1. Home
  2. ਖਬਰਾਂ

ਧਰਤੀ ਹੇਠਲੇ ਪਾਣੀ ਦੀ ਸੰਭਾਲ ਜਰੂਰੀ: Dr. Gurdev Singh Khush

ਡਾ. ਖੁਸ਼ ਨੇ ਝੋਨੇ ਦੀਆਂ ਅਜੇਹੀਆਂ ਕਿਸਮਾਂ ਵਿਕਸਤ ਕਰਨ ਦੇ ਪ੍ਰੋਗਰਾਮ ਦੀ ਅਗਵਾਈ ਕੀਤੀ ਜਿਨ੍ਹਾਂ ਦਾ ਝਾੜ ਵਧ, ਪੱਕਣ ਸਮਾਂ ਘੱਟ, ਚੌਲ ਵਧੀਆ ਅਤੇ ਉਨ੍ਹਾਂ ਵਿਚ ਕੀੜੇ ਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇ। ਹੁਣ ਤੱਕ ਡਾ. ਖੁਸ਼ ਵਲੋਂ ਕੀਤੇ ਕੰਮ 'ਤੇ ਅਧਾਰਿਤ 300 ਤੋਂ ਵੀ ਵਧ ਨਵੀਆਂ ਕਿਸਮਾਂ ਵੱਖੋ-ਵੱਖਰੇ ਦੇਸ਼ਾਂ ਵਿਚ ਕਾਸ਼ਤ ਲਈ ਕਿਸਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ।

Gurpreet Kaur Virk
Gurpreet Kaur Virk
ਪ੍ਰਮੁੱਖ ਝੋਨਾ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼

ਪ੍ਰਮੁੱਖ ਝੋਨਾ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼

Khush Foundation: ਡਾ. ਗੁਰਦੇਵ ਸਿੰਘ ਖੁਸ਼ ਜਿਹੜੇ ਸੰਸਾਰ ਦੇ ਪ੍ਰਮੁੱਖ ਝੋਨਾ ਵਿਗਿਆਨੀ ਹਨ, ਨੇ 33 ਸਾਲ ਫ਼ਿਲਪੀਨਜ਼ ਸਥਿਤ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾ (ਇਰੀ) ਵਿੱਚ ਝੋਨਾ ਖੋਜ ਦੀ ਅਗਵਾਈ ਕੀਤੀ। ਡਾ. ਖੁਸ਼ ਹੋਰਾਂ ਵੱਲੋਂ ਵਿਕਸਤ ਕੀਤੀਆਂ ਵੱਧ ਝਾੜ ਦੇਣ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਸਦਕਾ ਸੰਸਾਰ ਵਿਚ ਚੌਲਾਂ ਦੀ ਉਪਜ ਦੁਗਣੀ ਹੋ ਗਈ ਹੈ, ਜਿਸ ਨਾਲ ਕਰੋੜਾਂ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ ਜਾ ਸਕਿਆ ਹੈ। ਸੰਸਾਰ ਦੀ ਅੱਧੀਉਂ ਵੱਧ ਵਸੋਂ ਦੀ ਮੁੱਖ ਖੁਰਾਕ ਹੋਣ ਕਾਰਨ ਚੌਲਾਂ ਨੂੰ ਜੀਵਨ, ਦੌਲਤ ਅਤੇ ਉਤਪਤੀ ਦਾ ਚਿੰਨ ਮੰਨਿਆ ਜਾਂਦਾ ਹੈ।

ਡਾ. ਖੁਸ਼ ਨੇ 1967 ਵਿਚ ਝੋਨਾ ਖੋਜ ਸੰਸਥਾ ਵਿਚ ਬਤੌਰ ਪਲਾਂਟ ਬਰੀਡਰ ਨੌਕਰੀ ਸ਼ੁਰੂ ਕੀਤੀ ਅਤੇ 1972 ਵਿਚ ਆਪਣੇ ਵਿਭਾਗ ਤੇ ਮੁੱਖੀ ਬਣ ਗਏ। ਇਸ ਸੰਸਥਾ ਵਲੋਂ ਉਨ੍ਹਾਂ ਨੂੰ 1986 ਵਿਚ ਪ੍ਰਮੁੱਖ ਵਿਗਿਆਨੀ ਬਣਾ ਦਿੱਤਾ ਗਿਆ। ਜਦੋਂ ਤੋਂ ਡਾ. ਖੁਸ਼ ਇਸ ਸੰਸਥਾ ਵਿਚ ਆਏ ਉਨ੍ਹਾਂ ਝੋਨੇ ਦੀਆਂ ਅਜੇਹੀਆਂ ਕਿਸਮਾਂ ਵਿਕਸਤ ਕਰਨ ਦੇ ਪ੍ਰੋਗਰਾਮ ਦੀ ਅਗਵਾਈ ਕੀਤੀ ਜਿਨ੍ਹਾਂ ਦਾ ਝਾੜ ਵਧ, ਪੱਕਣ ਸਮਾਂ ਘੱਟ, ਚੌਲ ਵਧੀਆ ਅਤੇ ਉਨ੍ਹਾਂ ਵਿਚ ਕੀੜੇ ਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਹੋਵੇ। ਹੁਣ ਤੀਕ ਡਾ. ਖੁਸ਼ ਵਲੋਂ ਕੀਤੇ ਕੰਮ ਉਤੇ ਅਧਾਰਿਤ 300 ਤੋਂ ਵੀ ਵਧ ਨਵੀਆਂ ਕਿਸਮਾਂ ਵੱਖੋ-ਵੱਖਰੇ ਦੇਸ਼ਾਂ ਵਿਚ ਕਾਸ਼ਤ ਲਈ ਕਿਸਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਹਨ।

ਜਦੋਂ ਵੀ ਤੁਸੀਂ ਸੰਸਾਰ ਦੇ ਕਿਸੇ ਵੀ ਹਿੱਸੇ ਵਿਚ ਝੋਨੇ ਦੇ ਕਿਸੇ ਖੇਤ ਕੋਲੋਂ ਲੰਘਦੇ ਹੋ ਤਾਂ ਤੁਸੀਂ ਡਾ. ਖੁਸ਼ ਦੀ ਵਿਕਸਤ ਕੀਤੀ ਹੋਈ ਕਿਸਮ ਨੂੰ ਹੀ ਵੇਖਦੇ ਹੋ। ਇਹ ਠੀਕ ਹੀ ਆਖਿਆ ਗਿਆ ਹੈ ਕਿ ਏਸ਼ੀਆ ਵਿਚ ਕਰੋੜਾਂ ਲੋਕ ਭੁੱਖ ਮਰੀ ਨਾਲ ਮਰ ਜਾਂਦੇ ਜੇਕਰ ਝੋਨੇ ਦੀ ਪੈਦਾਵਾਰ ਦੁਗਣੀ ਨਾ ਹੋ ਗਈ ਹੁੰਦੀ। ਏਸ਼ੀਆ ਵਿਚ ਜਿਹੜਾ ਵਿਕਾਸ ਵੇਖਣ ਨੂੰ ਮਿਲ ਰਿਹਾ ਹੈ ਸ਼ਾਇਦ ਇਹ ਕਦੇ ਵੀ ਨਾ ਹੁੰਦਾ ਜੇਕਰ ਇਹ ਦੇਸ਼ ਅਨਾਜ ਵਿਚ ਆਤਮ ਨਿਰਭਰ ਹੋ ਕੇ ਭੁੱਖਮਰੀ ਤੋਂ ਬੇਫ਼ਿਕਰ ਨਾ ਹੋ ਗਏ ਹੁੰਦੇ।

ਗੁਰਦੇਵ ਸਿੰਘ ਖੁਸ਼ ਪੰਜਾਬ ਦੇ ਇਕ ਨਿੱਕੇ ਜਿਹੇ ਪਿੰਡ ਰੁੜਕੀ (ਜ਼ਿਲ੍ਹਾ ਜਲੰਧਰ) ਦੇ ਰਹਿਣ ਵਾਲੇ ਹਨ। ਮਾਪਿਆਂ ਦੀ ਪਹਿਲੀ ਸੰਤਾਨ ਹੋਣ ਕਰਕੇ ਰਵਾਇਤ ਅਨੁਸਾਰ ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਖਟਕੜਕਲਾਂ (ਜ਼ਿਲ੍ਹਾ ਜਲੰਧਰ) ਜਿਹੜਾ ਸ਼ਹੀਦ ਭਗਤ ਸਿੰਘ ਹੋਰਾਂ ਦਾ ਜੱਦੀ ਪਿੰਡ ਹੈ, ਵਿਖੇ 22 ਅਗਸਤ 1935 ਨੂੰ ਹੋਇਆ। ਉਨ੍ਹਾਂ ਦੇ ਪਿਤਾ ਸਰਦਾਰ ਕਰਤਾਰ ਸਿੰਘ ਕੂਨਰ ਪਿੰਡ ਵਿਚੋਂ ਪਹਿਲੇ ਵਿਅਕਤੀ ਸਨ ਜਿਨ੍ਹਾਂ ਦਸਵੀਂ ਪਾਸ ਕੀਤੀ। ਉਨ੍ਹਾਂ ਦੀ ਖਾਹਿਸ਼ ਸੀ ਕਿ ਬੱਚੇ ਉਚੇਰੀ ਵਿਦਿਆ ਪ੍ਰਾਪਤ ਕਰਨ। ਡਾ. ਗੁਰਦੇਵ ਸਿੰਘ ਵਿਚ ਪੜ੍ਹਾਈ ਦੀ ਲਗਨ ਲਗਾਉਣ ਵਾਲੇ ਉਨ੍ਹਾਂ ਦੇ ਪਿਤਾ ਜੀ ਹੀ ਸਨ। ਡਾ. ਖੁਸ਼ ਨੇ ਆਪ ਵੀ ਵੇਖਿਆ ਸੀ ਕਿ ਪੜ੍ਹੇ ਲਿਖੇ ਹੋਣ ਕਰਕੇ ਪਿੰਡ ਵਿਚ ਉਨ੍ਹਾਂ ਦੇ ਪਿਤਾ ਜੀ ਦਾ ਬਹੁਤ ਮਾਣ ਤੇ ਸਤਿਕਾਰ ਸੀ। ਬਾਲ ਗੁਰਦੇਵ ਨੇ ਮਿਹਨਤ ਨਾਲ ਪੜ੍ਹਾਈ ਕੀਤੀ ਤਾਂ ਜੋ ਉਹ ਵੱਡੇ ਹੋ ਕੇ ਸਮਾਜ ਦੇ ਭਲੇ ਲਈ ਕੁਝ ਕਰ ਸਕਣ।

ਉਨ੍ਹਾਂ ਦੇ ਆਪਣੇ ਪਿੰਡ ਹਾਈ ਸਕੂਲ ਨਹੀਂ ਸੀ। ਉਹ ਰੋਜ਼ ਕਈ ਮੀਲ ਪੈਦਲ ਤੁਰ ਕੇ ਖ਼ਾਲਸਾ ਹਾਈ ਸਕੂਲ ਬੰਡਾਲਾ ਵਿਖੇ ਪੜ੍ਹਨ ਜਾਂਦੇ ਸਨ ਜਿਥੋਂ ਕਿ ਉਨ੍ਹਾਂ ਦਸਵੀਂ ਪਾਸ ਕੀਤੀ। ਆਪਣੀ ਮਿਹਨਤ ਅਤੇ ਲਗਨ ਸਦਕਾ ਉਹ ਆਪਣੇ ਸਕੂਲ ਵਿਚ ਪਹਿਲੇ ਨੰਬਰ ਉਤੇ ਰਹੇ। ਗੁਰਦੇਵ ਡਾਕਟਰ ਬਣਨਾ ਚਾਹੁੰਦਾ ਸੀ ਪਰ ਉਨ੍ਹਾਂ ਦੇ ਪਿਤਾ ਜੀ ਚਾਹੁੰਦੇ ਸਨ ਕਿ ਉਹ ਖੇਤੀਬਾੜੀ ਕਾਲਿਜ ਵਿਚ ਦਾਖਲ ਹੋਵੇ ਤਾਂ ਜੋ ਕਿਸਾਨਾਂ ਦੇ ਭਲੇ ਲਈ ਕੰਮ ਕਰ ਸਕੇ, ਜਿਨ੍ਹਾਂ ਦੀ ਗਰੀਬੀ ਅਤੇ ਸਖ਼ਤ ਮਿਹਨਤ ਨੂੰ ਉਹ ਨਿਤ ਵੇਖਦੇ ਸਨ। ਆਪਣੇ ਪਿਤਾ ਜੀ ਦੀ ਖਾਹਿਸ਼ ਅਨੁਸਾਰ ਦਸਵੀਂ ਪਿਛੋਂ ਗੁਰਦੇਵ ਲੁਧਿਆਣੇ ਸਥਿਤ ਸਰਕਾਰੀ ਖੇਤੀਬਾੜੀ ਕਾਲਿਜ ਵਿਚ ਦਾਖਲ ਹੋ ਗਿਆ। ਕਾਲਿਜ ਵਿਚ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕੀਤੀ ਅਤੇ ਹਮੇਸ਼ਾ ਪਹਿਲੇ ਤਿੰਨ ਵਿਦਿਆਰਥੀਆਂ ਵਿਚ ਰਿਹਾ।

ਕਾਲਿਜ ਵਿਚੋਂ ਉਨ੍ਹਾਂ ਬੀ.ਐਸ.ਸੀ. (ਐਗਰੀ.) ਦੀ ਡਿਗਰੀ 1955 ਵਿਚ ਪ੍ਰਾਪਤ ਕੀਤੀ ਅਤੇ ਉਨ੍ਹਾਂ ਦਾ ਮੁੱਖ ਵਿਸ਼ਾ ਪਲਾਂਟ ਬਰੀਡਿੰਗ ਸੀ। ਉਨ੍ਹਾਂ ਨੂੰ ਇਸ ਕਾਲਿਜ ਦੇ ਸਰਵਪੱਖੀ ਵਧੀਆ ਵਿਦਿਆਰਥੀ ਹੋਣ ਦਾ ਸਨਮਾਨ ਪ੍ਰਾਪਤ ਹੋਇਆ। ਉਨ੍ਹਾਂ ਨੂੰ ਜੀਵਨ ਵਿਚ ਖੇਤੀ ਦੀ ਪੜ੍ਹਾਈ ਕਰਨ ਦਾ ਕਦੇ ਅਫ਼ਸੋਸ ਨਹੀਂ ਹੋਇਆ, ਕਿਉਂਕਿ ਜਿਹੜੀਆਂ ਬੁਲੰਦੀਆਂ ਉਨ੍ਹਾਂ ਨੇ ਬਤੌਰ ਖੇਤੀ ਵਿਗਿਆਨੀ ਛੋਹੀਆਂ ਹਨ ਸ਼ਾਇਦ ਡਾਕਟਰ ਬਣ ਕੇ ਅਜੇਹਾ ਨਾ ਹੋ ਸਕਦਾ। ਸਾਰੇ ਹੁਸ਼ਿਆਰ ਵਿਦਿਆਥੀਆਂ ਦੀ ਇਹੋ ਲੋਚਾ ਰਹਿੰਦੀ ਸੀ ਕਿ ਅਮਰੀਕਾ ਵਿਚ ਜਾ ਕੇ ਉਚੇਰੀ ਪੜ੍ਹਾਈ ਕੀਤੀ ਜਾਵੇ। ਉਨ੍ਹਾਂ ਵਾਂਗ ਹੀ ਗੁਰਦੇਵ ਸਿੰਘ ਹੋਰੀਂ ਵੀ ਇਹੋ ਚਾਹੁੰਦੇ ਸਨ ਕਿ ਅਮਰੀਕਾ ਦੀ ਕਿਸੇ ਪ੍ਰਸਿੱਧ ਯੂਨੀਵਰਸਿਟੀ ਵਿਚ ਉਚੇਰੀ ਪੜ੍ਹਾਈ ਕੀਤੀ ਜਾਵੇ। ਪਰ ਉਨ੍ਹਾਂ ਕੋਲ ਅਮਰੀਕਾ ਜਾਣ ਲਈ ਪੈਸੇ ਨਹੀਂ ਸਨ।

ਇਹ ਵੀ ਪੜ੍ਹੋ: Migration from Punjab: ਪੰਜਾਬ ਵਿੱਚੋਂ ਪਰਵਾਸ – ਕਿਉਂ ਅਤੇ ਕਿਵੇਂ?

ਖ਼ੁਸ਼ਕਿਸਮਤੀ ਨਾਲ ਉਨ੍ਹਾਂ ਦਿਨਾਂ ਵਿਚ ਇੰਗਲੈਂਡ ਨੇ ਆਪਣੇ ਦਰਵਾਜ਼ੇ ਭਾਰਤੀਆਂ ਲਈ ਖੋਹਲੇ ਸਨ, ਕਿਉਂਕਿ, ਉਥੇ ਮਜ਼ਦੂਰਾਂ ਦੀ ਘਾਟ ਹੋ ਗਈ ਸੀ। ਇਸ ਮੌਕੇ ਦਾ ਲਾਭ ਉਠਾਂਦਿਆਂ ਹੋਇਆਂ ਗੁਰਦੇਵ ਹੋਰਾਂ ਵੀ ਇੰਗਲੈਂਡ ਜਾਣ ਦਾ ਫ਼ੈਸਲਾ ਕੀਤਾ। ਭਾਵੇਂ ਉਨ੍ਹਾਂ ਦੇ ਪਿਤਾ ਜੀ ਪਿੰਡ ਵਿਚ ਚੰਗੇ ਖਾਂਦੇ ਪੀਂਦੇ ਮੰਨੇ ਜਾਂਦੇ ਸਨ ਪਰ ਉਨ੍ਹਾਂ ਕੋਲ ਵੀ ਇਤਨੇ ਪੈਸੇ ਨਹੀਂ ਸਨ ਕਿ ਉਹ ਆਪਣੇ ਪੁੱਤਰ ਦੀ ਇੰਗਲੈਂਡ ਲਈ ਟਿਕਟ ਖਰੀਦ ਸਕਦੇ। ਗੁਰਦੇਵ ਹੋਰਾਂ ਦਾ ਵਿਦੇਸ਼ ਜਾਣ ਦਾ ਦ੍ਰਿੜ ਇਰਾਦਾ ਸੀ। ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੈਸੇ ਉਧਾਰ ਲਏ ਤੇ ਇੰਗਲੈਂਡ ਪੁਜ ਗਏ। ਉਨ੍ਹਾਂ ਦਾ ਅਸਲ ਨਿਸ਼ਾਨਾ ਤਾਂ ਅਮਰੀਕਾ ਪੁੱਜਣਾ ਹੀ ਸੀ। ਇਸ ਕਰਕੇ ਉਨ੍ਹਾਂ ਨੇ ਡੇਢ ਸਾਲ ਇੰਗਲੈਂਡ ਰੱਜ ਕੇ ਮਿਹਨਤ ਕੀਤੀ ਜਿਸ ਨਾਲ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਕਰਜ਼ਾ ਹੀ ਨਾ ਮੋੜ ਸਕੇ ਸਗੋਂ ਅਮਰੀਕਾ ਦੀ ਟਿਕਟ ਖਰੀਦਣ ਜੋਗੇ ਪੈਸੇ ਵੀ ਜੋੜ ਲਏ ਅਤੇ ਉਚੇਰੀ ਪੜ੍ਹਾਈ ਲਈ ਅਮਰੀਕਾ ਪੁੱਜ ਗਏ।

ਉਨ੍ਹਾਂ ਜੂਨ 1957 ਵਿਚ ਕੈਲੀਫੋਰਨੀਆ ਯੂਨੀਵਰਸਿਟੀ ਡੇਵਿਸ ਪੁਜ ਐਮ.ਐਸ.ਸੀ. ਜੈਨੇਟਿਕਸ ਵਿਚ ਦਾਖ਼ਲਾ ਲੈ ਲਿਆ। ਪਹਿਲੇ ਦੋ ਸਮੈਸਟਰਾਂ ਵਿਚ ਵਧੀਆ ਨੰਬਰ ਆਉਣ ਕਰਕੇ ਉਨ੍ਹਾਂ ਦੇ ਪ੍ਰੋਫ਼ੈਸਰ ਨੇ ਐਮ.ਐਸ.ਸੀ. ਕੀਤੇ ਬਗੈਰ ਸਿੱਧੇ ਹੀ ਪੀ.ਐਚ.ਡੀ. ਕਰਨ ਦੀ ਆਗਿਆ ਦੇ ਦਿੱਤੀ। ਇੰਝ ਉਨ੍ਹਾਂ ਨੇ 1960 ਵਿਚ ਜੈਨੇਟਿਕਸ ਵਿਸ਼ੇ ਵਿਚ ਪੀ.ਐਸ.ਡੀ. ਤਿੰਨ ਸਾਲ ਤੋਂ ਵੀ ਘਟ ਸਮੇਂ ਦੌਰਾਨ ਪ੍ਰਾਪਤ ਕਰ ਲਈ। ਉਸ ਸਮੇਂ ਉਨ੍ਹਾਂ ਦੀ ਉਮਰ ਮਸਾਂ 25 ਕੁ ਸਾਲ ਦੇ ਸੀ। ਪੜ੍ਹਾਈ ਪਿਛੋਂ ਉਨ੍ਹਾਂ ਨੂੰ ਉਸੇ ਯੂਨੀਵਰਸਿਟੀ ਵਿਚ ਨੌਕਰੀ ਮਿਲ ਗਈ ਜਿਸ ਉਤੇ ਉਨ੍ਹਾਂ ਨੇ 1967 ਤੀਕ ਕੰਮ ਕੀਤਾ।

ਡਾ. ਖੁਸ਼ ਆਪਣੇ ਕਿੱਤੇ ਅਤੇ ਪਰਿਵਾਰਿਕ ਜੀਵਨ ਵਿਚ ਬਹੁਤ ਹੀ ਸਫ਼ਲ ਇਨਸਾਨ ਹਨ। ਆਪਣੀਆਂ ਪ੍ਰਾਪਤੀਆਂ ਅਤੇ ਸਫ਼ਲਤਾਵਾਂ ਦਾ ਕਾਰਨ ਉਹ ਸਹੀ ਕਿੱਤਾ, ਸਹੀ ਸਮੇਂ ਉਤੇ ਅਤੇ ਸਹੀ ਥਾਂ ਮਿਲਣ ਨੂੰ ਸਮਝਦੇ ਹਨ। ਚੁੱਪ ਚੁਪੀਤਾ, ਸਾਦ ਮੁਰਾਦਾ ਅਤੇ ਚਿਹਰੇ ਉਤੇ ਹਮੇਸ਼ਾ ਮੁਸਕਾਨ ਵਿਖੇਰੀ ਰੱਖਣ ਵਾਲੇ ਇਸ ਇਨਸਾਨ ਨੇ ਹਰ ਰੋਜ਼ ਘੱਟੋ ਘੱਟ 12 ਘੰਟੇ ਕੰਮ ਕੀਤਾ ਹੈ। ਉਹ ਆਖਦੇ ਹਨ ਕਿ ਇਨਸਾਨ ਕੋਲ ਸਮੇਂ ਦੀ ਘਾਟ ਹੈ ਜਦੋਂ ਕਿ ਉਸ ਦੇ ਦਿਮਾਗ਼ ਦੀ ਥਾਹ ਅੱਥਾਹ ਹੈ। ਆਪਣੀ ਅੱਥਾਹ ਦਿਮਾਗੀ ਸ਼ਕਤੀ ਦੀ ਪੂਰੀ ਵਰਤੋਂ ਕਰਨ ਲਈ ਜ਼ਰੂਰੀ ਹੈ ਕਿ ਸਮੇਂ ਦਾ ਠੀਕ ਅਤੇ ਵਧ ਤੋਂ ਵਧ ਪ੍ਰਯੋਗ ਕੀਤਾ ਜਾਵੇ। ਜਿਹੜੇ ਇਨਸਾਨ ਆਪਣੀ ਮਦਦ ਆਪ ਕਰਦੇ ਹਨ, ਪ੍ਰਮਾਤਮਾ ਵੀ ਹਮੇਸ਼ਾ ਉਨ੍ਹਾਂ ਦੀ ਮਦਦ ਕਰਦਾ ਹੈ। ਮਿਹਨਤੀ, ਨੇਕ ਤੇ ਸੱਚੇ ਇਨਸਾਨ ਦੀ ਸਾਰੀ ਦੁਨੀਆਂ ਉਸਤੱਤ ਕਰਦੀ ਹੈ ਅਤੇ ਪ੍ਰਮਾਤਮਾ ਉਨ੍ਹਾਂ ਉਤੇ ਆਪਣੀ ਮਿਹਰ ਕਰਦਾ ਹੈ। ਇਸੇ ਮਿਹਰ ਸਦਕਾ ਡਾ. ਖੁਸ਼ ਨੇ ਆਪਣੀ ਸਾਰੀ ਨੌਕਰੀ ਦੌਰਾਨ ਕਦੇ ਵੀ ਬਿਮਾਰੀ ਦੀ ਕੋਈ ਛੁਟੀ ਨਹੀਂ ਲਈ। ਆਪਣੇ ਧਾਰਮਿਕ ਅਕੀਦੇ ਉੱਤੇ ਚੱਲਣ ਵਾਲਾ ਇਹ ਇਨਸਾਨ ਹਮੇਸ਼ਾ ‘ਚੜ੍ਹਦੀ ਕਲਾੱ ਵਿਚ ਰਹਿੰਦਿਆਂ ‘ਸਰਬੱਤ ਦੇ ਭਲੇ' ਲਈ ਯਤਨਸ਼ੀਲ ਰਹਿੰਦਾ ਹੈ। ਆਪਣੀ ਸੇਵਾ ਮੁਕਤੀ ਪਿਛੋਂ ਵੀ ਉਹ ਕੈਲੇਫ਼ੋਰਨੀਆ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ।

ਪ੍ਰਸਿੱਧੀ ਦੀਆਂ ਬੁਲੰਦੀਆਂ ਉਤੇ ਪੁੱਜ ਕੇ ਵੀ ਡਾ. ਖੁਸ਼ ਆਪਣੀ ਧਰਤੀ ਅਤੇ ਮਿੱਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਮਿਲੇ ਇਨਾਮੀ ਪੈਸਿਆਂ ਨਾਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਖੁਸ਼ ਫਾਊਂਡੇਸ਼ਨ ਬਣਾਈ ਹੈ। ਜਿਹੜੀ ਯੂਨੀਵਰਸਿਟੀ ਵਿਖੇ ਪੜ੍ਹਦੇ ਪੇਂਡੂ ਬੱਚਿਆਂ ਦੀ ਮਾਇਕ ਸਹਾਇਤਾ ਕਰਦੀ ਹੈ। ਨੌਜਵਾਨ ਵਿਗਿਆਨੀਆਂ ਨੂੰ ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਜਾਣ ਲਈ ਵੀ ਮਾਇਕ ਸਹਾਇਤਾ ਦਿੱਤੀ ਜਾਂਦੀ ਹੈ। ਆਪਣੇ ਸਹਿਯੋਗੀ ਸਵਰਗਵਾਸੀ ਦਰਸ਼ਨ ਸਿੰਘ ਬਰਾੜ ਦੇ ਨਾਮ ਉਤੇ ਤਿੰਨ ਲੱਖ ਦਾ ਖੋਜ ਲਈ ਵਿਗਿਆਨੀਆਂ ਨੂੰ ਇਨਾਮ ਦਿੱਤਾ ਜਾਂਦਾ ਹੈ। 

ਇਹ ਵੀ ਪੜ੍ਹੋ: ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਇਹ ਵਿਧੀ ਅਪਨਾਉਣ ਦੀ ਸਲਾਹ, ਕੀਮਤੀ ਕੁਦਰਤੀ ਸਰੋਤ ਦੀ ਹੋਵੇਗੀ 15 ਤੋਂ 20 ਪ੍ਰਤੀਸ਼ਤ ਤੱਕ ਬੱਚਤ

ਉਨ੍ਹਾਂ ਵੱਲੋਂ ਕੀਤੇ ਮਹਾਨ ਕਾਰਜ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਾਰ ਦਾ ਕੋਈ ਵੀ ਅਜੇਹਾ ਇਨਾਮ ਸਨਮਾਨ ਨਹੀਂ ਹੈ ਜਿਹੜਾ ਕਿਸੇ ਖੇਤੀ ਵਿਗਿਆਨੀ ਨੂੰ ਮਿਲ ਸਕਦਾ ਹੋਵੇ ਉਹ ਡਾ. ਖੁਸ਼ ਨੂੰ ਨਾ ਮਿਲਿਆ ਹੋਵੇ। ਸੰਸਾਰ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਵੱਲੋਂ ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੂੰ ਅਮਰੀਕਾ, ਜਪਾਨ, ਇੰਗਲੈਂਡ, ਇਜ਼ਰਾਈਲ, ਚੀਨ, ਫਿਲੀਪੀਨ, ਈਰਾਨ, ਭਾਰਤ, ਪਾਕਿਸਤਾਨ ਆਦਿ ਬਹੁਤ ਸਾਰੇ ਦੇਸ਼ਾਂ ਨੇ ਆਪਣੇ ਉੱਚ ਸਨਮਾਨਾਂ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਹੈ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਆ ਗਿਆ ਹੈ। ਭੋਜਨ ਦੇ ਖੇਤਰ ਦਾ ਸਭ ਤੋਂ ਵੱਡਾ ਇਨਾਮ ਵਰਡ ਫ਼ੂਡ ਪਰਾਈਜ਼ ਉਨ੍ਹਾਂ ਨੂੰ ਪ੍ਰਾਪਤ ਹੋਇਆ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਉਨ੍ਹਾਂ ਦੇ ਨਾਮ ਉਤੇ ਇਕ ਆਧੁਨਿਕ ਖੋਜ ਕੇਂਦਰ ਉਸਾਰਿਆ ਹੈ ਜਿਸ ਵਿਚ ਖੁਸ਼ ਅਜਾਇਬ ਘਰ ਵੀ ਬਣਾਇਆ ਗਿਆ ਹੈ। ਪੀ.ਏ.ਯੂ. ਅਤੇ ਪੰਜਾਬ ਯੂਨੀਵਰਸਿਟੀ ਨੇ ਵੀ ਆਨਰੇਰੀ ਡਾਇਰੈਕਟੋਰੇਟ ਦੀ ਡਿਗਰੀ ਦਿੱਤੀ ਹੈ। ਆਪਣੇ ਇਸ ਪੰਜਾਬੀ ਸਪੂਤ ਉਤੇ ਸਾਨੂੰ ਸਾਰਿਆਂ ਨੂੰ ਮਾਣ ਹੈ।

ਉਹ ਹਰ ਸਾਲ ਮਾਰਚ ਮਹੀਨੇ ਭਾਰਤ ਆਉਂਦੇ ਹਨ ਉਦੋਂ ਹੀ ਖੁਸ਼ ਫਾਉਂਡੇਸ਼ਨ ਦਾ ਵਾਰਸ਼ਿਕ ਸਮਾਗਮ ਹੁੰਦਾ ਹੈ। ਮੈਨੂੰ ਉਨ੍ਹਾਂ ਨੂੰ ਫ਼ਿਲੀਪੀਨ ਜਾ ਕੇ ਨੇੜਿਉਂ ਵੇਖਣ ਦਾ ਮੌਕਾ ਮਿਲਿਆ ਹੈ। ਹੁਣ ਉਹ ਜਦੋਂ ਆਏ ਤਾਂ ਉਨ੍ਹਾਂ ਨਾਲ ਪੰਜਾਬ ਦੀ ਖੇਤੀ ਬਾਰੇ ਗਲਬਾਤ ਕਰਨ ਦਾ ਮੌਕਾ ਮਿਲਿਆ। ਪੰਜਾਬ ਦੀ ਖੇਤੀ ਵਿਚ ਆਈ ਖੜੋਤ, ਕਿਸਾਨਾਂ ਦੀ ਘਟ ਰਹੀ ਆਮਦਨ ਅਤੇ ਧਰਤੀ ਹੇਠ ਘਟ ਰਹੇ ਪਾਣੀ ਲਈ ਉਹ ਬਹੁਤ ਚਿੰਤਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੀ ਆਰਥਿਕਤਾ ਦਾ ਧੁਰਾ ਖੇਤੀ ਹੈ ਇਸ ਕਰਕੇ ਸਰਕਾਰ ਨੂੰ ਖੇਤੀ ਦੇ ਵਿਕਾਸ ਵਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਪਾਣੀ ਦੀ ਬਚਤ ਲਈ ਦਾਲਾਂ, ਤੇਲ ਬੀਜ, ਬਾਸਮਤੀ, ਬਾਜਰਾ ਤੇ ਦੂਜੇ ਮੋਟੇ ਅਨਾਜਾਂ ਦੀ ਖੇਤੀ ਨੂੰ ਉਤਸਾਹਿਤ ਕਰਨਾ ਚਾਹੀਦਾ  ਹੈ। ਸਾਡੀ ਖੇਤੀ ਖੋਜ ਨੂੰ ਵੀ ਇਨ੍ਹਾਂ ਫ਼ਸਲਾਂ ਦੀਆਂ ਵਧ ਝਾੜ ਦੇਣ ਵਾਲੀਆਂ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ ਨੂੰ ਵਿਕਸਤ ਕਰਨ ਵਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਕਣਕ-ਝੋਨੇ ਦੇ ਫ਼ਸਲ ਚੱਕਰ ਵਿੱਚੋਂ ਕੁਝ ਰਕਬਾ ਦੂਜੀਆਂ ਫ਼ਸਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵਲ ਮੋੜਨ ਦੀ ਲੋੜ ਹੈ। ਰਾਜ ਸਰਕਾਰ ਜੇਕਰ ਚਾਹੇ ਤਾਂ ਅਜੇਹਾ ਕਰ ਸਕਦੀ ਹੈ। ਜੀਵਨ ਦੇ ਨੌ ਦਹਾਕੇ ਪੂਰੇ ਕਰਨ ਵਾਲਾ ਇਹ ਵਿਗਿਆਨੀ ਹੁਣ ਵੀ ਪੰਜਾਬ ਅਤੇ ਖੇਤੀ ਵਿਕਾਸ ਲਈ ਯਤਨਸ਼ੀਲ ਹੈ।

ਸਰੋਤ: ਡਾ. ਰਣਜੀਤ ਸਿੰਘ

Summary in English: Groundwater conservation is essential: Dr. Gurdev Singh Khush

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters