
ਮਾਹਿਰਾਂ ਵੱਲੋਂ ਪਿੰਡ ਪੱਧਰੀ ਕੈਂਪ ਦਾ ਆਯੋਜਨ
KVK Sangrur: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਦੀ ਸਰਪ੍ਰਸਤੀ ਹੇਠ ਪਿੰਡ ਮਾਨਾ ਵਿਖੇ ਇੱਕ ਪਿੰਡ ਪੱਧਰੀ ਕੈਂਪ ਲਗਾਇਆ ਗਿਆ।
ਇਸ ਮੌਕੇ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਗਰਮੀ ਰੁੱਤ ਦੀ ਘਰੇਲੂ ਸਬਜ਼ੀ ਬਗੀਚੀ ਲਗਾਉਣ ਅਤੇ ਗਰਮੀ ਰੁੱਤ ਦੀ ਮੂੰਗੀ ਦੀ ਸਫਲ ਕਾਸ਼ਤ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਕੈਂਪ ਵਿੱਚ ਪਿੰਡ ਦੇ 50 ਕਿਸਾਨ ਵੀਰਾਂ ਅਤੇ ਬੀਬੀਆਂ ਨੇ ਭਾਗ ਲਿਆ।
ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨ ਵੀਰਾਂ ਅਤੇ ਬੀਬੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਕੇ.ਵੀ.ਕੇ., ਸੰਗਰੂਰ ਦੀਆਂ ਵੱਖ-ਵੱਖ ਗਤੀਵਿਧੀਆਂ, ਫਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਨਵੀਨਤਮ ਤਕਨੀਕਾਂ ਨੂੰ ਅਪਣਾਉਣ ਅਤੇ ਆਪਣੇ ਪਰਿਵਾਰਾਂ ਦੀ ਆਮਦਨ ਅਤੇ ਰੁਜ਼ਗਾਰ ਵਧਾਉਣ ਲਈ ਸਹਾਇਕ ਧੰਦੇ ਸ਼ੁਰੂ ਕਰਨ।
ਉਨ੍ਹਾਂ ਨੇ ਮਿੱਟੀ ਦੀ ਸਿਹਤ ਨੂੰ ਵਧਾਉਣ ਅਤੇ ਨਾਈਟ੍ਰੋਜਨ ਵਾਲੀ ਖਾਦਾਂ ਦੀ ਵਰਤੋਂ ਘਟਾਉਣ ਲਈ ਗਰਮੀ ਰੁੱਤ ਦੀ ਮੂੰਗੀ ਅਤੇ ਹਰੀ ਖਾਦ ਵਾਲੀਆਂ ਫਸਲਾਂ ਦੀ ਕਾਸ਼ਤ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਤਾਜ਼ੀਆਂ ਅਤੇ ਸਿਹਤਮੰਦ ਸਬਜ਼ੀਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਗਰਮੀ ਰੁੱਤ ਦੀਆਂ ਸਬਜ਼ੀਆਂ ਦੀ ਘਰੇਲੂ ਬਗੀਚੀ ਲਗਾਉਣ 'ਤੇ ਵੀ ਜ਼ੋਰ ਦਿਤਾ I
ਡਾ. ਰੁਕਿੰਦਰ ਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ((ਫਸਲ ਵਿਗਿਆਨ) ਨੇ ਕਣਕ ਦੀ ਫ਼ਸਲ ਵਿੱਚ ਗਰਮੀ ਦੇ ਪ੍ਰਭਾਵ ਨੂੰ ਘਟਾਉਣ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮਿੱਟੀ ਦੀ ਸਿਹਤ ਅਤੇ ਪੌਸ਼ਟਿਕਤਾ ਨੂੰ ਬਿਹਤਰ ਬਣਾਉਣ ਲਈ ਗਰਮੀ ਰੁੱਤ ਦੀ ਮੂੰਗੀ ਦੀਆਂ ਉੱਨਤ ਕਿਸਮਾਂ ਅਤੇ ਸੁਧਰੀਆਂ ਕਾਸ਼ਤ ਤਕਨੀਕਾਂ ਬਾਰੇ ਵੀ ਸਾਂਝ ਪਾਈ।
ਇਹ ਵੀ ਪੜ੍ਹੋ: ਸਿਖਲਾਈ ਪ੍ਰੋਗਰਾਮ ਦੌਰਾਨ ਮਾਹਿਰਾਂ ਨੇ ਅਨਾਜ, ਫਲਾਂ ਅਤੇ ਸਬਜ਼ੀਆਂ ਤੋਂ ਬਣੇ Processed Products ਦੀ ਸੰਭਾਲ ਦੀਆਂ ਤਕਨੀਕਾਂ ਕੀਤੀਆਂ ਸਾਂਝੀਆਂ
ਡਾ. ਵਿਤਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਮਹਿਲਾ ਸਸ਼ਕਤੀਕਰਨ ਵਿੱਚ ਕੇਵੀਕੇ ਦੀ ਭੂਮਿਕਾ ਸਾਂਝੀ ਕੀਤੀ ਅਤੇ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਦੇ ਪ੍ਰਬੰਧਨ ਲਈ ਸੰਤੁਲਿਤ ਖੁਰਾਕ ਦੀ ਮਹੱਤਤਾ 'ਤੇ ਧਿਆਨ ਕੇਂਦਰਿਤ ਕੀਤਾ।
ਅੰਤ ਵਿੱਚ ਕਿਸਾਨ ਵੀਰਾਂ ਨੂੰ ਘਰੇਲੂ ਸਬਜ਼ੀ ਬਗੀਚੀ ਲਗਾਉਣ ਦੇ ਤਰੀਕੇ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨ ਵੀਰਾਂ ਅਤੇ ਬੀਬੀਆਂ ਨੂੰ ਗਰਮੀ ਰੁੱਤ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਦੇ ਨਾਲ-ਨਾਲ ਕੱਦੂਆਂ ਅਤੇ ਕਰੇਲਿਆਂ ਦੀਆਂ ਪਲੱਗ-ਟ੍ਰੇਆਂ ਵਿੱਚ ਉਗਾਈਆਂ ਵੇਲਾਂ ਮੁਹਈਆ ਕਰਵਾਈਆਂ ਗਈਆਂ। ਸ. ਅਮਰਿੰਦਰ ਸਿੰਘ ਅਤੇ ਸ਼੍ਰੀਮਤੀ ਹਰਪ੍ਰੀਤ ਕੌਰ ਦੇ ਕੇਵੀਕੇ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
Summary in English: Experts from Krishi Vigyan Kendra share information about home vegetable gardening and moong daal pulses cultivation in the summer season