1. Home
  2. ਖਬਰਾਂ

ਝੋਨੇ ਦੀਆਂ ਪ੍ਰਵਾਣਿਤ ਕਿਸਮਾਂ ਬਾਰੇ ਪਿੰਡ ਪੱਧਰੀ ਕੈਂਪਾਂ ਦਾ ਆਯੋਜਨ, ਨਵੀਂ ਕਿਸਮ PR 132 ਅਤੇ ਬੀਜਾਂ ਦੇ ਪ੍ਰਬੰਧਾਂ ਬਾਰੇ ਪੂਰੀ ਜਾਣਕਾਰੀ

ਝੋਨੇ ਦੀ ਨਵੀਂ ਕਿਸਮ ਪੀ ਆਰ 132 ਨੂੰ ਬਾਕੀ ਕਿਸਮਾਂ ਨਾਲੋਂ 25 ਫੀਸਦੀ ਘੱਟ ਯੂਰੀਆ ਦੀ ਲੋੜ ਪੈਂਦੀ ਹੈ। ਇਹ ਕਿਸਮ ਲੁਆਈ ਤੋਂ ਬਾਅਦ ਲਗਭਗ 111 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਇਸ ਤੋਂ ਇਲਾਵਾ...

Gurpreet Kaur Virk
Gurpreet Kaur Virk
ਨਵੀਂ ਕਿਸਮ PR 132 ਅਤੇ ਬੀਜਾਂ ਦੇ ਪ੍ਰਬੰਧਾਂ ਬਾਰੇ ਪੂਰੀ ਜਾਣਕਾਰੀ

ਨਵੀਂ ਕਿਸਮ PR 132 ਅਤੇ ਬੀਜਾਂ ਦੇ ਪ੍ਰਬੰਧਾਂ ਬਾਰੇ ਪੂਰੀ ਜਾਣਕਾਰੀ

KVK Sangrur: ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਝੋਨੇ ਦੀਆਂ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ ਪਿੰਡ ਪੱਧਰੀ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਅਧੀਨ ਬਲਾਕ ਲਹਿਰਾਗਾਗਾ ਦੇ ਪਿੰਡਾਂ ਭਾਈਕੇ ਪਿਸ਼ੌਰ ਅਤੇ ਰਾਮਗੜ੍ਹ ਸੰਧੂਆਂ ਅਤੇ ਬਲਾਕ ਭਵਾਨੀਗੜ੍ਹ ਦੇ ਪਿੰਡਾਂ ਨਾਗਰਾ ਅਤੇ ਝਨੇੜੀ ਵਿਖੇ ਕਿਸਾਨ ਸਿਖਲਾਈ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਕੈਂਪਾਂ ਦੌਰਾਨ ਡਾ. ਮਨਦੀਪ ਸਿੰਘ, ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਝੋਨੇ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਘੱਟ ਅਤੇ ਦਰਮਿਆਨੇ ਸਮੇਂ ਦੀਆਂ ਕਿਸਮਾਂ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ ਗਈ।

ਇਸ ਤੋਂ ਇਲਾਵਾ ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ 20 ਮਈ ਤੋਂ ਅਤੇ ਇਸ ਦੀ ਲੁਆਈ 20 ਜੂਨ ਤੋਂ ਸ਼ੁਰੂ ਕਰਨ ਦੀ ਵੀ ਸਿਫਾਰਸ਼ ਕੀਤੀ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਨਵੀਂ ਕਿਸਮ ਪੀ ਆਰ 132 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਸਮ ਨੂੰ ਬਾਕੀ ਕਿਸਮਾਂ ਨਾਲੋਂ 25 ਫੀਸਦੀ ਘੱਟ ਯੂਰੀਆ ਦੀ ਲੋੜ ਪੈਂਦੀ ਹੈ। ਇਹ ਕਿਸਮ ਲੁਆਈ ਤੋਂ ਬਾਅਦ ਲਗਭਗ 111 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ। ਇਸ ਤੋਂ ਇਲਾਵਾ ਉਹਨਾਂ ਝੋਨੇ ਦੀਆਂ ਹੋਰ ਪ੍ਰਵਾਨਿਤ ਕਿਸਮਾਂ ਜਿਵੇਂ ਕਿ ਪੀ ਆਰ 131, ਪੀ ਆਰ 128, ਪੀ ਆਰ 126 ਅਤੇ ਪੀ ਆਰ 114 ਬਾਰੇ ਵੀ ਵਿਸਥਾਰਤ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਬਾਸਮਤੀ ਦੀਆਂ ਉੱਨਤ ਕਿਸਮਾਂ ਪੂਸਾ ਬਾਸਮਤੀ 1847, ਪੂਸਾ ਬਾਸਮਤੀ 1509, ਪੰਜਾਬ ਬਾਸਮਤੀ 7, ਬਾਸਮਤੀ 1121ਅਤੇ 1718 ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਹੀ ਉਹਨਾਂ ਨੂੰ ਝੋਨੇ ਦੀ ਕਾਸ਼ਤ ਵਿੱਚ ਪਾਣੀ ਦੀ ਬੱਚਤ ਲਈ ਹੋਰ ਤਕਨੀਕਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਕਿਸਾਨਾਂ ਨੂੰ ਬਾਸਮਤੀ ਅਤੇ ਝੋਨੇ ਦੀ ਪਨੀਰੀ ਤਿਆਰ ਕਰਨ ਅਤੇ ਉਸ ਵਿੱਚ ਬੀਜ ਦੀ ਸੋਧ, ਨਦੀਨ ਪ੍ਰਬੰਧਨ ਅਤੇ ਖਾਦਾਂ ਦੀ ਵਰਤੋਂ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ।

ਡਾ. ਮਨਦੀਪ ਸਿੰਘ ਨੇ ਬਾਸਮਤੀ ਵਿੱਚ ਝੰਡਾ ਰੋਗ ਦੀ ਰੋਕਥਾਮ ਬਾਰੇ ਟ੍ਰਾਈਕੋਡਰਮਾ ਐਸਪੈਰੇਲਮ ਦੀ ਵਰਤੋਂ ਉੱਪਰ ਵੀ ਚਾਨਣਾ ਪਾਇਆ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸੀਨਰੀ) ਨੇ ਕਿਸਾਨਾਂ ਨਾਲ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਲੱਕੀ ਸੀਡ ਮਸ਼ੀਨ ਦੀ ਵਰਤੋਂ ਬਾਰੇ ਸਮੁੱਚੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਝੋਨੇ ਦੀ ਮਸ਼ੀਨੀ ਲਵਾਈ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਅਤੇ ਮੈਟ ਟਾਈਪ ਨਰਸਰੀ ਤਿਆਰ ਕਰਨ ਦੀ ਵਿਧੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ: ਧਰਤੀ ਹੇਠਲੇ ਪਾਣੀ ਦੀ ਸੰਭਾਲ ਜਰੂਰੀ: Dr. Gurdev Singh Khush

ਇਹਨਾਂ ਕੈਂਪਾਂ ਦੌਰਾਨ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਨਵੀਂ ਪ੍ਰਵਾਣਿਤ ਕਿਸਮ ਪੀ ਆਰ 132 ਅਤੇ ਸਾਉਣੀ 2025 ਦੀਆਂ ਕਿਤਾਬਾਂ ਵੀ ਮੁਹਈਆ ਕਾਰਵਾਈ ਗਈਆਂ। ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ ਵਿਖੇ ਸਥਾਪਿਤ ਬੀਜਾਂ ਦੀ ਦੁਕਾਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਜਿੱਥੇ ਕਿ ਝੋਨੇ ਦੀਆਂ ਪੀ ਆਰ 132, 131, 128 ਅਤੇ 126 ਦਾ ਬੀਜ ਉਪਲਬੱਧ ਹੈ। ਇਸ ਤੋਂ ਇਲਾਵਾ ਪੂਸਾ ਬਾਸਮਤੀ 1847 ਦਾ ਬੀਜ ਵੀ ਵਿਕਰੀ ਲਈ ਉਪਲੱਬਧ ਹੈ। ਇਹ ਦੁਕਾਨ ਹਫਤੇ ਦੇ ਸਾਰੇ ਦਿਨ ਖੁੱਲੀ ਰਹਿੰਦੀ ਹੈ।

Summary in English: kvk sangrur Organizing village level camps on approved varieties of paddy, complete information about new variety PR 132

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters