
ਵਿਦੇਸ਼ ਜਾਣ ਦੀ ਹੋੜ ਕਿਉਂ?
Migration from Punjab: ਜਦੋਂ ਤੋਂ ਅਮਰੀਕਾ ਸਰਕਾਰ ਨੇ ਗਲਤ ਢੰਗ ਨਾਲ ਉਥੇ ਗਏ ਭਾਰਤੀਆਂ ਨੂੰ ਹੱਥਕੜੀਆਂ ਲਗਾ ਕੇ ਆਪਣੇ ਫੌਜੀ ਜਹਾਜ ਰਾਹੀਂ ਵਾਪਸ ਭੇਜਿਆ ਹੈ ਉਦੋਂ ਤੋਂ ਪਰਵਾਸ ਬਾਰੇ ਸਾਰੇ ਦੇਸ਼ ਵਿਸ਼ੇਸ਼ ਕਰਕੇ ਪੰਜਾਬ ਵਿਚ ਚਰਚਾ ਜੋਰਾਂ ਉੱਤੇ ਹੈ।
ਇਸ ਵਿਸ਼ੇ ਉੱਤੇ ਸੈਮੀਨਾਰ ਅਤੇ ਗੋਸ਼ਟੀਆਂ ਹੋ ਰਹੀਆਂ ਹਨ, ਵਿਦਵਾਨ ਆਪਣੇ ਵਿਚਾਰ ਸਾਂਝੇ ਕਰਦੇ ਹਨ ਅਖ਼ਬਾਰਾਂ ਦੇ ਸਥਾਨਿਕ ਪੰਨਿਆਂ ਉੱਤੇ ਖ਼ਬਰਾਂ ਛੱਪ ਜਾਂਦੀਆਂ ਹਨ। ਇਸ ਤੋਂ ਅੱਗੇ ਤਾਂ ਸ਼ਾਇਦ ਹੀ ਕੁੱਝ ਹੁੰਦਾ ਹੋਵੇ।
ਇਸ ਤਰ੍ਹਾਂ ਵਾਪਸ ਭੇਜਣਾ ਕੋਈ ਨਵਾਂ ਵਰਤਾਰਾ ਨਹੀਂ ਹੈ ਅਜੇਹਾ ਪਿਛਲੀ ਅੱਧੀ ਸਦੀ ਤੋਂ ਹੋ ਰਿਹਾ ਹੈ। ਕਾਮਾਗਾਟਾ ਮਾਰੂ ਜਹਾਜ ਦਾ ਦੁਖਾਂਤ ਵੀ ਇਸੇ ਲੜੀ ਵਿੱਚ ਆਉਂਦਾ ਹੈ। ਉਸ ਜਹਾਜ ਵਿੱਚ ਪੰਜਾਬੀ ਉਥੋਂ ਦੀ ਸਰਕਾਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਇੱਕ ਸਮੁੰਦਰੀ ਜਹਾਜ ਨੂੰ ਕਿਰਾਏ ਉਤੇ ਲੈਕੇ ਬੀ ਸੀ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁੱਜੇ ਸਨ। ਪਰ ਕੈਨੇਡਾ ਸਰਕਾਰ ਨੇ ਉਨ੍ਹਾਂ ਨੂੰ ਜਹਾਜ ਵਿੱਚੋਂ ਉਤਰਨ ਹੀ ਨਹੀਂ ਸੀ ਦਿੱਤਾ। ਅਖ਼ੀਰ ਮਜਬੂਰ ਹੋਕੇ ਵਾਪਸ ਮੁੜਨਾ ਪਿਆ ਅਤੇ ਕਲਕੱਤੇ ਪੁਜ ਅੰਗਰੇਜ ਸਰਕਾਰ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ।
ਪਰਵਾਸ ਕੋਈ ਨਵਾਂ ਵਰਤਾਰਾ ਨਹੀਂ ਹੈ। ਇਹ ਤਾਂ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਮਨੁੱਖ ਨੇ ਜੰਗਲਾਂ ਵਿੱਚੋਂ ਨਿਕਲ ਘਰ ਬਣਾ ਕੇ ਰਹਿਣਾ ਸ਼ੁਰੂ ਕੀਤਾ। ਮੁੱਢਲਾ ਕਿੱਤਾ ਖੇਤੀ ਅਤੇ ਪਸ਼ੂ ਪਾਲਣ ਹੀ ਸੀ। ਇਸ ਲਈ ਧਰਤੀ ਦੀ ਲੋੜ ਹੈ। ਜਰਖੇਜ਼ ਧਰਤੀ ਦੀ ਭਾਲ ਵਿੱਚ ਹੀ ਪੰਜਾਬੀ ਜਿਨ੍ਹਾਂ ਨੂੰ ਆਰੀਆ ਆਖਿਆ ਜਾਂਦਾ ਹੈ ਉਹ ਮਧ ਪੂਰਬ ਏਸ਼ੀਆ ਅਤੇ ਬੋਰੋਪ ਨੂੰ ਆਏ ਹਨ। ਜਰਮਨੀ ਦੇ ਇੱਕ ਟਾਪੂ ਦਾ ਨਾਮ ਜੁਟ ਲੈਂਡ ਹੈ ਜਿਥੇ ਦੇ ਵਾਸੀ ਪ੍ਰਸਿਧ ਪਸ਼ੂ ਪਾਲਕ ਹਨ। ਜਾਪਦਾ ਹੈ ਜੱਟ ਲੋਕ ਉਥੋਂ ਹੀ ਆਏ ਹੋਣਗੇ।
ਆਰੀਆ ਲੋਕ ਪੰਜਾਬ ਤੱਕ ਸੀਮਤ ਨਹੀਂ ਰਹੇ ਸਗੋਂ ਗੁਜਰਾਤ ਤੱਕ ਪਹੁੰਚ ਗਏ। ਇਹ ਮੰਨਿਆ ਜਾਂਦਾ ਹੈ ਉਥੋਂ ਦੇ ਪਾਟਿਲ ਲੋਕ ਪੰਜਾਬ ਵਿੱਚੋਂ ਹੀ ਗਏ ਸਨ। ਯੌਰੋਪ ਦੇ ਲੋਕਾਂ ਦੇ ਖੂਨ ਵਿੱਚ ਪਰਵਾਸ ਰਚਿਆ ਹੋਇਆ ਹੈ ਜਿਸ ਦਾ ਅਸਰ ਆਰੀਆਂ ਲੋਕਾਂ ਵਿੱਚ ਵੀ ਹੈ ਕਿਉਂਕਿ ਉਹ ਵੀ ਉਸੇ ਖਿੱਤੇ ਤੋਂ ਪਰਵਾਸ ਕਰਕੇ ਆਏ ਹਨ। ਯੌਰਪੀਨ ਦੇਸ਼ਾਂ ਨੇ ਜਦੋਂ ਸਮੁੰਦਰੀ ਸਫ਼ਰ ਲਈ ਕਿਸ਼ਤੀਆਂ ਬਣਾ ਲਈਆਂ ਤਾਂ ਉਹ ਨਵੀਆਂ ਥਾਵਾਂ ਦੀ ਭਾਲ ਵਿੱਚ ਨਿਕਲੇ ਅਤੇ ਅਮਰੀਕਾ, ਕੈਨੇਡਾ, ਨਿਊਜੀਲੈਂਡ, ਆਸਟ੍ਰੇਲੀਆ ਤੇ ਸਾਊਥ ਅਫ਼ਰੀਕਾ ਉਤੇ ਕਬਜਾ ਕਰਕੇ ਪੱਕੇ ਤੌਰ ਉੱਤੇ ਉਥੇ ਰਹਿਣਾ ਸ਼ੁਰੂ ਕੀਤਾ।
ਇਹ ਵੀ ਪੜ੍ਹੋ: Digital Literacy Camp: ਵੈਟਨਰੀ ਯੂਨੀਵਰਸਿਟੀ ਵੱਲੋਂ ਕੌਮੀ ਸੇਵਾ ਯੋਜਨਾ ਅਧੀਨ ਕਰਵਾਇਆ ਡਿਜੀਟਲ ਸਾਖ਼ਰਤਾ ਕੈਂਪ
ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਪੰਜਾਬੀ ਮੁੰਡੇ ਵੱਡੀ ਗਿਣਤੀ ਵਿੱਚ ਭਰਤੀ ਹੋਏ ਸਨ। ਲੜਾਈ ਖਤਮ ਹੋਣ ਪਿਛੋਂ ਉਨ੍ਹਾਂ ਨੇ ਯੌਰਪ ਜਾਂ ਹੋਰ ਦੇਸ਼ਾਂ ਵਿੱਚ ਵਸਣ ਦੀ ਥਾਂ ਵਾਪਸ ਆਪਣੇ ਵਤਨ ਮੁੜਨਾ ਹੀ ਮੁਨਾਸਿਬ ਸਮਝਿਆ। ਪਰਵਾਸ ਸਭ ਤੋਂ ਪਹਿਲਾਂ ਦੁਆਬੇ ਤੇ ਮਾਝੇ ਤੋਂ ਸ਼ੁਰੂ ਹੋਇਆ। ਇਥੋਂ ਦੀ ਸਾਰੀ ਧਰਤੀ ਵਾਹੀ ਯੋਗ ਅਤੇ ਸਿੰਚਾਈ ਸਹੂਲਤਾਂ ਹੋਣ ਕਰਕੇ ਵਸੋਂ ਸੰਘਣੀ ਹੈ ਜਿਸ ਕਾਰਨ ਜ਼ਮੀਨ ਦੀਆਂ ਵੰਡੀਆਂ ਪੈਣ ਨਾਲ ਬਹੁਤੇ ਵਾਹੀਦਾਰ ਛੋਟੇ ਕਿਸਾਨਾਂ ਦੀ ਗਿਣਤੀ ਵਿੱਚ ਆ ਗਏ। ਮਾਲਵੇ ਵਿੱਚ ਸਿੰਚਾਈ ਸਹੂਲਤਾਂ ਦੀ ਘਾਟ ਸੀ। ਕਈ ਥਾਵੀਂ ਤਾਂ ਪੀਣ ਦੇ ਪਾਣੀ ਦੀ ਵੀ ਦਿੱਕਤ ਸੀ। ਬਹੁਤੇ ਰੇਤ ਦੇ ਟਿੱਬੇ ਸਨ ਜਿਸ ਕਰਕੇ ਵਸੋਂ ਪੇਤਲੀ ਸੀ ਤੇ ਪਰਿਵਾਰ ਵੱਧ ਜ਼ਮੀਨ ਦੇ ਮਾਲਕ ਸਨ।
ਫ਼ੌਜ ਵਿੱਚ ਭਰਤੀ ਵੀ ਦੁਆਬੇ ਅਤੇ ਮਾਝੇ ਦੇ ਮੁੰਡਿਆਂ ਦੀ ਹੀ ਵੱਧ ਹੋਈ ਸੀ। ਦੇਸ਼ ਦੇ ਅੰਦਰ ਵੀ ਜਦੋਂ ਮੌਕਾ ਮਿਲਿਆ ਇਥੋਂ ਦੇ ਲੋਕਾਂ ਆਪਣੇ ਜੱਦੀ ਘਰਾਂ ਨੂੰ ਤਿਆਗਿਆ। ਪੱਛਮੀ ਪੰਜਾਬ ਵਿੱਚ ਜਦੋਂ ਅੰਗਰੇਜ਼ਾਂ ਨੇ ਨਹਿਰਾਂ ਕੱਢੀਆਂ ਤਾਂ ਉਨ੍ਹਾਂ ਜੰਗਲਾਂ ਨੂੰ ਅਬਾਦ ਵੀ ਪੂਰਬੀ ਪੰਜਾਬ ਦੇ ਕਿਸਾਨਾਂ ਨੇ ਹੀ ਕੀਤੀ ਸੀ। ਬੀਕਾਨੇਰ ਦੇ ਰੇਗਿਸਤਾਨ ਨੂੰ ਅਤੇ ਯੂ.ਪੀ. ਦੇ ਤਰਾਈ ਇਲਾਕੇ ਦੇ ਜੰਗਲਾਂ ਨੂੰ ਵੀ ਵਾਹੀਯੋਗ ਪੰਜਾਬੀਆਂ ਹੀ ਬਣਾਇਆ। ਜ਼ਮੀਨ ਦੀ ਭਾਲ ਵਿੱਚ ਤਾਂ ਪੰਜਾਬੀਆਂ ਨੇ ਕਾਲੇ ਪਾਣੀ ਜਾਕੇ ਵੀ ਪਿੰਡ ਵਸਾਏ ਹਨ। ਵੀਹਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬੀਆਂ ਨੂੰ ਮਜ਼ਦੂਰੀ ਲਈ ਅੰਗਰੇਜ਼ ਅਫ਼ਰੀਕਾ, ਸਿੰਘਾਪੁਰ, ਮਲਾਇਆ, ਕੈਨੇਡਾ ਆਦਿ ਦੇਸ਼ਾਂ ਵਿੱਚ ਲੈਕੇ ਗਏ। ਇਨ੍ਹਾਂ ਵਿੱਚੋਂ ਬਹੁਤੇ ਉਥੋਂ ਦੇ ਹੀ ਵਾਸੀ ਬਣ ਗਏ।
ਅਜਾਦੀ ਪਿਛੋਂ ਪਰਵਾਸ ਸਰਵਿਆਂ ਵਿੱਚ ਸ਼ੁਰੂ ਹੋਇਆਂ ਜਦੋਂ ਇੰਗਲੈਂਡ ਨੇ ਆਪਣੇ ਦਰਵਾਜੇ ਵਿਦੇਸ਼ੀ ਮਜ਼ਦੂਰਾਂ ਲਈ ਖੋਲ੍ਹੇ। ਉਦੋਂ ਸਮੁੰਦਰੀ ਜਹਾਜ ਦੀ ਟਿਕਟ 800/- ਰੁਪਏ ਸੀ। ਜਿਹੜੇ ਪੈਸਿਆਂ ਦਾ ਪ੍ਰਬੰਧ ਕਰ ਸਕੇ ਉਹ ਇੰਗਲੈਂਡ ਪੁਜ ਗਏ। ਉਥੇ ਉਨ੍ਹਾਂ ਹੱਡ ਤੋੜਵੀਂ ਮਿਹਨਤ ਕੀਤੀ। ਜਦੋਂ ਕੁਝ ਸਾਲਾਂ ਪਿਛੋਂ ਉਹ ਵਾਪਸ ਪੰਜਾਬ ਆਏ ਤਾਂ ਵਧੀਆ ਘਰ ਬਣਾਏ, ਵਿਆਹ ਸ਼ਾਦੀਆਂ ਵਿੱਚ ਪੂਰਾ ਵਿਖਾਵਾ ਕੀਤਾ ਤੇ ਵਾਪਸੀ ਉਤੇ ਆਪਣੇ ਟੱਬਰ ਨੂੰ ਵੀ ਨਾਲ ਲੈ ਗਏ। ਇੰਝ ਇੰਗਲੈਂਡ ਜਾਣ ਦੇ ਰੁਝਾਂਨ ਵਿੱਚ ਵਾਧਾ ਹੋਇਆ। ਇਨ੍ਹਾਂ ਦੀ ਸ਼ਾਨ ਨੂੰ ਵੇਖ ਬਾਕੀ ਸ਼ਰੀਕੇ ਵਾਲਿਆਂ ਅੰਦਰ ਵੀ ਅਮੀਰ ਬਣਨ ਦੀ ਲਾਲਸਾ ਜਾਗੀ। ਉਥੇ ਕੀਤੀ ਸਖਤ ਮਿਹਤਨ ਕਿਸੇ ਨੂੰ ਨਜ਼ਰ ਨਹੀਂ ਆਈ ਬਸ ਪੌਂਡਾਂ ਦਾ ਲਿਸ਼ਕਾਰਾ ਹੀ ਨਜ਼ਰੀ ਪਿਆ।
ਇਹ ਵੀ ਪੜ੍ਹੋ: New Technology: ਦਰਖਤਾਂ ਦੇ ਝੜੇ ਹੋਏ ਪੱਤਿਆਂ ਦੀ ਸੁਚੱਜੀ ਵਰਤੋਂ ਲਈ ਮਸ਼ੀਨੀ ਤਕਨੀਕ ਇਜਾਤ
ਖੇਤੀ ਵਿੱਚ ਆਏ ਸੁਧਾਰ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਇਸ ਦਾ ਫ਼ਾਇਦਾ ਜਿਥੇ ਵਿੱਦਿਆ ਦੇ ਵਿਉਪਾਰੀਆਂ, ਸਨਅੱਤਕਾਰਾਂ ਨੇ ਚੁਕਿਆ ਉਥੇ ਹਰ ਨੁਕਰ ਉਤੇ ਵਿਦੇਸ਼ ਭੇਜਣ ਦੇ ਦਫ਼ਤਰ ਖੁੱਲ੍ਹ ਗਏ । ਸਬਜ਼ਬਾਗ ਵਿਖਾ ਏਜੰਟਾਂ ਨੇ ਲੋਕਾਂ ਨੂੰ ਗਲਤ ਸਹੀ ਢੰਗ ਨਾਲ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ। ਪੰਜਾਬ ਦੇ ਕਾਲੇ ਦੌਰ ਦੇ ਦਿਨਾਂ ਵਿੱਚ ਮਜਬੂਰ ਹੋਕੇ ਲੋਕਾਂ ਨੂੰ ਆਪਣੇ ਮੁੰਡੇ ਬਾਹਰ ਭੇਜਣੇ ਪਏ। ਉਸ ਸਥਿਤੀ ਦਾ ਲਾਭ ਏਜੰਟਾਂ, ਰਾਜਸੀ ਆਗੂਆਂ ਅਤੇ ਧਾਰਮਿਕ ਆਗੂਆਂ ਨੇ ਉਠਾਇਆ। ਦੇਸ਼ ਵਿੱਚ ਖਤਰੇ ਦੇ ਸਰਟੀਫਿਕੇਟ ਪੈਸੇ ਲੈਕੇ ਦਿੱਤੇ ਗਏ ਤਾਂ ਜੋ ਵਿਦੇਸ਼ ਜਾਕੇ ਰਾਜਸੀ ਸ਼ਰਨ ਲਈ ਅਰਜੀ ਦਿੱਤੀ ਜਾ ਸਕੇ। ਪਿੰਡਾਂ ਵਿੱਚ ਸ਼ਰੀਕੇਬਾਜੀ ਹੈ। ਅਖਾਣ ਹੈ, 'ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਇਕੱਲੀ'। ਸ਼ਰੀਕੇਬਾਜੀ ਨੇ ਵੀ ਵਿਦੇਸ਼ ਵੱਲ ਉਡਾਰੀਆਂ ਮਾਰਨ ਨੂੰ ਉਤਸ਼ਾਹਿਤ ਕੀਤਾ। ਹੁਣ ਇਹ ਹਾਲਤ ਹੈ ਕਿ ਸੰਸਾਰ ਦਾ ਸ਼ਾਇਦ ਹੀ ਕੋਈ ਅਜੇਹਾ ਦੇਸ਼ ਹੋਵੇਗਾ ਜਿੱਥੇ ਪੰਜਾਬੀ ਨਾ ਪੁੱਜੇ ਹੋਣ।
ਗਲਤ ਢੰਗ ਨਾਲ ਗਏ ਹੋਏ ਮੁੰਡਿਆਂ ਨੂੰ ਏਜੰਟਾਂ ਨੇ ਹੌਲੀ ਹੌਲੀ ਪੱਕੇ ਕਰ ਹੀ ਦਿੱਤਾ। ਭਾਵੇਂ ਇਹ ਕਿਸੇ ਪੱਕੀ ਕੁੜੀ ਨਾਲ ਨਕਲੀ ਵਿਆਹ ਹੀ ਕਿਉਂ ਨਾ ਹੋਵੇ। ਵਿਦੇਸ਼ ਜਾਣ ਵਿੱਚ ਤੇਜੀ ਕੈਨੇਡਾ, ਨਿਊਜੀਲੈਂਡ ਅਤੇ ਅਸਟ੍ਰੇਲੀਆ ਨੇ ਜਦੋਂ ਵਿਦੇਸ਼ੀ ਵਿਦਿਆਰਥੀਆਂ ਲਈ ਆਪਣੇ ਦਰਵਾਜੇ ਖੋਲ੍ਹੇ। ਪੰਜਾਬ ਵਿੱਚ ਤੁਹਾਨੂੰ ਮੁਕਾਬਲੇ ਦੇ ਇਮਤਿਹਾਨ ਵਿੱਚ ਤਿਆਰੀ ਕਰਵਾਉਣ ਲਈ ਕੋਈ ਕੋਚਿੰਗ ਸੈਂਟਰ ਨਜ਼ਰ ਨਹੀਂ ਆਉਂਦਾ ਪਰ ਰਾਤੋ ਰਾਤ ਹਰੇਕ ਮੁਹੱਲੇ ਵਿੱਚ ਆਈ ਲੈਟ ਕਰਵਾਉਣ ਵਾਲਿਆਂ ਦੇ ਕੇਂਦਰ ਖੁੱਲ੍ਹ ਗਏ। ਇਸ ਵਿੱਚ ਵੀ ਬੇਈਮਾਨੀ ਆ ਗਈ। ਇਨ੍ਹਾਂ ਦੇਸ਼ਾਂ ਵਿੱਚ ਫਰਜੀ ਯੂਨੀਵਰਸਿਟੀਜ਼ ਖੁੱਲ ਗਈਆਂ। ਉਨ੍ਹਾਂ ਵਿੱਚ ਵੱਡੀਆਂ ਫ਼ੀਸਾਂ ਦੇ ਕੇ ਦਾਖਲੇ ਹੋਏ ਤੇ ਵੱਡੀ ਗਿਣਤੀ ਵਿੱਚ ਮੁੰਡਿਆਂ ਤੇ ਹੁਣ ਕੁੜੀਆਂ ਨੇ ਪੜ੍ਹਾਈ ਪੱਜ ਜਾਣਾ ਸ਼ੁਰੂ ਕਰ ਦਿੱਤਾ।
ਪੰਜਾਬ ਵਿੱਚ ਉਚੇਰੀ ਪੜ੍ਹਾਈ ਲਈ ਪਹਿਲਾਂ ਨਿੱਜੀ ਕਾਲਿਜ ਤੇ ਮੁੜ ਯੂਨੀਵਰਸਿਟੀਜ਼ ਖੁੱਲ੍ਹ ਗਈਆਂ। ਇਨ੍ਹਾਂ ਦੀ ਉੱਚੀ ਫ਼ੀਸ ਦੇਣ ਨਾਲੋਂ ਬੱਚਿਆਂ ਨੇ ਬਾਹਰ ਜਾਣ ਬੇਹਤਰ ਸਮਝਿਆ। ਇਸ ਤੋਂ ਇਹ ਨਿਖੇੜਿਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨੇ ਵਿੱਦਿਆ ਵੱਲੋਂ ਆਪਣੇ ਹੱਥ ਖਿੱਚ ਲਏ ਤੇ ਵਿਉਪਾਰੀਆਂ ਲਈ ਇਹ ਵਧੀਆ ਵਿਉਪਾਰ ਬਣ ਗਈ। ਮੁੰਡਿਆਂ ਨੂੰ ਕੁਰਾਹੇ ਪਾਉਣ ਵਿੱਚ ਸਾਡੀਆਂ ਰਾਜਸੀ ਪਾਰਟੀਆਂ ਦਾ ਵੀ ਹੱਥ ਹੈ। ਉਨ੍ਹਾਂ ਮੁੰਡਿਆਂ ਨੂੰ ਆਪਣੇ ਮਗਰ ਲਾਇਆ, ਪੜ੍ਹਾਈ ਵੱਲੋਂ ਧਿਆਨ ਹਟਾ ਦਾਦਾਗਿਰੀ ਦਾ ਪਾਠ ਪੜ੍ਹਾਇਆ। ਕਾਨੂੰਨ ਦੀ ਪਾਲਣਾ ਨਾ ਕਰਨਾ ਮੁੰਡਿਆਂ ਨੂੰ ਸਾਡੇ ਆਗੂਆਂ ਹੀ ਸਿਖਾਇਆ। ਇਨ੍ਹਾਂ ਹੀ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਉਤਸਾਹਿਤ ਕੀਤਾ ਕਿਉਂਕਿ ਚੋਣਾ ਉਤੇ ਬੇਤਹਾਸ਼ਾ ਖਰਚ ਹੋਣ ਲੱਗ ਪਿਆ।
ਇਹ ਵੀ ਪੜ੍ਹੋ: MISSION 2047: MIONP, ਭਾਰਤ ਨੂੰ ਜੈਵਿਕ, ਕੁਦਰਤੀ ਅਤੇ ਲਾਭਦਾਇਕ ਬਣਾਉਣ ਲਈ ਦਿੱਲੀ ਵਿਖੇ ਅੰਤਰਰਾਸ਼ਟਰੀ ਕਾਨਫਰੰਸ
ਪੰਜਾਬ ਵਿੱਚ ਮਾਇਆ ਦੀ ਦੌੜ ਨੇ ਗੁਰੂ ਸਾਹਿਬਾਨ ਦੇ ਉਪਦੇਸ਼ ਕਿਰਤ, ਸੱਤ, ਸੰਤੋਖ ਤੇ ਗਿਆਨ ਤੋਂ ਲੋਕਾਂ ਨੂੰ ਦੂਰ ਭਜਾਇਆ। ਹਰੇਕ ਦਫ਼ਤਰ ਵਿੱਚ ਪੈਸੇ ਜਾਂ ਸਿਫ਼ਾਰਸ਼ ਤੋਂ ਬਗੈਰ ਕੋਈ ਕੰਮ ਹੁੰਦਾ ਹੀ ਨਹੀਂ ਵਾਲੀ ਸਥਿਤੀ ਨੇ ਇਥੇ ਚੰਗੇ ਖਾਂਦੇ ਪੀਂਦੇ ਘਰਾਂ ਦੇ ਮਾਲਕਾਂ ਨੂੰ ਬਾਹਰ ਜਾਣ ਲਈ ਉਕਸਾਇਆ। ਕਾਲਿਜਾਂ ਵਿੱਚ ਮੀਆਂ ਬੀਵੀ ਦੋਵੇਂ ਵਧੀਆਂ ਤਨਖਾਹ ਲੈਣ ਵਾਲਿਆਂ ਨੇ ਵੀ ਪੀ ਆਰ ਲੈਣ ਲਈ ਅਰਜ਼ੀਆਂ ਦਿੱਤੀਆਂ ਤੇ ਉਹ ਬਾਹਰ ਚਲੇ ਗਏ। ਇਥੋਂ ਦੇ ਕਾਰੋਬਾਰੀ ਇੰਨਸਪੈਕਟਰੀ ਰਾਜ ਤੋਂ ਦੁਖੀ ਹੋਕੇ ਆਪਣਾ ਕਾਰੋਬਾਰ ਸਮੇਟ ਬਾਹਰ ਜਾ ਰਹੇ ਹਨ। ਹੁਣ ਹਰੇਕ ਕਾਲਿਜ, ਯੂਨੀਵਰਸਿਟੀ ਜਾਂ ਦਫ਼ਤਰ ਵਿੱਚ ਮੁੰਡੇ ਬਹੁਤ ਘਟ ਨਜ਼ਰ ਆਉਂਦੇ ਹਨ। ਪੰਜਾਬ ਵਿੱਚ ਰੁਜ਼ਗਾਰ ਦੀ ਘਾਟ ਨਹੀਂ ਹੈ ਪਰ ਕੋਈ ਵੀ ਸਰਕਾਰ ਬੱਚਿਆਂ ਦਾ ਮਾਰਗ ਦਰਸ਼ਨ ਨਹੀਂ ਕਰ ਸਕੀ। ਕਿਸੇ ਵੀ ਕਾਲਿਜ ਜਾਂ ਸੰਸਥਾ ਵਿੱਚ ਬੱਚਿਆਂ ਨੂੰ ਮੁਕਾਬਲੇ ਦੇ ਇਮਤਿਹਨ ਲਈ ਤਿਆਰ ਨਹੀਂ ਕੀਤਾ ਜਾਂਦਾ ਜਿਸ ਦਾ ਨਤੀਜਾ ਕਿ ਪੰਜਾਬ ਦੇ ਬਹੁਤੇ ਅਫ਼ਸਰ ਦੂਜੇ ਸੂਬਿਆਂ ਤੋਂ ਆਏ ਹਨ। ਸਰਦਾਰ ਕੈਰੋਂ ਨੇ ਤਕਨੀਕੀ ਸਿਖਲਾਈ ਦੇਣ ਲਈ ਜਿਹੜੀਆਂ ਸੰਸਥਾਵਾਂ ਬਣਾਈਆਂ ਸਨ ਉਹ ਵੀ ਬੱਚਿਆਂ ਨੂੰ ਹੁਨਰੀ ਨਹੀਂ ਬਣਾ ਸਕੀਆਂ।
ਪੰਜਾਬ ਵਿੱਚ ਹੁਣ ਬਹੁਤੇ ਹੁਨਰੀ ਕਾਮੇ ਦੂਜੇ ਸੂਬਿਆਂ ਤੋਂ ਹੀ ਆਏ ਹਨ। ਪੰਜਾਬੀ ਮੁੰਡੇ ਕੇਵਲ ਮੋਟਰ ਮਕੈਨਕੀ ਵਿੱਚ ਹੀ ਕਿਤੇ ਕਿਤੇ ਨਜ਼ਰ ਆਉਂਦੇ ਹਨ। ਜੇਕਰ ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਆਕੇ ਲੱਖਾਂ ਕਾਮੇ ਇਥੇ ਚੰਗੀ ਕਮਾਈ ਕਰ ਰਹੇ ਹਨ ਤਾਂ ਪੰਜਾਬੀ ਇਹ ਕੰਮ ਕਿਉਂ ਨਹੀਂ ਕਰ ਰਹੇ? ਹੱਥੀਂ ਕੰਮ ਕਰਨਾ ਤਾਂ ਪੰਜਾਬੀਆਂ ਲਈ ਹੇਠੀ ਸਮਝੀ ਜਾਣ ਲੱਗ ਪਈ ਹੈ। ਹੁਣ ਤਾਂ ਘਰਾਂ ਵਿੱਚ ਵੀ ਸੁਆਣੀਆਂ ਨੇ ਕੰਮ ਕਰਨਾ ਛੱਡ ਦਿੱਤਾ ਹੈ। ਦੂਜੇ ਸੂਬਿਆਂ ਤੋਂ ਆਈਆਂ ਔਰਤਾਂ ਹੀ ਕੰਮ ਕਰਦੀਆਂ ਹਨ। ਪੰਜਾਬੀਆਂ ਨੇ ਮਿਹਨਤ ਕਰਨੀ ਛੱਡ ਦਿੱਤੀ ਹੈ। ਦੁੱਧ, ਮੱਖਣ, ਘੀ ਤੋਂ ਦੂਰੀ ਬਣਾ ਜੰਕ ਫ਼ੂਡ ਖਾਣ ਲੱਗ ਪਏ ਹਨ। ਵਿਹਲ ਨੇ ਕੁਰਾਹੇ ਪਾ ਦਿੱਤਾ ਹੈ। ਇਸੇ ਕਰਕੇ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਖੇਤੀ ਹੇਠ ਧਰਤੀ ਘਟ ਰਹੀ ਹੈ। ਪਿੰਡਾਂ ਦੇ ਪਿੰਡ ਸ਼ਹਿਰ ਖਾ ਰਹੇ ਹਨ। ਫਿਰ ਉਜੜੇ ਪਿੰਡਾਂ ਦੇ ਵਾਸੀ ਜ਼ਮੀਨ ਵੇਚ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਹੀ ਜਾਣਗੇ। ਜਿਹੜੇ ਪਿੰਡ ਵਿੱਚ ਜ਼ਿੰਮੀਦਾਰ ਸਨ ਉਹ ਇੱਥੇ ਫੈਕਟਰੀਆਂ ਵਿੱਚ ਮਜ਼ਦੂਰੀ ਨਹੀਂ ਕਰ ਸਕਦੇ। ਉਹ ਮਾਲਕਾਂ ਦੀਆਂ ਝਿੜਕਾਂ ਅਤੇ ਗਾਹਲਾਂ ਨਹੀਂ ਝੱਲ ਸਕਦੇ।
ਅਸਲ ਵਿੱਚ ਜਦੋਂ ਦਾ ਪੰਜਾਬੀ ਸੂਬਾ ਹੋਂਦ ਵਿੱਚ ਆਇਆਂ ਹੈ ਪੰਜਾਬ ਨੂੰ ਕੋਈ ਵਧੀਆਂ ਸੋਚ ਵਾਲਾ ਤੇ ਦੂਰ ਅੰਦੇਸ਼ ਲੀਡਰ ਨਹੀਂ ਮਿਲਿਆ। ਸਾਰਿਆਂ ਦੀ ਸੋਚ ਕੇਵਲ ਕੁਰਸੀ ਪ੍ਰਾਪਤੀ ਤੱਕ ਹੀ ਸੀਮਤ ਹੋਕੇ ਰਹਿ ਗਈ ਹੈ। ਪੰਜਾਬ ਬਾਰੇ ਕੋਈ ਨਹੀਂ ਸੋਚ ਰਿਹਾ। ਭਾਰਤ ਵਿੱਚ ਹੀ ਨਹੀਂ ਅਜਾਦੀ ਪਿਛੋਂ ਹੋਏ ਪੰਜਾਬ ਵਿੱਚ ਵਿਕਾਸ ਨੇ ਸਾਰੇ ਸੰਸਾਰ ਨੂੰ ਹੈਰਾਨ ਕਰ ਦਿੱਤਾ ਸੀ। ਪਰ ਇਸ ਨੂੰ ਹੋਰ ਚੰਗੇਰਾ ਬਣਾਉਣ ਦੀ ਥਾਂ ਇਹ ਹੇਠਾਂ ਵੱਲ ਜਾ ਰਿਹਾ ਹੈ। ਇਸ ਨਿਘਾਰ ਲਈ ਸਾਡੇ ਰਾਜਸੀ ਅਤੇ ਧਾਰਮਿਕ ਆਗੂ ਜ਼ੁੰਮੇਵਾਰ ਹਨ। ਰਾਜਸੀ ਆਗੂਆਂ ਨੇ ਯੋਜਨਾ ਬਣਾ ਕੇ ਸਰਬਪੱਖੀ ਸਾਫ਼ ਸੁਥਰਾ ਵਿਕਾਸ ਨਹੀਂ ਕੀਤਾ। ਧਾਰਮਿਕ ਪ੍ਰਚਾਰਕਾਂ ਨੇ ਆਪਣੇ ਮਹਾਨ ਵਿਰਸੇ ਅਤੇ ਗੁਰ ਉਪਦੇਸ਼ਾਂ ਨਾਲ ਜੋੜਨ ਦੀ ਥਾਂ ਲੋਕਾਂ ਨੂੰ ਕਰਾਮਾਤੀ ਸਾਖੀਆਂ ਸੁਣਾ ਕਰਮ ਕਾਢਾਂ ਵਿੱਚ ਉਲਝਾਇਆ ਹੈ। ਬਾਹਰ ਭੇਜਣ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਹਨ ਅਤੇ ਸੁਖਣਾ ਸੁੱਖੀਆਂ ਜਾਂਦੀਆਂ ਹਨ।
ਪੰਜਾਬ ਵਿੱਚ ਲੱਗੀ ਪੈਸੇ ਕਮਾਉਣ ਅਤੇ ਵਿਖਾਵੇ ਦੀ ਦੌੜ ਨੇ ਪੰਜਾਬ ਨੂੰ ਤਬਾਹੀ ਵੱਲ ਧੱਕਿਆ ਹੈ। ਰਾਜਸੀ ਪਾਰਟੀਆਂ ਇੱਕ ਦੂਜੇ ਉੱਤੇ ਚਿਕੜ ਸੁੱਟਦੀਆਂ ਹਨ ਜਾਂ ਧਰਨੇ ਮੁਜਾਰੇ ਕੀਤੇ ਜਾਂਦੇ ਹਨ। ਲੋਕਾਂ ਵਿੱਚ ਵਧ ਰਹੀ ਨਿਰਾਸ਼ਤਾ ਉਨ੍ਹਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰਦੀ ਹੈ। ਪੰਜਾਬ ਵਰਗਾ ਸੂਬਾ ਬਹੁਤ ਘੱਟ ਮੁਲਕਾਂ ਵਿੱਚ ਹੈ। ਕੈਨੇਡਾ ਜਿੱਥੇ ਸਭ ਤੋਂ ਵੱਧ ਪੰਜਾਬੀ ਗਏ ਹਨ ਅੱਧਾ ਸਾਲ ਬਰਫ਼ ਨਾਲ ਢੱਕਿਆ ਰਹਿੰਦਾ ਹੈ ਇਸੇ ਕਰਕੇ ਉਥੇ ਅਬਾਦੀ ਮਸਾਂ ਚਾਰ ਕਰੋੜ ਹੈ ਅਰੇ ਰਕਬਾ ਸਭ ਤੋਂ ਵੱਧ ਹੈ। ਪਰ ਉੱਥੇ ਮਨੁੱਖ ਨੂੰ ਮਨੁੱਖ ਸਮਝਿਆ ਜਾਂਦਾ ਹੈ। ਪੈਸੇ ਜਾਂ ਕੁਰਸੀ ਦੀ ਥਾਂ ਮਨੁੱਖ ਦੀ ਕਦਰ ਕੀਤੀ ਜਾਂਦੀ ਹੈ।
ਇਹ ਵੀ ਸੱਚ ਹੈ ਕਿ ਪੰਜਾਬੀ ਇਥੋਂ ਦੀਆਂ ਗਲਤ ਆਦਤਾਂ ਵੀ ਨਾਲ ਹੀ ਲੈਕੇ ਜਾ ਰਹੇ ਹਨ ਤੇ ਇਨ੍ਹਾਂ ਸਾਫ਼ ਸੁਥਰੇ ਦੇਸ਼ਾਂ ਵਿੱਚ ਵੀ ਭੈੜ ਪਾਉਣਾ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ ਜਾਣਾ ਗਲਤ ਨਹੀਂ ਹੈ ਪਰ ਗਲਤ ਢੰਗ ਤਰੀਕਿਆਂ ਨਾਲ ਜਾਣਾ ਗਲਤ ਹੈ। ਇਸ ਤਰ੍ਹਾਂ ਖ਼ਤਰੇ ਵੱਧ ਜਾਂਦੇ ਹਨ, ਪਿਛੇ ਪਰਿਵਾਰ ਕੁਰਾਹੇ ਪੈਂਦਾ ਹੈ ਅਤੇ ਪੰਜਾਬ ਵਿੱਚੋਂ ਪੰਜਾਬੀਆਂ ਦੀ ਗਿਣਤੀ ਘੱਟਦੀ ਹੈ। ਸਾਡੇ ਰਾਜਸੀ ਅਤੇ ਧਾਰਮਿਕ ਆਗੂਆਂ ਨੂੰ ਨਿੱਜੀ ਹਿੱਤਾਂ ਨੂੰ ਤਿਆਗ ਪੰਜਾਬ ਅਤੇ ਪੰਜਾਬੀਆਂ ਦੇ ਭਲੇ ਬਾਰੇ ਸੋਚਣਾ ਚਾਹੀਦਾ ਹੈ। ਮੋਹ ਮਾਇਆ ਨੂੰ ਤਿਆਗ ਲੋਕ ਸੇਵਾ ਨਾਲ ਹੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ।
ਸਰੋਤ: ਡਾ. ਰਣਜੀਤ ਸਿੰਘ
Summary in English: Migration from Punjab, Why and How?