
ਕਿਸਾਨ ਗੋਸ਼ਟੀ ਦਾ ਆਯੋਜਨ
KVK Sangrur: ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਿੰਡ ਬਡਲਾ ਵਿਖੇ ਅਗਾਂਹਵਧੂ ਕਿਸਾਨ ਸ. ਜਗਦੇਵ ਸਿੰਘ ਦੇ ਖੇਤ ਵਿੱਚ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਪ੍ਰਦਰਸ਼ਨੀ ਦੀ ਪੁਟਾਈ ਮੌਕੇ ਕਿਸਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 25 ਕਿਸਾਨ ਵੀਰਾਂ ਅਤੇ ਬੀਬੀਆਂ ਦੇ ਭਾਗ ਲਿਆ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਖੇਤੀ ਮਾਹਿਰਾਂ ਡਾ ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਅਤੇ ਡਾ ਰੁਕਿੰਦਰਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ਫ਼ਸਲ (ਵਿਗਿਆਨ) ਨੇ ਕਿਸਾਨ ਵੀਰਾਂ ਨੂੰ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਸਫਲ ਕਾਸ਼ਤ ਸਬੰਧੀ ਵਿਗਿਆਨਕ ਸਿਫਾਰਿਸ਼ਾਂ ਬਾਰੇ ਜਾਣਕਾਰੀ ਦਿੱਤੀ।
ਮਾਹਿਰਾਂ ਅਤੇ ਕਿਸਾਨਾਂ ਵੱਲੋਂ ਮੌਕੇ ਤੇ ਫ਼ਸਲ ਦੇ ਝਾੜ ਦਾ ਅਨੁਮਾਨ ਲਗਾਇਆ ਗਿਆ ਜੋ ਕਿ 10 ਤੋਂ 12 ਕੁਇੰਟਲ ਪ੍ਰਤੀ ਏਕੜ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਕਿਸਾਨ ਸ. ਜਗਦੇਵ ਸਿੰਘ ਨੇ ਦੱਸਿਆ ਕਿ ਪੀਏਯੂ ਦੀਆਂ ਸਿਫਾਰਸ਼ਾਂ ਅਨੁਸਾਰ ਸਮੇਂ ਸਿਰ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਬਿਜਾਈ ਅਤੇ ਇਸ ਦੀ ਪੁਟਾਈ ਤੱਕ ਯੋਗ ਪ੍ਰਬੰਧਨ ਕਰਕੇ ਮੂੰਗਫ਼ਲੀ ਦੀ ਫ਼ਸਲ ਤੋਂ ਵਧੀਆ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਬਹਾਰ ਰੁੱਤ ਦੀ ਮੱਕੀ ਦੇ ਮੁਕਾਬਲੇ ਬਹਾਰ ਰੁੱਤ ਦੀ ਮੂੰਗਫ਼ਲੀ ਦੀ ਕਾਸ਼ਤ ਬਹੁਤ ਘੱਟ ਪਾਣੀ ਦੀ ਵਰਤੋਂ ਕਰਕੇ ਉਸ ਦੇ ਬਰਾਬਰ ਹੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Goat Farming ਸਵੈ-ਰੁਜ਼ਗਾਰ ਲਈ ਸੰਭਾਵਨਾਵਾਂ ਭਰਪੂਰ ਕਿੱਤਾ: Vice Chancellor Dr. J.P.S. Gill
ਮੌਕੇ ਤੇ ਮੌਜ਼ੂਦ ਬਾਕੀ ਕਿਸਾਨ ਵੀ ਇਸ ਤੋਂ ਕਾਫ਼ੀ ਉਤਸ਼ਹਿਤ ਦਿਖਾਈ ਦਿੱਤੇ ਅਤੇ ਅਗਲੇ ਸਾਲ ਆਲੂਆਂ ਦੀ ਫ਼ਸਲ ਤੋਂ ਬਾਅਦ ਬਹਾਰ ਰੁੱਤ ਦੀ ਮੱਕੀ ਦੀ ਬਜਾਏ ਮੂੰਗਫ਼ਲੀ ਦੀ ਕਾਸ਼ਤ ਕਰਨ ਦੀ ਇੱਛਾ ਪ੍ਰਗਟ ਕੀਤੀ। ਮਾਹਿਰਾਂ ਦੀ ਟੀਮ ਵੱਲੋਂ ਕਿਸਾਨਾਂ ਨੂੰ ਝੋਨੇ ਦੇ ਮਧਰੇ ਰੋਗ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਰੋਗ ਦੇ ਹਮਲੇ ਦੀ ਸੂਰਤ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਇਸ ਦੀ ਰੋਕਥਾਮ ਸੰਬੰਧੀ ਦੱਸਿਆ ਗਿਆ।
ਸਰੋਤ: ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ (Krishi Vigyan Kendra, Sangrur)
Summary in English: Farmers' gathering organized on the occasion of the spring groundnut exhibition in the field of Progressive Farmer Jagdev Singh