Winter School on Technological Advancements in Processing: ਪੀ.ਏ.ਯੂ. ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਆਈ ਸੀ ਏ ਆਰ ਦੀ ਮਾਲੀ ਇਮਦਾਦ ਨਾਲ ਸਰਦ ਰੁੱਤ ਸਿਖਲਾਈ ਸਕੂਲ ਆਰੰਭ ਹੋਇਆ। ਇਸ ਸਿਖਲਾਈ ਦਾ ਉਦੇਸ਼ ਪ੍ਰੋਸੈਸਿੰਗ, ਪੈਕੇਜਿੰਗ ਅਤੇ ਮਿਆਰ ਪੜਚੋਲ ਦੀਆਂ ਨਵੀਨ ਤਕਨੀਕਾਂ ਰਾਹੀਂ ਸਿਹਤਮੰਦ ਭੋਜਨ ਅਤੇ ਮਨੁੱਖੀ ਅਰੋਗਤਾ ਬਾਰੇ ਸਿਖਲਾਈ ਪ੍ਰਦਾਨ ਕਰਨਾ ਹੈ। ਇਸ ਸਿਖਲਾਈ ਪ੍ਰੋਗਰਾਮ ਵਿਚ ਵਿਸ਼ੇ ਨਾਲ ਸੰਬੰਧਿਤ ਉੱਘੇ ਵਿਗਿਆਨੀ, ਅਕਾਦਮਿਕ ਮਾਹਿਰ ਅਤੇ ਖੋਜੀ ਪੂਰੇ ਦੇਸ਼ ਭਰ ਚੋਂ ਹਿੱਸਾ ਲੈਣ ਲਈ ਪਹੁੰਚੇ ਹਨ।
ਸਿਖਲਾਈ ਪ੍ਰੋਗਰਾਮ ਦੇ ਉਦਘਾਟਨੀ ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਡਾ. ਗੋਸਲ ਨੇ ਭੋਜਨ ਪ੍ਰੋਸੈਸਿੰਗ ਅਤੇ ਪੈਕੇਜਿੰਗ ਨੂੰ ਅੱਜ ਦੇ ਦੌਰ ਵਿਚ ਵਿਸ਼ਵ ਪੱਧਰ 'ਤੇ ਭੋਜਨ ਸੁਰੱਖਿਆ ਦਾ ਅਹਿਮ ਅੰਗ ਕਿਹਾ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਸ ਦਿਸ਼ਾ ਵਿਚ ਯੂਨੀਵਰਸਿਟੀ ਵੱਲੋਂ ਖੋਜ ਅਤੇ ਪਸਾਰ ਕਾਰਜ ਨਿਰੰਤਰ ਜਾਰੀ ਹਨ। ਉਹਨਾਂ ਨੇ ਮਨੁੱਖੀ ਸਿਹਤ ਅਤੇ ਨਿਰੋਗਤਾ ਨੂੰ ਧਿਆਨ ਵਿਚ ਰੱਖ ਕੇ ਸਿਹਤਮੰਦ ਅਤੇ ਸੁਰੱਖਿਅਤ ਭੋਜਨ ਲਈ ਇਹਨਾਂ ਤਕਨੀਕਾਂ ਦੇ ਢੁੱਕਵੇਂ ਇਸਤੇਮਾਲ ਦੀ ਵਕਾਲਤ ਕੀਤੀ। ਡਾ. ਗੋਸਲ ਨੇ ਕਿਹਾ ਕਿ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵੱਲੋਂ ਇਸ ਅਹਿਮ ਮੁੱਦੇ ਬਾਰੇ ਸਿਖਲਾਈ ਪ੍ਰੋਗਰਾਮ ਕਰਵਾ ਕੇ ਦੇਸ਼ ਭਰ ਦੇ ਵਿਗਿਆਨੀਆਂ ਨੂੰ ਜਾਗਰੂਕ ਕਰਨ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਉਹਨਾਂ ਨੇ ਭੋਜਨ ਵਿਗਿਆਨ ਦੇ ਖੇਤਰ ਵਿਚ ਆਧੁਨਿਕ ਤਕਨਾਲੋਜੀਆਂ ਲਾਗੂ ਕਰਨ ਲਈ ਲੋੜੀਂਦੀ ਮੁਹਾਰਤ ਪੈਦਾ ਕਰਨ ਵਾਸਤੇ ਅਜੋਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਆਰੰਭਕ ਟਿੱਪਣੀ ਕਰਦਿਆਂ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਪਤਵੰਤਿਆਂ ਅਤੇ ਸਿਖਿਆਰਥੀਆਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਖੇਤੀ ਜਿਣਸਾਂ ਦੀ ਪੈਦਾਵਾਰ ਨੂੰ ਵਿਅਰਥ ਜਾਣ ਤੋਂ ਬਚਾਉਣ ਵਾਸਤੇ ਪ੍ਰੋਸੈਸਿੰਗ ਬੇਹੱਦ ਲਾਜ਼ਮੀ ਹੈ। ਪ੍ਰੋਸੈਸਿੰਗ ਅਧੀਨ ਲਿਆਂਦੇ ਭੋਜਨ ਪਦਾਰਥਾਂ ਨੂੰ ਖਪਤਕਾਰ ਤੱਕ ਪਹੁੰਚਾਉਣ ਲਈ ਢੁੱਕਵੀਂ ਪੈਕੈਜਿੰਗ ਅਤੇ ਦਿੱਖ ਅੱਜ ਦੇ ਸਮੇਂ ਦੀ ਲੋੜ ਹੈ। ਇਸਦੇ ਨਾਲ ਹੀ ਭੋਜਨ ਦੀ ਪੌਸ਼ਕਤਾ ਅਤੇ ਸਿਹਤਮੰਦ ਗੁਣਾਂ ਨੂੰ ਬਰਕਰਾਰ ਰੱਖਣ ਵਾਸਤੇ ਅਜਿਹੇ ਸਿਖਲਾਈ ਪ੍ਰੋਗਰਾਮ ਬੇਹੱਦ ਅਹਿਮ ਹੋ ਜਾਂਦੇ ਹਨ। ਉਹਨਾਂ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਿੱਠ ਕੇ ਸਾਰੇ ਪਸਾਰਾਂ ਬਾਰੇ ਜਾਣਕਾਰੀ ਲੈਣ ਅਤੇ ਲੱਭਤਾਂ ਨੂੰ ਆਮ ਲੋਕਾਂ ਵਿਚ ਪਹੁੰਚਾਉਣ ਤੱਕ ਮਦਦ ਕਰਨ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਭੋਜਨ ਸੁਰੱਖਿਆ ਅਤੇ ਸਥਿਰਤਾ ਦੇ ਖੇਤਰ ਵਿਚ ਅੰਤਰ ਅਨੁਸ਼ਾਸਨੀ ਖੋਜ ਉੱਪਰ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਨਵੀਆਂ ਵਿਗਿਆਨਕ ਤਕਨੀਕਾਂ ਅਪਣਾ ਕੇ ਸੁਰੱਖਿਅਤ ਭੋਜਨ ਤਕਨਾਲੋਜੀ ਦਾ ਲਾਹਾ ਸਧਾਰਨ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਉਹਨਾਂ ਦ੍ਰਿੜਤਾ ਪ੍ਰਗਟ ਕੀਤੀ ਕਿ ਇਹ ਸਿਖਲਾਈ ਸਕੂਲ ਆਪਣੇ ਮੰਤਵ ਵਿਚ ਕਾਮਯਾਬ ਰਹੇਗਾ।
ਇਹ ਵੀ ਪੜ੍ਹੋ: 1 ਫਰਵਰੀ ਨੂੰ ਪੇਸ਼ ਹੋਵੇਗਾ Budget 2025, ਬਜਟ ਵਿੱਚ Agriculture ਅਤੇ Business Sector ਸਮੇਤ ਆਮ ਜਨਤਾ ਲਈ ਹੋ ਸਕਦੇ ਹਨ ਇਹ ਵੱਡੇ ਐਲਾਨ
ਕੋਰਸ ਦੇ ਨਿਰਦੇਸ਼ਕ ਅਤੇ ਵਿਭਾਗ ਦੇ ਮੁਖੀ ਡਾ. ਸਵਿਤਾ ਸ਼ਰਮਾ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਇਸ ਸਿਖਲਾਈ ਸਕੂਲ ਦੇ ਆਯੋਜਨ ਦਾ ਮੌਕਾ ਦਿੱਤੇ ਜਾਣ ਬਾਰੇ ਗੱਲ ਕੀਤੀ। ਉਹਨਾਂ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਆਪਣੇ ਵਿਭਾਗ ਦੇ ਮਾਹਿਰਾਂ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਸਿਖਲਾਈ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਗੱਲ ਕੀਤੀ।
ਇਹ ਸਿਖਲਾਈ ਸਕੂਲ ਆਉਂਦੇ ਤਿੰਨ ਹਫਤਿਆਂ ਤੱਕ ਵਿਸ਼ੇ ਨਾਲ ਸੰਬੰਧਿਤ ਭਾਸ਼ਣਾਂ ਅਤੇ ਹੱਥੀਂ ਸਿਖਲਾਈ ਦੇ ਸ਼ੈਸਨਾਂ ਤੋਂ ਇਲਾਵਾ ਵਿਚਾਰ-ਵਟਾਂਦਰਾ ਅਤੇ ਭੋਜਨ ਉਦਯੋਗ ਨਾਲ ਸੰਬੰਧਿਤ ਇਕਾਈਆਂ ਦੇ ਦੌਰੇ ਆਯੋਜਿਤ ਕਰੇਗਾ। ਇਸ ਮੌਕੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਮਲੇ ਦੀ ਮੌਜੂਦਗੀ ਵਿਸ਼ੇਸ਼ ਆਕਰਸ਼ਣ ਰਹੀ।
Summary in English: Food processing and packaging is an important part of global food security in today's era: VC Dr Satbir Singh Gosal