1. Home
  2. ਖਬਰਾਂ

ਮਾਹਿਰਾਂ ਵੱਲੋਂ Sangrur ਦੇ ਪਿੰਡ ਭੂੰਦੜ ਭੈਣੀ ਦੇ ਕਈ ਕਿਸਾਨਾਂ ਦੇ ਮਿੱਟੀ-ਪਾਣੀ ਦੀਆਂ ਰਿਪੋਰਟਾਂ ਦੀ ਵਿਆਖਿਆ, ਵੱਖ-ਵੱਖ ਸ਼੍ਰੇਣੀਆਂ ਬਾਰੇ ਹੋਈਆਂ ਵਿਚਾਰਾਂ

ਝੋਨੇ ਵਿੱਚ ਮਾੜ੍ਹੇ ਪਾਣੀਆਂ ਦੀ ਸੁਯੋਗ ਵਰਤੋਂ ਬਾਰੇ ਸੰਗਰੂਰ ਦੇ ਪਿੰਡ ਭੂੰਦੜ ਭੈਣੀ ਨੇੜੇ ਮੂਣਕ ਵਿਖੇ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਸਿੰਚਾਈ ਵਾਲੇ ਮਾੜ੍ਹੇ ਪਾਣੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਬਾਰੇ ਜਾਣੂੰ ਕਰਵਾਇਆ।

Gurpreet Kaur Virk
Gurpreet Kaur Virk
ਮਾੜ੍ਹੇ ਪਾਣੀਆਂ ਦੀ ਸੁਯੋਗ ਵਰਤੋਂ ਬਾਰੇ ਕਿਸਾਨ ਸਿਖਲਾਈ ਕੈਂਪ

ਮਾੜ੍ਹੇ ਪਾਣੀਆਂ ਦੀ ਸੁਯੋਗ ਵਰਤੋਂ ਬਾਰੇ ਕਿਸਾਨ ਸਿਖਲਾਈ ਕੈਂਪ

Farmer Training Camp in Sangrur: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਰੂਰ ਜ਼ਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਭੂੰਦੜ ਭੈਣੀ ਨੇੜੇ ਮੂਣਕ ਵਿਖੇ ਮਾੜ੍ਹੇ ਪਾਣੀਆਂ ਦੀ ਸੁਯੋਗ ਵਰਤੋਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਵਿੱਚ 50 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।

ਕੈਂਪ ਦੀ ਅਗਵਾਈ ਕਰਦੇ ਹੋਏ ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਸਿੰਚਾਈ ਵਾਲੇ ਮਾੜ੍ਹੇ ਪਾਣੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਬਾਰੇ ਜਾਣੂੰ ਕਰਵਾਇਆ।

ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਸਿੰਚਾਈ ਵਾਲੇ ਪਾਣੀਆਂ ਨੂੰ ਲਗਾਉਣ ਤੋਂ ਪਹਿਲਾਂ ਟੈਸਟ ਜ਼ਰੂਰ ਕਰਵਾ ਲੈਣਾ ਚਾਹੀਦਾ ਹੈ। ਕਿਉਂਕਿ ਲੂਣੇ ਜਾਂ ਖਾਰੇ ਪਾਣੀਆਂ ਦੀ ਲਗਾਤਾਰ ਵਰਤੋਂ ਨਾਲ ਜ਼ਮੀਨਾਂ ਮਾੜੀਆਂ ਹੋ ਸਕਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਪਾਣੀ ਦੀ ਚਾਲਕਤਾ 2000 ਮਾਈਕਰੋ ਮਹੋਸ ਪ੍ਰਤੀ ਸੈਂਟੀਮੀਟਰ ਤੋਂ ਘੱਟ ਹੈ ਤਾਂ ਪਾਣੀ ਲੂਣੇ ਨਹੀਂ ਹੁੰਦੇ ਅਤੇ ਦੂਜੇ ਪਾਸੇ ਜੇਕਰ ਬਾਕੀ ਸੋਡੀਅਮ ਕਾਰਬੋਨੇਟ ਦੀ ਮਾਤਰਾ 2.5 ਮਿਲੀਇਕਿਉਲੈਂਟ ਪ੍ਰਤੀ ਲਿਟਰ ਤੋ ਘੱਟ ਹੋਵੇ ਤਾਂ ਖਾਰੇ ਪਾਣੀ ਦੀ ਕੋਈ ਸਮੱਸਿਆਂ ਨਹੀਂ ਹੁੰਦੀ। ਪਰ ਜਿਵੇਂ ਜਿਵੇਂ ਚਾਲਕਤਾ ਵਧਦੀ ਹੈ, ਪਾਣੀ ਲੂਣੇ ਹੁੰਦੇ ਜਾਂਦੇ ਹਨ ਅਤੇ ਜੇਕਰ ਬਾਕੀ ਸੋਡੀਅਮ ਕਾਰਬੋਨੇਟ ਦੀ ਮਾਤਰਾ 2.5 ਤੋਂ ਵੱਧ ਜਾਵੇ ਤਾਂ ਪਾਣੀ ਖਾਰੇ ਹੋ ਜਾਂਦੇ ਹਨ। ਡਾ. ਅਸ਼ੋਕ ਕੁਮਾਰ ਨੇ ਕੈਂਪ ਦੌਰਾਨ ਹੀ ਕਈ ਕਿਸਾਨਾਂ ਦੇ ਪਾਣੀ ਅਤੇ ਮਿੱਟੀ ਦੀਆਂ ਰਿਪੋਰਟਾਂ ਦੀ ਵਿਆਖਿਆ ਕੀਤੀ ਅਤੇ ਪਾਣੀ ਦੀ ਸੁਯੋਗ ਵਰਤੋਂ ਸਬੰਧੀ ਵਿਸਥਾਰਪੂਰਵਕ ਦੱਸਿਆ।

ਉਹਨਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ਤੇ ਜ਼ਿੰਕ ਦੀ ਘਾਟ ਦੇ ਲੱਛਣ ਵੀ ਝੋਨੇ ਤੇ ਦਿਖਾਈ ਦੇ ਰਹੇ ਹਨ ਇਸ ਕਰਕੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਨਾਲ ਸਲਾਹ ਕਰਕੇ ਸਿਫਾਰਸ਼ ਕੀਤੀ ਜ਼ਿੰਕ ਦੀ ਮਾਤਰਾ ਪਾਉਣੀ ਚਾਹੀਦੀ ਹੈ। ਇਸ ਮੌਕੇ ਖੇਤੀ ਸਾਹਿਤ, ਧਾਤਾਂ ਦਾ ਚੂਰਾ, ਆਦਿ ਦੀ ਪ੍ਰਦਰਸ਼ਨੀ ਅਤੇ ਸੇਲ ਵੀ ਕੀਤੀ ਗਈ। ਕਿਸਾਨਾਂ ਨੂੰ ਅਮਰੂਦ ਕਾਣੇ ਹੋਣ ਤੋਂ ਬਚਾਉਣ ਲਈ ਫਰੂਟ ਫਲਾਈ ਟ੍ਰੈਪ ਬਾਰੇ ਦੱਸਿਆ ਗਿਆ।

ਉਹਨਾਂ ਨੇ ਨਦੀਨਾਂ ਦੀ ਰੋਕਥਾਮ ਲਈ ਵੱਖ-ਵੱਖ ਤਰ੍ਹਾਂ ਦੇ ਨਦੀਨ ਨਾਸ਼ਕਾਂ ਨੂੰ ਰਲਾ ਕੇ ਵਰਤੋਂ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਅਤੇ ਜਿਨ੍ਹਾਂ ਕਿਸਾਨਾਂ ਨੇ ਅਜੇ ਪੀ ਆਰ 126 ਕਿਸਮ ਲਗਾਉਣੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਇਸ ਕਿਸਮ ਦੀ ਲੁਆਈ ਕਰ ਲੈਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਵਿੱਚ Progressive Farmer ਸ. ਹਰਜਿੰਦਰ ਸਿੰਘ ਧਾਲੀਵਾਲ ਨੇ ਨਿਭਾਈ ਮੁੱਖ ਭੂਮਿਕਾ: Dr. Gurmail Singh Sandhu

ਝੋਨੇ ਤੇ ਬਾਸਮਤੀ ਦੇ ਕੀੜੇ ਮਕੌੜੇ ਜਿਵੇਂ ਕਿ ਤਣੇ ਦੇ ਗੰਡੂਏ, ਪੱਤਾ ਲਪੇਟ ਸੁੰਡੀ ਆਦਿ ਦਾ ਨਿਰੀਖਣ ਕਰਕੇ ਇਕਨਾਮਿਕ ਥਰੈਸ਼ਹੋਲਡ ਲੈਵਲ ਤੋਂ ਵੱਧ ਮਾਤਰਾ ਵਿੱਚ ਹਮਲਾ ਹੋਣ ਦੀ ਸੂਰਤ ਵਿੱਚ ਹੀ ਛਿੜਕਾਅ ਕਰਨ ਨੂੰ ਕਿਹਾ। ਉਹਨਾਂ ਨੇ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਅਤੇ ਪ੍ਰਭਾਵਸ਼ਾਲੀ ਨਦੀਨਨਾਸ਼ਕਾਂ ਅਤੇ ਜਿਪਸਮ ਦੀ ਵਰਤੋਂ ਬਾਰੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਚੂਹਿਆਂ ਦੀ ਰੋਕਥਾਮ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਕੈਂਪ ਨੂੰ ਉਲੀਕਣ ਅਤੇ ਕਿਸਾਨਾਂ ਤੱਕ ਸੁਨੇਹੇ ਲਗਾਉਣ ਵਿੱਚ ਸ. ਜਸਵੰਤ ਸਿੰਘ, ਸ. ਤਰਸੇਮ ਸਿੰਘ, ਸ. ਜੋਗਾ ਸਿੰਘ ਅਤੇ ਹੋਰ ਨੇ ਬਹੁਤ ਯੋਗਦਾਨ ਪਾਇਆ।

ਅੰਤ ਵਿੱਚ ਸ. ਜਸਵੰਤ ਸਿੰਘ ਦੇ ਝੋਨੇ ਅਤੇ ਮੱਕੀ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਝੋਨੇ ਵਿੱਚ ਜ਼ਿੰਕ ਦੀ ਘਾਟ ਦੇ ਲੱਛਣ ਦਿਖਾਈ ਦੇ ਰਹੇ ਸਨ ਅਤੇ ਸਿਫਾਰਸ਼ ਕੀਤੀ ਜ਼ਿੰਕ ਦੀ ਮਾਤਰਾ ਪਾਉਣ ਦੀ ਸਲਾਹ ਦਿੱਤੀ। ਇਸ ਮੌਕੇ ਅਮਰੂਦ, ਕੇਲੇ, ਲੀਚੀ ਅਤੇ ਹੋਰ ਫਲਦਾਰ ਬੂਟੇ ਵੀ ਦੇਖੇ ਗਏ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Experts interpret soil and water reports of several farmers of village Bhunder Bhaini, Sangrur, discuss various categories

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters