Stubble Management: ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਡਾਇਰੈਕਟਰ, ਆਈਸੀਏਆਰ - ਅਟਾਰੀ, ਜ਼ੋਨ 1 ਦੇ ਦਿਸ਼ਾ- ਨਿਰਦੇਸ਼ਾਂ ਹੇਠ ਪਰਾਲੀ ਨੂੰ ਖੇਤ ਵਿਚ ਸੰਭਾਲਦੇ ਹੋਏ ਹੈਪੀ ਸੀਡਰ ਤਕਨੀਕ ਨਾਲ ਪਿੰਡ ਲੌਂਗੋਵਾਲ ਵਿੱਚ ਕਣਕ ਦੀ ਬਿਜਾਈ ਕਾਰਵਾਈ ਗਈ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ ਨੇ ਦੱਸਿਆ ਕਿ ਪਰਾਲੀ ਦਾ ਕੁਤਰਾ ਕਰ ਕੇ ਖੇਤ ਵਿੱਚ ਇਕਸਾਰ ਖਿਲਾਰਨ ਤੋਂ ਬਾਅਦ ਹੈਪੀ ਸੀਡਰ ਮਸ਼ੀਨ ਨਾਲ ਝੋਨੇ ਦੀ ਪਰਾਲੀ ਵਿੱਚ ਹੀ ਕਣਕ ਦੀ ਬਿਜਾਈ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ।
ਉਹਨਾਂ ਅੱਗੇ ਦੱਸਿਆ ਕਿ ਹੈਪੀ ਸੀਡਰ ਤਕਨੀਕ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਂਭ ਕੇ ਕਣਕ ਦੀ ਬਿਜਾਈ ਕਰਨ ਲਈ ਇੱਕ ਬਹੁਤ ਹੀ ਸਸਤਾ ਅਤੇ ਕਾਰਗਾਰ ਤਰੀਕਾ ਹੈ। ਇਸ ਤਕਨੀਕ ਨਾਲ ਬਿਜਾਈ ਦੀ ਲਾਗਤ ਘਟਦੀ ਹੈ ਅਤੇ ਕਣਕ ਦੀ ਬਿਜਾਈ ਵੀ ਲੇਟ ਨਹੀਂ ਹੁੰਦੀ। ਉਹਨਾਂ ਨੇ ਦੱਸਿਆ ਕਿ ਸ. ਨਰਿੰਦਰ ਸਿੰਘ, ਪਿੰਡ ਲੌਂਗੋਵਾਲ, ਜ਼ਿਲ੍ਹਾ ਸੰਗਰੂਰ ਇਸ ਸਾਲ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ ਤੋਂ ਹੈਪੀ ਸੀਡਰ ਮਸ਼ੀਨ ਲੈ ਕੇ 10 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਕਰ ਰਿਹਾ ਹੈ।
ਇਸ ਪ੍ਰਦਰਸ਼ਨੀ ਸਮੇਂ ਡਾ ਸੁਨੀਲ ਕੁਮਾਰ, ਫਾਰਮ ਮਸ਼ੀਨਰੀ ਮਾਹਿਰ ਨੇ ਦੱਸਿਆ ਕਿ ਹੈਪੀ ਸੀਡਰ ਤਕਨੀਕ ਵਰਤਣ ਨਾਲ ਬਿਜਾਈ ਲੇਟ ਨਹੀਂ ਹੁੰਦੀ ਅਤੇ ਨਾ ਹੀ ਰਵਾਇਤੀ ਤਕਨੀਕ ਦੇ ਮੁਕਾਬਲੇ ਝਾੜ ਘਟਦਾ ਹੈ। ਇਸ ਮਸ਼ੀਨ ਨਾਲ ਬੀਜੀ ਕਣਕ ਡਿੱਗਦੀ ਨਹੀਂ ਅਤੇ ਕਣਕ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਵੀ ਘੱਟ ਆਉਂਦੀ ਹੈ। ਉਹਨਾਂ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਨ ਲਈ 45-50 ਹਾਰਸ ਪਾਵਰ ਦਾ ਟਰੈਕਟਰ ਚਾਹੀਦਾ ਹੈ। ਇਹ ਮਸ਼ੀਨ ਲਗਭਗ 6-7 ਲੀਟਰ ਡੀਜ਼ਲ ਨਾਲ ਇੱਕ ਏਕੜ ਦੀ ਬਿਜਾਈ ਕਰ ਦਿੰਦੀ ਹੈ।
ਇਹ ਵੀ ਪੜ੍ਹੋ: Farming Techniques: ਹੁਸ਼ਿਆਰਪੁਰ ਦੇ ਪਿੰਡ ਨਡਾਲੋਂ ਵਿਖੇ ਕਿਸਾਨਾਂ ਦੀ ਸਹੂਲਤ ਲਈ ਵੱਖ-ਵੱਖ ਤਕਨੀਕੀ ਲੈਕਚਰ
ਡਾ. ਰੁਕਿੰਦਰ ਪ੍ਰੀਤ ਸਿੰਘ, ਫ਼ਸਲ ਵਿਗਿਆਨ ਮਾਹਿਰ, ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਨੇ ਕਿਸਾਨਾਂ ਨੂੰ ਪਰਾਲੀ ਸਾਂਭ ਕੇ ਬੀਜੀ ਕਣਕ ਵਿੱਚ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਦੇ ਹਮਲੇ ਨਾਲ ਨਜਿੱਠਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਕੀਤੀਆਂ ਸਿਫ਼ਾਰਿਸ਼ਾਂ 'ਤੇ ਚਾਨਣਾ ਪਾਇਆ। ਉਹਨਾਂ ਨੇ ਕਿਸਾਨਾਂ ਨੂੰ ਹੈਪੀ ਸੀਡਰ ਵਿੱਚ ਖਾਦ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ।
Summary in English: Happy Seeder: Sangrur sowed wheat with Happy Seeder for stubble management at Longowal