1. Home
  2. ਖਬਰਾਂ

ਸਿੱਧੀ ਬਿਜਾਈ ਬੇਹੱਦ ਕਾਰਗਰ ਤਕਨੀਕ, ਪਰ ਤਰ ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਬਚਣ ਦੀ ਵਧੇਰੇ ਸੰਭਾਵਨਾ: VC Dr. Satbir Singh Gosal

ਮੌਜੂਦਾ ਖੇਤੀ ਚੁਣੌਤੀਆਂ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਪਾਣੀ ਸਭ ਤੋਂ ਪ੍ਰਮੁੱਖ ਸਰੋਕਾਰ ਹੈ। ਇਸ ਦਾ ਸੰਬੰਧ ਨਾ ਸਿਰਫ ਸਾਡੇ ਵਰਤਮਾਨ ਨਾਲ ਸਗੋਂ ਭਵਿੱਖ ਦੀਆਂ ਪੀੜੀਆਂ ਨਾਲ ਵੀ ਬਹੁਤ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਝੋਨੇ ਦੀ ਬਿਜਾਈ ਲਈ ਮਾਹਿਰਾਂ ਵੱਲੋਂ ਨਿੱਠ ਕੇ ਵਿਚਾਰ ਚਰਚਾ ਕੀਤੀ ਗਈ।

Gurpreet Kaur Virk
Gurpreet Kaur Virk
ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

Workshop: ਪੀ.ਏ.ਯੂ ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਵੱਲੋਂ ਸਾਉਣੀ ਦੀਆਂ ਫ਼ਸਲਾਂ ਬਾਰੇ ਵਰਕਸ਼ਾਪ ਅੱਜ ਪਾਲ ਆਡੀਟੋਰੀਅਮ ਵਿਚ ਨੇਪਰੇ ਚੜ੍ਹੀ। ਇਸ ਵਿਚ ਪੀ.ਏ.ਯੂ. ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹ ਸੇਵਾ ਕੇਂਦਰਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਮਾਹਿਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।

ਆਰੰਭਕ ਸੈਸ਼ਨ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ ਜਸਵੰਤ ਸਿੰਘ ਸ਼ਾਮਿਲ ਸਨ। ਉਹਨਾਂ ਨਾਲ ਪੀਏਯੂ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਨੇ ਵੀ ਪ੍ਰਧਾਨਗੀ ਮੰਡਲ ਦੀ ਸ਼ੋਭਾ ਵਧਾਈ।

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਹਰ ਸਾਲ ਦੋ ਵਾਰ ਹੋਣ ਵਾਲੀ ਇਹ ਗੋਸ਼ਟੀ ਵਿਲੱਖਣ ਮਹੱਤਵ ਵਾਲੀ ਹੈ। ਪੀਏਯੂ ਦੇ ਖੇਤੀ ਖੋਜਕਾਰਾਂ ਅਤੇ ਖੇਤੀਬਾੜੀ ਵਿਭਾਗ ਦੇ ਪਸਾਰ ਮਹਿਰ ਵੱਲੋਂ ਹਾੜੀ ਅਤੇ ਸਾਉਣੀ ਦੀਆਂ ਫਸਲਾਂ ਤੋਂ ਪਹਿਲਾਂ ਮਿਲ ਕੇ ਮੁੱਦੇ ਵਿਚਾਰੇ ਜਾਂਦੇ ਹਨ ਅਤੇ ਪਿਛਲੇ ਤਜਰਬਿਆਂ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਲਈ ਰਣਨੀਤੀ ਤੈਅ ਕੀਤੀ ਜਾਂਦੀ ਹੈ। ਡਾ ਗੋਸਲ ਨੇ ਮੌਜੂਦਾ ਹਾੜੀ ਸੀਜ਼ਨ ਦੌਰਾਨ ਕਣਕ, ਆਲੂ ਅਤੇ ਟਮਾਟਰ ਦੀ ਫਸਲ ਨੂੰ ਤਸੱਲੀਜਨਕ ਕਹਿੰਦਿਆਂ ਆਸ ਪ੍ਰਗਟਾਈ ਕਿ ਇਹ ਫਸਲ ਨਿਰਵਿਘਨ ਕਿਸਾਨ ਦੇ ਘਰ ਅਤੇ ਮੰਡੀਆਂ ਤੱਕ ਪਹੁੰਚ ਸਕੇਗੀ। ਮੌਜੂਦਾ ਖੇਤੀ ਚੁਣੌਤੀਆਂ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਪਾਣੀ ਸਭ ਤੋਂ ਪ੍ਰਮੁੱਖ ਸਰੋਕਾਰ ਹੈ। ਇਸ ਦਾ ਸੰਬੰਧ ਨਾ ਸਿਰਫ ਸਾਡੇ ਵਰਤਮਾਨ ਨਾਲ ਸਗੋਂ ਭਵਿੱਖ ਦੀਆਂ ਪੀੜੀਆਂ ਨਾਲ ਵੀ ਬਹੁਤ ਡੂੰਘੀ ਤਰ੍ਹਾਂ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਝੋਨੇ ਦੀ ਬਿਜਾਈ ਲਈ ਮਾਹਿਰਾਂ ਵੱਲੋਂ ਨਿੱਠ ਕੇ ਵਿਚਾਰ ਚਰਚਾ ਕੀਤੀ ਗਈ।

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਡਾ. ਗੋਸਲ ਨੇ ਕਿਹਾ ਕਿ ਸਿੱਧੀ ਬਿਜਾਈ ਬੇਹੱਦ ਕਾਰਗਰ ਤਕਨੀਕ ਵਜੋਂ ਸਾਹਮਣੇ ਆਈ ਹੈ, ਪਰ ਤਰ ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਨਾਲ ਪਾਣੀ ਬਚਣ ਦੀ ਵਧੇਰੇ ਸੰਭਾਵਨਾ ਹੈ। ਉਹਨਾਂ ਪਾਣੀ ਦੀ ਸੰਭਾਲ ਲਈ ਬਹਾਰ ਰੁੱਤ ਦੀ ਮੱਕੀ ਨਾ ਬੀਜਣ ਵਾਸਤੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਾਣੀ ਬਚਾਉਣ ਲਈ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਤਕਨੀਕਾਂ ਹਰ ਲਿਹਾਜ਼ ਨਾਲ ਕਿਸਾਨਾਂ ਤੱਕ ਪਹੁੰਚਾਉਣੀਆਂ ਲਾਜ਼ਮੀ ਹਨ। ਨਾਲ ਹੀ ਡਾ ਗੋਸਲ ਨੇ ਕਿਹਾ ਕਿ ਸਾਉਣੀ ਮੱਕੀ ਹੇਠ ਰਕਬਾ ਵਧਾਉਣ ਦੀ ਦਿਸ਼ਾ ਵਿੱਚ ਵੀ ਹੋਰ ਕਾਰਜ ਲਾਹੇਵੰਦ ਸਾਬਿਤ ਹੋਣਗੇ।

ਖੇਤੀ ਵਿੱਚ ਰਸਾਇਣਕ ਵਰਤੋਂ ਘਟਾਉਣ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਸੰਯੁਕਤ ਕੀਟ ਪ੍ਰਬੰਧਨ ਕੀੜਿਆਂ ਨੂੰ ਰੋਕਣ ਲਈ ਢੁਕਵੀਂ ਤੇ ਲਾਹੇਵੰਦ ਵਿਧੀ ਹੈ। ਟਰਾਇਕੋਡਰਮਾ ਦੀ ਵਰਤੋਂ ਪੀਏਯੂ ਵੱਲੋਂ ਗੰਨੇ ਅਤੇ ਹੋਰ ਫਸਲਾਂ ਵਿੱਚ ਸਿਫਾਰਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸੰਯੁਕਤ ਪੋਸ਼ਣ ਪ੍ਰਬੰਧ ਲਈ 18 ਤੋਂ ਵਧੇਰੇ ਜੀਵਾਣੂ ਖਾਦਾਂ ਸਿਫਾਰਿਸ਼ ਕੀਤੀਆਂ ਜਾ ਰਹੀਆਂ ਹਨ। ਡਾ ਗੋਸਲ ਨੇ ਕਿਹਾ ਕਿ ਫਸਲੀ ਵਿਭਿੰਨਤਾ ਦਾ ਮੰਤਵ ਹਾਸਲ ਕਰਨ ਦੇ ਰਾਹ ਵਿੱਚ ਬਦਲਵੀਆਂ ਫਸਲਾਂ ਉੱਪਰ ਘੱਟੋ ਘੱਟ ਸਮਰਥਨ ਮੁੱਲ ਦਾ ਨਾ ਹੋਣਾ ਸਭ ਤੋਂ ਵੱਡੀ ਰੁਕਾਵਟ ਬਣਦਾ ਹੈ। ਉਹਨਾਂ ਕਿਹਾ ਕਿ ਕਣਕ ਦੇ ਬਦਲ ਵਜੋਂ ਕਨੋਲਾ ਸਰ੍ਹੋਂ ਦੀਆਂ ਕਿਸਮਾਂ ਵਿਸ਼ੇਸ਼ ਤੌਰ ਤੇ ਜੀ ਐਸ ਸੀ-7 ਦੀ ਸਿਫਾਰਿਸ਼ ਪੀਏਯੂ ਵੱਲੋਂ ਕੀਤੀ ਜਾਂਦੀ ਹੈ। ਇਸ ਨੂੰ ਹੋਰ ਕਿਸਾਨਾਂ ਤੱਕ ਲਾਭਕਾਰੀ ਰੂਪ ਵਿੱਚ ਪਹੁੰਚਾਇਆ ਜਾਣਾ ਚਾਹੀਦਾ ਹੈ।

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਡਾ ਗੋਸਲ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਉਤਪਾਦਨ ਦੇ ਨਾਲ ਨਾਲ ਖੇਤੀ ਨੂੰ ਕਾਰੋਬਾਰ ਵਿੱਚ ਬਦਲਾਉਣ ਦੇ ਰੁਝਾਨ ਵਧੇ ਹਨ। ਇਸ ਲਈ ਪੀਏਯੂ ਨੇ ਨੌਜਵਾਨ ਪੀੜੀ ਨੂੰ ਖੇਤੀ ਮੁਹਾਰਤ ਨਾਲ ਭਰਪੂਰ ਕਰਨ ਦੇ ਵਿਸ਼ੇਸ਼ ਯਤਨ ਵੀ ਕੀਤੇ ਹਨ। ਇਸ ਮੰਤਵ ਲਈ ਸਿਧਾਂਤਕ ਸਿਖਲਾਈ ਬਾਰੇ ਸਕਿਲ ਡਿਵੈਲਪਮੈਂਟ ਸੈਂਟਰ ਅਤੇ ਵਿਹਾਰਕ ਕਾਰਜਾਂ ਦੀ ਹੱਥੀ ਸਿਖਲਾਈ ਲਈ ਭੋਜਨ ਉਦਯੋਗ ਬਿਜਨਸ ਇੰਕੂਬੇਸ਼ਨ ਸੈਂਟਰ ਦੀ ਸਥਾਪਨਾ ਇੱਕ ਵੱਡਾ ਕਦਮ ਹੈ। ਉਨਾਂ ਮਾਹਿਰਾਂ ਨੂੰ ਕਿਹਾ ਕਿ ਕਿਸਾਨੀ ਪਰਿਵਾਰਾਂ ਦੀਆਂ ਨੌਜਵਾਨ ਪੀੜੀਆਂ ਨੂੰ ਇਸ ਦਾ ਲਾਹਾ ਲੈਣ ਲਈ ਪ੍ਰੇਰਿਤ ਕਰਨ ਅਤੇ ਨਾਲ ਹੀ ਦੱਸਿਆ ਕਿ ਹੁਣ ਤੱਕ ਪੀਏਯੂ ਵੱਲੋਂ ਸਿਖਲਾਈ ਹਾਸਿਲ ਕਰਨ ਵਾਲੇ 80 ਦੇ ਕਰੀਬ ਉਦਮੀਆਂ ਨੂੰ 11 ਕਰੋੜ ਦੀ ਸਰਕਾਰੀ ਇਮਦਾਦ ਕਾਰੋਬਾਰ ਆਰੰਭ ਕਰਨ ਲਈ ਮਿਲੀ ਹੈ।

ਡਾ ਗੋਸਲ ਨੇ ਰਸੋਈ ਅਤੇ ਪੋਸ਼ਕ ਬਗੀਚੀ ਮਾਡਲ ਨੂੰ ਸਿਹਤ ਅਤੇ ਸਬਜ਼ੀਆਂ ਦੀ ਜ਼ਰੂਰਤ ਲਈ ਹਰ ਕਿਸਾਨੀ ਪਰਿਵਾਰ ਤੱਕ ਪਹੁੰਚਾਉਣ ਵਾਸਤੇ ਪਸਾਰ ਮਾਹਰਾਂ ਨੂੰ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਕਿਸਾਨ ਨਿਰਮਾਤਾ ਸੰਗਠਨਾ ਦੀ ਹੋਰ ਸਥਾਪਨਾ ਨਾਲ ਸਵੈ ਮੰਡੀਕਰਨ ਦਾ ਰਸਤਾ ਵੀ ਖੁੱਲੇਗਾ। ਬਾਸਮਤੀ ਉੱਪਰ ਕੀਟਨਸ਼ਕਾਂ ਦੇ ਛਿੜਕਾਅ ਦੀ ਵਰਤੋਂ ਘਟਾਉਣ ਬਾਰੇ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਪੀਏਯੂ ਵੱਲੋਂ ਗੰਭੀਰ ਖੋਜ ਤੋਂ ਬਾਅਦ 10 ਦੇ ਕਰੀਬ ਕੀਟ ਨਾਸ਼ਕਾਂ ਉੱਪਰ ਪਾਬੰਦੀ ਲਾਈ ਗਈ ਹੈ। ਆਉਂਦੇ ਸਾਉਣੀ ਸੀਜ਼ਨ ਦੌਰਾਨ ਨਰਮੇ ਹੇਠ ਰਕਬਾ ਵਧਾਉਣ ਦੀ ਜ਼ਰੂਰਤ ਬਾਰੇ ਵੀ ਡਾ ਗੋਸਲ ਨੇ ਵਿਸਥਾਰ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਪੀਏਯੂ ਵੱਲੋਂ ਸਿਫਾਰਿਸ਼ ਕੀਤੀਆਂ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਲਈ ਹੀ ਕਿਸਾਨਾਂ ਨੂੰ ਆਖਿਆ ਜਾਵੇ। ਉਨਾਂ ਕਿਹਾ ਕਿ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਸਮੱਸਿਆ ਘਟਾਉਣ ਲਈ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ ਗਈ ਹੈ ਕਿ ਨਰਮਾ ਪੱਟੀ ਵਿੱਚ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਫਾਲ ਅਰਮੀਵਰਮ ਦੀ ਮੱਕੀ ਵਿਚ ਪੈਦਾ ਹੋਣ ਵਾਲੀ ਸਮੱਸਿਆ ਦੀ ਅਗਾਊਂ ਰੋਕਥਾਮ ਲਈ ਕਿਸਾਨਾਂ ਨੂੰ ਸਿਫਾਰਿਸ਼ਾਂ ਉੱਪਰ ਅਮਲ ਕਰਨ ਬਾਰੇ ਵੀ ਵਾਈਸ ਚਾਂਸਲਰ ਨੇ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ: ਨੌਜਵਾਨ ਪੀੜ੍ਹੀ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਲੋੜ: Tarunpreet Singh Sond

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਉਹਨਾਂ ਅੱਗੇ ਕਿਹਾ ਕਿ ਪਰਾਲੀ ਦੀ ਸੰਭਾਲ ਦਾ ਮੁੱਦਾ ਲਗਾਤਾਰ ਖੇਤੀ ਖੋਜੀਆਂ ਦੇ ਵਿਚਾਰ ਅਧੀਨ ਹੈ ਇਸ ਵਾਸਤੇ ਸਰਫੇਸ ਸੀਡਰ ਤੋਂ ਬਾਅਦ ਕੰਬਾਈਨ ਨਾਲ ਡਰਿਲ ਜੋੜ ਕੇ ਕਣਕ ਦੀ ਨਾਲੋਂ ਨਾਲ ਬਿਜਾਈ ਦੀ ਤਕਨੀਕ ਵੀ ਸਾਂਝੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਖੇਤੀ ਪ੍ਰੋਸੈਸਿੰਗ ਕੇਂਦਰ ਪਿੰਡਾਂ ਵਿੱਚ ਸਥਾਪਿਤ ਕਰਨ ਲਈ ਪੀਏਯੂ ਦੀ ਤਕਨੀਕੀ ਅਗਵਾਈ ਦੀ ਪੇਸ਼ਕਸ਼ ਕੀਤੀ ਅਤੇ ਮੌਜੂਦਾ ਸਮੇਂ ਵਿੱਚ ਪ੍ਰਚਲਿਤ ਹੋ ਰਹੇ ਜੈਵਿਕ ਖੇਤੀ ਦੇ ਮਾਡਲ ਬਾਰੇ ਵੀ ਪੀਏਯੂ ਦੇ ਜੈਵਿਕ ਖੇਤੀ ਸਕੂਲ ਦੀਆਂ ਸੇਵਾਵਾਂ ਦਾ ਲਾਹਾ ਲੈਣ ਲਈ ਕਿਸਾਨਾਂ ਅਤੇ ਪਸਾਰ ਮਾਹਰਾਂ ਨੂੰ ਕਿਹਾ। ਡਾ ਗੋਸਲ ਨੇ ਗੱਲਬਾਤ ਦੇ ਅੰਤ ਤੇ ਆਖਿਆ ਕਿ ਕਿਸਾਨੀ ਪਰਿਵਾਰਾਂ ਨੂੰ ਖੇਤੀ ਦਾ ਹਿਸਾਬ ਕਿਤਾਬ ਬਾਕਾਇਦਾ ਢੰਗ ਨਾਲ ਰੱਖ ਕੇ ਆਪਣੇ ਖਰਚਿਆਂ ਨੂੰ ਕਾਬੂ ਵਿੱਚ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਨਿਰਦੇਸ਼ਕ ਡਾ ਜਸਵੰਤ ਸਿੰਘ ਨੇ ਇਸ ਮੌਕੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਹਰੀ ਕ੍ਰਾਂਤੀ ਵਿੱਚ ਪੰਜਾਬ ਦਾ ਯੋਗਦਾਨ ਅਮਿਟ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ, ਪਰ ਉਸ ਦੌਰ ਵਿੱਚ ਹੋਰ ਉਪਜ ਦੇ ਮੱਦੇ ਨਜ਼ਰ ਰਸਾਇਣਕ ਖਾਦਾਂ ਅਤੇ ਹੋਰ ਖੇਤੀ ਰਸਾਇਣਾ ਦੀ ਵਰਤੋਂ ਦਾ ਰੁਝਾਨ ਪ੍ਰਚਲਿਤ ਹੋਇਆ। ਇਸ ਦੇ ਫਲਸਰੂਪ ਪੰਜਾਬ ਦੇ ਕੁਦਰਤੀ ਸਰੋਤਾਂ ਦਾ ਘਾਣ ਵੀ ਸਾਹਮਣੇ ਆਇਆ। ਯੂਰੀਆ ਖਾਦ ਦੀ ਵਰਤੋਂ ਬਾਰੇ ਗੱਲ ਕਰਦਿਆਂ ਨਿਰਦੇਸ਼ਕ ਖੇਤੀਬਾੜੀ ਵਿਭਾਗ ਨੇ ਕਿਹਾ ਕਿ ਬਾਕੀ ਦੇਸ਼ ਵਿੱਚ 139 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਨਾਈਟਰੋਜਨ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਜਦਕਿ ਪੰਜਾਬ ਵਿੱਚ ਇਹ ਮਿਕਦਾਰ 247 ਕਿਲੋ ਪ੍ਰਤੀ ਹੈਕਟੇਅਰ ਤੱਕ ਜਾ ਪਹੁੰਚਦੀ ਹੈ। ਉਨਾਂ ਦੱਸਿਆ ਕਿ 2023-24 ਦੌਰਾਨ ਪੰਜਾਬ ਵੱਲੋਂ ਕੇਂਦਰੀ ਪੂਲ ਵਿੱਚ 24 ਪ੍ਰਤੀਸ਼ਤ ਝੋਨਾ ਅਤੇ 50 ਪ੍ਰਤੀਸ਼ਤ ਕਣਕ ਦਾ ਯੋਗਦਾਨ ਪਾਇਆ ਗਿਆ। ਇਹ ਕਿਸਾਨਾਂ ਅਤੇ ਖੇਤੀ ਮਾਹਿਰਾਂ ਦੀ ਨਿਰੰਤਰ ਮਿਹਨਤ ਦੇ ਸਦਕੇ ਹੀ ਸੰਭਵ ਹੋਇਆ ਹੈ।

ਇਹ ਵੀ ਪੜ੍ਹੋ: Hoshiarpur ਵਿਖੇ ਪਸ਼ੂ ਪਾਲਣ ਅਤੇ ਮੌਸਮੀ ਬਦਲਾਅ 'ਤੇ ਜਾਗਰੁਕਤਾ ਕੈਂਪ, Dr. Prabhjot Kaur ਨੇ ਖੇਤੀ ਅਤੇ ਡੇਅਰੀ ਧੰਧੇ ਵਿੱਚ ਖਰਚੇ ਤੇ ਮੁਨਾਫੇ ਦਾ ਪੂਰਾ ਹਿਸਾਬ ਰੱਖਣ 'ਤੇ ਦਿੱਤਾ ਜ਼ੋਰ

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਪੰਜਾਬ ਸਰਕਾਰ ਵੱਲੋਂ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਖੇਤੀ ਨੂੰ ਉਤਸ਼ਾਹਿਤ ਕਰਨ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਡਾ ਜਸਵੰਤ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਮੁਆਵਜ਼ੇ ਵਜੋਂ 1500 ਰੁਪਏ ਪ੍ਰਤੀ ਏਕੜ ਦਾ ਐਲਾਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਸਿੱਧੀ ਬਿਜਾਈ ਵਿੱਚ ਨਦੀਨਾ ਦਾ ਜੰਮ ਬਹੁਤ ਵੱਡੀ ਸਮੱਸਿਆ ਬਣਦਾ ਹੈ, ਇਸ ਦਿਸ਼ਾ ਵਿਚ ਹੋਰ ਖੋਜ ਦੀ ਲੋੜ ਹੈ। ਇਸੇ ਤਰ੍ਹਾਂ ਉਨਾਂ ਨੇ ਬਾਸਮਤੀ, ਮੱਕੀ ਅਤੇ ਨਰਮੇ ਹੇਠ ਰਕਬਾ ਵਧਾਉਣ ਲਈ ਵਿਭਾਗ ਵੱਲੋਂ ਕਿਸਾਨਾਂ ਤੱਕ ਕੀਤੀ ਜਾ ਰਹੀ ਪਹੁੰਚ ਦਾ ਹਵਾਲਾ ਦਿੰਦਿਆਂ ਨਵੀਆਂ ਸਿਫਾਰਿਸ਼ਾਂ ਅਤੇ ਨਵੀਆਂ ਕਿਸਮਾਂ ਦੀ ਲੋੜ ਉੱਪਰ ਜ਼ੋਰ ਦਿੱਤਾ। ਨਿਰਦੇਸ਼ਕ ਖੇਤੀਬਾੜੀ ਨੇ ਪਰਾਲੀ ਦੀ ਸੰਭਾਲ ਲਈ ਪੀਏਯੂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਵੀ ਕੀਤੀ ਪਰ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪਰਾਲੀ ਡੀਕੰਪੋਜ਼ਰ ਦੀ ਦਿਸ਼ਾ ਵਿੱਚ ਹੋਰ ਕੰਮ ਕਰਨ ਦੀ ਲੋੜ ਹੈ।

ਪੀਏਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਆਉਂਦੀ ਸਾਉਣੀ ਲਈ ਫਸਲਾਂ ਦੀਆਂ ਕਿਸਮਾਂ, ਉਤਪਾਦਨ ਤਕਨੀਕਾਂ , ਪੌਦ ਸੁਰੱਖਿਆ ਤਕਨੀਕਾਂ ਅਤੇ ਹੋਰ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਉਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਸਾਲ ਪਰਮਲ ਝੋਨੇ ਦੀ ਦਰਮਿਆਨ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੀ ਆਰ-132 ਦੀ ਸਿਫਾਰਿਸ਼ ਕੀਤੀ ਜਾ ਰਹੀ ਹੈ। ਇਸ ਕਿਸਮ ਲਈ ਹੋਰ ਕਿਸਮਾਂ ਨਾਲੋਂ 25 ਫੀਸਦੀ ਘੱਟ ਨਾਈਟਰੋਜਨ ਖਾਦ ਦੀ ਮਾਤਰਾ ਲੋੜੀਦੀ ਹੈ ਅਤੇ ਇਹ ਕਿਸਮ ਲੁਆਈ ਤੋਂ ਬਾਅਦ 111 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਚੌਲਾਂ ਦੀ ਵਧੀਆ ਕੁਆਲਿਟੀ ਵਾਲੀ ਇਸ ਕਿਸਮ ਦਾ ਔਸਤਨ ਝਾੜ ਸਾਢੇ 31 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ।

ਇਹ ਵੀ ਪੜ੍ਹੋ: 'AAHAR 2025' ਪ੍ਰਦਰਸ਼ਨੀ ਦੌਰਾਨ Paras Dairy ਨੇ ਪ੍ਰੀਮੀਅਮ ਚੀਜ਼ ਬ੍ਰਾਂਡ 'Galacia' ਦਾ ਕੀਤਾ ਲਾਂਚ

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਸਾਉਣੀ ਦੀਆਂ ਫ਼ਸਲਾਂ ਬਾਰੇ ਖੋਜ ਅਤੇ ਪਸਾਰ ਮਾਹਿਰਾਂ ਦੀ ਵਰਕਸ਼ਾਪ

ਇਸੇ ਤਰ੍ਹਾਂ ਡਾ ਢੱਟ ਨੇ ਮੱਕੀ ਦੀ ਕਿਸਮ ਪੀਐਮਐਚ 17 ਦਾ ਜ਼ਿਕਰ ਵੀ ਕੀਤਾ। ਇਹ ਕਿਸਮ 96 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਦਾਣਿਆਂ ਦਾ ਔਸਤ ਝਾੜ 25 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਕਿਸਮ ਇਥੇਨੌਲ ਬਣਾਉਣ ਲਈ ਬੇਹੱਦ ਢੁਕਵੀਂ ਅਤੇ ਫਾਲ ਆਰਮੀਵਰਮ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਵਾਲੀ ਹੈ।

ਉਨਾਂ ਨੇ ਨਵੀਆਂ ਕਿਸਮਾਂ ਵਿੱਚ ਪੁਦੀਨੇ ਦੀ ਕਿਸਮ ਸਿਮ ਉੱਨਤੀ ਅਤੇ ਕੰਗਣੀ ਦੀ ਕਿਸਮ ਪੰਜਾਬ ਕੰਗਣੀ-1 ਬਾਰੇ ਵੀ ਮਾਹਿਰਾਂ ਨੂੰ ਦੱਸਿਆ। ਇਸੇ ਸੈਸ਼ਨ ਦੌਰਾਨ ਨਿਰਦੇਸ਼ਕ ਖੋਜ ਨੇ ਉਤਪਾਦਨ ਤਕਨੀਕਾਂ ਅਤੇ ਪੌਦ ਸੁਰੱਖਿਆ ਤਕਨੀਕਾਂ ਵੀ ਸਾਂਝੀਆਂ ਕੀਤੀਆਂ। ਨਾਲ ਹੀ ਉਹਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਚੂਹਿਆਂ ਦੀ ਰੋਕਥਾਮ ਲਈ ਪੀਏਯੂ ਵੱਲੋਂ ਕੀਤੀਆਂ ਜਾ ਰਹੀਆਂ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ।

ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ ਨੇ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਵਾਲੇ ਮਾਹਿਰਾਂ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਆਸ ਪ੍ਰਗਟਾਈ ਕਿ ਵਰਕਸ਼ਾਪ ਤੋਂ ਪ੍ਰਾਪਤ ਹੋਣ ਵਾਲੇ ਸਿੱਟੇ ਆਉਂਦੀ ਸਾਉਣੀ ਸੀਜ਼ਨ ਦੌਰਾਨ ਕਿਸਾਨਾਂ ਲਈ ਲਾਹੇਵੰਦ ਸਾਬਿਤ ਹੋਣਗੇ। ਅੰਤ ਵਿੱਚ ਸਭ ਦਾ ਧੰਨਵਾਦ ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਨੇ ਕੀਤਾ। ਸਮਾਰੋਹ ਦੌਰਾਨ ਖੇਤੀ ਪ੍ਰੋਸੈਸਿੰਗ , ਮੁੱਲ ਵਾਧੇ ਅਤੇ ਖੇਤੀ ਉਦਯੋਗ ਬਾਰੇ ਲਿਖੀ ਗਈ ਕਿਤਾਬ ਨੂੰ ਜਾਰੀ ਕੀਤਾ ਗਿਆ। ਸੈਸ਼ਨ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਇਸ ਦੌਰਾਨ ਉਨਾਂ ਨੇ ਮਾਹਿਰਾਂ ਨੂੰ ਖੇਤੀ ਸਾਹਿਤ ਕਿਸਾਨਾਂ ਦੇ ਘਰ ਘਰ ਤੱਕ ਪਹੁੰਚਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰਨ ਦੀ ਅਪੀਲ ਵੀ ਕੀਤੀ।

ਇਸ ਗੋਸ਼ਟੀ ਦੌਰਾਨ ਦੋ ਤਕਨੀਕੀ ਸੈਸ਼ਨ ਵੀ ਕਰਵਾਏ ਗਏ। ਪਹਿਲੇ ਸੈਸ਼ਨ ਵਿੱਚ ਝੋਨਾ, ਨਰਮਾ ਅਤੇ ਮੱਕੀ ਦੀਆਂ ਕਿਸਮਾਂ, ਸਮੱਸਿਆਵਾਂ ਅਤੇ ਤਰੀਕਿਆਂ ਨੂੰ ਵਿਚਾਰਿਆ ਗਿਆ, ਜਦਕਿ ਦੂਜੇ ਸੈਸ਼ਨ ਵਿੱਚ ਗੰਨਾ, ਤੇਲਬੀਜ, ਦਾਲਾਂ, ਚਾਰੇ, ਮੋਟੇ ਅਨਾਜ, ਖੇਤੀ ਇੰਜਨੀਅਰਿੰਗ, ਬਾਗਬਾਨੀ, ਮਾਈਕਰੋਬਾਇਓਲੋਜੀ, ਜੀਵ ਵਿਗਿਆਨ ਅਤੇ ਅਰਥਸ਼ਾਸਤਰ ਦੇ ਵਿਸ਼ਿਆਂ ਬਾਰੇ ਵਿਸਥਾਰ ਨਾਲ ਮਾਹਿਰਾਂ ਨੇ ਚਰਚਾ ਕੀਤਾ।

Summary in English: PAU experts discuss crop varieties, innovations and challenges at Kharif workshop, Direct sowing is a highly effective technique: Dr. Gosal

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters