![ਵੈਟਨਰੀ ਯੂਨੀਵਰਸਿਟੀ ਵਿਖੇ ਪਲੇਸਮੈਂਟ ਮੁਹਿੰਮ ਵੈਟਨਰੀ ਯੂਨੀਵਰਸਿਟੀ ਵਿਖੇ ਪਲੇਸਮੈਂਟ ਮੁਹਿੰਮ](https://d2ldof4kvyiyer.cloudfront.net/media/20163/placement.jpg)
ਵੈਟਨਰੀ ਯੂਨੀਵਰਸਿਟੀ ਵਿਖੇ ਪਲੇਸਮੈਂਟ ਮੁਹਿੰਮ
Placement Drive for Aspiring Veterinarians: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਵੈਟਨਰੀ ਸਾਇੰਸ ਵੱਲੋਂ ਆਪਣੇ ਵੈਟਨਰੀ ਗ੍ਰੈਜੂਏਟ ਵਿਦਿਆਰਥੀਆਂ ਲਈ ਨੌਕਰੀ ਨਿਯੁਕਤੀ ਮੁਹਿੰਮ (ਪਲੇਸਮੈਂਟ ਮੁਹਿੰਮ) ਆਯੋਜਿਤ ਕੀਤੀ ਗਈ। ਇਸ ਉਪਰਾਲੇ ਵਿੱਚ 150 ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੁਹਿੰਮ ਵਿੱਚ ਉੱਘੇ ਵੈਟਨਰੀ ਹਸਪਤਾਲ ਕਰਾਊਨ ਵੈਟ, ਮੈਕਸ ਪੈਟ ਜ਼ੈਡ, ਵੈਟਿਕ ਪੈਟ ਕੇਅਰ, ਸੀ ਜੀ ਐਸ ਹਸਪਤਾਲ, ਡਾ. ਸਿੰਘਲ ਪੈਟ ਕੇਅਰ, ਪਪਕਿਟ ਪੈਟ ਕੇਅਰ ਅਤੇ ਸੈਫੀ ਵੈਟਮੈਡ ਦੇ ਨਾਲ ਦਵਾਈਆਂ ਵਾਲੀਆਂ ਕੰਪਨੀਆਂ ਵੀਰਬੈਕ ਇੰਡੀਆ ਪ੍ਰਾ. ਲਿਮ., ਇਕਟੈਕ ਫਾਰਮਾ, ਕੈਰਸ ਅਤੇ ਬ੍ਰਿਟੈਨੀਆ ਨੇ ਹਿੱਸਾ ਲਿਆ। ਇਨ੍ਹਾਂ ਤੋਂ ਇਲਾਵਾ ਪਸ਼ੂ ਖੁਰਾਕ ਕੰਪਨੀਆਂ ਅਮਨ ਫੀਡਜ਼ ਤੇ ਦੁੱਧ ਸਹਿਕਾਰੀ ਕੰਪਨੀਆਂ, ਬਾਨੀ ਮਿਲਕ ਪ੍ਰੋਡਿਊਸਰ ਕੰਪਨੀ ਅਤੇ ਪ੍ਰੋਗਰੈਸਿਵ ਡੇਅਰੀ ਸੋਸਾਇਟੀ ਦੇ ਅਧਿਕਾਰੀ ਵੀ ਸ਼ਾਮਿਲ ਹੋਏ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਵਿਸ਼ੇਸ਼ ਤੌਰ ’ਤੇ ਇਸ ਚੋਣ ਪ੍ਰਕਿਰਿਆ ਦਾ ਦੌਰਾ ਕੀਤਾ ਅਤੇ ਵਿਦਿਆਰਥੀਆਂ ਅਤੇ ਚੋਣਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀ ਭਰਤੀ ਮੁਹਿੰਮ ਦੀ ਬਹੁਤ ਮਹੱਤਤਾ ਹੈ। ਇਸ ਨਾਲ ਜਿੱਥੇ ਵਿਦਿਆਰਥੀਆਂ ਦਾ ਸਵੈ-ਵਿਸ਼ਵਾਸ ਵੱਧਦਾ ਹੈ ਉਥੇ ਚੋਣਕਾਰਾਂ ਨੂੰ ਵੀ ਆਪਣੀਆਂ ਕੰਪਨੀਆਂ ਲਈ ਵਧੀਆ ਅਧਿਕਾਰੀ ਮਿਲਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਖੇ ਇੰਨੀਆਂ ਵਧੀਆ ਅਤੇ ਜ਼ਿਆਦਾ ਕੰਪਨੀਆਂ ਦੇ ਨੁਮਾਇੰਦੇ ਆਉਣੇ ਸਾਡੀ ਸੰਸਥਾ ਲਈ ਵੀ ਮਾਣ ਵਾਲੀ ਗੱਲ ਹੈ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ, ਲੁਧਿਆਣਾ ਨੇ ਕਿਹਾ ਕਿ ਵੱਖੋ-ਵੱਖਰੇ ਉਦਯੋਗਾਂ ਅਤੇ ਕੰਪਨੀਆਂ ਤੋਂ ਆਏ ਅਧਿਕਾਰੀਆਂ ਦੇ ਵਿਖਾਏ ਉਤਸ਼ਾਹ ਨੇ ਇਸ ਗੱਲ ’ਤੇ ਮੋਹਰ ਲਗਾਈ ਕਿ ਸਾਡੇ ਵਿਦਿਆਰਥੀ ਉੱਚ ਸਿੱਖਿਆ ਮਾਨਦੰਡਾਂ ਨੂੰ ਪੂਰਿਆਂ ਕਰਦੇ ਹਨ।
ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਕਲੀਨਿਕਸ ਨੇ ਦੱਸਿਆ ਕਿ ਵੈਟਨਰੀ ਸਾਇੰਸ ਕਾਲਜ, ਲੁਧਿਆਣਾ ਅਤੇ ਰਾਮਪੁਰਾ ਫੂਲ ਦੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਤਿਆਰ ਹੋਏ ਗ੍ਰੈਜੂਏਟ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਵੀ ਵੱਖਰੀ ਪਛਾਣ ਛੱਡਣਗੇ।
ਇਹ ਵੀ ਪੜ੍ਹੋ: Kisan Andolan 2.0: ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਹੋਣਗੀਆਂ ਤਿੰਨ ਮਹਾਂਪੰਚਾਇਤਾਂ, 'ਮੀਟਿੰਗ ਰਹੀ ਬੇਸਿੱਟਾ ਤਾਂ 25 ਫਰਵਰੀ ਨੂੰ ਕਰਾਂਗੇ ਦਿੱਲੀ ਕੂਚ': ਪੰਧੇਰ
ਪ੍ਰਤੀਭਾਗੀ ਵਿਦਿਆਰਥੀਆਂ ਨੇ ਵੀ ਆਪਣੇ ਹਾਂ-ਪੱਖੀ ਤਜਰਬੇ ਸਾਂਝੇ ਕੀਤੇ ਅਤੇ ਯੂਨੀਵਰਸਿਟੀ ਅਧਿਕਾਰੀਆਂ ਦੀ ਦੂਰ-ਦ੍ਰਿਸ਼ਟੀ ਦੀ ਸਰਾਹਨਾ ਕੀਤੀ। ਇਸ ਭਰਤੀ ਮੁਹਿੰਮ ਲਈ ਡਾ. ਨਿਤਿਨ ਮਹਿਤਾ ਅਤੇ ਡਾ. ਗਿਤੇਸ਼ ਸੈਣੀ ਨੇ ਬਤੌਰ ਸੰਯੋਜਕ ਉਚੇਚਾ ਯੋਗਦਾਨ ਪਾਇਆ। ਉਨ੍ਹਾਂ ਨੇ ਕੰਪਨੀਆਂ ਦੇ ਚੋਣਕਾਰਾਂ ਪ੍ਰਤੀ ਆਪਣਾ ਧੰਨਵਾਦ ਵੀ ਪ੍ਰਗਟ ਕੀਤਾ।
Summary in English: Job placement campaign for graduate veterinary students at the Veterinary University