PAU Scientist Dr. G.S. Manes: ਪੀ.ਏ.ਯੂ. ਦੇ ਵਾਈਸ ਚਾਂਸਲਰ ਦਫਤਰ ਦੇ ਕਮੇਟੀ ਰੂਮ ਵਿਚ ਇਕ ਵਿਸ਼ੇਸ਼ ਇਕੱਤਰਤਾ ਹੋਈ। ਇਸ ਵਿਚ ਵਧੀਕ ਨਿਰਦੇਸ਼ਕ ਖੋਜ (ਖੇਤੀ ਇੰਜਨੀਅਰਿੰਗ) ਡਾ. ਗੁਰਸਾਹਿਬ ਸਿੰਘ ਮਨੇਸ ਜੋ ਇਸ ਮਹੀਨੇ ਦੇ ਅੰਤ ਤੇ ਸੇਵਾ ਮੁਕਤ ਹੋ ਰਹੇ ਹਨ ਦੀਆਂ ਪ੍ਰਾਪਤੀਆਂ ਅਤੇ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਭਰਪੂਰ ਪ੍ਰਸ਼ੰਸ਼ਾ ਕੀਤੀ ਗਈ।
ਇਸ ਵਿਚ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਡਾ. ਮਨੇਸ ਦੇ ਸਹਿਕਰਮੀ ਅਤੇ ਉਹਨਾਂ ਦੇ ਸ਼ੁਭ ਚਿੰਤਕ ਸ਼ਾਮਿਲ ਸਨ। ਇਸ ਇਕੱਤਰਤਾ ਨੇ ਡਾ. ਮਨੇਸ ਨਾਲ ਜੁੜੇ ਭਾਵਪੂਰਤ ਛਿਨਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਲਈ ਕਾਮਨਾ ਕੀਤੀ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਮਨੇਸ ਦੀਆਂ ਪ੍ਰਾਪਤੀਆਂ ਨੂੰ ਉਹਨਾਂ ਦੀ ਲਗਨ, ਮਿਹਨਤ ਅਤੇ ਸਮਰਪਣ ਦਾ ਸਿੱਟਾ ਕਿਹਾ। ਉਹਨਾਂ ਕਿਹਾ ਕਿ ਵਿਸ਼ੇਸ਼ ਤੌਰ ਤੇ ਖੇਤੀ ਮਸ਼ੀਨਾਂ ਦੇ ਸੁਧਾਰ ਅਤੇ ਕਿਸਾਨੀ ਸਮਾਜ ਨੂੰ ਮਸ਼ੀਨੀ ਸਹੂਲਤਾਂ ਦੇਣ ਦੇ ਨਾਲ-ਨਾਲ ਉਪਜ ਵਿਚ ਵਾਧੇ ਦੀਆਂ ਤਕਨੀਕਾਂ ਡਾ. ਮਨੇਸ ਦਾ ਖਾਸਾ ਰਹੀਆਂ ਹਨ। ਨਾਲ ਹੀ ਉਹਨਾਂ ਨੇ ਭਵਿੱਖ ਦੇ ਮਾਹਰਾਂ ਅਤੇ ਵਿਗਿਆਨੀਆਂ ਨੂੰ ਪ੍ਰੇਰਨਾ ਅਤੇ ਅਗਵਾਈ ਦਿੱਤੀ। ਉਹਨਾਂ ਕਿਹਾ ਕਿ ਪੀ.ਏ.ਯੂ. ਦੀ ਖੁਸ਼ਕਿਸਮਤੀ ਹੈ ਕਿ ਡਾ. ਮਨੇਸ ਵਰਗੇ ਸੁਹਿਰਦ ਅਤੇ ਸਿਆਣੇ ਵਿਗਿਆਨੀ ਦੇ ਕਾਰਜਾਂ ਦੀ ਗਵਾਹ ਇਹ ਸੰਸਥਾ ਬਣੀ। ਡਾ. ਗੋਸਲ ਨੇ ਸੇਵਾ ਮੁਕਤ ਹੋ ਰਹੇ ਵਿਗਿਆਨੀ ਲਈ ਸਿਹਤਮੰਦ ਜੀਵਨ, ਖੁਸ਼ੀ ਅਤੇ ਭਰਪੂਰ ਪਰਿਵਾਰਕ ਛਿਣਾਂ ਦੀ ਕਾਮਨਾ ਕੀਤੀ। ਉਹਨਾਂ ਆਸ ਪ੍ਰਗਟਾਈ ਕਿ ਡਾ. ਮਨੇਸ ਪੀ.ਏ.ਯੂ. ਨਾਲ ਨਿਰੰਤਰ ਜੁੜੇ ਰਹਿਣਗੇ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਡਾ. ਮਨੇਸ ਨੂੰ ਜ਼ਮੀਨ ਨਾਲ ਜੁੜਿਆ ਮਿਹਨਤੀ ਅਤੇ ਤਿਆਰ-ਬਰ-ਤਿਆਰ ਰਹਿਣ ਵਾਲਾ ਵਿਗਿਆਨੀ ਕਿਹਾ। ਉਹਨਾਂ ਕਿਹਾ ਕਿ ਡਾ. ਮਨੇਸ ਦੀ ਖਾਸਿਅਤ ਹੈ ਕਿ ਉਹ ਕਿਸਾਨਾਂ ਨੂੰ ਖੇਤੀ ਤਕਨੀਕਾਂ ਉਹਨਾਂ ਦੇ ਪੱਧਰ ਤੇ ਜਾ ਕੇ ਸਮਝਾਉਣ ਦੀ ਸਮਰਥਾ ਨਾਲ ਭਰਪੂਰ ਹਨ। ਉਹਨਾਂ ਨੇ ਡਾ. ਮਨੇਸ ਦੀ ਵਿਗਿਆਨਕ ਸਿਧਾਤਾਂ ਦੇ ਸਰਲੀਕਰਨ ਦੀ ਯੋਗਤਾ ਦੀ ਪ੍ਰਸ਼ੰਸ਼ਾ ਕੀਤੀ।
ਯੂਨੀਵਰਸਿਟੀ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਡਾ. ਮਨੇਸ ਦੀ ਸੇਵਾ ਮੁਕਤੀ ਉੱਪਰ ਉਹਨਾਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਨੇ ਇਕ ਚੰਗੇ ਅਕਾਦਮਿਕ ਮਾਹਿਰ ਅਤੇ ਮਸ਼ੀਨਰੀ ਵਿਗਿਆਨੀ ਵਜੋਂ ਆਪਣੀਆਂ ਪੈੜਾਂ ਗੂੜੀਆਂ ਕੀਤੀਆਂ ਹਨ। ਸ਼੍ਰੀ ਸਿੰਘ ਨੇ ਆਸ ਪ੍ਰਗਟਾਈ ਕਿ ਉਹਨਾਂ ਦੀ ਅਗਲੇਰੀ ਜ਼ਿੰਦਗੀ ਵੀ ਅਗਵਾਈ ਦਿੰਦਿਆਂ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਖੁਸ਼ੀ ਨਾਲ ਭਰਪੂਰ ਕਰਦਿਆਂ ਗੁਜ਼ਰੇਗੀ।
ਇਹ ਵੀ ਪੜ੍ਹੋ: PAU ਦੇ 9 ਵਿਦਿਆਰਥੀ ਪੀ.ਐੱਚ.ਡੀ ਖੋਜ ਲਈ PM Fellowship ਨਾਲ ਸਨਮਾਨਿਤ, VC Dr. Satbir Singh Gosal ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਡਾ. ਮਨੇਸ ਨੇ ਇਸ ਮੌਕੇ ਤਿੰਨ ਦਹਾਕਿਆਂ ਤੱਕ ਪਿਆਰ, ਸਨਮਾਨ ਅਤੇ ਭਾਈਚਾਰਾ ਪ੍ਰਦਾਨ ਕਰਨ ਲਈ ਪੀ.ਏ.ਯੂ. ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਹ ਸੰਸਥਾ ਸਿਰਫ਼ ਕੰਮ ਵਾਲੀ ਥਾਂ ਤੋਂ ਕਿਤੇ ਜ਼ਿਆਦਾ ਹੈ।ਨਾਲ ਹੀ ਉਹਨਾਂ ਨੇ ਆਪਣੇ ਸਹਿਕਰਮੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਉਹਨਾਂ ਨਾਲ ਜੁੜੇ ਪਲਾਂ ਨੂੰ ਯਾਦ ਕੀਤਾ।
ਜ਼ਿਕਰਯੋਗ ਹੈ ਕਿ ਡਾ. ਮਨੇਸ 1992 ਵਿਚ ਸਹਾਇਕ ਇੰਜਨੀਅਰ ਵਜੋਂ ਪੀ.ਏ.ਯੂ. ਦਾ ਹਿੱਸਾ ਬਣੇ। ਸਾਲਾਂਬੱਧੀ ਮਿਹਨਤ ਨਾਲ ਉਹਨਾਂ ਨੇ ਸ਼ਾਨਦਾਰ ਯੋਗਦਾਨ ਦੇ ਕੇ 30 ਤੋਂ ਵਧੇਰੇ ਨਵੀਆਂ ਤਕਨਾਲੋਜੀਆਂ ਵਿਕਸਿਤ ਅਤੇ ਮਕਬੂਲ ਕੀਤੀਆਂ। ਇਸ ਤੋਂ ਬਿਨਾਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਅਧਿਆਪਨ ਅਤੇ ਅਗਵਾਈ ਦੇ ਨਾਲ-ਨਾਲ ਉਦਯੋਗਿਕ ਸਾਂਝ ਮਜ਼ਬੂਤ ਕਰਨ ਲਈ ਯੋਗਦਾਨ ਪਾਇਆ। ਉਹਨਾਂ ਨੂੰ ਆਈ ਐੱਸ ਏ ਈ ਪ੍ਰਸ਼ੰਸ਼ਾ ਮੈਡਲ ਅਤੇ ਡਾ. ਜੀ ਐੱਸ ਖੁਸ਼ ਟੀਮ ਪੁਰਸਕਾਰ ਨਾਲ ਨਿਵਾਜ਼ਿਆ ਗਿਆ ਸੀ।
Summary in English: PAU appreciated the retirement of Dr. G.S. Manes and his achievements