
ਪਿੰਡ ਮਹਿਲਾਂਵਾਲੀ ਵਿਖੇ ਸਿਖਲਾਈ ਪ੍ਰੋਗਰਾਮ ਆਯੋਜਿਤ
KVK Hoshiarpur: ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਤੀ 19 ਫਰਵਰੀ, 2025 ਨੂੰ ਗੁਲਾਬ ਸ਼ਰਬਤ ਅਤੇ ਆਂਵਲਾ ਕੈਂਡੀ ਤਿਆਰ ਕਰਨ ਬਾਰੇ ਸਿਖਲਾਈ ਪ੍ਰੋਗਰਾਮ ਪਿੰਡ ਮਹਿਲਾਂਵਾਲੀ ਵਿਖੇ ਆਯੋਜਿਤ ਕਰਵਾਇਆ ਗਿਆ।
ਸਿਖਲਾਈ ਦੇ ਹਿੱਸੇ ਵਜੋਂ, ਪਿੰਡ ਮਹਿਲਾਂਵਾਲੀ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਿਖਿਆਰਥੀ ਤੇ ਅਗਾਂਹਵਧੂ ਕਿਸਾਨ ਸ਼੍ਰੀ ਸੰਜੀਵ ਕੁਮਾਰ ਕਹੋਲ ਅਤੇ ਸ਼੍ਰੀਮਤੀ ਰੀਟਾ ਸ਼ਰਮਾ ਦੇ ਕਹੋਲ ਡੇਅਰੀ ਫਾਰਮ ਅਤੇ ਫਾਰਮ ਫਰੈਸ਼ ਫੂਡਜ਼ ਇਕਾਈ ਦਾ ਵਿਦਿਅਕ ਦੌਰਾ ਵੀ ਕਰਵਾਇਆ ਗਿਆ।
ਸ਼੍ਰੀ ਸੰਜੀਵ ਕੁਮਾਰ ਕਹੋਲ, ਪਿਛਲੇ ਕਈ ਸਾਲਾਂ ਤੋਂ ਆਪਣੀ ਜ਼ਮੀਨ 'ਤੇ ਖੇਤੀ ਕਰ ਰਹੇ ਹਨ। ਪ੍ਰਮੁੱਖ ਕਿੱਤੇ ਪਸ਼ੂ ਪਾਲਣ ਤੋਂ ਇਲਾਵਾ, ਉਹਨਾਂ ਨੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਅਤੇ ਫਲ ਪੈਦਾ ਕਰਦੇ ਹੋਏ ਜੈਵਿਕ ਖੇਤੀ ਨੂੰ ਪੂਰੀ ਤਰ੍ਹਾਂ ਅਪਣਾਇਆ ਹੈ। ਇਸ ਦੇ ਨਾਲ ਹੀ ਦੁੱਧ ਤੋਂ ਤਿਆਰ ਉਤਪਾਦ-ਪਨੀਰ, ਦਹੀਂ ਤੇ ਲੱਸੀ, ਅਚਾਰ-ਮੁਰੱਬੇ, ਵਰਮੀਕੰਪੋਸਟਿੰਗ ਯੂਨਿਟ ਅਤੇ ਮਸ਼ਰੂਮ ਦੀ ਕਾਸ਼ਤ ਉਨ੍ਹਾਂ ਦੇ ਪਰਿਵਾਰ ਦੀ ਆਮਦਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਇਸ ਕੰਮ ਵਿੱਚ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਰੀਟਾ ਸ਼ਰਮਾ ਅਤੇ ਬੇਟਾ ਕਾਰਤਿਕ ਕਹੋਲ ਬਰਾਬਰ ਸਾਥ ਦਿੰਦੇ ਹਨ।
ਸ਼੍ਰੀਮਤੀ ਰੀਟਾ ਸ਼ਰਮਾ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਦੀ ਵਿਗਿਆਨਿਕ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ। ਸ਼੍ਰੀ ਸੰਜੀਵ ਕੁਮਾਰ ਕਹੋਲ ਹੁਸ਼ਿਆਰਪੁਰ ਸਥਿਤ "ਇੰਨੋਵੇਟਿਵ ਫਾਰਮਰਜ਼ ਐਸੋਸੀਏਸ਼ਨ, ਰਜਿਸਟਰਡ" ਦੇ ਮੈਂਬਰ ਹਨ, ਜੋ ਕਿ ਜੈਵਿਕ ਅਤੇ ਕੁਦਰਤੀ ਖੇਤੀ ਲਈ ਸਮਰਪਿਤ ਹੈ।ਉਨ੍ਹਾਂ ਦੇ ਫਾਰਮ ਨੂੰ ਪੰਜਾਬ ਐਗਰੋ ਦੁਆਰਾ ਜੈਵਿਕ ਖੇਤੀ ਲਈ ਪ੍ਰਮਾਣਿਤ ਵੀ ਕੀਤਾ ਗਿਆ ਹੈ।
ਸਿਖਲਾਈ ਪ੍ਰੋਗਰਾਮ ਦੌਰਾਨ, ਡਾ. ਸੁਖਦੀਪ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਪੀ.ਏ.ਯੂ- ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ, ਨੇ ਅਨਾਜ, ਫਲਾਂ ਤੇ ਸਬਜੀਆਂ ਤੋਂ ਤਿਆਰ ਕੀਤੇ ਜਾਂਦੇ ਪ੍ਰੋਸੈਸਡ ਉਤਪਾਦਾਂ ਦੀ ਸਾਂਭ-ਸੰਭਾਲ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਘਰੇਲੂ ਉਤਪਾਦਾਂ ਦੀ ਭੋਜਨ ਮਿਆਦ ਵਧਾਉਣ ਅਤੇ ਉਨ੍ਹਾਂ ਦੇ ਪੌਸ਼ਟਿਕ ਮੁੱਲ ਨੂੰ ਬਰਕਰਾਰ ਰੱਖਣ ਬਾਰੇ ਵੀ ਗਿਆਨ ਪ੍ਰਦਾਨ ਕੀਤਾ।
ਇਹ ਵੀ ਪੜ੍ਹੋ: ਪੀ.ਏ.ਯੂ ਵਿੱਚ 24 ਤੋਂ 26 ਫਰਵਰੀ ਤੱਕ ਹੋਵੇਗਾ ‘ਰਾਜ ਪੱਧਰੀ Surjit Patar ਕਲਾ ਉਤਸਵ’
ਸ਼੍ਰੀਮਤੀ ਰੀਟਾ ਸ਼ਰਮਾ ਦੁਆਰਾ ਗੁਲਾਬ ਸ਼ਰਬਤ ਅਤੇ ਆਂਵਲਾ ਕੈਂਡੀ ਤਿਆਰ ਕਰਨ 'ਤੇ ਵਿਧੀ ਪ੍ਰਦਰਸ਼ਨ ਕੀਤੇ ਗਏ। ਇਸ ਤੋਂ ਇਲਾਵਾ, ਸਿਖਿਆਰਥੀਆਂ ਨੇ ਵਾਧੂ ਦੁੱਧ ਤੋਂ ਪੌਸ਼ਟਿਕ ਉਤਪਾਦ ਬਣਾਉਣ ਬਾਰੇ ਸਿੱਖਿਆ, ਜਿਵੇਂ ਕਿ ਮਸਾਲਾ ਪਨੀਰ।
ਸ਼੍ਰੀ ਸੰਜੀਵ ਕੁਮਾਰ ਨੇ ਆਪਣੇ ਜੈਵਿਕ ਖੇਤੀ ਦੁਆਰਾ ਉਗਾਏ ਫਲ ਅਤੇ ਸਬਜ਼ੀਆਂ ਦੇ ਫਾਰਮ ਦਾ ਵੀ ਦੌਰਾ ਕਰਵਾਇਆ, ਜਿੱਥੇ ਉਹਨਾਂ ਨੇ ਘਰੇਲੂ ਬਗੀਚੀ ਤੋਂ ਪੈਦਾ ਹੋਣ ਵਾਲੇ ਉਤਪਾਦਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਬਾਰੇ ਜਾਣਕਾਰੀ ਦਿਤੀ, ਜਿਸ ਨਾਲ ਸਿਖਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੋਇਆ।
Summary in English: During the training program, experts shared preservation techniques for processed products made from grains, fruits and vegetables.