਚਾ ਵੀ ਬਚਦਾ ਹੈ। ਉਹਨਾਂ ਕਿਹਾ ਕਿ ਕੱਦੂ ਕਰਕੇ ਬੀਜੇ ਝੋਨੇ ਦੇ ਮੁਕਾਬਲੇ ਬਿਮਾਰੀਆਂ ਦਾ ਖਤਰਾ ਵੀ ਸਿੱਧੀ ਬਿਜਾਈ ਤਕਨੀਕ ਵਿਚ ਮੁਕਾਬਲਤਨ ਘਟ ਜਾਂਦਾ ਹੈ। ਹਰ ਲਿਹਾਜ਼ ਨਾਲ ਇਹ ਢੰਗ ਕਿਸਾਨਾਂ ਲਈ ਕਿਫ਼ਾਇਤੀ ਅਤੇ ਲਾਭਦਾਇਕ ਸਿੱਧ ਹੋਇਆ ਹੈ। ਡਾ. ਗੋਸਲ ਨੇ ਕਿਹਾ ਕਿ ਗੋਬਿੰਦਗੜ੍ਹ ਦੇ ਇਹਨਾਂ ਕਿਸਾਨਾਂ ਨੇ ਸਫਲਤਾ ਨਾਲ ਇਸ ਤਕਨੀਕ ਨੂੰ ਅਪਣਾ ਕੇ ਸਿੱਧ ਕੀਤਾ ਹੈ ਕਿ ਸਹੀ ਜਾਣਕਾਰੀ ਨੂੰ ਕਾਮਯਾਬੀ ਦਾ ਅਧਾਰ ਬਣਾਇਆ ਜਾ ਸਕਦਾ ਹੈ। ਪੰਜਾਬ ਦੇ ਕੁਦਰਤੀ ਸਰੋਤਾਂ ਦੇ ਬਚਾਅ ਲਈ ਇਸ ਤਕਨੀਕ ਨੂੰ ਲਾਜ਼ਮੀ ਦੱਸਦਿਆਂ ਡਾ. ਗੋਸਲ ਨੇ ਸਿੱਧੀ ਬਿਜਾਈ ਤਕਨੀਕ ਨੂੰ ਭਵਿੱਖ ਵੱਲ ਜਾਣ ਵਾਲਾ ਰਾਹ ਕਿਹਾ।

ਇਹ ਵੀ ਪੜ੍ਹੋ: Good News: ਪੀ.ਏ.ਯੂ. ਵਿੱਚ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਸਰਕਾਰੀ ਇਮਦਾਦ ਦੀ ਪਹਿਲੀ ਕਿਸ਼ਤ ਹਾਸਲ, 20 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ

ਇਹਨਾਂ ਕਿਸਾਨਾਂ ਨੇ ਤਰ ਵੱਤਰ ਖੇਤਾਂ ਵਿਚ ਸਿੱਧੀ ਬਿਜਾਈ ਤਕਨੀਕ ਨਾਲ ਬੀਜੇ ਝੋਨੇ ਸੰਬੰਧੀ ਆਪਣੇ ਤਜਰਬੇ ਸਾਂਝੇ ਕੀਤੇ। ਉਹਨਾਂ ਕਿਹਾ ਕਿ ਬਿਜਾਈ ਤੋਂ 20 ਦਿਨ ਬਾਅਦ ਪਹਿਲੀ ਸਿੰਚਾਈ ਕੀਤੀ ਗਈ ਸੀ| ਅਗਲੀਆਂ ਤਿੰਨ ਸਿੰਚਾਈਆਂ 10-10 ਦਿਨ ਦੇ ਅੰਤਰਾਲ ਨਾਲ ਹੋਈਆਂ ਅਤੇ ਉਸ ਤੋਂ ਬਾਅਦ ਮੌਸਮ ਦੀਆਂ ਲੋੜਾਂ ਦੇ ਹਿਸਾਬ ਨਾਲ 5-7 ਦਿਨਾਂ ਬਾਅਦ ਪਾਣੀ ਲਾਇਆ ਗਿਆ। ਇਸ ਤਰੀਕੇ ਨਾਲ ਬੀਜੇ ਝੋਨੇ ਦੇ ਕੁਝ ਖੇਤ ਵੱਢੇ ਵੀ ਜਾ ਚੁੱਕੇ ਹਨ ਜਿਸ ਵਿੱਚੋਂ ਕਿਸਾਨਾਂ ਨੇ ਭਰਪੂਰ ਝਾੜ ਦੀ ਗਵਾਹੀ ਭਰੀ। ਇਕ ਕਿਸਾਨ ਸ. ਲਖਵੀਰ ਸਿੰਘ ਨੇ ਕਿਹਾ ਕਿ ਸਿੱਧੀ ਬਿਜਾਈ ਵਾਲਾ ਝੋਨਾ ਕੱਦੂ ਕਰਕੇ ਲਾਏ ਝੋਨੇ ਦੇ ਮੁਕਾਬਲੇ 7-10 ਦਿਨ ਪਹਿਲਾਂ ਪੱਕਦਾ ਹੈ ਜਿਸ ਨਾਲ ਪਰਾਲੀ ਦੀ ਸੰਭਾਲ ਲਈ ਸਮਾਂ-ਵਕਫ਼ਾ ਹੋਰ ਵਧ ਜਾਂਦਾ ਹੈ। ਉਹਨਾਂ ਕਿਹਾ ਕਿ ਖੇਤੀ ਲਾਗਤਾਂ ਤਾਂ ਘਟੀਆਂ ਹੀ ਨਾਲ ਹੀ ਕੀਟਨਾਸ਼ਕਾਂ ਦੇ ਬੇਲੋੜੇ ਛਿੜਕਾਅ ਤੋਂ ਵੀ ਉਹ ਕਿਸਾਨ ਸੌਖੇ ਰਹੇ ਹਨ। ਇਸ ਮੌਕੇ ਵਾਈਸ ਚਾਂਸਲਰ ਨਾਲ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਹੋਰ ਉੱਚ ਅਧਿਕਾਰੀ ਸ਼ਾਮਿਲ ਰਹੇ।

Summary in English: DSR Technology: Visiting the fields of farmers planting PR 131 variety, PAU Vice Chancellor Dr Satbir Singh Gosal praised the farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters