
ਰਹਿੰਦ-ਖੂੰਹਦ ਤੋਂ ਕੰਪੋਸਟ ਬਨਾਉਣ ਦੀ ਤਕਨੀਕ
Waste Composting Technology: ਪੀ.ਏ.ਯੂ. ਨੇ ਦਰੱਖਤਾਂ ਦੇ ਝੜੇ ਪੱਤਿਆਂ ਨੁੰ ਜੈਵਿਕ ਰਹਿੰਦ-ਖੂੰਹਦ ਵਜੋਂ ਸੰਭਾਲ ਕੇ ਪੌਸ਼ਟਿਕਤਾ ਪੱਖੋਂ ਭਰਪੂਰ ਕੰਪੋਸਟ ਬਨਾਉਣ ਦੀ ਤਕਨੀਕ ਨੂੰ ਲੈਂਡਸਕੇਪ ਨਰਸਰੀ ਵਿਖੇ ਸਾਂਝਾ ਕੀਤਾ ਹੈ। ਇਹ ਤਕਨੀਕ ਰਹਿੰਦ-ਖੂੰਹਦ ਦੀ ਸੰਭਾਲ ਅਤੇ ਵਾਤਾਵਰਨ ਪ੍ਰਬੰਧਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹਨਾਂ ਕੰਪੋਸਟਿੰਗ ਤਕਨੀਕਾਂ ਨੂੰ ਅਪਣਾ ਕੇ ਵਾਤਾਵਰਨ ਦੀ ਸਥਿਰਤਾ ਦੀ ਦਿਸ਼ਾ ਵਿੱਚ ਨਾ ਸਿਰਫ ਅੱਗੇ ਵਧਿਆ ਜਾ ਸਕਦਾ ਹੈ, ਬਲਕਿ ਇਸ ਨੂੰ ਸਰੋਤਾਂ ਦੀ ਸੰਭਾਲ ਪੱਖੋਂ ਵੀ ਅਹਿਮ ਪ੍ਰਾਪਤੀ ਗਿਣਿਆ ਜਾਣਾ ਚਾਹੀਦਾ ਹੈ। ਦਰੱਖਤਾਂ ਦੇ ਝੜੇ ਹੋਏ ਪੱਤੇ ਜੈਵਿਕ ਖਾਦ ਵਿਚ ਬਦਲਣ ਦੀ ਇਹ ਤਕਨੀਕ ਦੀ ਜਾਣ-ਪਛਾਣ ਕਰਾ ਕੇ ਇਕ ਸੰਸਥਾ ਵਜੋਂ ਪੀ.ਏ.ਯੂ. ਹੋਰ ਸੰਸਥਾਵਾਂ ਅਤੇ ਸਮਾਜ ਲਈ ਮਿਸਾਲ ਪੇਸ਼ ਕਰ ਰਹੀ ਹੈ।
ਗਰਮੀ ਰੁੱਤ ਵਿਚ ਪਤਝੜੀ ਬੂਟਿਆਂ ਤੋਂ ਪੱਤਿਆਂ ਦਾ ਡਿੱਗਣਾ ਵਿਸ਼ੇਸ਼ ਤੌਰ ਤੇ ਮਾਰਚ-ਅਪ੍ਰੈਲ ਮਹੀਨੇ ਵਿਚ ਜਾਰੀ ਰਹਿੰਦਾ ਹੈ। ਰਵਾਇਤੀ ਤੌਰ 'ਤੇ ਇਹਨਾਂ ਪੱਤਿਆਂ ਨੂੰ ਨਸ਼ਟ ਕਰਨ ਲਈ ਕਈ ਤਕਨੀਕਾਂ ਅਪਣਾਈਆਂ ਜਾਂਦੀਆਂ ਰਹੀਆਂ ਹਨ, ਜਿਨ੍ਹਾਂ ਨਾਲ ਇਸ ਜੈਵਿਕ ਰਹਿੰਦ-ਖੂੰਹਦ ਨੂੰ ਨਸ਼ਟ ਹੋਣ ਵਿਚ ਕਾਫੀ ਸਮਾਂ ਲੱਗਦਾ ਹੈ। ਪੱਤਿਆਂ ਨੂੰ ਡੀਕੰਪੋਸਟ ਕਰਨ ਵਾਲੀ ਨਵੀਂ ਮਸ਼ੀਨ 24 ਘੰਟਿਆਂ ਵਿਚ ਇਹ ਕਾਰਜ ਕਰ ਸਕਦੀ ਹੈ। ਇਸ ਮਸ਼ੀਨ ਦੇ ਨਾਲ ਹੀ ਲੀਫ ਸ਼ਰੈਡਰ ਨੂੰ ਵੀ ਸਾਹਮਣੇ ਲਿਆਂਦਾ ਗਿਆ, ਜਿਹੜੀ ਪੱਤਿਆਂ ਅਤੇ ਬਰੀਕ ਟਾਹਣੀਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿਚ ਕੱਟਦੀ ਹੈ, ਇਸ ਨਾਲ ਵਿਸ਼ੇਸ਼ ਤੌਰ ਤੇ ਵਿਕਸਿਤ ਕੀਤੇ ਮਾਇਕ੍ਰੋਬਾਇਲ ਫਾਰਮੂਲੇਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਨਾਲ ਨਸ਼ਟ ਹੋਣ ਦੀ ਪ੍ਰਕਿਰਿਆ ਸੁਖੈਨ ਹੋ ਜਾਂਦੀ ਹੈ ਅਤੇ ਇਹ ਮਿਸ਼ਰਣ ਖਾਦ ਵਿਚ ਤਬਦੀਲ ਹੋ ਜਾਂਦਾ ਹੈ।
ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਕਿਹਾ ਕਿ ਮਾਈਕ੍ਰੋਬਾਇਆਲੋਜੀ ਵਿਭਾਗ ਨੇ ਭੂਮੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਖਾਦ ਬਨਾਉਣ ਲਈ ਵਰਤੇ ਜਾਣ ਵਾਲੇ ਇਸ ਫਾਰਮੂਲੇਸ਼ਨ ਦਾ ਵਿਕਾਸ ਸੰਭਵ ਹੋਇਆ। ਉਹਨਾਂ ਦੱਸਿਆ ਕਿ ਇਕ ਮਹੀਨੇ ਤੱਕ ਪੱਤਿਆਂ ਨੂੰ ਇਸ ਘੋਲ ਅਤੇ ਡੀਕੰਪੋਜ਼ਰ ਦੀ ਵਰਤੋਂ ਕਰਕੇ ਪੌਸ਼ਕ ਤੱਤਾਂ ਨਾਲ ਭਰਪੂਰ ਖਾਦ ਵਿਚ ਤਬਦੀਲ ਕੀਤਾ ਜਾ ਸਕਦਾ ਹੈ।
ਰਵਾਇਤੀ ਤੌਰ ਤੇ ਪੱਤਿਆਂ ਵਿਚ ਨਾਈਟ੍ਰੋਜਨ ਤੱਤਾਂ ਦੀ ਘੱਟ ਮਿਕਦਾਰ ਪਾਈ ਜਾਂਦੀ ਸੀ ਪਰ ਇਸ ਨਵੀਨ ਕੰਪੋਸਟਿੰਗ ਮਸ਼ੀਨ ਅਤੇ ਮਾਈਕ੍ਰੋਬਾਇਲ ਘੋਲ ਦੀ ਵਰਤੋਂ ਨਾਲ ਨਾਈਟ੍ਰੋਜਨ ਅਤੇ ਫਾਸਫੋਰਸ ਤੱਤਾਂ ਵਿਚ ਵਾਧਾ ਦੇਖਿਆ ਗਿਆ। ਇਸ ਤੋਂ ਇਲਾਵਾ ਜ਼ਿੰਕ, ਲੋਹਾ, ਕਾਪਰ ਅਤੇ ਮੈਂਗਨੀਜ਼ ਵੀ ਇਸ ਖਾਦ ਵਿਚ ਭਰਪੂਰ ਮਾਤਰਾ ਵਿਚ ਪਾਏ ਗਏ।
ਇਹ ਵੀ ਪੜ੍ਹੋ: MISSION 2047: MIONP, ਭਾਰਤ ਨੂੰ ਜੈਵਿਕ, ਕੁਦਰਤੀ ਅਤੇ ਲਾਭਦਾਇਕ ਬਣਾਉਣ ਲਈ ਦਿੱਲੀ ਵਿਖੇ ਅੰਤਰਰਾਸ਼ਟਰੀ ਕਾਨਫਰੰਸ
ਇਹ ਉੱਦਮ ਉੱਘੇ ਵਾਤਾਵਰਨ ਪ੍ਰੇਮੀ ਕਰਨਲ ਜਸਜੀਤ ਸਿੰਘ ਗਿੱਲ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ। ਉਹਨਾਂ ਦੀਆਂ ਰਾਵਾਂ ਅਤੇ ਸੁਝਾਵਾਂ ਨੇ ਲੁਧਿਆਣਾ ਮਿਊਂਸੀਪਲ ਕਾਰਪੋਰੇਸ਼ਨ ਵਿਚ ਇਹਨਾਂ ਮਸ਼ੀਨਾਂ ਦੀ ਯੋਗ ਵਰਤੋਂ ਸੰਭਵ ਬਣਾਈ। ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਕਰਨਲ ਜਸਜੀਤ ਸਿੰਘ ਗਿੱਲ ਦੀਆਂ ਕੋਸ਼ਿਸ਼ਾਂ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਵਾਤਾਵਰਨ ਦੀ ਸੰਭਾਲ ਲਈ ਯੋਗਦਾਨ ਪਾਉਣ ਵਾਲੇ ਸੱਚੇ ਵਾਤਾਵਰਨ ਪ੍ਰੇਮੀ ਕਿਹਾ।
Summary in English: New Technology: Punjab Agricultural University, Turning Fallen Leaves into Fertile Grounds: PAU Leads by Example