
ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਨਵੀਆਂ ਨਿਯੁਕਤੀਆਂ
Punjab Agricultural University: ਡਾ. ਰਾਜੀਵ ਸਿੱਕਾ ਨੂੰ ਭੂਮੀ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ। ਡਾ. ਸਿੱਕਾ ਨੇ ਵਿਸ਼ੇਸ਼ ਤੌਰ 'ਤੇ ਖਾਦਾਂ ਦੀ ਵਰਤੋਂ ਸੰਬੰਧੀ ਮਾਹਿਰਾਨਾ ਕਾਰਜ ਨੂੰ ਅੰਜ਼ਾਮ ਦਿੱਤਾ ਹੈ। ਉਹਨਾਂ ਨੇ ਵਿਸ਼ੇਸ਼ ਤੌਰ ਤੇ ਨੈਨੋ ਖਾਦਾਂ ਦੇ ਨਾਲ-ਨਾਲ ਜ਼ਮੀਨ ਵਿਚ ਹੈਵੀ ਮੈਟਲ ਜੈਵ ਉਪਲੱਬਧਤਾ ਸੰਬੰਧੀ ਕਾਰਜ ਕੀਤਾ। ਇਸੇ ਕਾਰਜ ਦੇ ਅਧਾਰ ਤੇ ਡਾ. ਸਿੱਕਾ ਨੇ ਫਸਲਾਂ ਦੇ ਬਿਹਤਰ ਉਤਪਾਦਨ ਲਈ 41 ਸਿਫ਼ਾਰਸ਼ਾਂ ਕੀਤੀਆਂ। ਉਹ ਵੱਖ-ਵੱਖ ਏਜੰਸੀਆਂ ਵੱਲੋਂ ਪ੍ਰਾਯੋਜਿਤ 8 ਪ੍ਰੋਜੈਕਟਾਂ ਦਾ ਹਿੱਸਾ ਰਹੇ।
9 ਕੌਮਾਂਤਰੀ ਰਸਾਲਿਆਂ ਦੇ ਵਿਸ਼ਲੇਸ਼ਕ ਵਜੋਂ ਕਾਰਜ ਕਰਨ ਦੇ ਨਾਲ ਡਾ. ਸਿੱਕਾ ਨੇ ਉੱਚ ਪੱਧਰੀ 65 ਖੋਜ ਪੇਪਰ, 26 ਪ੍ਰਸਿੱਧ ਲੇਖ, 15 ਬੁਲਿਟਨ ਅਤੇ 38 ਹੋਰ ਪੇਪਰ ਪੇਸ਼ ਕੀਤੇ। ਉਹਨਾਂ ਨੂੰ ਸਤੰਬਰ 2024 ਦੇ ਕਿਸਾਨ ਮੇਲੇ ਵਿਚ ਪ੍ਰਸ਼ੰਸ਼ਾ ਪੱਤਰ ਨਾਲ ਨਿਵਾਜਿਆ ਗਿਆ ਸੀ।
ਕ੍ਰਿਸ਼ੀ ਵਿਗਿਆਨ ਕੇਂਦਰ ਫਤਹਿਗੜ੍ਹ ਸਾਹਿਬ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਪਨ ਕੁਮਾਰ ਰਾਮਪਾਲ ਨੂੰ ਪਸਾਰ ਸਿੱਖਿਆ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਪਸਾਰ ਦੇ ਖੇਤਰ ਵਿਚ ਡਾ. ਵਿਪਨ ਰਾਮਪਾਲ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਤਕਨਾਲੋਜੀਆਂ ਕਿਸਾਨਾਂ ਤੱਕ ਪਹੁੰਚਾਉਣ ਲਈ 7 ਖੋਜ ਪੇਪਰ ਅਤੇ 9 ਕਿਤਾਬਾਂ ਦੇ ਅਧਿਆਇ ਲਿਖੇ। ਸੰਚਾਲਕ ਦੇ ਤੌਰ ਤੇ ਉਹਨਾਂ ਨੇ 2 ਸਿਖਲਾਈ ਪ੍ਰੋਗਰਾਮ ਕਰਵਾਏ। 108 ਸਿਖਲਾਈਆਂ, 1150 ਐੱਫ ਐੱਲ ਡੀ’ਜ਼, 132 ਭਾਸ਼ਣ, 14 ਰੇਡੀਓ ਟੀ ਵੀ ਵਾਰਤਾਵਾਂ ਅਤੇ 56 ਮਕਬੂਲ ਲੇਖ ਉਹਨਾਂ ਦੇ ਖਾਤੇ ਵਿਚ ਹਨ। ਉਹਨਾਂ ਨੂੰ ਅਟਾਰੀ ਜ਼ੋਨ-1 ਵੱਲੋਂ ਪ੍ਰਸ਼ੰਸ਼ਾ ਪੱਤਰ ਦਿੱਤਾ ਗਿਆ ਸੀ।
ਡਾ. ਓ ਪੀ ਗੁਪਤਾ ਨੂੰ ਇਲੈਕਟ੍ਰੀਕਲ ਇੰਜਨੀਅਰਿੰਗ ਐਂਡ ਇਨਫਾਰਮੇਸ਼ਨ ਤਕਨਾਲੋਜੀ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹ ਇਨਫਾਰਮੇਸ਼ਨ ਤਕਨਾਲੋਜੀ ਦੇ ਸਹਿਯੋਗੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਸਨ| ਉਹਨਾਂ ਨੇ ਯੂਨੀਵਰਸਿਟੀ ਵਿਚ ਸੂਚਨਾ ਤਕਨਾਲੋਜੀ ਸਕੂਲ ਦੀ ਸਥਾਪਨਾ ਲਈ ਮੋਢੀ ਵਜੋਂ ਕਾਰਜ ਕੀਤਾ। 100 ਤੋਂ ਵਧੇਰੇ ਖੋਜ ਪੇਪਰ ਅਤੇ ਇਕ ਕਿਤਾਬ ਉਹਨਾਂ ਦੇ ਨਾਂ ਹੇਠ ਪ੍ਰਕਾਸ਼ਿਤ ਹੈ। 25 ਮਾਸਟਰਜ਼ ਅਤੇ 3 ਪੀ ਐੱਚ ਡੀ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਡਾ. ਗੁਪਤਾ ਨੂੰ 2009-2010 ਵਿਚ ਮੈਰੀਟੋਰੀਅਸ ਟੀਚਰ ਐਵਾਰਡ ਨਾਲ ਨਿਵਾਜਿਆ ਗਿਆ। ਉਹ ਪੀ.ਏ.ਯੂ. ਵਿਚ ਨਵੀਨ ਆਈ ਟੀ ਤਕਨੀਕਾਂ ਲਾਗੂ ਕਰਨ ਵਾਲੇ ਵਿਦਵਾਨ ਹਨ। ਨਾਲ ਹੀ ਕਈ ਕੌਮਾਂਤਰੀ ਸੂਚਨਾ ਤਕਨਾਲੋਜੀ ਅਤੇ ਇੰਜਨੀਅਰਿੰਗ ਸੰਸਥਾਵਾਂ ਨਾਲ ਜੁੜੇ ਹੋਏ ਡਾ. ਗੁਪਤਾ ਇਸ ਖੇਤਰ ਦੇ ਵਿਸ਼ੇਸ਼ਗ ਗਿਣੇ ਜਾਂਦੇ ਹਨ।
ਪੀ.ਏ.ਯੂ. ਦੇ ਸਬਜ਼ੀ ਵਿਗਿਆਨੀ ਡਾ. ਸਤਪਾਲ ਸ਼ਰਮਾ ਨੂੰ ਸਬਜ਼ੀ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਡਾ. ਸ਼ਰਮਾ ਨੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਤੋਂ 2003 ਵਿਚ ਆਪਣਾ ਕਾਰਜ ਸ਼ੁਰੂ ਕੀਤਾ। ਉਹਨਾਂ ਨੇ ਅਮਰੀਕਾ ਦੀ ਟੈਕਸਾਸ ਯੂਨੀਵਰਸਿਟੀ ਤੋਂ ਖਰਬੂਜ਼ਿਆਂ ਦੇ ਵਿਕਾਸ ਵਿਸ਼ੇ ਤੇ ਪੀ ਐੱਚ ਡੀ ਕੀਤੀ। ਸਬਜ਼ੀ ਵਿਗਿਆਨੀ ਦੇ ਤੌਰ ਤੇ ਡਾ. ਸ਼ਰਮਾ ਪੀ.ਏ.ਯੂ. ਦੇ ਆਲੂ ਅਤੇ ਖਰਬੂਜ਼ਾ ਬਰੀਡਿੰਗ ਪ੍ਰੋਗਰਾਮ ਦੇ ਮੁੱਖ ਵਿਗਿਆਨੀ ਰਹੇ। ਹਿਮਾਚਲ ਦੇ ਕਿੰਲੋਂਗ ਵਿਖੇ ਬੇਮੌਸਮੀ ਸਥਿਤੀਆਂ ਵਿਚ ਵੀ ਡਾ. ਸ਼ਰਮਾ ਨੇ ਪੀ.ਏ.ਯੂ. ਦੇ ਆਲੂ ਬਰੀਡਿੰਗ ਪ੍ਰੋਗਰਾਮ ਨੂੰ ਜਾਰੀ ਰੱਖਿਆ।
ਉਹਨਾਂ ਦੇ ਕਾਰਜ ਸਦਕਾ ਪੀ.ਏ.ਯੂ. ਨੇ ਪੰਜਾਬ ਪਟੈਟੋ-101 ਅਤੇ ਪੰਜਾਬ ਪਟੈਟੋ-102 ਵਰਗੀਆਂ ਦੋ ਕਿਸਮਾਂ ਜਾਰੀ ਕੀਤੀਆਂ। ਨਾਲ ਹੀ ਉਹਨਾਂ ਨੇ ਪੰਜਾਬ ਸ਼ਾਰਦਾ ਅਤੇ ਪੰਜਾਬ ਅੰਮ੍ਰਿਤ ਸਮੇਤ ਖਰਬੂਜ਼ਿਆਂ ਦੀਆਂ ਤਿੰਨ ਕਿਸਮਾਂ ਵੀ ਸਿਫਾਰਸ਼ ਕੀਤੀਆਂ। ਸਬਜ਼ੀਆਂ ਦੀਆਂ ਫਸਲਾਂ ਸੰਬੰਧੀ ਉਹਨਾਂ ਦੀਆਂ ਕਈ ਉਤਪਾਦਨ ਤਕਨੀਕਾਂ ਨੂੰ ਕਿਸਾਨਾਂ ਸਾਹਮਣੇ ਸਿਫਾਰਸ਼ ਕੀਤਾ ਗਿਆ। ਉਹ ਰਾਸ਼ਟਰੀ ਪੱਧਰੀ ਏਜੰਸੀਆਂ ਵੱਲੋਂ ਪ੍ਰਾਯੋਜਿਤ 7 ਖੋਜ ਪ੍ਰੋਜੈਕਟਾਂ ਦਾ ਹਿੱਸਾ ਵੀ ਰਹੇ।
ਇਹ ਵੀ ਪੜ੍ਹੋ: Punjab ਵਿੱਚ ਪਾਣੀ ਤੇ ਪਰਾਲੀ ਦੀ ਸਾਂਭ-ਸੰਭਾਲ ਮੌਜੂਦਾ ਖੇਤੀ ਦੇ ਅਹਿਮ ਮੁੱਦੇ: VC Dr. Satbir Singh Gosal
ਅਕਾਦਮਿਕ ਕਾਰਜ ਦੇ ਤੌਰ ਤੇ ਡਾ. ਸਤਪਾਲ ਸ਼ਰਮਾ ਨੇ 66 ਖੋਜ ਪੇਪਰ, 4 ਰਿਵਿਊ ਪੇਪਰ, 4 ਪ੍ਰੋਸੀਡਿੰਗ ਪੇਪਰ ਅਤੇ 75 ਰਾਸ਼ਟਰੀ ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਪੇਪਰ ਪੇਸ਼ ਕੀਤੇ। 10 ਐੱਮ ਐੱਸ ਸੀ ਅਤੇ 3 ਪੀ ਐੱਚ ਡੀ ਦੇ ਵਿਦਿਆਰਥੀਆਂ ਨੇ ਉਹਨਾਂ ਕੋਲੋਂ ਨਿਗਰਾਨੀ ਲਈ। ਉਹਨਾਂ ਨੇ ਕਿਸਾਨਾਂ ਦੇ ਲਾਭ ਲਈ 58 ਪਸਾਰ ਲੇਖ ਲਿਖੇ, 130 ਭਾਸ਼ਣ ਦਿੱਤੇ ਅਤੇ 28 ਰੇਡੀਓ ਵਾਰਤਾਵਾ ਕੀਤੀਆਂ। ਉਹਨਾਂ ਨੂੰ 2023 ਵਿਚ ਸ਼੍ਰੀਮਤੀ ਹਰਪਾਲ ਕੌਰ ਯਾਦਗਾਰੀ ਐਵਾਰਡ ਦਿੱਤਾ ਗਿਆ। ਇਸੇ ਸਾਲ ਉਹ ਸਰਵੋਤਮ ਸਬਜ਼ੀ ਕੇਂਦਰ ਦਾ ਇਨਾਮ ਜਿੱਤਣ ਵਾਲੀ ਪੀ.ਏ.ਯੂ. ਟੀਮ ਦਾ ਹਿੱਸਾ ਸਨ। ਵਿਦਿਆਰਥੀ ਜੀਵਨ ਦੌਰਾਨ ਵੀ ਉਹਨਾਂ ਨੂੰ ਸਕਾਲਰਸ਼ਿਪ ਹਾਸਲ ਸੀ। ਉਹਨਾਂ ਦੇ ਲਿਖੇ 16 ਪੇਪਰਾਂ ਨੂੰ ਸਰਵੋਤਮ ਚੁਣਿਆ ਗਿਆ ਅਤੇ ਸਬਜ਼ੀ ਵਿਗਿਆਨੀਆਂ ਦੀ ਅਮਰੀਕੀ ਸੁਸਾਇਟੀ ਨੇ ਵਾਰੇਨ ਐੱਸ ਬ੍ਰੈਹਮ ਯਾਦਗਾਰੀ ਐਵਾਰਡ ਵੀ ਇਹਨਾਂ ਨੂੰ ਪ੍ਰਦਾਨ ਕੀਤਾ।
ਡਾ. ਹਰਪ੍ਰੀਤ ਕੌਰ ਨੂੰ ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਹਨਾਂ ਗ੍ਰਹਿ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਕੇ.ਵੀ.ਕੇ ਰੋਪੜ ਵਿਖੇ 2005 ਵਿਚ ਆਪਣਾ ਕਾਰਜ ਆਰੰਭ ਕੀਤਾ ਅਤੇ 2008 ਵਿਚ ਉਹ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਆ ਗਏ। ਪੀ.ਏ.ਯੂ. ਤੋਂ ਹੀ ਬੀ ਐੱਸ ਸੀ, ਐੱਮ ਐੱਸ ਸੀ ਅਤੇ ਪੀ ਐੱਚ ਡੀ ਦੀਆਂ ਡਿਗਰੀਆਂ ਹਾਸਲ ਕਰਨ ਵਾਲੇ ਡਾ. ਹਰਪ੍ਰੀਤ ਕੌਰ ਨੇ ਹੁਣ ਤੱਕ 21 ਐੱਮ ਐੱਸ ਸੀ ਅਤੇ 6 ਪੀ ਐੱਚ ਡੀ ਵਿਦਿਆਰਥੀਆਂ ਦੀ ਅਗਵਾਈ ਕੀਤੀ।
ਇਹ ਵੀ ਪੜ੍ਹੋ: PAU ਦਾ ਐਮ.ਜੇ.ਐਮ.ਸੀ. ਪੋਸਟ ਗ੍ਰੈਜੂਏਟ ਪ੍ਰੋਗਰਾਮ Media ਦੀ ਦੁਨੀਆ ਵਿੱਚ ਕਦਮ ਰੱਖਣ ਲਈ ਤਿਆਰ, ਇਛੁੱਕ ਉਮੀਦਵਾਰ Online-Offline ਕਰ ਸਕਦੇ ਹਨ ਅਪਲਾਈ
ਇਸ ਤੋਂ ਇਲਾਵਾ ਉਹਨਾਂ ਕੋਲ 2 ਐਡਹਾਕ ਅਤੇ ਇਕ ਕੰਪੀਟੀਟਿਵ ਖੋਜ ਪ੍ਰੋਜੈਕਟ ਰਹੇ ਹਨ। 72 ਖੋਜ ਪੇਪਰਾਂ ਸਮੇਤ ਉਹਨਾਂ ਨੇ 202 ਪ੍ਰਕਾਸ਼ਨਾਵਾਂ ਆਪਣੇ ਖੇਤਰ ਵਿਚ ਦਿੱਤੀਆਂ। ਇਹਨਾਂ ਵਿੱਚੋਂ 19 ਖੋਜ ਪੇਪਰ ਬੜੇ ਉੱਚ ਪੱਧਰੀ ਰਸਾਲਿਆਂ ਵਿਚ ਪ੍ਰਕਾਸ਼ਿਤ ਹੋਏ। ਪੀ.ਏ.ਯੂ. ਅਤੇ ਨੈਸਲੇ ਵਿਚਕਾਰ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਤਹਿਤ ਜਾਰੀ ਪ੍ਰੋਜੈਕਟ ਦੇ ਉਹ ਸਹਿ ਮੁੱਖ ਨਿਗਰਾਨ ਰਹੇ। ਇਸ ਪ੍ਰੋਜੈਕਟ ਤਹਿਤ 17 ਵਰ੍ਹਿਆਂ ਤੋਂ 95 ਪਿੰਡਾਂ ਦੀਆਂ 22,106 ਸਕੂਲ ਜਾਂਦੀਆਂ ਪੇਂਡੂ ਕੁੜੀਆਂ ਨੂੰ ਪੋਸ਼ਣ ਸੰਬੰਧੀ ਸਿੱਖਿਆ ਪ੍ਰਦਾਨ ਕੀਤੀ ਗਈ। ਉਹਨਾਂ ਨੇ ਖੋਜ ਪ੍ਰੋਜੈਕਟ ਤਹਿਤ ਜ਼ਿਲ੍ਹਾ ਲੁਧਿਆਣਾ ਦੀਆਂ 15-45 ਸਾਲ ਦੀਆਂ ਔਰਤਾਂ ਅਤੇ 6-59 ਮਹੀਨਿਆਂ ਦੇ ਬੱਚਿਆਂ ਵਿਚ ਜ਼ਿੰਕ ਦਾ ਪੱਧਰ ਜਾਣਨ ਲਈ ਵਿਸ਼ੇਸ਼ ਕਾਰਜ ਕੀਤਾ।
ਡਾ. ਹਰਪ੍ਰੀਤ ਕੌਰ ਕਈ ਫਸਲਾਂ ਦੀਆਂ ਕਿਸਮਾਂ ਅਤੇ ਤਕਨਾਲੋਜੀਆਂ ਦੀ ਪਰਖ ਲਈ ਖੇਤੀ ਅਤੇ ਬਾਗਬਾਨੀ ਵਿਗਿਆਨੀਆਂ ਨਾਲ ਸਹਿਯੋਗ ਕਰਦੇ ਰਹੇ। ਰਾਸ਼ਟਰੀ ਕਾਨਫਰੰਸਾਂ ਵਿਚ ਪੰਜ ਵਾਰ ਉਹਨਾਂ ਨੂੰ ਸਰਵੋਤਮ ਪੇਪਰ ਪੇਸ਼ਕਾਰੀ ਲਈ ਇਨਾਮ ਮਿਲਿਆ। 2020-2023 ਤੱਕ ਉਹ ਭਾਰਤੀ ਪੋਸ਼ਣ ਸੁਸਾਇਟੀ ਲੁਧਿਆਣਾ ਚੈਪਟਰ ਦੇ ਸਕੱਤਰ ਰਹੇ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: New appointments of heads and coordinators in Punjab Agricultural University