Workshop: ਪੀ.ਏ.ਯੂ. ਵਿਖੇ ਸੰਯੁਕਤ ਖੇਤੀ ਪ੍ਰਣਾਲੀਆਂ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੀ ਦੋ ਸਾਲਾਂ ਬਾਅਦ ਹੋਣ ਵਾਲੀ 8ਵੀਂ ਕਾਨਫਰੰਸ ਸਫਲਤਾ ਨਾਲ ਨੇਪਰੇ ਚੜੀ। ਇਸ ਵਿਚ 23 ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ 34 ਯੂਨੀਵਰਸਿਟੀਆਂ ਦੇ 123 ਵਿਗਿਆਨੀਆਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਖੇਤੀ ਵਿਚ ਸਥਿਰਤਾ ਲਿਆਉਣ ਅਤੇ ਖੇਤੀ ਕਿੱਤੇ ਨੂੰ ਸੰਯੁਕਤ ਪ੍ਰਣਾਲੀ ਦੇ ਰੂਪ ਵਿਚ ਵਿਕਸਤ ਕਰਨ ਲਈ ਭਰਪੂਰ ਵਿਚਾਰਾਂ ਹੋਈਆਂ।
ਯਾਦ ਰਹੇ ਕਿ ਇਹ ਵਰਕਸ਼ਾਪ ਮੋਦੀਪੁਰਮ ਮੇਰਠ ਵਿਖੇ ਸਥਿਤ ਆਈ ਸੀ ਏ ਆਰ ਦੇ ਖੇਤੀ ਪ੍ਰਣਾਲੀਆਂ ਦੀ ਖੋਜ ਕਰਨ ਵਾਲੇ ਭਾਰਤੀ ਸੰਸਥਾਨ ਵੱਲੋਂ ਆਯੋਜਿਤ ਕੀਤੀ ਗਈ ਸੀ। ਵਰਕਸ਼ਾਪ ਦੌਰਾਨ 9 ਤਕਨੀਕੀ ਸ਼ੈਸਨਾਂ ਦੌਰਾਨ ਖੇਤੀ ਦੀਆਂ ਚੁਣੌਤੀਆਂ ਦੇ ਨਾਲ-ਨਾਲ ਸੰਯੁਕਤ ਖੇਤੀ ਪ੍ਰਣਾਲੀ ਨੂੰ ਪ੍ਰਵਾਨ ਕਰਾਉਣ ਲਈ ਨਿੱਠ ਕੇ ਵਿਚਾਰ-ਚਰਚਾ ਹੋਈ।
ਆਖਰੀ ਸ਼ੈਸਨ ਦੇ ਮੁੱਖ ਮਹਿਮਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਸਨ। ਉਹਨਾਂ ਨੇ ਖੇਤੀ ਨੂੰ ਹੋਰ ਮੁਨਾਫੇਯੋਗ ਕਿੱਤਾ ਬਨਾਉਣ ਲਈ ਮਾਹਿਰਾਂ ਨੂੰ ਸਹਿ ਕਿੱਤਿਆਂ ਸੰਬੰਧੀ ਵਿਗਿਆਨਕ ਜਾਣਕਾਰੀ ਅਪਨਾਉਣ ਅਤੇ ਇਸਦੇ ਪਸਾਰ ਦਾ ਸੱਦਾ ਦਿੱਤਾ। ਡਾ. ਗੋਸਲ ਨੇ ਕਿਹਾ ਕਿ ਮੌਜੂਦਾ ਸਮਾਜ ਭੋਜਨ ਪਦਾਰਥਾਂ ਦੀ ਸ਼ੁੱਧਤਾ ਅਤੇ ਕੁਦਰਤੀ ਸਰੂਪ ਵੱਲ ਮੋੜਾ ਕੱਟ ਰਿਹਾ ਹੈ। ਇਸ ਲਈ ਖੇਤੀ ਵਿਚ ਉਤਪਾਦਨ ਦੇ ਨਾਲ-ਨਾਲ ਪੌਸ਼ਟਿਕਤਾ ਵੱਲ ਧਿਆਨ ਦੇਣਾ ਸਮੇਂ ਦੀ ਲੋੜ ਬਣ ਗਿਆ ਹੈ।
ਪੀ.ਏ.ਯੂ. ਦੇ ਰਜਿਸਟਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਵਰਕਸ਼ਾਪ ਦੇ ਸਿੱਟਿਆਂ ਨੂੰ ਆਮ ਲੋਕਾਂ ਤੱਕ ਪਸਾਰਨ ਦੀ ਲੋੜ ਤੇ ਜ਼ੋਰ ਦਿੱਤਾ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਇਸ ਵਰਕਸ਼ਾਪ ਵਿਚ ਹੋਈਆਂ ਵਿਚਾਰਾਂ ਸੰਯੁਕਤ ਖੇਤੀ ਪ੍ਰਣਾਲੀਆਂ ਸੰਬੰਧੀ ਖੋਜ ਲਈ ਦਾਇਰਾ ਹੋਰ ਮੋਕਲਾ ਕਰਨਗੀਆਂ ਅਤੇ ਇਸ ਨਾਲ ਖੇਤੀ ਤਰੀਕਿਆਂ ਬਾਰੇ ਨੀਤੀਆਂ ਵਿਚ ਜ਼ਿਕਰਯੋਗ ਵਾਧਾ ਦੇਖਣ ਨੂੰ ਮਿਲੇਗਾ।
ਇਹ ਵੀ ਪੜ੍ਹੋ: Award 2025 ਲਈ ਪੰਜਾਬ ਦੇ ਉੱਦਮੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਤੋਂ ਅਰਜ਼ੀਆਂ ਦੀ ਮੰਗ, ਆਖਰੀ ਮਿਤੀ 31 ਦਸੰਬਰ 2024
ਅੰਤ ਵਿਚ ਪ੍ਰੋਜੈਕਟ ਦੇ ਕੁਆਰਡੀਨੇਟਰ ਡਾ. ਐੱਨ ਰਵੀਸ਼ੰਕਰ ਨੇ ਸਵਾਗਤ ਦੇ ਸ਼ਬਦ ਕਹਿੰਦਿਆਂ ਕਾਰਵਾਈ ਰਿਪੋਰਟ ਪੇਸ਼ ਕੀਤੀ। ਮੋਦੀਪੁਰਮ ਕੇਂਦਰ ਦੇ ਨਿਰਦੇਸ਼ਕ ਡਾ. ਸੁਨੀਲ ਕੁਮਾਰ ਨੇ ਸੰਯੁਕਤ ਖੇਤੀ ਪ੍ਰਬੰਧ ਦੀ ਅਜੋਕੇ ਸਮੇਂ ਵਿਚ ਵੱਧ ਰਹੀ ਭੂਮਿਕਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਏ ਕੇ ਪਰੁਸਤੀ ਅਤੇ ਡਾ. ਸ਼ਮੀਨ ਨੇ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਉਹਨਾਂ ਨੇ ਬਿਹਤਰੀਨ ਤਜਰਬੇ ਹਾਸਲ ਕੀਤੇ ਹੋਣਗੇ।
ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਸੋਹਨ ਸਿੰਘ ਵਾਲੀਆ ਨੇ ਸਭ ਦਾ ਧੰਨਵਾਦ ਕਰਦਿਆਂ ਇਸ ਵਰਕਸ਼ਾਪ ਨੂੰ ਸਫਲ ਬਨਾਉਣ ਲਈ ਹਾਜ਼ਰ ਪਤਵੰਤਿਆਂ ਅਤੇ ਵਿਗਿਆਨੀਆਂ ਦਾ ਧੰਨਵਾਦ ਕੀਤਾ। ਇਸ ਵਰਕਸ਼ਾਪ ਦੌਰਾਨ ਫਸਲੀ ਉਤਪਾਦਨ ਵਿਚ ਸਥਿਰਤਾ ਲਿਆਉਣ ਦੇ ਨਾਲ-ਨਾਲ ਖੇਤੀ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਮਾਹਿਰਾਂ ਨੇ ਸਿਰ ਜੋੜ ਕੇ ਵਿਚਾਰਾਂ ਕੀਤੀਆਂ।
Summary in English: It is important to pay attention to nutrition along with production in agriculture: VC Dr. Satbir Singh Gosal