ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ 32 ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਲਿਆ ਭਾਗ
Krishi Vigyan Kendra Amritsar: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-I, ਲੁਧਿਆਣਾ ਦੇ ਸਹਿਯੋਗ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ (KVK), ਅੰਮ੍ਰਿਤਸਰ ਵੱਲੋਂ 10.11.2025 ਤੋਂ 18.11.2025 ਤੱਕ “ਬੱਕਰੀ ਪਾਲਣ” ਸੰਬੰਧੀ 7 ਦਿਨਾਂ ਦਾ ਕਿੱਤਾ-ਮੁਖੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ।
ਇਸ ਵਿੱਚ ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ 32 ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ। ਇਹ ਸਿਖਲਾਈ ਡਾ. ਬਿਕਰਮਜੀਤ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕੇ.ਵੀ.ਕੇ., ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਕਰਵਾਈ ਗਈ।
ਪਹਿਲੇ ਦਿਨ ਡਾ. ਬਿਕਰਮਜੀਤ ਸਿੰਘ ਨੇ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਨਿੱਘਾ ਸੁਆਗਤ ਕੀਤਾ ਅਤੇ ਕੇ.ਵੀ.ਕੇ ਦੇ ਕੰਮਕਾਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਕਰੀ ਪਾਲਣ ਨੂੰ ਲਾਭਕਾਰੀ ਸਹਾਇਕ ਧੰਦੇ ਵਜੋਂ ਦਰਸਾਇਆ ਅਤੇ ਸਿਖਿਆਰਥੀਆਂ ਨੂੰ ਆਮਦਨੀ ਵਿੱਚ ਵਾਧਾ ਕਰਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਬਣਾਉਣ ਲਈ ਇਸ ਕਿੱਤੇ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਕੇ.ਵੀ.ਕੇ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਵੀ ਅਪੀਲ ਕੀਤੀ।
ਡਾ. ਕੰਵਰਪਾਲ ਸਿੰਘ ਢਿੱਲੋਂ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ), ਕੇ.ਵੀ.ਕੇ., ਅੰਮ੍ਰਿਤਸਰ ਨੇ ਕੋਰਸ ਕੋਆਰਡੀਨੇਟਰ ਵਜੋਂ ਕੰਮ ਕੀਤਾ ਅਤੇ ਘਰੇਲੂ ਜਾਂ ਵਪਾਰਕ ਪੱਧਰ ‘ਤੇ ਸਫਲ ਵਿਗਿਆਨਕ ਢੰਗ ਨਾਲ ਬੱਕਰੀ ਫਾਰਮ ਚਲਾਉਣ ਲਈ ਬੱਕਰੀ ਦੀਆਂ ਨਸਲਾਂ, ਖੁਰਾਕੀ ਲੋੜਾਂ, ਰਿਹਾਇਸ਼ੀ ਪ੍ਰਬੰਧ, ਬੱਕਰੀ ਦੇ ਦੁੱਧ ਉਤਪਾਦਾਂ ਦਾ ਮੰਡੀਕਰਨ, ਟੀਕਾਕਰਨ ਅਤੇ ਬੱਕਰੀਆਂ ਦੀਆਂ ਬਿਮਾਰੀਆਂ ਅਤੇ ਇਸਦੀ ਰੋਕਥਾਮ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸਿਖਿਆਰਥੀਆਂ ਨੂੰ ਬੱਕਰੀ ਪਾਲਣ ਦੇ ਆਰਥਿਕਤਾ ਅਤੇ ਰਿਕਾਰਡ ਰੱਖਣ ਦੀ ਵਿਧੀ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, ਸਿਖਲਾਈ ਕੋਰਸ ਦੌਰਾਨ ਬੱਕਰੀਆਂ ਵਿੱਚ “ਸੀ.ਐਮ.ਟੀ ਕਿੱਟਾਂ ਅਤੇ ਬੀ.ਟੀ.ਬੀ ਕਾਰਡਜ਼ ਦੁਆਰਾ ਸਭ-ਕਲੀਨੀਕਲ ਮੈਸਟੀਟਿਸ ਦੀ ਜਾਂਚ”, “ਦੰਦਾ ਤੋਂ ਬੱਕਰੀਆਂ ਦੀ ਉਮਰ ਦਾ ਪਤਾ ਲਗਾਉਣਾ” ਅਤੇ “ਦੁੱਧ ਵਿੱਚ ਪਾਈ ਜਾਣ ਵਾਲੀਆਂ ਆਮ ਮਿਲਾਵਟ ਦੀ ਪਛਾਣ ਕਰਨ” ਬਾਰੇ ਵਿਧੀ ਪ੍ਰਦਰਸ਼ਨੀਆਂ ਵੀ ਕਰਵਾਈਆਂ ਗਈਆਂ।
ਡਾ. ਪੁਨੀਤ ਸਿੰਘ, ਵੈਟਰਨਰੀ ਅਫ਼ਸਰ, ਅੰਮ੍ਰਿਤਸਰ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਬੱਕਰੀ ਪਾਲਕਾਂ ਲਈ ਉਪਲਬਧ ਸਕੀਮਾਂ ਜਿਵੇਂ ਐੱਨ.ਐਲ.ਐੱਮ ਅਤੇ ਕੇ.ਸੀ.ਸੀ. ਬਾਰੇ ਜਾਣਕਾਰੀ ਸਾਂਝੀ ਕੀਤੀ।
ਸ. ਜ਼ੋਰਾਵਰ ਸਿੰਘ , ਸਾਬਕਾ ਸਿਖਿਆਰਥੀ (ਬੱਕਰੀ ਪਾਲਣ) ਨੇ ਸਿਖਿਆਰਥੀਆਂ ਨਾਲ ਬੱਕਰੀ ਪਾਲਣ ਦੇ ਧੰਦੇ ਵਿੱਚ ਆਉਣ ਵਾਲੀਆਂ ਮੁਢਲੀਆਂ ਮੁਸ਼ਕਿਲਾਂ ਬਾਰੇ ਆਪਣਾ ਤਜਰਬਾ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ।
ਇਹ ਵੀ ਪੜੋ: Guldaudi Flower Show 2025: ਪੀ.ਏ.ਯੂ. ਵਿਖੇ 2-3 ਦਸੰਬਰ ਨੂੰ 28ਵੇਂ ਸਲਾਨਾ ਗੁਲਦਾਉਦੀ ਸ਼ੋਅ ਦਾ ਆਯੋਜਨ
ਸਿਖਲਾਈ ਪ੍ਰੋਗਰਾਮ ਦੌਰਾਨ ਦੋ ਵਿੱਦਿਅਕ ਦੌਰਿਆਂ ਦਾ ਪ੍ਰਬੰਧ ਕੀਤਾ ਗਿਆ। ਪਹਿਲਾ ਦੌਰਾ ਪਿੰਡ ਜਹਾਂਗੀਰ ਦੇ ਅਗਾਂਹਵਧੂ ਬੱਕਰੀ ਪਾਲਕ ਸ. ਗੁਰਪ੍ਰੀਤ ਸਿੰਘ ਦੇ ਫਾਰਮ ਦਾ ਕੀਤਾ ਗਿਆ, ਜਿੱਥੇ ਸਿਖਿਆਰਥੀਆਂ ਨੇ ਸਿੱਧੇ ਤੌਰ ‘ਤੇ ਗੱਲਬਾਤ ਕੀਤੀ ਅਤੇ ਮਹੱਤਵਪੂਰਨ ਨੁਕਤੇ ਪ੍ਰਾਪਤ ਕੀਤੇ। ਦੂਸਰਾ ਦੌਰਾ, ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ (KCVAS), ਅੰਮ੍ਰਿਤਸਰ ਵਿਖੇ ਵੈਟਰਨਰੀ ਕਲੀਨਿਕਲ ਕੰਪਲੈਕਸ (ਵੀ.ਸੀ.ਸੀ.) ਵਿੱਚ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੂੰ ਕਾਲਜ ਦੇ ਮਾਹਿਰ ਡਾ. ਸੁਖਦੇਵ ਸਿੰਘ ਢਿੱਲੋਂ, ਪ੍ਰੋਫੈਸਰ, KCVAS, ਅੰਮ੍ਰਿਤਸਰ ਦੁਆਰਾ ਮਾਰਗਦਰਸ਼ਨ ਕੀਤਾ ਗਿਆ।
ਦੌਰੇ ਦੌਰਾਨ, ਕਿਸਾਨਾਂ ਨੇ ਦਵਾਈ, ਸਰਜਰੀ, ਗਾਇਨੀਕੋਲੋਜੀ ਅਤੇ ਡਾਇਗਨੌਸਟਿਕਸ ਸਮੇਤ ਵੱਖ-ਵੱਖ ਕਲੀਨਿਕਲ ਵਿਭਾਗਾਂ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਪ੍ਰਯੋਗਸ਼ਾਲਾ ਇਕਾਈਆਂ (Laboratory units) ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਖੂਨ, ਦੁੱਧ ਅਤੇ ਗੋਹੇ ਦੇ ਨਮੂਨੇ ਦੀ ਜਾਂਚ ਰਾਹੀਂ ਬਿਮਾਰੀ ਦਾ ਪਤਾ ਲਗਾਉਣ ਬਾਰੇ ਸਿੱਖਿਆ ਦਿੱਤੀ ਗਈ।
ਸਮਾਪਤੀ ਸਮਾਰੋਹ ਦੌਰਾਨ ਡਾ. ਢਿੱਲੋਂ ਨੇ ਸਾਰੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਇਸ ਕਿੱਤੇ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾਣ ਲਈ ਪ੍ਰੇਰਿਤ ਕੀਤਾ। ਸਿਖਿਆਰਥੀਆਂ ਨੂੰ ਬੱਕਰੀਆਂ ਸਬੰਧੀ ਕਿਤਾਬਾਂ ਵੀ ਪ੍ਰਦਾਨ ਕੀਤੀਆਂ ਗਈਆਂ।
Summary in English: KVK Amritsar organizes “Goat Farming” vocational training course