1. Home
  2. ਖਬਰਾਂ

Great Initiative: ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨਾਂ ਦਾ ਸ਼ਲਾਘਾਯੋਗ ਉਪਰਾਲਾ, ਪਰਾਲੀ ਪ੍ਰਬੰਧਨ ਮੁਹਿੰਮ ਵਿੱਚ ਪਾਇਆ ਵੱਡਮੁੱਲਾ ਯੋਗਦਾਨ

ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਚਲਾਈ ਮੁਹਿੰਮ ਵਿੱਚ ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨਾਂ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ। ਇਹੀ ਕਾਰਨ ਹੈ ਕਿ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸਾਨਾਂ ਦੀ ਸ਼ਲਾਘਾ ਹੋ ਰਹੀ ਹੈ। ਡਾ. ਦਪਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹੁਸ਼ਿਆਰਪੁਰ ਨੇ ਕਿਹਾ ਕਿ ਪਰਾਲੀ ਸੰਭਾਲਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ।

Gurpreet Kaur Virk
Gurpreet Kaur Virk
ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੁਕਤਾ ਕੈਂਪ ਦਾ ਆਯੋਜਨ

ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੁਕਤਾ ਕੈਂਪ ਦਾ ਆਯੋਜਨ

KVK Hoshiarpur: ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਰਮਿਆਨ ਸਮੇਂ ਦੀ ਘਾਟ ਕਾਰਨ ਝੋਨੇ ਦੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਪੰਜਾਬ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਮੁੱਲੇ ਖੁਰਾਕੀ ਤੱਤ ਸੜ ਜਾਂਦੇ ਹਨ ਅਤੇ ਨਾਲ ਹੀ ਵਾਤਾਵਰਣ ਵੀ ਪਲੀਤ ਹੁੰਦਾ ਹੈ। ਇਸ ਨਾਲ ਧਰਤੀ ਵਿਚਲੇ ਸੂਖਮ ਜੀਵ ਨਸ਼ਟ ਹੋਣ ਦੇ ਨਾਲ-ਨਾਲ ਰੁੱਖਾਂ, ਪਸ਼ੂਆਂ ਅਤੇ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ।

ਪਰ ਜੇਕਰ ਇਸ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਲਿਆ ਜਾਵੇ ਤਾਂ ਮਿੱਟੀ ਦੀ ਗੁਣਵੱਤਾ ਵਿੱਚ ਚੰਗਾ ਸੁਧਾਰ ਆਉਂਦਾ ਹੈ ਅਤੇ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜ਼ਿਲ੍ਹਾ ਪੱਧਰੀ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੁਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜਿਲ੍ਹਾ ਪੱਧਰੀ ਪਸਾਰ ਅਦਾਰੇ-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਮਿਤੀ 11 ਅਕਤੂਬਰ, 2024 ਨੂੰ ਕੇ.ਵੀ.ਕੇ. ਕੈਂਪਸ ਵਿਖੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਿਲਾ ਪੱਧਰੀ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਡਾ. ਦਪਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹੁਸ਼ਿਆਰਪੁਰ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

ਡਾ. ਦਪਿੰਦਰ ਸਿੰਘ ਨੇ ਕਿਹਾ ਕਿ ਪਰਾਲੀ ਸੰਭਾਲਣਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਖੇਤ ਵਿੱਚ ਮਿਲਾਉਣ ਜਾਂ ਵਿਛਾਉਣ, ਜਿਸ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਵੇ ਅਤੇ ਵਾਤਾਵਰਣ ਵੀ ਪ੍ਰਦੂਸ਼ਿਤ ਨਾ ਹੋਵੇ। ਡਾ. ਦਪਿੰਦਰ ਸਿੰਘ ਨੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਚਲਾਈ ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੇ ਹੁਸ਼ਿਆਰਪੁਰ ਦੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ ਵੀ ਕੀਤੀ।

ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਕਿਸਾਨ ਭਲਾਈ ਸਬੰਧੀ ਕੇਂਦਰ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।ਉਹਨਾਂ ਦੱਸਿਆ ਕਿ ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮੁਹਿੰਮ ਰੂਪ ਵਿੱਚ ਪਰਾਲੀ ਪ੍ਰਬੰਧਨ ਬਾਬਤ ਪਿੰਡਾਂ, ਸਕੂਲਾਂ/ਕਾਲਿਜਾਂ ਵਿੱਚ ਜਾਗਰੁਕਤਾ ਕੈਪਾਂ, ਸਿਖਲਾਈ ਪ੍ਰੋਗਰਾਮਾਂ, ਪ੍ਰਦਰਸ਼ਨੀਆਂ ਅਤੇ ਹੋਰ ਗਤੀਵਿਧੀਆਂ ਕੀਤੀਆ ਜਾ ਰਹੀਆਂ ਹਨ।ਡਾ. ਬੌਂਸ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਕਿਸਾਨ ਮੁਹਿੰਮ ਰੂਪ ਵਿੱਚ ਪਰਾਲੀ ਸੰਭਾਲਣ ਦੇ ਇਸ ਨੇਕ ਕੰਮ ਨੂੰ ਅਪਨਾਉਣ।

ਇਹ ਵੀ ਪੜ੍ਹੋ : An Ideal Village: ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਕੇ ਮਿਸਾਲ ਬਣਿਆ ਲੁਧਿਆਣਾ ਦਾ ਪਿੰਡ ਜਟਾਣਾ

ਕਿਸਾਨਾਂ ਦੀ ਤਕਨੀਕੀ ਜਾਣਕਾਰੀ ਵਿੱਚ ਵਾਧਾ ਕਰਣ ਲਈ, ਵੱਖ-ਵੱਖ ਵਿਸ਼ਿਆਂ ਦੇ ਮਾਹਿਰ, ਕਿਸਾਨਾਂ ਤੇ ਕਿਸਾਨ ਬੀਬੀਆਂ ਨਾਲ ਰੂਬਰੂ ਹੋਏ।ਡਾ. ਅਜੈਬ ਸਿੰਘ, ਸਹਾਇਕ ਪੋ੍ਰਫੈਸਰ (ਐਗਰੀਕਲਚਰਲ ਇੰਜੀਨਿਅਰਿੰਗ) ਨੇ ਖੇਤੀ ਮਸ਼ੀਨਰੀ ਰਾਹੀਂ ਝੋਨੇ ਦੀ ਪਰਾਲੀ ਪ੍ਰਬੰਧਨ ਤੇ ਪਰਾਲੀ ਦੀ ਹੋਰ ਕੰੰਮਾਂ ਲਈ ਵਰਤੋਂ, ਡਾ. ਰਕੇਸ਼ ਸ਼ਰਮਾ, ਜਿਲਾ ਪਸਾਰ ਵਿਗਿਆਨੀ (ਕੀਟ ਵਿਗਿਆਨ) ਅਤੇ ਡਾ. ਇੰਦਿਰਾ ਦੇਵੀ, ਜਿਲਾ ਪਸਾਰ ਵਿਗਿਆਨੀ (ਫਲ), ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ, ਹੁਸ਼ਿਆਰਪੁਰ ਨੇ ਸਰਵਪੱਖੀ ਕੀਟ ਪ੍ਰਬੰਧਨ ਤੇ ਫਲਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਸਾਂਝੀ ਕੀਤੀ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਡਾ. ਹਰਪ੍ਰੀਤ ਸਿੰਘ ਵੱਲੋਂ ਵਿਭਾਗੀ ਸਕੀਮਾਂ, ਖਾਸਕਰ ਪਰਾਲੀ ਪ੍ਰਬੰਧਨ ਬਾਰੇ ਚਾਨਣਾ ਪਾਇਆ ਗਿਆ। ਕਿਸਾਨਾਂ ਦੀ ਸਹੂਲਤ ਲਈ ਕਣਕ, ਗੋਭੀ ਸਰ੍ਹੋਂ, ਪਿਆਜ ਦੇ ਬੀਜ, ਸਰਦੀ ਦੀਆਂ ਸਬਜੀਆਂ ਦੀਆਂ ਕਿੱਟਾਂ, ਕਣਕ ਲਈ ਜੀਵਾਣੂੰ ਖਾਦ ਦਾ ਟੀਕਾ, ਪਸ਼ੂਆਂ ਲਈ ਧਾਤਾਂ ਦਾ ਚੂਰਾ, ਪਸ਼ੂ ਚਾਟ ਇੱਟ, ਬਾਈਪਾਸ ਫੈਟ ਅਤੇ ਖੇਤੀ ਸਾਹਿੱਤ ਵੀ ਉਪਲੱਬਧ ਕਰਵਾਇਆ ਗਿਆ।

ਕੈਂਪ ਵਿੱਚ ਇਲਾਕੇ ਦੇ ਅਗਾਂਹਵਧੂ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਉਹਨਾਂ ਨੇ ਪਰਾਲੀ ਪ੍ਰਬੰਧਨ ਬਾਬਤ ਆਪਣੇ ਤਜਰਬੇ ਵੀ ਸਾਂਝੇ ਕੀਤੇ। ਅੰਤ ਵਿੱਚ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਇਸ ਕੈਂਪ ਵਿੱਚ ਪਹੁੰਚੇ ਮਹਿਮਾਨਾਂ, ਮਾਹਿਰਾਂ ਅਤੇ ਕਿਸਾਨ ਤੇ ਕਿਸਾਨ ਬੀਬੀਆਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ।

Summary in English: Great Initiative: A commendable effort by the progressive farmers of Hoshiarpur, a valuable contribution made in the stubble management campaign

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters