
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੇਂਦਰ ਨੂੰ ਸਰਵੋਤਮ ਖੋਜ ਕੇਂਦਰ ਐਲਾਨਿਆ
Best Centre Award for Kharif Pulses: ਰਾਜਸਥਾਨ ਜੈਪੁਰ ਦੇ ਰਾੜੀ, ਦੁਰਗਾਪੁਰ ਵਿਖੇ ਸ਼੍ਰੀ ਕਰਨ ਨਰੇਂਦਰ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੀ ਸਾਉਣੀ ਰੁੱਤ ਦੀਆਂ ਦਾਲਾਂ ਬਾਰੇ ਵਿਸ਼ੇਸ਼ ਮੀਟਿੰਗ ਦੌਰਾਨ ਪੀ.ਏ.ਯੂ. ਕੇਂਦਰ ਨੂੰ ਸਰਵੋਤਮ ਖੋਜ ਕੇਂਦਰ ਐਲਾਨਿਆ ਗਿਆ।
ਇਹ ਐਵਾਰਡ ਯੂਨੀਵਰਸਿਟੀ ਦੇ ਦਾਲਾਂ ਬਾਰੇ ਖੋਜ ਕੇਂਦਰ ਨੂੰ ਵਧੇਰੇ ਝਾੜ ਵਾਲੀਆਂ ਕਿਸਮਾਂ ਦੇ ਵਿਕਾਸ ਅਤੇ ਦਾਲਾਂ ਦੇ ਉਤਪਾਦਨ ਲਈ ਤਕਨੀਕਾਂ ਦੀ ਖੋਜ ਕਰਨ ਹਿਤ ਦਿੱਤਾ ਗਿਆ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨਿਰਦੇਸ਼ਕ ਜਨਰਲ ਡਾ. ਐੱਮ ਐੱਲ ਜਾਟ ਨੇ ਇਸ ਗਰੁੱਪ ਮੀਟਿੰਗ ਦੇ ਆਰੰਭਕ ਸ਼ੈਸਨ ਦੌਰਾਨ ਇਹ ਐਵਾਰਡ ਪੀ.ਏ.ਯੂ. ਕੇਂਦਰ ਨੂੰ ਪ੍ਰਦਾਨ ਕੀਤਾ।
ਜ਼ਿਕਰਯੋਗ ਹੈ ਕਿ ਪੀ.ਏ.ਯੂ. ਨੇ ਸਾਉਣੀ ਦੀਆਂ ਦਾਲਾਂ ਦੇ ਸੰਦਰਭ ਵਿਚ ਵਿਸ਼ੇਸ਼ਤਾ ਸਹਿਤ ਕਾਰਜ ਕੀਤਾ ਹੈ। ਇਸ ਵਿਚ ਪਿਛਲੇ 5-6 ਸਾਲਾਂ ਤੋਂ ਰਾਸ਼ਟਰੀ ਜਾਂ ਰਾਜ ਪੱਧਰ ਤੇ ਸਾਉਣੀ ਦੀਆਂ ਦਾਲਾਂ ਦੀਆਂ 9 ਨਵੀਆਂ ਕਿਸਮਾਂ ਦੀ ਜਾਣ-ਪਛਾਣ ਕਰਵਾਈ ਗਈ। ਇਹਨਾਂ ਵਿਚ ਮੂੰਗੀ ਦੀ ਗਰਮ ਰੁੱਤ ਦੀ ਕਿਸਮ ਐੱਸ ਐੱਮ ਐੱਲ 1827, ਸਾਉਣੀ ਮੂੰਗੀ ਦੀ ਕਿਸਮ ਐੱਮ ਐੱਲ 1808 ਵਿਸ਼ੇਸ਼ ਤੌਰ ਤੇ ਪੰਜਾਬ ਲਈ ਵਿਕਸਿਤ ਕੀਤੀਆਂ ਗਈਆਂ। ਐੱਮ ਐੱਲ 1839 ਅਤੇ ਐੱਮ ਐੱਲ 2015 ਵਿਸ਼ੇਸ਼ ਤੌਰ ਤੇ ਉੱਤਰ-ਪੂਰਬ ਦੇ ਮੈਦਾਨਾਂ ਲਈ 2023 ਵਿਚ ਨੋਟੀਫਾਈ ਹੋਈਆਂ।
ਪੀ.ਏ.ਯੂ. ਨੇ ਮਾਂਹ ਦੀ ਕਿਸਮ ਮੈਸ਼ 1137 (ਗਰਮ ਰੁੱਤ) ਅਤੇ ਮੈਸ਼ 883 (ਸਾਉਣੀ ਰੁੱਤ) ਪੰਜਾਬ ਲਈ ਵਿਕਸਿਤ ਕੀਤੀਆਂ ਜਦਕਿ ਉੱਤਰ ਪੱਛਮੀ ਮੈਦਾਨਾਂ ਲਈ ਮੈਸ਼ 1190 (ਗਰਮ ਰੁੱਤ) ਅਤੇ ਮੈਸ਼ 878 (ਸਾਉਣੀ ਰੁੱਤ) ਨੂੰ ਜਾਰੀ ਕੀਤਾ ਗਿਆ। ਅਰਹਰ ਦੀ ਕਿਸਮ ਏ ਐੱਲ 882 ਨੂੰ 2020 ਵਿਚ ਪੰਜਾਬ ਰਾਜ ਵਿਚ ਅਗੇਤੀ ਅਤੇ ਘੱਟ ਸਮੇਂ ਵਿਚ ਪੱਕਣ ਵਾਲੀ ਕਿਸਮ ਵਜੋਂ ਜਾਰੀ ਕੀਤਾ ਗਿਆ। ਅਰਹਰ ਦੀ ਕਿਸਮ ਇਕ ਹੋਰ ਕਿਸਮ ਏ ਐੱਲ 1747, ਜੋ ਫਲੀ ਛੇਦਕ ਸੁੰਡੀ ਦਾ ਸਾਹਮਣਾ ਕਰਨ ਲਈ ਜੀਨਾਂ ਦੀ ਵਿਸ਼ੇਸ਼ ਸੁਧਾਈ ਤੋਂ ਤਿਆਰ ਕੀਤੀ ਗਈ, ਆਈ ਸੀ ਏ ਆਰ, ਐੱਨ ਬੀ ਪੀ ਜੀ ਆਰ ਨਾਲ ਦਰਜ ਹੋਈ।
ਇਹ ਵੀ ਪੜ੍ਹੋ: Zytonic Suraksha ਕਰੇਗੀ ਪੌਦਿਆਂ ਦੀ ਸਿਹਤ ਅਤੇ ਝਾੜ ਵਿੱਚ ਸੁਧਾਰ, ਗਰਮੀ ਅਤੇ ਸੋਕੇ ਨਾਲ ਲੜਨ ਲਈ ਭਰੋਸੇਯੋਗ ਹੱਲ
ਕਿਸਮਾਂ ਦੇ ਵਿਕਾਸ ਦੀ ਲੜੀ ਵਿਚ ਪੀ.ਏ.ਯੂ. ਨੇ ਅਰਹਰ, ਮੂੰਗੀ ਅਤੇ ਮਾਂਹ ਦੀਆਂ ਕਿਸਮਾਂ ਵਿਚ ਜੰਗਲੀ ਅੰਸ਼ਾਂ ਨੂੰ ਸ਼ਾਮਿਲ ਕੀਤਾ। ਇਸਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਦਾਲਾਂ ਦਾ ਉਤਪਾਦਨ ਵਧਾਉਣ ਲਈ ਤਿੰਨ ਫਸਲ ਸੁਰੱਖਿਆ ਤਕਨੀਕਾਂ ਜਾਰੀ ਕੀਤੀਆਂ ਗਈਆਂ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਸੋਹੂ ਨੇ ਦਾਲਾਂ ਦੀ ਖੋਜ ਨਾਲ ਜੁੜੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
Summary in English: PAU declared best research centre during special meeting on Kharif pulses