
ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਣ ਸਿਖਲਾਈ ਸੰਪੂਰਨ
Pig Farming Training: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜ ਦਿਨਾ ਸੂਰ ਪਾਲਣ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੂਰਨ ਹੋ ਗਿਆ। ਇਸ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 40 ਸਿਖਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਯੂਨੀਵਰਸਿਟੀ ਪਸ਼ੂ ਪਾਲਕਾਂ ਅਤੇ ਕਾਰੋਬਾਰ ਦੀ ਆਰਥਿਕ ਤਰੱਕੀ, ਸਥਿਰਤਾ ਅਤੇ ਬਿਹਤਰੀ ਲਈ ਸਮਰਪਿਤ ਹੈ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਇਸ ਮੌਕੇ ਡਾ. ਰਵਿੰਦਰ ਸਿੰਘ ਗਰੇਵਾਲ ਨੇ ਇਹ ਵੀ ਦੱਸਿਆ ਕਿ ਸੂਰ ਪਾਲਣ ਕਿੱਤਾ ਆਪਣੇ ਤੇਜ਼ ਵਿਕਾਸ ਅਤੇ ਮੁਨਾਫ਼ੇ ਦੇ ਕਾਰਨ ਕਿਸਾਨਾਂ ਵਿੱਚ ਕਾਫ਼ੀ ਹਰਮਨ ਪਿਆਰਾ ਹੋ ਗਿਆ ਹੈ, ਅਤੇ ਯੂਨੀਵਰਸਿਟੀ ਵਿਗਿਆਨਕ ਅਧਾਰ `ਤੇ ਸੂਰ ਪਾਲਣ ਸ਼ੁਰੂ ਕਰਨ ਲਈ ਲੋੜੀਂਦੀ ਸਾਰੀ ਜਾਣਕਾਰੀ ਅਤੇ ਮਾਰਗਦਰਸ਼ਨ ਦੇ ਰਹੀ ਹੈ।
ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਅਤੇ ਮੁਖੀ , ਵੈਟਨਰੀ ਪਸਾਰ ਸਿੱਖਿਆ ਵਿਭਾਗ ਨੇ ਖੁਲਾਸਾ ਕੀਤਾ ਕਿ ਸਿਖਲਾਈ ਵਿੱਚ ਸਿਧਾਂਤਕ ਅਤੇ ਵਿਹਾਰਕ ਸੈਸ਼ਨਾਂ ਦਾ ਮਿਸ਼ਰਣ ਸ਼ਾਮਲ ਸੀ, ਜਿਸ ਰਾਹੀਂ ਸਿੱਖਿਆਰਥੀਆਂ ਨੂੰ ਸੂਰ ਪਾਲਣ ਵਿੱਚ ਵਿਗਿਆਨਕ ਗਿਆਨ ਅਤੇ ਵਿਹਾਰਕ ਹੁਨਰ ਨਾਲ ਜੋੜਿਆ ਗਿਆ। ਯੂਨੀਵਰਸਿਟੀ ਦੇ ਮਾਹਿਰਾਂ ਨੇ ਸੂਰ ਉਤਪਾਦਨ ਨਾਲ ਸਬੰਧਤ ਸ਼ੈਡ ਵਿਉਂਤ, ਪ੍ਰਜਣਨ, ਖੁਰਾਕ, ਸਿਹਤ ਪ੍ਰਬੰਧਨ ਅਤੇ ਮੰਡੀਕਰਨ ਰਣਨੀਤੀਆਂ `ਤੇ ਗਿਆਨ ਦਿੱਤਾ।
ਇੱਕ ਪ੍ਰਗਤੀਸ਼ੀਲ ਸੂਰ ਪਾਲਕ ਸ੍ਰੀ ਸੁਰਿੰਦਰ ਸਿੰਘ ਖੁੱਲਰ ਨੇ ਵੀ ਸਿਖਿਆਰਥੀਆਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ। ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ, ਨੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਸਿੱਖਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਸੂਰ ਪਾਲਣ ਨੂੰ ਇੱਕ ਸਥਾਈ ਕਿੱਤਾ ਵਿਕਲਪ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ। ਸਿਖਲਾਈ ਦੇ ਸਫਲਤਾਪੂਰਵਕ ਸੰਪੂਰਨ ਹੋਣ ਮੌਕੇ ਸਾਰੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਡਾ. ਰਾਜੇਸ਼ ਕਸਰੀਜਾ ਅਤੇ ਡਾ. ਅਕਸ਼ਿਤਾ ਚੱਢਾ ਵੱਲੋਂ ਪ੍ਰੋਗਰਾਮ ਦਾ ਸਫਲਤਾਪੂਰਵਕ ਸੰਯੋਜਨ ਕੀਤਾ ਗਿਆ।
ਇਹ ਵੀ ਪੜ੍ਹੋ: ਵਿਦਿਆਰਥੀਆਂ ਨੂੰ ਦੁਨੀਆ ਦੀਆਂ ਚੁਣੌਤੀਆਂ ਲਈ ਤਿਆਰ ਕਰਨਾ ਅੱਜ ਦੀ ਸਿੱਖਿਆ ਦਾ ਉਦੇਸ਼ ਹੋਣਾ ਚਾਹੀਦਾ: Harpal Singh Cheema
ਡਾ. ਜਸਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਯੂਨੀਵਰਸਿਟੀ 05 ਮਈ, 2025 ਤੋਂ ਡੇਅਰੀ ਫਾਰਮਿੰਗ ਸੰਬੰਧੀ ਦੋ ਹਫ਼ਤਿਆਂ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਜਾ ਰਹੀ ਹੈ, ਦਿਲਚਸਪੀ ਰੱਖਣ ਵਾਲੇ ਲੋਕ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿੱਚ ਇਸ ਵਿੱਚ ਸ਼ਾਮਲ ਹੋ ਸਕਦੇ ਹਨ।
Summary in English: During the pig farming training, experts imparted knowledge on shed design, breeding, feeding, health management and marketing strategies.