
ਨੀਲੀ ਕ੍ਰਾਂਤੀ ਵਿੱਚ ਮੱਛੀ ਪਾਲਕਾਂ ਦੀ ਭੂਮਿਕਾ ਦੀ ਸ਼ਲਾਘਾ ਲਈ ਵਿਸ਼ੇਸ਼ ਪ੍ਰੋਗਰਾਮ
Fish Farmers Role in Blue Revolution: ਭਾਰਤ ਵਿੱਚ ਹਰ ਸਾਲ ਦੋ ਵਿਗਿਆਨੀਆਂ ਡਾ. ਹੀਰਾ ਲਾਲ ਚੌਧਰੀ ਅਤੇ ਡਾ. ਐਚ ਕੇ ਅਲੀਕੁੰਹੀਂ ਦੁਆਰਾ ਮੱਛੀਆਂ ਦੇ ਸਫਲ ਵਿਗਿਆਨਕ ਪ੍ਰਜਨਨ ਦੀ ਯਾਦ ਵਿੱਚ ਰਾਸ਼ਟਰੀ ਮੱਛੀ ਪਾਲਣ ਦਿਵਸ ਮਨਾਇਆ ਜਾਂਦਾ ਹੈ। ਇਸ ਵਿਕਾਸ ਨੇ ਜਲ-ਪਾਲਣ ਵਿੱਚ ਕ੍ਰਾਂਤੀ ਲਿਆਂਦੀ, ਜਿਸ ਨਾਲ ਭਾਰਤ ਵਿੱਚ ਨੀਲੀ ਕ੍ਰਾਂਤੀ ਸੰਭਵ ਹੋਈ।
ਡਾ. ਮੀਰਾ ਡੀ ਆਂਸਲ, ਡੀਨ, ਫਿਸ਼ਰੀਜ਼ ਕਾਲਜ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਅੱਜ ਮੱਛੀ ਪਾਲਣ ਇੱਕ ਤੇਜ਼ੀ ਨਾਲ ਵਧ ਰਿਹਾ ਖੇਤਰ ਹੈ, ਜਿਸਦੀ ਕਲਪਨਾ ਮੱਛੀ ਪਾਲਕਾਂ ਦੇ ਯੋਗਦਾਨ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਕਿਹਾ ਕਿ ਮੱਛੀ ਪਾਲਣ ਨੂੰ ਇੱਕ ਉੱਭਰਦਾ ਹੋਇਆ ਕਿੱਤਾ ਬਣਾਉਣ ਅਤੇ ਕਿਸਾਨਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ, 2001 ਵਿੱਚ 10 ਜੁਲਾਈ ਨੂੰ ਰਾਸ਼ਟਰੀ ਮੱਛੀ ਪਾਲਕ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਸੀ। ਡਾ. ਮੀਰਾ ਨੇ ਕਿਹਾ ਕਿ ਯੂਨੀਵਰਸਿਟੀ 7 ਤੋਂ 11 ਜੁਲਾਈ ਤੱਕ ਗਤੀਵਿਧੀਆਂ ਦਾ ਆਯੋਜਨ ਕਰ ਰਹੀ ਹੈ, ਜਿਨ੍ਹਾਂ ਰਾਹੀਂ ਮੱਛੀ ਪਾਲਕਾਂ ਦੀ ਭੂਮਿਕਾ ਨੂੰ ਯਾਦ ਕੀਤਾ ਜਾ ਰਿਹਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਮੱਛੀ ਪਾਲਕਾਂ ਦੇ ਫਾਰਮਾਂ ਦਾ ਦੌਰਾ, ਕਿਸਾਨਾਂ ਦਾ ਸਨਮਾਨ, ਚਰਚਾ ਸੈਸ਼ਨ ਅਤੇ ਸਥਾਨਕ ਲੋਕਾਂ ਵਿੱਚ ਮੱਛੀ ਉਤਪਾਦਾਂ ਦੀ ਖਪਤ ਨੂੰ ਉਤਸ਼ਾਹਿਤ ਕਰਨ ਲਈ ਮੁਹਿੰਮਾਂ ਸ਼ਾਮਲ ਹਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਆਲਮੀ ਪੱਧਰ ’ਤੇ ਭੋਜਨ ਸੁਰੱਖਿਆ ਵਿੱਚ ਯੋਗਦਾਨ ਪਾਉਣ ਲਈ ਮੱਛੀ ਪਾਲਕਾਂ ਦੇ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਵਿਸ਼ਵ ਪੱਧਰ ’ਤੇ 3.2 ਬਿਲੀਅਨ ਲੋਕਾਂ ਨੂੰ ਪ੍ਰਤੀ ਵਿਅਕਤੀ ਜੋ ਜੀਵ ਪ੍ਰੋਟੀਨ ਦੀ ਪੂਰਤੀ ਹੁੰਦੀ ਹੈ ਉਸ ਦਾ 20 ਪ੍ਰਤੀਸ਼ਤ ਜਲਜੀਵ ਭੋਜਨ ਤੋਂ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੱਛੀ ਪਾਲਕਾਂ ਦਾ ਇਨ੍ਹਾਂ ਗਤੀਵਿਧੀਆਂ ਰਾਹੀਂ ਸਨਮਾਨ ਕਰਦਿਆਂ ਅਸੀਂ ਉਨ੍ਹਾਂ ਦੇ ਯਤਨਾਂ ਨੂੰ ਹੋਰ ਅੱਗੇ ਲਿਜਾਵਾਂਗੇ।
ਇਹ ਵੀ ਪੜ੍ਹੋ: Mental Health: ਵਿਦਿਆਰਥੀਆਂ ਦੀ ਮਾਨਸਿਕ ਸਿਹਤ ਦੀ ਬਿਹਤਰੀ ਲਈ 'ਧਿਆਨ ਲਗਾਉਣਾ' ਅਤੇ 'ਤਨਾਓ ਪ੍ਰਬੰਧਨ' ਸੈਸ਼ਨਾਂ ਦੀ ਲੜੀ ਦਾ ਆਯੋਜਨ
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਪੰਜਾਬ ਵਿੱਚ ਤਾਜ਼ੇ ਪਾਣੀ ਅਤੇ ਖਾਰੇ ਪਾਣੀ ਵਾਲੇ ਖੇਤਰਾਂ ਵਿੱਚ ਜਲਜੀਵ ਪਾਲਣ ਲਈ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਘਾਟ ਵਾਲੇ ਖੇਤਰਾਂ ਅਤੇ ਗ਼ੈਰ-ਉਪਜਾਊ ਜ਼ਮੀਨਾਂ ਲਈ ਵੱਖੋ-ਵੱਖਰੀਆਂ ਜਲਜੀਵ ਪਾਲਣ ਤਕਨਾਲੋਜੀਆਂ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ ਹੋਈਆਂ ਹਨ ਜਿਨ੍ਹਾਂ ਦਾ ਕਿਸਾਨ ਭਰਪੂਰ ਲਾਭ ਲੈ ਰਹੇ ਹਨ।
ਸਰੋਤ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University)
Summary in English: Fish Farmers Role in Blue Revolution, Vet Varsity organized Special program from July 7 to 11 to commemorate the role of fish farmers