1. Home
  2. ਖਬਰਾਂ

Farming Techniques: ਹੁਸ਼ਿਆਰਪੁਰ ਦੇ ਪਿੰਡ ਨਡਾਲੋਂ ਵਿਖੇ ਕਿਸਾਨਾਂ ਦੀ ਸਹੂਲਤ ਲਈ ਵੱਖ-ਵੱਖ ਤਕਨੀਕੀ ਲੈਕਚਰ

ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਪਿੰਡ ਨਡਾਲੋਂ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ ਬਾਬਤ ਚਾਨਣਾ ਵੀ ਪਾਇਆ ਅਤੇ ਪਰਾਲੀ ਨੂੰ ਸੰਭਾਲਣ ਦੇ ਫਾਇਦੇ ਵੀ ਦੱਸੇ।

Gurpreet Kaur Virk
Gurpreet Kaur Virk
ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਜਾਗਰੁਕਤਾ ਕੈਂਪ

ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਬਲਾਕ ਪੱਧਰੀ ਜਾਗਰੁਕਤਾ ਕੈਂਪ

KVK Hoshiarpur: ਪਿਛਲੇ ਸਾਲਾਂ ਦੀ ਤਰ੍ਹਾਂ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਕਿਸਾਨਾਂ ਲਈ ਪਰਾਲੀ ਪ੍ਰਬੰਧਨ ਸਬੰਧੀ ਜਿਲੇ ਦੇ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਜਾਗਰੁਕਤਾ ਕੈਂਪਾਂ ਦੇ ਆਯੋਜਨ ਕੀਤੇ ਜਾ ਰਹੇ ਹਨ। ਇਸੇ ਲੜ੍ਹੀ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਾਹਿਲਪੁਰ ਬਲਾਕ ਦੇ ਪਿੰਡ ਨਡਾਲੋਂ ਵਿਖੇ ਬਲਾਕ ਪੱਧਰੀ ਜਾਗਰੁਕਤਾ ਕੈਂਪ ਦਾ ਆਯੋਜਨ ਮਿਤੀ 5-11-2024 ਨੂੰ ਕੀਤਾ ਗਿਆ।

ਕੈਂਪ ਦੀ ਸ਼ੁਰੂਆਤ ਵਿੱਚ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਹੁੰਚੇ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ।

ਡਾ. ਬੌਂਸ ਨੇ ਪਰਾਲੀ ਪ੍ਰਬੰਧਨ ਦੀਆਂ ਵੱਖ-ਵੱਖ ਤਕਨੀਕਾਂ ਬਾਬਤ ਚਾਨਣਾ ਵੀ ਪਾਇਆ ਅਤੇ ਪਰਾਲੀ ਨੂੰ ਸੰਭਾਲਣ ਦੇ ਫਾਇਦੇ ਵੀ ਦੱਸੇ। ਉਹਨਾਂ ਇਸ ਗੱਲ ਤੋ ਜੋਰ ਦਿੱਤਾ ਕਿ ਕਿਸਾਨ ਆਪਣੇ ਇਲਾਕੇ ਅਤੇ ਜਮੀਨ ਅਨੁਸਾਰ ਵੱਖ-ਵੱਖ ਤਕਨੀਕਾਂ ਅਪਣਾਕੇ ਪਰਾਲੀ ਨੂੰ ਸੰਭਾਲਣ ਅਤੇ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ ਪਾਉਣ। ਡਾ. ਬੌਂਸ ਨੇ ਇਹ ਵੀ ਦੱਸਿਆ ਕਿ ਬਲਾਕ ਵਿੱਚ ਪਰਾਲੀ ਪ੍ਰਬੰਧਨ ਲਈ ਵੱਖ-ਵੱਖ ਮਸ਼ੀਨਰੀ ਬੈਂਕ ਬਣਾਏ ਗਏ ਹਨ ਅਤੇ ਇਹਨਾਂ ਦੀ ਸਰਵੋਤਮ ਕਾਰਜਕੁਸ਼ਲਤਾ ਲਈ ਇਹ ਜਰੂਰੀ ਹੈ ਕਿ ਇਹਨਾਂ ਮਸ਼ੀਨਾਂ ਦੀ ਵਰਤੋਂ ਸਾਂਝੇ ਤੌਰ 'ਤੇ ਅਤੇ ਵੱਧ ਤੋਂ ਵੱਧ ਕੀਤੀ ਜਾਵੇ। ਇਹਨਾਂ ਮਸ਼ੀਨਾਂ ਦੀ ਉਪਲਬਧਤਾ ਬਾਰੇ ਸਬੰਧਿਤ ਬਲਾਕ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਦਫਤਰ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਡਾ. ਬੌਂਸ ਵੱਲੋਂ ਕਣਕ ਦੀ ਕਾਸ਼ਤ ਬਾਬਤ ਜਰੂਰੀ ਨੁਕਤੇ ਵੀ ਸਾਂਝੇ ਕੀਤੇ ਗਏ।

ਕ੍ਰਿਸੀ ਵਿਗਿਆਨ ਕੇਂਦਰ ਦੇ ਮਾਹਿਰਾਂ ਵੱਲੋਂ ਕਿਸਾਨਾਂ ਦੀ ਸਹੂਲਤ ਲਈ ਵੱਖ-ਵੱਖ ਤਕਨੀਕੀ ਲੈਕਚਰ:

ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ ਅਤੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ – ਸੁਪਰ ਐਸ.ਐਮ.ਐਸ., ਸਰਫੇਸ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ, ਹੈਪੀ ਸੀਡਰ, ਉਲਟਾਵਾਂ ਹੱਲ, ਮਲਚਰ, ਜੀਰੋ ਡਰਿੱਲ, ਆਦਿ ਦੀ ਉੱਤਮ ਕਾਰਜਕੁਸ਼ਲਤਾ ਸਬੰਧੀ ਪਹਿਲੂਆਂ ਬਾਰੇ ਵੀ ਜਾਣੂੰ ਕਰਵਾਇਆ।

ਡਾ. ਅਜੈਬ ਸਿੰਘ ਨੇ ਨਵੀਂ ਤਕਨੀਕ, ਸਰਫੇਸ ਸੀਡਰ ਮਸ਼ੀਨ ਬਾਰੇ ਦੱਸਿਆ ਕਿ ਇਸ ਮਸ਼ੀਨ ਵਿੱਚ ਕਟਰ-ਕਮ-ਸਪਰੈਡਰ (ਸੁਧਾਰਿਆ ਹੋਇਆ ਕਟਰ) ਉੱਪਰ ਆਮ ਬਿਜਾਈ ਡਰਿੱਲ ਦਾ ਉਪਰਲਾ ਹਿੱਸਾ ਪਾਈਪਾਂ ਸਮੇਤ (ਬਿਨਾਂ ਫਾਲਿਆਂ ਤੋਂ) ਲਗਾਇਆ ਗਿਆ ਹੈ।ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ-ਨਾਲ ਝੋਨੇ ਦੇ ਖੜ੍ਹੇ ਕਰਚੇ (4 ਤੋਂ 5 ਇੰਚ ਉੱਚਾ) ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ। ਉਹਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚਲ ਸਕਦੀ ਹੈ ਅਤੇ ਇਕ ਘੰਟੇ ਵਿੱਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।ਇਹ ਮਸ਼ੀਨ 700 ਤੋਂ 800 ਰੁਪਏ ਵਿੱਚ ਇੱਕ ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।

ਇਹ ਵੀ ਪੜ੍ਹੋ: Punjab Farmers: ਖੇਤ ਵਿੱਚ ਪਰਾਲੀ ਸੰਭਾਲਣ ਵਾਲੇ ਅਗਾਂਹਵਧੂ ਕਿਸਾਨਾਂ ਦਾ ਸਨਮਾਨ

ਡਾ. ਪਰਮਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਪਰਾਲੀ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹੱਤਤਾ, ਝੋਨੇ ਦੀ ਪਰਾਲੀ ਦੀ ਬਾਇੳੇੁ ਗੈਸ ਪਲਾਂਟ, ਊੂਰਜਾ, ਖਾਦ, ਖੁੰਬ ਉਤਪਾਦਨ, ਗੱਤਾ ਉਦਯੋਗ ਅਤੇ ਪਸ਼ੂ ਖੁਰਾਕ ਵਜੋਂ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਪਸ਼ੂਆਂ ਦੀ ਮੌਸਮੀ ਸਾਂਭ-ਸੰਭਾਲ ਬਾਰੇ ਵੀ ਜਰੂਰੀ ਨੁਕਤੇ ਦੱਸੇ।

ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਖੁੰਬਾਂ, ਫਲਾਂ ਤੇ ਸਬਜੀਆਂ ਦੀ ਖੁਰਾਕੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਘਰੇਲੂ ਪੌਸ਼ਟਿਕ ਬਗੀਚੀ ਲਗਾਉਣ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਤੇ ਕਿਸਾਨ ਬੀਬੀਆਂ ਮੌੋਜੂਦ ਸਨ ਅਤੇ ਉਹਨਾਂ ਨੇ ਮਾਹਿਰਾਂ ਨਾਲ ਪਰਾਲੀ ਪ੍ਰਬੰਧਨ, ਸਹਾਇਕ ਧੰਦਿਆਂ ਅਤੇ ਫਸਲਾਂ ਦੀ ਕਾਸ਼ਤ ਸਬੰਧੀ ਆਪਣੇ ਖਦਸ਼ਿਆਂ ਬਾਬਤ ਵਿਚਾਰ–ਚਰਚਾ ਵੀ ਕੀਤੀ।

Summary in English: Farming Techniques: Various technical lectures for the convenience of farmers at village Nadalon of Hoshiarpur

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters