Field Demonstration: ਪੀ.ਏ.ਯੂ. ਦੇ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਬੀਤੇ ਦਿਨੀਂ ਇਕ ਖੇਤ ਪ੍ਰਦਰਸ਼ਨ ਦਾ ਆਯੋਜਨ ਕੀਤਾ। ਇਹ ਖੇਤ ਪ੍ਰਦਰਸ਼ਨ ਮੈਸ. ਟਾਪਕਾਨ ਸੋਕੀਆ ਇੰਡੀਆ ਪ੍ਰਾਈਵੇਟ ਲਿਮਿਟਡ ਅਤੇ ਮੈਸ. ਜਗਤਸੁਖ ਇੰਡਸਟਰੀਜ਼ ਦੇ ਸਹਿਯੋਗ ਨਾਲ ਸੂਖਮ ਸਪਰੇਅਰ ਦੇ ਪ੍ਰਦਰਸ਼ਨ ਲਈ ਕੀਤਾ ਗਿਆ।
ਵਿਭਾਗ ਦੇ ਖੋਜ ਫਾਰਮ ਵਿਖੇ ਹੋਏ ਇਸ ਪ੍ਰਦਰਸ਼ਨ ਵਿਚ ਵਿਭਾਗ ਦੇ ਅਧਿਆਪਕਾਂ ਯੂ ਜੀ ਅਤੇ ਪੀ ਜੀ ਵਿਦਿਆਰਥੀਆਂ, ਮਸ਼ੀਨ ਚਾਲਕਾਂ, ਖੇਤ ਕਾਮਿਆਂ ਅਤੇ ਕਿਸਾਨਾਂ ਸਮੇਤ 60 ਦੇ ਕਰੀਬ ਲੋਕ ਹਾਜ਼ਰ ਰਹੇ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਇਸ ਆਯੋਜਨ ਵਿਚ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ਉਹਨਾਂ ਸਪਰੇਅਰ ਦੇ ਕੰਮ ਨੂੰ ਗਹੁ ਨਾ ਜਾਚਿਆ। ਇਕ ਵਿਸ਼ੇਸ਼ ਟਿੱਪਣੀ ਵਿਚ ਉਹਨਾਂ ਅਤਿ ਆਧੁਨਿਕ ਮਸ਼ੀਨਰੀ ਦੀ ਵਰਤੋਂ, ਖੇਤੀ ਸਮੱਗਰੀ ਦੇ ਤੌਰ ਤੇ ਕਰਨ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਲੋੜੀਂਦੀਆਂ ਸਾਵਧਾਨੀਆਂ ਨੂੰ ਯਕੀਨੀ ਬਨਾਉਣ 'ਤੇ ਜ਼ੋਰ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਸਹਿਕਾਰੀ ਪੱਧਰ ਤੇ ਮਸ਼ੀਨਰੀ ਦੀ ਵਰਤੋਂ ਰਾਹੀਂ ਕਿਸਾਨਾਂ ਨੂੰ ਸੁਵਿਧਾ ਅਤੇ ਸੁਖੈਨਤਾ ਪ੍ਰਦਾਨ ਕੀਤੀ ਜਾ ਸਕਦੀ ਹੈ।
ਇਸ ਆਯੋਜਨ ਦੇ ਕਨਵੀਨਰ ਅਤੇ ਖੇਤੀ ਮਸ਼ੀਨਰੀ ਮਾਹਿਰ ਡਾ. ਅਸੀਮ ਵਰਮਾ ਨੇ ਦੱਸਿਆ ਕਿ ਇਸ ਸਪਰੇਅਰ ਦਾ ਨਿਰਮਾਣ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਖੇਤੀ ਰਸਾਇਣਾ ਦੇ ਉੱਚ ਪੱਧਰੀ ਛਿੜਕਾਅ ਲਈ ਕੀਤਾ ਗਿਆ ਹੈ। ਇਸ ਵਿਚ ਜੀ ਪੀ ਐੱਸ ਤਕਨਾਲੋਜੀ ਅਤੇ ਕੰਪਿਊਟਰ ਦੀ ਸੂਖਮਤਾ ਦੀ ਵਰਤੋਂ ਕੀਤੀ ਗਈ ਹੈ ਜਿਸ ਨਾਲ ਇਹ ਪੂਰਵ ਨਿਰਧਾਰਤ ਯੋਜਨਾ ਅਧੀਨ ਬਿਨਾਂ ਦੁਹਰਾਅ ਦੇ ਖੇਤ ਵਿਚ ਰਸਾਇਣਾ ਦਾ ਛਿੜਕਾਅ ਕਰ ਸਕਦਾ ਹੈ। ਇਸਦੇ ਨਤੀਜੇ ਵਜੋਂ ਖੇਤ ਸਮੱਗਰੀ ਦੀ ਸਹੀ ਵਰਤੋਂ ਵੀ ਹੁੰਦੀ ਹੈ ਅਤੇ ਇਸਦਾ ਵਾਤਾਵਰਨ ਉੱਪਰ ਪ੍ਰਭਾਵ ਵੀ ਘੱਟਦਾ ਹੈ।
ਇਹ ਵੀ ਪੜ੍ਹੋ: ਪੀ.ਏ.ਯੂ. ਨੇ Kisan Mela 2025 ਦੀਆਂ ਤਰੀਕਾਂ ਦਾ ਕੀਤਾ ਐਲਾਨ, ਇਥੇ ਦੇਖੋ ਪ੍ਰੋਗਰਾਮਾਂ ਦੀ ਸੂਚੀ
ਡਾ. ਬਲਦੇਵ ਡੋਗਰਾ ਨੇ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨਾਲ ਜਾਣ-ਪਛਾਣ ਕਰਵਾਈ। ਮੈਸ. ਟਾਪਕਾਨ ਸੋਕੀਆ ਇੰਡੀਆ ਪ੍ਰਾਈਵੇਟ ਲਿਮਿਟਡ ਵੱਲੋਂ ਸ਼੍ਰੀ ਹਿਮਾਸ਼ੂੰ ਸੈਣੀ ਅਤੇ ਸ਼੍ਰੀ ਮਨੋਜ ਕੁਮਾਰ ਨੇ ਵਿਕਸਿਤ ਕੀਤੇ ਵੱਖ-ਵੱਖ ਸੂਖਮ ਖੇਤੀ ਔਜ਼ਾਰਾਂ ਸੰਬੰਧੀ ਜਾਣਕਾਰੀ ਦਿੱਤੀ।
ਮੈਸ. ਜਗਤਸੁਖ ਇੰਡਸਟਰੀਜ਼ ਲੁਧਿਆਣਾ ਦੇ ਸ਼੍ਰੀ ਜਗਤਜੀਤ ਸਿੰਘ ਪਾਸੀ ਨੇ ਵੀ ਉਹਨਾਂ ਦੀ ਕੰਪਨੀ ਵੱਲੋਂ ਸੂਖਮ ਔਜ਼ਾਰ ਨਿਰਮਾਣ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜ ਦਾ ਵੇਰਵਾ ਦਿੱਤਾ। ਇਸ ਸਪਰੇਅਰ ਨੂੰ ਸੁਚੱਜੇ ਤਰੀਕੇ ਨਾਲ ਸ਼੍ਰੀ ਇਕਬਾਲ ਸਿੰਘ ਗਰੇਵਾਲ ਨੇ ਚਲਾਇਆ। ਇਸ ਮੌਕੇ ਵਿਭਾਗ ਦੇ ਮਾਹਿਰਾਂ ਡਾ. ਰੋਹਨੀਸ਼ ਖੁਰਾਣਾ, ਡਾ. ਵਿਸ਼ਾਲ ਬੈਕਟਰ, ਡਾ. ਰਾਜੇਸ਼ ਗੋਇਲ, ਡਾ. ਮਨਪ੍ਰੀਤ ਸਿੰਘ, ਡਾ. ਐੱਸ ਕੇ ਲੋਹਾਨ, ਡਾ. ਅਪੂਰਵ ਪ੍ਰਕਾਸ਼ ਅਤੇ ਇੰਜ. ਅਰਸ਼ਦੀਪ ਸਿੰਘ ਦੀ ਹਾਜ਼ਰੀ ਜ਼ਿਕਰਯੋਗ ਸੀ।
Summary in English: Field demonstration of precision sprayer, around 60 people including teachers, students, machine operators, farm workers and farmers attended