
ਅਗਾਂਹਵਧੂ ਕਿਸਾਨਾਂ ਨਾਲ ਵਿਚਾਰ-ਵਟਾਂਦਰਾ
KVK Sangrur: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਫੂਡ ਅਤੇ ਐਗਰੀਕਲਚਰ ਆਰਗੇਨਾਈਜੇਸ਼ਨ ਦੇ ਗਲੋਬਲ ਵਾਤਾਵਰਣ ਸਹੂਲਤ (ਜੀਈਐਫ 7) ਫੋਲਰ ਪ੍ਰਭਾਵ ਪ੍ਰੋਗਰਾਮ ਅਧੀਨ "ਐਫਏਓ-ਪੀਏਯੂ ਅਤੇ ਕਿਸਾਨਾਂ ਦੀ ਗੋਲਮੇਜ਼ ਕਾਨਫਰੰਸ ਆਯੋਜਿਤ ਕੀਤੀ ਗਈ।
ਇਸ ਕਾਨਫਰੰਸ ਦਾ ਮੁੱਖ ਮੰਤਵ ਝੋਨਾ-ਕਣਕ ਦੇ ਫ਼ਸਲੀ-ਚੱਕਰ ਵਿੱਚ ਟਿਕਾਊ ਖੇਤੀਬਾੜੀ ਅਭਿਆਸਾਂ ਬਾਰੇ ਅਗਾਂਹਵਧੂ ਕਿਸਾਨਾਂ ਨਾਲ ਵਿਚਾਰ - ਵਟਾਂਦਰਾ ਕਰਨਾ ਅਤੇ ਉਹਨਾਂ ਦੇ ਸੁਝਾਅ ਲੈਣਾ ਸੀ।
ਇਹ ਪ੍ਰੋਗਰਾਮ ਕੇਵੀਕੇ, ਸੰਗਰੂਰ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐਫਏਓ) ਦੇ ਫ਼ਸਲ ਵਿਗਿਆਨੀ ਡਾ. ਅਸ਼ੋਕ ਕੁਮਾਰ ਅਤੇ ਐਫਏਓ ਦੇ ਨਿਗਰਾਨੀ ਅਤੇ ਮੁਲਾਂਕਣ ਮਾਹਿਰ ਸ਼੍ਰੀ ਦੇਬਾਜਯੋਤੀ ਕੁੰਡੂ ਨੇ ਵਿਸੇਸ਼ ਮਹਿਮਾਨ ਵਜੋਂ ਸਿਰਕਤ ਕੀਤੀ। ਡਾ. ਰਣਵੀਰ ਸਿੰਘ ਗਿੱਲ, ਇੰਚਾਰਜ ਰਾਈਸ ਸੈਕਸ਼ਨ, ਪੀਏਯੂ, ਲੁਧਿਆਣਾ ਅਤੇ ਡਾ. ਬੂਟਾ ਸਿੰਘ ਢਿੱਲੋਂ, ਫ਼ਸਲ ਵਿਗਿਆਨੀ-ਕਮ-ਪ੍ਰੋਜੈਕਟ ਪ੍ਰਿੰਸੀਪਲ ਇਨਵੈਸਟੀਗੇਟਰ, ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ, ਲੁਧਿਆਣਾ ਨੇ ਵੀ ਇਸ ਮੌਕੇ ਸ਼ਾਮਲ ਹੋ ਕੇ ਕਾਨਫਰੰਸ ਦੀ ਸ਼ੋਭਾ ਵਧਾਈ।
ਡਾ. ਅਸ਼ੋਕ ਕੁਮਾਰ, ਫ਼ਸਲ ਵਿਗਿਆਨੀ, ਐਫਏਓ, ਨੇ ਦੇਸ਼ ਦੀ ਖੁਰਾਕ ਸੁਰੱਖਿਆ ਲਈ ਝੋਨਾ-ਕਣਕ ਪ੍ਰਣਾਲੀ ਦੀ ਮਹੱਤਤਾ ਬਾਰੇ ਚਰਚਾ ਕਰਦੇ ਹੋਏ, ਪਾਣੀ ਅਤੇ ਮਿੱਟੀ ਦੇ ਟਿਕਾਊ ਪ੍ਰਬੰਧਨ ਅਭਿਆਸਾਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸਾਨਾਂ ਅਤੇ ਪੇਂਡੂ ਪਰਿਵਾਰਾਂ ਦੀ ਆਮਦਨ ਨੂੰ ਬਿਹਤਰ ਬਣਾਉਣ ਵਿੱਚ ਸਹਾਇਕ ਕਿੱਤਿਆਂ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ।
ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਸਿਖਲਾਈ) ਨੇ ਜਿਲ੍ਹੇ ਦੇ ਖੇਤੀਬਾੜੀ ਅੰਕੜਿਆਂ ਦਾ ਸੰਖੇਪ ਵੇਰਵਾ ਸਾਂਝਾ ਕੀਤਾ ਅਤੇ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਦਰਪੇਸ਼ ਖੇਤੀਬਾੜੀ ਸਥਿਰਤਾ ਸੰਬੰਧਿਤ ਮੁੱਦਿਆਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਜ਼ਿਲ੍ਹੇ ਦੇ ਘਟਦੇ ਭੂਮੀਗਤ ਪਾਣੀ ਦੇ ਪੱਧਰ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਕਾਰਨ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਪ੍ਰਤੀ ਆਪਣੀ ਗੰਭੀਰ ਚਿੰਤਾ ਪ੍ਰਗਟ ਕੀਤੀ।
ਡਾ. ਬੂਟਾ ਸਿੰਘ ਢਿੱਲੋਂ ਅਤੇ ਡਾ. ਰਣਵੀਰ ਸਿੰਘ ਗਿੱਲ ਨੇ ਝੋਨੇ ਦੀ ਪੀ.ਆਰ. 126 ਕਿਸਮ ਵਿੱਚ ਮਾਰਕੀਟਿੰਗ ਅਤੇ ਨਮੀ ਬਰਕਰਾਰ ਰੱਖਣ ਦੀਆਂ ਚਿੰਤਾਵਾਂ ਨੂੰ ਸੰਬੋਧਿਤ ਕੀਤਾ ਅਤੇ ਕਿਸਾਨਾਂ ਨੂੰ ਸਿੰਚਾਈ ਵਾਲੇ ਪਾਣੀ ਦੀ ਬਚਤ ਅਤੇ ਕੁਸ਼ਲ ਪਰਾਲੀ ਪ੍ਰਬੰਧਨ ਲਈ ਝੋਨੇ ਅਤੇ ਬਾਸਮਤੀ ਦੀਆਂ ਘੱਟ ਸਮੇਂ ਦੀਆਂ ਕਿਸਮਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕੀਤਾ।
ਇਹ ਵੀ ਪੜ੍ਹੋ: Agricultural Experts ਨੇ ਪੰਜਾਬ ਦੇ ਮੌਸਮ ਦੇ ਅਨੁਕੂਲ ਮਸਾਲੇਦਾਰ ਅਤੇ ਖੁਸ਼ਬੂਦਾਰ ਫਸਲਾਂ ਦੀ ਕਾਸ਼ਤ 'ਤੇ ਦਿੱਤਾ ਜ਼ੋਰ, ਕਿਸਾਨਾਂ ਨਾਲ ਵਡਮੁੱਲੀ ਜਾਣਕਾਰੀ ਕੀਤੀ ਸਾਂਝੀ
ਖੁੱਲ੍ਹੀ ਚਰਚਾ ਦੌਰਾਨ, ਭਾਗ ਲੈਣ ਵਾਲੇ ਕਿਸਾਨਾਂ ਨੇ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ, ਝੋਨੇ ਵਿੱਚ ਸਿੰਚਾਈ ਪ੍ਰਬੰਧਨ, ਅਤੇ ਝੋਨੇ-ਕਣਕ ਦੇ ਮੋਨੋਕਲਚਰ ਨੂੰ ਤੋੜਨ ਲਈ ਫਸਲੀ ਵਿਭਿੰਨਤਾ ਵਰਗੇ ਮੁੱਦਿਆਂ ਅਤੇ ਹੋਰ ਸੰਭਾਵੀ ਤਰੀਕਿਆਂ ਬਾਰੇ ਆਪਣੀ ਸੂਝਬੂਝ ਸਾਂਝੀ ਕੀਤੀ। ਪ੍ਰੋਗਰਾਮ ਵਿੱਚ ਸ਼ਾਮਿਲ ਪ੍ਰਗਤੀਸ਼ੀਲ ਕਿਸਾਨਾਂ ਨੇ ਸਿੰਚਾਈ ਵਾਲੇ ਪਾਣੀ ਦੀ ਬੱਚਤ ਲਈ ਝੋਨੇ ਦੀ ਰਹਿੰਦ-ਖੂੰਹਦ ਦੀਆਂ ਮੁਸ਼ਕਲਾਂ ਅਤੇ ਇਸ ਦੇ ਕੁਸ਼ਲ ਪ੍ਰਬੰਧਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਕਿਸਾਨਾਂ ਦੁਆਰਾ ਘਟਦੇ ਭੂਮੀਗਤ ਪਾਣੀ ਦੇ ਪੱਧਰ ਦੇ ਪ੍ਰਬੰਧਨ ਲਈ ਨਹਿਰੀ ਪਾਣੀ ਦੇ ਸਰੋਤਾਂ ਦੇ ਵਿਕਾਸ 'ਤੇ ਵੀ ਜ਼ੋਰ ਦਿੱਤਾ ਗਿਆ।
ਐਫਏਓ ਟੀਮ, ਪੀਏਯੂ ਦੇ ਵਿਗਿਆਨੀਆਂ ਅਤੇ ਕਿਸਾਨਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਸਥਾਪਿਤ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਸਿਖਲਾਈ (ਸੀਆਰਐਮ) ਪਲੇਟਫਾਰਮ ਅਤੇ ਫਸਲੀ ਵਿਭਿੰਨਤਾ ਦੇ ਤਕਨੀਕੀ ਫਾਰਮ ਦਾ ਦੌਰਾ ਵੀ ਕੀਤਾ।
ਡਾ. ਰੁਕਿੰਦਰ ਪ੍ਰੀਤ ਸਿੰਘ, ਸਹਾਇਕ ਪ੍ਰੋਫੈਸਰ ( ਫਸਲ ਵਿਗਿਆਨ), ਕੇਵੀਕੇ, ਸੰਗਰੂਰ ਨੇ ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਐਫਏਓ ਟੀਮ ਅਤੇ ਕਿਸਾਨਾਂ ਦਾ ਇਸ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਲਗਭਗ 50 ਕਿਸਾਨਾਂ ਨੇ ਹਿੱਸਾ ਲਿਆ ਅਤੇ ਕੁਦਰਤੀ ਸਰੋਤਾਂ ਦੀ ਬੱਚਤ ਲਈ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਸਿੱਧੂ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ), ਕੇਵੀਕੇ, ਪਟਿਆਲਾ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਪ੍ਰਸ਼ਨ-ਉੱਤਰ ਸੈਸ਼ਨ ਦਾ ਸੰਚਾਲਨ ਕੀਤਾ।
Summary in English: Krishi Vigyan Kendra, Sangrur hosts FAO-PAU and Farmers Roundtable Conference under Global Environment Facility