ਡੇਅਰੀ ਕਿਸਾਨਾਂ ਦੇ ਮੁੜ ਵਸੇਬੇ ਲਈ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਵਿਸ਼ੇਸ਼ ਪੈਕੇਜ ਭੇਟ
Flood-Affected Dairy Farmers: ਦਇਆ ਅਤੇ ਭਾਈਚਾਰਕ ਸੇਵਾ ਦੇ ਚਿੰਨ੍ਹ ਵਜੋਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਦੋਰਾਹਾ ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਡੇਅਰੀ ਕਿਸਾਨਾਂ ਦੀ ਸਹਾਇਤਾ ਅਤੇ ਮੁੜ ਵਸੇਬੇ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਨੂੰ 1,11,111/- ਰੁਪਏ ਦਾ ਯੋਗਦਾਨ ਦਿੱਤਾ ਗਿਆ।
ਇਹ ਯੋਗਦਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਾਕੇ ਦੇ ਮੌਕੇ 'ਤੇ ਚੱਲ ਰਹੇ ਯਾਦਗਾਰੀ ਸਮਾਗਮਾਂ ਦੇ ਹਿੱਸੇ ਵਜੋਂ ਪਾਇਆ ਗਿਆ ਅਤੇ ਇਸ ਸਬੰਧੀ ਸਕੂਲ ਆਫ਼ ਐਮੀਨੈਂਸ ਸਰਕਾਰੀ ਸਕੂਲ ਦੋਰਾਹਾ ਵਿਖੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਇਹ ਰਕਮ ਭੇਟ ਕੀਤੀ ਗਈ।
ਇਸ ਸਮਾਗਮ ਵਿੱਚ ਅਧਿਆਪਕ ਜਥੇਬੰਦੀ ਦੀ ਨੁਮਾਇੰਦਗੀ ਕਰਦੇ ਹੋਏ ਡਾ. ਰਵਿੰਦਰ ਸਿੰਘ ਗਰੇਵਾਲ, ਡਾ. ਪਰਮਿੰਦਰ ਸਿੰਘ, ਡਾ. ਕੁਲਵਿੰਦਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਮੌਜੂਦ ਸਨ, ਜਿਨ੍ਹਾਂ ਨੇ ਗੁਰਦੁਆਰਾ ਕਮੇਟੀ ਦੇ ਸਾਰਥਕ ਉਪਰਾਲੇ ਲਈ ਡੂੰਘੀ ਪ੍ਰਸੰਸਾ ਪ੍ਰਗਟ ਕੀਤੀ।
ਗੁਰਦੁਆਰਾ ਕਮੇਟੀ ਨੇ ਕਿਹਾ ਕਿ ਇਹ ਦਾਨ ਸਿਰਫ਼ ਵਿੱਤੀ ਸਹਾਇਤਾ ਨਹੀਂ ਸੀ, ਸਗੋਂ ਉਨ੍ਹਾਂ ਪਰਿਵਾਰਾਂ ਪ੍ਰਤੀ ਸੇਵਾ, ਏਕਤਾ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਪ੍ਰਗਟਾਵਾ ਹੈ ਜਿਨ੍ਹਾਂ ਦੇ ਘਰ, ਪਸ਼ੂ ਅਤੇ ਰੋਜ਼ੀ-ਰੋਟੀ ਹੜ੍ਹਾਂ ਕਾਰਨ ਤਬਾਹ ਹੋ ਗਏ ਹਨ। ਸਮਾਗਮ ਵਿੱਚ ਮੌਜੂਦ ਸੰਗਤ ਨੇ ਗੁਰਦੁਆਰੇ ਦੇ ਮਾਨਵਤਾਵਾਦੀ ਯਤਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਅਰਦਾਸ ਕਰਦਿਆਂ, ਉਮੀਦ ਕੀਤੀ ਕਿ ਇਹ ਸਹਾਇਤਾ ਉਨ੍ਹਾਂ ਲੋਕਾਂ ਨੂੰ ਸਥਿਰਤਾ, ਤਾਕਤ ਅਤੇ ਮੁੜ ਪੈਰਾਂ ਸਿਰ ਹੋਣ ਵਿੱਚ ਮਦਦ ਕਰੇਗੀ ਜੋ ਆਪਣੇ ਡੇਅਰੀ-ਅਧਾਰਤ ਰੁਜ਼ਗਾਰ ਨੂੰ ਦੁਬਾਰਾ ਸਥਾਪਿਤ ਕਰ ਰਹੇ ਹਨ।
ਇਸ ਪ੍ਰੋਗਰਾਮ ਦੇ ਹਿੱਸੇ ਵਜੋਂ, ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ, ਦਾਖਲਾ ਪ੍ਰਕਿਰਿਆਵਾਂ ਅਤੇ ਵੈਟਨਰੀ ਯੂਨੀਵਰਸਿਟੀ ਦੇ ਵਿਦਿਅਕ ਢਾਂਚੇ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਦੀ ਪੇਂਡੂ ਭਾਈਚਾਰਿਆਂ ਦੀ ਸਹਾਇਤਾ ਅਤੇ ਪਸ਼ੂ-ਅਧਾਰਤ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।
ਡਾ. ਗਰੇਵਾਲ ਨੇ ਕਮੇਟੀ ਦੇ ਪ੍ਰਧਾਨ ਮਾਸਟਰ ਇੰਦਰ ਸਿੰਘ, ਜਨਰਲ ਸਕੱਤਰ ਸ. ਜਗਜੀਵਨਪਾਲ ਸਿੰਘ ਗਿੱਲ, ਅਤੇ ਕਮੇਟੀ ਮੈਂਬਰਾਂ ਸ. ਰਜਿੰਦਰ ਸਿੰਘ ਖਾਲਸਾ, ਸ. ਭੁਪਿੰਦਰ ਸਿੰਘ ਓਬਰਾਏ, ਸ. ਦਲਜੀਤ ਸਿੰਘ ਅਤੇ ਸ. ਗੁਰਦੀਪ ਸਿੰਘ ਦਾ ਉਨ੍ਹਾਂ ਦੇ ਸਮਰਪਣ ਅਤੇ ਸਹਿਯੋਗੀ ਭਾਵਨਾ ਲਈ ਦਿਲੋਂ ਧੰਨਵਾਦ ਵੀ ਕੀਤਾ।
ਸਿੱਖ ਪਰੰਪਰਾ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦੇ ਹੋਏ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੋਰਾਹਾ ਦੇ ਜਨਰਲ ਸਕੱਤਰ ਸ. ਜਗਜੀਵਨਪਾਲ ਸਿੰਘ ਗਿੱਲ ਨੇ ਕਿਹਾ:
ਇਹ ਕਾਰਜ ਦਾਨ ਨਹੀਂ ਹੈ - ਫਰਜ਼ ਹੈ। ਸਿੱਖ ਪਰੰਪਰਾ ਕਹਿੰਦੀ ਹੈ : ਜਿੱਥੇ ਤਕਲੀਫ਼ ਹੁੰਦੀ ਹੈ, ਅਸੀਂ ਹਮਦਰਦੀ ਨਾਲ ਪਹੁੰਚਦੇ ਹਾਂ; ਜਿੱਥੇ ਨੁਕਸਾਨ ਹੁੰਦਾ ਹੈ, ਅਸੀਂ ਏਕਤਾ ਨਾਲ ਖੜੇ ਹੁੰਦੇ ਹਾਂ।”
ਸਰੋਤ: ਗਡਵਾਸੂ (GADVASU)
Summary in English: Flood-Affected Areas: Gurdwara Sri Guru Singh Sabha contributes to the rehabilitation and assistance of flood-affected dairy farmers