Heritage Monuments of Punjab: ਅੱਜ ਪੀ.ਏ.ਯੂ. ਦੇ ਵਾਈਸ ਚਾਂਸਲਰ ਦਫਤਰ ਦੇ ਕਮੇਟੀ ਰੂਮ ਵਿਚ ਹੋਏ ਇਕ ਵਿਸ਼ੇਸ਼ ਸਮਾਗਮ ਵਿਚ ਪੰਜਾਬ ਦੀ ਇਤਿਹਾਸਕ ਵਿਰਾਸਤ ਵਜੋਂ ਵਿਰਾਸਤੀ ਸਮਾਰਕਾਂ ਬਾਰੇ ਇਕ ਵਿਸ਼ੇਸ਼ ਕੈਲੰਡਰ ਜਾਰੀ ਕੀਤਾ ਗਿਆ।
ਇਸ ਕੈਲੰਡਰ ਨੂੰ ਸੇਵਾ ਸੰਕਲਪ ਸੁਸਾਇਟੀ ਦੀ ਸਹਾਇਤਾ ਨਾਲ ਲੁਧਿਆਣਾ ਸ਼ਹਿਰ ਦੇ ਉੱਘੇ ਵਕੀਲ ਸ਼੍ਰੀ ਹਰਪ੍ਰੀਤ ਸਿੰਘ ਸੰਧੂ ਨੇ ਤਿਆਰ ਕੀਤਾ ਹੈ। ਇਸੇ ਮੌਕੇ ਵਿਸ਼ੇ ਨਾਲ ਸੰਬੰਧਤ ਅਤੇ ਸ਼੍ਰੀ ਸੰਧੂ ਵੱਲੋਂ ਤਿਆਰ ਇਕ ਦਸਤਾਵੇਜ਼ੀ ਫਿਲਮ ਵੀ ਪ੍ਰਦਰਸ਼ਿਤ ਕੀਤੀ ਗਈ।
ਸਮਾਰੋਹ ਵਿਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਹਨਾਂ ਨਾਲ ਲੁਧਿਆਣਾ ਦੇ ਆਈ ਜੀ ਪੁਲਿਸ ਕੁਮਾਰੀ ਧਨਪ੍ਰੀਤ ਕੌਰ ਆਈ ਪੀ ਐੱਸ, ਗਲਾਡਾ ਮੁਖੀ ਸ਼੍ਰੀ ਹਰਪ੍ਰੀਤ ਸਿੰਘ ਆਈ ਏ ਐੱਸ, ਇਨਕਮ ਟੈਕਸ ਵਿਭਾਗ ਦੇ ਮੁੱਖ ਨਿਰਦੇਸ਼ਕ ਸ਼੍ਰੀ ਅਸ਼ੀਸ਼ ਅਬਰੋਲ, ਉਪਭੋਗਤਾ ਕਮਿਸ਼ਨਰੇਟ ਦੇ ਅਧਿਕਾਰੀ ਸ਼੍ਰੀ ਅਤੁਲ ਤਿਰਕੀ ਅਤੇ ਸੇਵਾ ਸੰਕਲਪ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਪਰਨੀਤ ਸਚਦੇਵ ਤੋਂ ਇਲਾਵਾ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਅਤੇ ਪਤਵੰਤੇ ਮੌਜੂਦ ਸਨ।
ਆਪਣੇ ਮੁੱਖ ਭਾਸ਼ਣ ਵਿਚ ਡਾ. ਸਤਿਬੀਰ ਸਿੰਘ ਗੋਸਲ ਨੇ ਪੰਜਾਬ ਦੀ ਇਮਾਰਤੀ ਵਿਰਾਸਤ ਨੂੰ ਦਸਤਾਵੇਜ਼ੀ ਰੂਪ ਵਿਚ ਸੰਭਾਲਣ ਲਈ ਸ਼੍ਰੀ ਸੰਧੂ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਨਾ ਸਿਰਫ ਪੰਜਾਬ ਦੀ ਸੱਭਿਆਚਾਰਕ ਇਤਿਹਾਸਕ ਵਿਰਾਸਤ ਨੂੰ ਸੰਭਾਲਿਆ ਹੈ ਬਲਕਿ ਨੌਜਵਾਨ ਪੀੜੀਆਂ ਨੂੰ ਆਪਣੀ ਜੜ੍ਹਾਂ ਨਾਲ ਜੋੜਨ ਦਾ ਮੁੱਲਵਾਨ ਕਾਰਜ ਵੀ ਕੀਤਾ ਹੈ। ਉਹਨਾਂ ਨੇ ਪੀ.ਏ.ਯੂ. ਵਿਖੇ ਸਥਾਪਿਤ ਪੇਂਡੂ ਜੀਵਨ ਦੇ ਅਜਾਇਬ ਘਰ ਦੇ ਇਸ ਕੈਲੰਡਰ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਡਾ. ਗੋਸਲ ਨੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਮਾਣ ਨੂੰ ਆਉਂਦੀਆਂ ਪੀੜੀਆਂ ਤੱਕ ਪਹੁੰਚਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਦਹਰਾਉਂਦਿਆਂ ਇਸ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਕੀਤਾ।
ਕੁਮਾਰੀ ਧਨਪ੍ਰੀਤ ਕੌਰ ਨੇ ਕਿਹਾ ਕਿ ਕੈਲੰਡਰ ਵਿਚ ਸ਼ਾਮਿਲ ਤਸਵੀਰਾਂ ਅਤੇ ਦਸਤਾਵੇਜ਼ੀ ਫਿਲਮ ਵਿਚ ਪੰਜਾਬ ਦੀ ਕਲਾਤਮਕ ਸੱਭਿਆਚਾਰਕ ਵਿਰਾਸਤ ਨੂੰ ਬਾਖੂਬੀ ਸੰਜੋਇਆ ਗਿਆ ਹੈ। ਇਹ ਇਤਿਹਾਸਕ ਹੋਣ ਦੇ ਨਾਲ-ਨਾਲ ਮੁੱਲਵਾਨ ਕਾਰਜ ਹੈ। ਇਸ ਨਾਲ ਪੰਜਾਬ ਦੀਆਂ ਇਤਿਹਾਸਕ ਇਮਾਰਤਾਂ ਅਤੇ ਸਮਾਰਕਾਂ ਬਾਰੇ ਸੈਰ ਸਪਾਟਾ ਪ੍ਰੇਮੀਆਂ ਢੁੱਕਵੀਂ ਜਾਣਕਾਰੀ ਮਿਲ ਸਕੇਗੀ।
ਇਹ ਵੀ ਪੜ੍ਹੋ: ਝੋਨੇ ਦੀ ਪਰਾਲੀ ਆਧਾਰਿਤ Biogas Plant ਲਈ ਚਾਰ ਸਮਝੌਤਿਆਂ 'ਤੇ ਹਸਤਾਖਰ
ਸ਼੍ਰੀ ਹਰਪ੍ਰੀਤ ਸੰਧੂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਲੋਕਾਂ ਵਿਚ ਅਮੀਰ ਸੱਭਿਆਚਾਰਕ ਵਿਰਾਸਤ ਬਾਰੇ ਜਾਗਰੂਕਤਾ ਦਾ ਪ੍ਰਸਾਰ ਕਰਨਗੀਆਂ। ਲੋਕ ਆਪਣੇ ਵਿਰਸੇ ਦੀ ਅਮੀਰੀ ਤੋਂ ਜਾਣੂੰ ਹੋਣਗੇ ਅਤੇ ਇਸਦੀ ਸੰਭਾਲ ਲਈ ਹੰਭਲਾ ਮਾਰਨਗੇ। ਉਹਨਾਂ ਕਿਹਾ ਕਿ ਇਸ ਕੈਲੰਡਰ ਦਾ ਉਦੇਸ਼ ਪੰਜਾਬ ਦੇ ਅਤੀਤ ਨੂੰ ਵਰਤਮਾਨ ਨਾਲ ਜੋੜ ਕੇ ਆਮ ਲੋਕਾਂ ਤੱਕ ਪਹੁੰਚਾਉਣਾ ਹੈ।
ਸ਼੍ਰੀ ਅਸ਼ੀਸ਼ ਅਬਰੋਲ ਨੇ ਇਸ ਤਰ੍ਹਾਂ ਦੇ ਕੈਲੰਡਰ ਤਿਆਰ ਕਰਨ ਦੀ ਜ਼ਿੰਮੇਵਾਰੀ ਭਰੀ ਕੋਸ਼ਿਸ਼ ਲਈ ਸ਼ਲਾਘਾ ਕੀਤੀ। ਸ਼੍ਰੀ ਅਤੁਲ ਤਿਰਕੀ ਨੇ ਕਿਹਾ ਕਿ ਨੌਜਵਾਨ ਸਿਖਿਆਰਥੀਆਂ ਦੇ ਵਿਦਿਅਕ ਉਦੇਸ਼ ਲਈ ਵੀ ਇਸ ਕੈਲੰਡਰ ਦੀ ਮਹੱਤਤਾ ਹੈ। ਸ਼੍ਰੀ ਪਰਨੀਤ ਸਚਦੇਵ ਨੇ ਇਸ ਕੈਲੰਡਰ ਨੂੰ ਪੰਜਾਬ ਦੀ ਆਤਮਾ ਕਹਿੰਦਿਆਂ ਯੂਨੀਵਰਸਿਟੀ ਦੀਆਂ ਅਕਾਮਿਕ ਅਤੇ ਸੱਭਿਆਚਾਰਕ ਕੋਸ਼ਿਸ਼ਾਂ ਦੀ ਪ੍ਰਸ਼ੰਸ਼ਾ ਕੀਤੀ।
Summary in English: Issued a special calendar about the heritage monuments as historical heritage of Punjab