
ਪੀ.ਏ.ਯੂ. ਵਿੱਚ ਰਾਜ ਪੱਧਰੀ ਸਿਖਲਾਈ ਕੇਂਦਰ ਸਥਾਪਿਤ
Training Center to Empower Future Bureaucrats: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿਖੇ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਪ੍ਰਸ਼ਾਸਕੀ ਸੇਵਾਵਾਂ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵਿਸ਼ੇਸ਼ ਸਿਖਲਾਈ ਦੇਣ ਲਈ ਇੱਕ ਰਾਜ ਪੱਧਰੀ ਸਿਖਲਾਈ ਕੇਂਦਰ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ।
ਵਿਦਿਆਰਥੀ ਭਲਾਈ ਡਾਇਰੈਕਟੋਰੇਟ ਦੀ ਨਿਗਰਾਨੀ ਹੇਠ ਸਥਾਪਿਤ ਕੀਤੇ ਜਾ ਰਹੇ ਇਸ ਸੈਂਟਰ ਦੇ ਉਦਘਾਟਨ ਸਮਾਰੋਹ ਵਿੱਚ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ, ਸ਼੍ਰੀ ਉਮੇਸ਼ ਕੁਮਾਰ ਵਿਸ਼ੇਸ਼ ਬੁਲਾਰੇ ਵਜੋਂ, ਵਿਦਿਆਰਥੀ ਭਲਾਈ ਨਿਰਦੇਸ਼ਕ ਡਾ. ਨਿਰਮਲ ਜੋੜਾ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਖੇਤੀਬਾੜੀ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੇ ਭਾਸ਼ਣ ਵਿਚ ਕਿਹਾ ਕਿ ਯੂਨੀਵਰਸਿਟੀ ਦੇ ਇਤਿਹਾਸ ਵਿਚ ਅੱਜ ਦਾ ਦਿਨ ਵਿਸ਼ੇਸ਼ ਮਹੱਤਵ ਵਾਲਾ ਹੈ। ਅੱਜ ਪ੍ਰਸ਼ਾਸਨਿਕ ਖੇਤਰ ਵਿਚ ਪੀ.ਏ.ਯੂ. ਦੀ ਸ਼ਾਨਦਾਰ ਰਵਾਇਤ ਨੂੰ ਆਉਣ ਵਾਲੀਆਂ ਪੀੜੀਆਂ ਲਈ ਬਕਾਇਦਾ ਤੌਰ ਤੇ ਸਥਾਪਿਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀ ਪਛਾਣ ਵਿਗਿਆਨਕ ਖੇਤੀ ਖੋਜ ਨੂੰ ਸਮਰਪਿਤ ਦੇਸ਼ ਦੀ ਸਿਖਰਲੀ ਸੰਸਥਾ ਦੇ ਤੌਰ ਤੇ ਰਹੀ ਹੈ। ਇਸ ਸੰਸਥਾ ਨੇ ਹਮੇਸ਼ਾ ਵਿਦਿਆਰਥੀਆਂ ਦੀ ਚੋਣ ਦੇ ਉੱਚੇ ਮਿਆਰ ਲਾਗੂ ਕੀਤੇ ਹਨ। ਇਸੇ ਕਾਰਨ ਯੂਨੀਵਰਸਿਟੀ ਦਾ ਅਕਾਦਮਿਕ ਢਾਂਚਾ ਅਤੇ ਫੈਕਲਟੀ ਆਪਣੀ ਮੁਹਾਰਤ ਲਈ ਜਾਣੀ ਜਾਂਦੀ ਹੈ।
ਇਹ ਵੀ ਪੜ੍ਹੋ: Livestock Farmers: ਬਹੁ-ਭਾਗੀਦਾਰੀ ਕਾਰਜਸ਼ਾਲਾ ਦਾ ਉਦਘਾਟਨ, ਪਸ਼ੂ ਪਾਲਕਾਂ ਦੀਆਂ ਜ਼ਰੂਰਤਾਂ ਪਛਾਣਨ ਹਿਤ ਵਿਚਾਰ ਵਟਾਂਦਰਾ
ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਖੇਤੀਬਾੜੀ ਸਿੱਖਿਆ ਨਾਲ ਰੁਜ਼ਗਾਰ ਦੇ ਮੌਕੇ ਇਸ ਕੇਂਦਰ ਦੀ ਸਥਾਪਤੀ ਤੋਂ ਬਾਅਦ ਵਸੀਹ ਹੋਣਗੇ। ਪ੍ਰਸ਼ਾਸਨਿਕ ਸੇਵਾਵਾਂ ਦੇ ਖੇਤਰ ਵਿਚ ਜਾਣ ਦੀ ਇੱਛਾ ਰੱਖਣ ਵਾਲੇ ਵਿਦਿਆਰਥੀ ਇਸ ਕੇਂਦਰ ਤੋਂ ਸਿਖਲਾਈ ਲੈ ਕੇ ਆਪਣੇ ਸੁਪਨੇ ਸਕਾਰ ਕਰਨ ਦੇ ਮੌਕੇ ਪੈਦਾ ਕਰ ਸਕਣਗੇ। ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਦਾ ਉਦੇਸ਼ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਉਚੇਰੀ ਸਿੱਖਿਆ ਦੇ ਮੌਕੇ ਮੁਹੱਈਆ ਕਰਾਉਣਾ ਹੈ।
ਉਹਨਾਂ ਨੇ ਖੇਤੀ ਖੋਜ ਸੇਵਾਵਾਂ ਵਿਚ ਪੰਜਾਬੀਆਂ ਦੀ ਘੱਟ ਗਿਣਤੀ ਉੱਪਰ ਚਿੰਤਾ ਪ੍ਰਗਟਾਈ ਅਤੇ ਕਿਹਾ ਕਿ ਖੇਤੀ ਪ੍ਰਸ਼ਾਸਨ ਲਈ ਵੀ ਵਿਦਿਆਰਥੀਆਂ ਨੂੰ ਤਿਆਰ ਕੀਤਾ ਜਾਣਾ ਜ਼ਰੂਰੀ ਹੈ ਤਾਂ ਜੋ ਰਾਸ਼ਟਰੀ ਪੱਧਰ ਤੇ ਬਣਨ ਵਾਲੀਆਂ ਖੇਤੀ ਨੀਤੀਆਂ ਵਿਚ ਪੰਜਾਬ ਨੂੰ ਯੋਗ ਪ੍ਰਤੀਨਿਧਤਾ ਮਿਲ ਸਕੇ। ਨਾਲ ਹੀ ਸਕੱਤਰ ਪੱਧਰ ਦੇ ਅਧਿਕਾਰੀਆਂ ਨੂੰ ਖੇਤੀ ਪਿੱਠ ਭੂਮੀ ਨਾਲ ਜੋੜਨ ਲਈ ਇਹ ਕੇਂਦਰ ਨੂੰ ਮਹੱਤਵਪੂਰਨ ਆਖਦਿਆਂ ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਜੀ ਆਰ ਈ ਲਈ ਵਿਦਿਆਰਥੀਆਂ ਨੂੰ ਤਿਆਰੀ ਕਰਵਾ ਕੇ ਵਿਦੇਸ਼ ਵਿਚ ਸਿੱਖਿਆ ਅਤੇ ਨੌਕਰੀ ਦੇ ਯੋਗ ਮੌਕੇ ਪੈਦਾ ਹੋ ਸਕਣਗੇ।
ਸਰਕਾਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਡਾ. ਗੁਰਸ਼ਰਨਜੀਤ ਸਿੰਘ ਸੰਧੂ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ ਦੀ ਤਿਆਰੀ ਹਿਤ ਉਚੇਰੀਆਂ ਸੰਸਥਾਵਾਂ ਵਿਚ ਸਥਾਪਿਤ ਕੇਂਦਰਾਂ ਨੂੰ ਸਾਰਥਕ ਕੋਸ਼ਿਸ਼ ਕਿਹਾ। ਉਹਨਾਂ ਕਿਹਾ ਕਿ ਪੇਂਡੂ ਵਿਦਿਆਰਥੀਆਂ ਦੀ ਸੇਵਾ ਅਤੇ ਸਹਿਯੋਗ ਲਈ ਇਹ ਕੇਂਦਰ ਬੇਹੱਦ ਮਹੱਤਵਪੂਰਨ ਸਾਬਿਤ ਹੋਣਗੇ। ਨਾਲ ਹੀ ਉਹਨਾਂ ਨੇ ਸਰਕਾਰੀ ਕਾਲਜ ਲੁਧਿਆਣਾ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਵੀ ਕੀਤਾ।
ਇਹ ਵੀ ਪੜ੍ਹੋ: PAU ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਉਘੇ ਰੰਗਕਰਮੀ Dr. Nirmal Singh Jaura ਦੀ ਪੁਸਤਕ ‘Lockdown’ ਲੋਕ ਅਰਪਣ
ਸਵਾਗਤ ਦੇ ਸ਼ਬਦ ਬੋਲਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਪ੍ਰਸ਼ਾਸਨਿਕ ਸੇਵਾਵਾਂ ਦੇ ਖੇਤਰ ਵਿਚ ਪੀ.ਏ.ਯੂ. ਦੀ ਅਮੀਰ ਪ੍ਰੰਪਰਾ ਉੱਪਰ ਝਾਤ ਪੁਆਈ। ਉਹਨਾਂ ਕਿਹਾ ਡਾ. ਮਹਿੰਦਰ ਸਿੰਘ ਰੰਧਾਵਾ ਤੋਂ ਲੈ ਕੇ ਅਨੇਕ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜੁੜਾਵ ਪੀ.ਏ.ਯੂ. ਨਾਲ ਰਿਹਾ ਹੈ। ਨਾਲ ਹੀ ਪੀ.ਏ.ਯੂ. ਨੇ ਇਸ ਖੇਤਰ ਵਿਚ ਬਹੁਤ ਸਾਰੇ ਨਾਮਵਰ ਅਧਿਕਾਰੀ ਵੀ ਦਿੱਤੇ ਹਨ। ਉਹਨਾਂ ਦੱਸਿਆ ਕਿ ਇਹ ਕੇਂਦਰ ਪੰਜਾਬ ਵਿਚ ਬਣਨ ਵਾਲੇ 8 ਕੇਂਦਰਾਂ ਵਿੱਚੋਂ ਮੋਗਾ ਅਤੇ ਲੁਧਿਆਣਾ ਖੇਤਰ ਦੇ ਕਾਲਜਾਂ ਦੇ ਵਿਦਿਆਰਥੀਆਂ ਲਈ ਸਥਾਪਿਤ ਕੀਤਾ ਗਿਆ ਹੈ। ਜਲਦ ਹੀ ਇਸਨੂੰ ਬਕਾਇਦਾ ਇਮਾਰਤ ਵਿਚ ਪਾਠਕ੍ਰਮ ਸਮੇਤ ਚਾਲੂ ਕੀਤਾ ਜਾਵੇਗਾ।
ਇਸ ਦੌਰਾਨ ਉਹਨਾਂ ਇਸ ਕੇਂਦਰ ਦੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਦੀ ਘੋਸ਼ਣਾ ਕੀਤੀ। ਇਹਨਾਂ ਵਿਚ ਚੇਅਰਮੈਨ ਵਜੋਂ ਪੀ.ਏ.ਯੂ. ਦੇ ਵਾਈਸ ਚਾਂਸਲਰ, ਨਿਰਦੇਸ਼ਕ ਉੱਚ ਸਿੱਖਿਆ, ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ, ਪੀ.ਏ.ਯੂ. ਦੇ ਰਜਿਸਟਰਾਰ ਪ੍ਰਮੁੱਖ ਹਨ। ਮੈਂਬਰਾਂ ਦੇ ਤੌਰ ਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਡਾ. ਵਿਪਨ ਕੁਮਾਰ ਰਾਮਪਾਲ ਨਿਗਰਾਨ ਵਜੋਂ ਸ਼ਾਮਿਲ ਕੀਤੇ ਗਏ। ਬਾਕੀ ਮੈਂਬਰਾਂ ਵਿਚ ਡਾ. ਰੁਪਿੰਦਰ ਕੌਰ, ਡਾ. ਕਮਲਜੀਤ ਸਿੰਘ ਸੂਰੀ, ਡਾ. ਸੰਦੀਪ ਜੈਨ, ਡਾ. ਲਵਲੀਸ਼ ਗਰਗ, ਡਾ. ਸੁਰਭੀ ਮਹਾਜਨ, ਡਾ. ਸੰਗੀਤ ਰੰਗੂਵਾਲ, ਡਾ. ਅੰਨਾ ਗੋਇਲ, ਡਾ. ਦਿਵਿਆ ਉਪਰੇਜਾ, ਡਾ. ਸਪਨਾ ਠਾਕੁਰ, ਡਾ. ਮਨਮੋਹਨ ਢਕਾਲ ਅਤੇ ਡਾ. ਆਸ਼ੂ ਤੂਰ ਸ਼ਾਮਿਲ ਕੀਤੇ ਗਏ। ਕਮੇਟੀ ਦੇ ਸਕੱਤਰ ਡਾ. ਦਵਿੰਦਰ ਤਿਵਾੜੀ ਹੋਣਗੇ।
ਇਸੇ ਸਮਾਰੋਹ ਦੌਰਾਨ ਪੈਨਾਸੀਆ ਭਾਰਤੀ ਸੰਸਥਾਨ ਦੇ ਨਿਰਦੇਸ਼ਕ ਡਾ. ਉਮੇਸ਼ ਕੁਮਾਰ ਨੇ ਮੁੱਖ ਵਕਤਾ ਵਜੋਂ ਭਾਸ਼ਣ ਦਿੱਤਾ। ਡਾ. ਕੁਮਾਰ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਸੇਵਾਵਾਂ ਦੀ ਤਿਆਰੀ ਔਖੀ ਨਹੀਂ ਬਲਕਿ ਧਿਆਨ ਦੀ ਮੰਗ ਕਰਦੀ ਹੈ। ਉਹਨਾਂ ਕਿਹਾ ਕਿ ਜੇਕਰ ਵਡੇਰੇ ਇਮਤਿਹਾਨ ਦੀ ਤਿਆਰੀ ਕੀਤੀ ਜਾਵੇ ਤਾਂ ਹੇਠਲੇ ਕਈ ਇਮਤਿਹਾਨ ਪਾਸ ਕੀਤੇ ਜਾ ਸਕਦੇ ਹਨ। ਨਾਲ ਹੀ ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਪ੍ਰਤੀ ਜਾਗਰੂਕ ਹੋਣ ਲਈ ਵੀ ਪ੍ਰੇਰਿਤ ਕੀਤਾ।
ਇਸ ਸਮਾਰੋਹ ਦਾ ਸੰਚਾਲਨ ਡਾ. ਸੁਰਭੀ ਮਹਾਜਨ ਨੇ ਕੀਤਾ। ਇਸ ਮੌਕੇ ਪ੍ਰਸ਼ਾਸਨਿਕ ਸੇਵਾਵਾਂ ਵਿਚ ਜਾਣ ਵਾਲੇ ਪੀ.ਏ.ਯੂ. ਦੇ ਵਿਦਿਆਰਥੀਆਂ ਪਰੀਸਦੀਪ ਔਲਖ ਅਤੇ ਸ਼੍ਰੀ ਸੌਰਵ ਦਾ ਸਨਮਾਨ ਵੀ ਕੀਤਾ ਗਿਆ। ਭਾਰੀ ਗਿਣਤੀ ਵਿਚ ਵਿਦਿਅਰਥੀਆਂ ਅਤੇ ਪੀ.ਏ.ਯੂ. ਮਾਹਿਰਾਂ ਤੋਂ ਇਲਾਵਾ ਕੁੜੀਆਂ ਦੇ ਸਰਕਾਰੀ ਕਾਲਜ ਤੋਂ ਪ੍ਰੋ. ਗੁਰਜਿੰਦਰ ਕੌਰ ਬਰਾੜ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU launches state training centre to empower future bureaucrats, PAU VC Dr. Satbir Singh Gosal