
ਵੈਟਨਰੀ ਯੂਨੀਵਰਸਿਟੀ ਵਿਖੇ ਕੌਮੀ ਵਿਚਾਰ ਗੋਸ਼ਠੀ ਦਾ ਆਯੋਜਨ
Buffalo Farming: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਇਕ ਕੌਮੀ ਪੱਧਰ ਦੀ ਵਿਚਾਰ ਗੋਸ਼ਠੀ ਦਾ ਆਯੋਜਨ ਕੀਤਾ ਗਿਆ। ਜਿਸ ਦਾ ਵਿਸ਼ਾ ਸੀ ‘ਮੱਝਾਂ ਪਾਲਣ ਸੰਬੰਧੀ ਭਵਿੱਖ: ਨੀਤੀ, ਅਭਿਆਸ ਅਤੇ ਸੰਭਾਵਨਾ’। ਇਸ ਗੋਸ਼ਠੀ ਵਿੱਚ ਨੀਤੀ-ਘਾੜਿਆਂ, ਖੋਜਾਰਥੀਆਂ, ਉਦਯੋਗਿਕ ਆਗੂਆਂ ਅਤੇ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ ਅਤੇ ਭਾਰਤ ਵਿੱਚ ਮੱਝਾਂ ਪਾਲਣ ਦੇ ਭਵਿੱਖ ਦੀ ਗੱਲ ਕਰਦਿਆਂ ਪੰਜਾਬ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਪ੍ਰਧਾਨਗੀ ਸੰਬੋਧਨ ਕੀਤਾ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਚੇਅਰਮੈਨ ਵਜੋਂ ਜ਼ਿੰਮੇਵਾਰੀ ਨਿਭਾਈ।
ਡਾ. ਗਿੱਲ ਨੇ ਆਪਣੇ ਸੰਬੋਧਨ ਵਿੱਚ ਮੱਝਾਂ ਦੇ ਵਿਕਾਸ ਸੰਬੰਧੀ ਯੂਨੀਵਰਸਿਟੀ ਦੇ ਦ੍ਰਿਸ਼ਟੀਕੋਣ ਦਾ ਖਾਕਾ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਆਉਂਦੇ ਮਹੀਨੇ ਤਰਨ ਤਾਰਨ ਵਿਖੇ ਮੱਝਾਂ ਦੀ ਖੋਜ ਸੰਬੰਧੀ ਕੇਂਦਰ ਦਾ ਉਦਘਾਟਨ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸਾਨੂੰ ਮੱਝਾਂ ਦਾ ਪਹਿਲਾ ਸੂਆ ਛੇਤੀ ਲੈਣ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਗੁਣਵੱਤਾ ਭਰਪੂਰ ਉਤਪਾਦ ਜਿਵੇਂ ਮੌਜ਼ਰੈਲਾ ਚੀਜ਼ ਅਤੇ ਪਰੰਪਰਾਗਤ ਮਠਿਆਈਆਂ ਬਣਾਉਣ ਲਈ ਵੀ ਪ੍ਰੇਰਿਤ ਕੀਤਾ।
ਡਾ. ਗਰੇਵਾਲ ਨੇ ਕਿਹਾ ਕਿ ਆਲਮੀ ਪੱਧਰ ’ਤੇ ਮੱਝਾਂ ਦੀ ਗਿਣਤੀ ਘੱਟ ਰਹੀ ਹੈ ਪਰ ਪ੍ਰਤੀ ਜਾਨਵਰ ਦੁੱਧ ਉਤਪਾਦਨ ਵੱਧ ਰਿਹਾ ਹੈ। ਵਿਕਸਿਤ ਮੁਲਕਾਂ ਅਮਰੀਕਾ, ਜਰਮਨੀ ਅਤੇ ਨਿਊਜ਼ੀਲੈਂਡ ਵਿੱਚ ਵੀ ਇਹੋ ਪ੍ਰਵਿਰਤੀ ਵੇਖੀ ਜਾ ਰਹੀ ਹੈ ਜੋ ਕਿ ਸਾਡੇ ਟਿਕਾਊਪਨ ਅਤੇ ਵਿਕਾਸ ਨੂੰ ਦਰਸਾਉਂਦੀ ਹੈ।
ਯੂਨੀਵਰਸਿਟੀ ਮਾਹਿਰਾਂ ਵੱਲੋਂ ਮੱਝਾਂ ਪਾਲਣ ਦੇ ਖੇਤਰ ਵਿੱਚ ਆ ਰਹੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਸੰਬੰਧੀ ਚਾਨਣਾ ਪਾਇਆ। ਮਾਹਿਰਾਂ ਨੇ ਦੱਸਿਆ ਕਿ ਕੱਟਿਆਂ ਦੀ ਵਧੇਰੇ ਮੌਤ ਦਰ, ਕਿਸਾਨਾਂ ਵੱਲੋਂ ਆਪਣਾ ਬਰਾਂਡ ਨਾ ਬਣਾਉਣਾ, ਕਮਜ਼ੋਰ ਪ੍ਰਜਣਨ ਨੀਤੀ ਅਤੇ ਦੁੱਧ ਅਤੇ ਖੁਰਾਕ ਤਕਨਾਲੋਜੀਆਂ ਵਿੱਚ ਘਾਟਾਂ ਸਾਡੇ ਮੁੱਖ ਮਸਲੇ ਹਨ ਜਿਨ੍ਹਾਂ ਨੂੰ ਵਿਚਾਰਿਆ ਗਿਆ। ਮਾਹਿਰਾਂ ਨੇ ਇਸ ਗੱਲ ਦਾ ਵੀ ਸੁਝਾਅ ਦਿੱਤਾ ਕਿ ਮੱਝ ਪਾਲਣ ਦੇ ਖੇਤਰ ਵਿੱਚ ਸਾਨੂੰ ਮੀਟ ਸੰਬੰਧੀ ਬਿਹਤਰ ਨੀਤੀ, ਉੱਚ ਪੱਧਰ ਦੇ ਉਤਪਾਦ, ਪਾਣੀ ਦੀ ਘੱਟ ਲਾਗਤ ਅਤੇ ਵਾਤਾਵਰਣ ਫਾਇਦਿਆਂ ਨੂੰ ਵੀ ਵੇਖਣਾ ਬਣਦਾ ਹੈ।
ਸ. ਕੁਲਦੀਪ ਸਿੰਘ ਜੱਸੋਵਾਲ, ਨਿਰਦੇਸ਼ਕ, ਪੰਜਾਬ ਡੇਅਰੀ ਵਿਕਾਸ ਬੋਰਡ ਨੇ ਪਸ਼ੂਆਂ ਦੇ ਬੀਮੇ ਅਤੇ ਮੱਝਾਂ ਦੇ ਉਤਪਾਦਾਂ ਦੇ ਮੰਡੀਕਰਨ ਸੰਬੰਧੀ ਸਰਕਾਰੀ ਨੀਤੀਆਂ ਦੀ ਚਰਚਾ ਕਰਦਿਆਂ ਯੂਨੀਵਰਸਿਟੀ ਦੇ ਇਸ ਉਪਰਾਲੇ ਨੂੰ ਸਲਾਹਿਆ।
ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ, ਪਸਾਰ ਸਿੱਖਿਆ ਨੇ ਪ੍ਰਬੰਧਕੀ ਸਕੱਤਰ, ਡਾ. ਜਸਵਿੰਦਰ ਸਿੰਘ, ਸਹਿ-ਪ੍ਰਬੰਧਕੀ ਸਕੱਤਰ ਅਤੇ ਡਾ. ਰਵਦੀਪ ਸਿੰਘ ਨੇ ਕਨਵੀਨਰ ਵਜੋਂ ਸੇਵਾ ਨਿਭਾਈ।
ਦੋ ਤਕਨੀਕੀ ਸੈਸ਼ਨ ਵੀ ਕਰਵਾਏ ਗਏ ਜਿਸ ਵਿੱਚ ਮਾਹਿਰਾਂ ਨੇ ਪ੍ਰਜਣਨ, ਉਤਪਾਦਨ, ਸਿਹਤ, ਦੁੱਧ ਦੀ ਪ੍ਰਾਸੈਸਿੰਗ ਅਤੇ ਮੱਝ ਦੇ ਮੀਟ ਦੇ ਵਪਾਰ ਦੇ ਮੌਕਿਆਂ ਦੀ ਗੱਲ ਕੀਤੀ। ਮਾਹਿਰਾਂ ਨੇ ਸੁਝਾਅ ਦਿੱਤਾ ਕਿ ਮੱਝ ਦੇ ਦੁੱਧ ਨੂੰ ਵੱਖਰੇ ਤੌਰ ’ਤੇ ਇਕੱਠਾ ਕਰਕੇ ਪੈਕਿੰਗ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਸਤੀਆਂ ਦਰਾਂ ’ਤੇ ਸ਼ੁੱਧਤਾ ਜਾਂਚ, ਗੁਣਵੱਤਾ ਵਧਾਉਣ ਅਤੇ ਮੀਟ ਉਤਪਾਦਨ ਵਿੱਚ ਵਾਧਾ ਕਰਨ ਦੀਆਂ ਨੀਤੀਆਂ ’ਤੇ ਚਰਚਾ ਕੀਤੀ।
ਖੁੱਲ੍ਹੇ ਵਿਚਾਰ ਵਟਾਂਦਰੇ ਦੌਰਾਨ ਅਗਾਂਹਵਧੂ ਕਿਸਾਨਾਂ ਅਤੇ ਭਾਈਵਾਲ ਧਿਰਾਂ ਵਿੱਚੋਂ ਡਾ. ਸੁਜੋਏ ਧਾਰਾ, ਡਾ. ਆਰ ਕੇ ਸ਼ਰਮਾ, ਸ. ਦਲਜੀਤ ਸਿੰਘ ਗਿੱਲ, ਸ. ਸੰਦੀਪ ਸਿੰਘ ਰੰਧਾਵਾ, ਸ਼੍ਰੀ ਸ਼ੇਰਬਾਜ ਸਿੰਘ, ਡਾ. ਰੁਪਿੰਦਰ ਸਿੰਘ ਸੇਖੋਂ, ਡਾ. ਨਵਦੀਪ ਧੰਮ ਅਤੇ ਡਾ. ਅਮਨਪ੍ਰੀਤ ਸਿੰਘ ਸਿੱਧੂ ਨੇ ਸੁਚੱਜੀ ਵਿਚਾਰ ਚਰਚਾ ਕੀਤੀ।
ਸਰੋਤ: ਗਡਵਾਸੂ (GADVASU)
Summary in English: National discussion group on buffalo farming, GADVASU experts share ideas to prepare future roadmap