
ਵੈਟਨਰੀ ਯੂਨੀਵਰਸਿਟੀ ਵਿਖੇ ਬੱਕਰੀ ਪਾਲਣ ਸੰਬੰਧੀ ਸਿਖਲਾਈ ਸੰਪੂਰਨ
Goat Farming Course: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇਕ ਹਫ਼ਤੇ ਦਾ ਬੱਕਰੀ ਪਾਲਣ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ 15 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ 11 ਮਰਦ ਅਤੇ ਚਾਰ ਔਰਤਾਂ ਸਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਯੂਨੀਵਰਸਿਟੀ ਦੀ ਪ੍ਰਤਿਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਅਸੀਂ ਪਸ਼ੂ ਪਾਲਕਾਂ ਨੂੰ ਸਹਿਯੋਗ ਦੇਣ ਅਤੇ ਪਸ਼ੂ ਪਾਲਣ ਖੇਤਰ ਨੂੰ ਵਿਕਸਿਤ ਕਰਨ ਲਈ ਪੂਰਨ ਯਤਨਸ਼ੀਲ ਹਾਂ। ਉਨ੍ਹਾਂ ਕਿਹਾ ਕਿ ਬੱਕਰੀ ਪਾਲਣ ਦੇ ਕਿੱਤੇ ਵਿੱਚ ਸਵੈ-ਰੁਜ਼ਗਾਰ ਅਤੇ ਟਿਕਾਊ ਆਮਦਨ ਦੀਆਂ ਅਪਾਰ ਸੰਭਾਵਨਾਵਾਂ ਹਨ ਇਸ ਲਈ ਨੌਜਵਾਨਾਂ ਅਤੇ ਪੇਂਡੂ ਖੇਤਰ ਦੇ ਕਿਸਾਨਾਂ ਨੂੰ ਇਸ ਕਿੱਤੇ ਨੂੰ ਅਪਨਾਉਣਾ ਚਾਹੀਦਾ ਹੈ।
ਸਮਾਪਨ ਸਮਾਰੋਹ ਵਿੱਚ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਬੱਕਰੀ ਪਾਲਣ ਹੁਣ ਪੁਰਾਤਨ ਪਰੰਪਰਾਗਤ ਕਿੱਤਾ ਹੀ ਨਹੀਂ ਸਗੋਂ ਬਿਹਤਰ ਨੀਤੀਆਂ ਅਤੇ ਵਿਗਿਆਨਕ ਵਿਧੀਆਂ ਨਾਲ ਨਵੇਂ ਦੌਰ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਅਤੇ ਮੁਖੀ ਵੈਟਨਰੀ ਪਸਾਰ ਸਿੱਖਿਆ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਸਿਖਲਾਈ ਵਿੱਚ ਮਹੱਤਵਪੂਰਨ ਵਿਸ਼ਿਆਂ ਜਿਵੇਂ ਸ਼ੈਡ ਪ੍ਰਬੰਧਨ, ਖੁਰਾਕ ਪ੍ਰਬੰਧਨ, ਪ੍ਰਜਣਨ, ਸਿਹਤ, ਬਿਮਾਰੀਆਂ ਤੋਂ ਸੰਭਾਲ, ਜੈਵਿਕ ਸੁਰੱਖਿਆ, ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਅਤੇ ਢੁੱਕਵੀਆਂ ਮੰਡੀਕਰਨ ਨੀਤੀਆਂ ਉਪਰ ਗਿਆਨ ਚਰਚਾ ਕੀਤੀ ਗਈ।
ਅਗਾਂਹਵਧੂ ਕਿਸਾਨ, ਮਾਸਟਰ ਨਿਸ਼ਾਨ ਸਿੰਘ ਨੇ ਏਕੀਕ੍ਰਿਤ ਪਸ਼ੂ ਪਾਲਣ ਅਤੇ ਖੇਤੀਬਾੜੀ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਸਮਕਾਲੀ ਦੌਰ ਵਿੱਚ ਬੱਕਰੀ ਪਾਲਣ ਦੀਆਂ ਵਿਕਸਿਤ ਤਕਨੀਕਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਬਹੁਤ ਮਹੱਤਵਪੂਰਨ ਨੁਕਤੇ ਦੱਸੇ।
ਡਾ. ਰਾਕੇਸ਼ ਕੁਮਾਰ ਸ਼ਰਮਾ, ਨਿਰਦੇਸ਼ਕ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ, ਤਲਵਾੜਾ ਨੇ ਇਸ ਕਿੱਤੇ ਸੰਬੰਧੀ ਕਈ ਮਾਹਿਰ ਵਿਚਾਰ ਸਾਹਮਣੇ ਰੱਖੇ ਜਿਸ ਨਾਲ ਕਿ ਕਿੱਤਾ ਸਹਿਜ ਅਤੇ ਮੁਨਾਫ਼ੇਵੰਦ ਢੰਗ ਨਾਲ ਕੀਤਾ ਜਾ ਸਕਦਾ ਹੈ। ਇਸ ਸਿਖਲਾਈ ਦਾ ਸੰਯੋਜਨ ਡਾ. ਰਵਦੀਪ ਸਿੰਘ ਅਤੇ ਵਿਦਿਆਰਥੀ ਗੁਰਸਿਮਰਨਜੀਤ ਸਿੰਘ ਨੇ ਬਹੁਤ ਸੁਚੱਜੇ ਢੰਗ ਨਾਲ ਕੀਤਾ। ਪ੍ਰਤੀਭਾਗੀਆਂ ਨੇ ਵੀ ਕਿਹਾ ਕਿ ਸਿਖਲਾਈ ਦਾ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਉਹ ਇਸ ਕਿੱਤੇ ਨੂੰ ਸਫ਼ਲਤਾ ਨਾਲ ਕਰਨਗੇ।
ਇਹ ਵੀ ਪੜ੍ਹੋ: Punjab Youth: ਪੰਜਾਬ ਦੇ ਨੌਜਵਾਨ ਕਿਸਾਨਾਂ ਲਈ ਤਿੰਨ ਮਹੀਨੇ ਦਾ ਸਰਵਪੱਖੀ ਫਸਲ ਉਤਪਾਦਨ ਸਿਖਲਾਈ ਕੋਰਸ
ਇਥੇ ਦੱਸਣਾ ਵਰਣਨਯੋਗ ਹੈ ਕਿ ਯੂਨੀਵਰਸਿਟੀ 4 ਤੋਂ 8 ਅਗਸਤ 2025 ਦੌਰਾਨ ਸੂਰ ਪਾਲਣ ਸੰਬੰਧੀ ਸਿਖਲਾਈ ਕੋਰਸ ਕਰਵਾ ਰਹੀ ਹੈ ਜਿਸ ਸੰਬੰਧੀ ਅਰਜ਼ੀ ਫਾਰਮ ਕਿਸਾਨ ਸੂਚਨਾ ਕੇਂਦਰ ਜਾਂ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ਤੋਂ ਲਏ ਜਾ ਸਕਦੇ ਹਨ।
ਸਰੋਤ: ਗਡਵਾਸੂ (GADVASU)
Summary in English: Goat Farming Vocation Full of Prospects for Self-Employment: Vice Chancellor Dr. J.P.S. Gill