Agricultural Challenges: ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇੱਕ ਵਿਸ਼ੇਸ਼ ਮਿਲਣੀ ਅੰਤਰਰਾਸ਼ਟਰੀ ਫਰਟੀਲਾਈਜ਼ਰ ਡਿਵੈਲਪਮੈਂਟ ਸੈਂਟਰ ਅਮਰੀਕਾ ਦੇ ਨਿਰਦੇਸ਼ਕ ਜਨਰਲ ਡਾ. ਹੈਂਕ ਵਾਨ ਡੂਏਨ ਨਾਲ ਕੀਤੀ।
ਇਸ ਮੁਲਾਕਾਤ ਦੌਰਾਨ ਪੀਏਯੂ ਦੀਆਂ ਖੋਜ ਗਤੀਵਿਧੀਆਂ ਤੋਂ ਇਲਾਵਾ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਾਂਝ ਦੇ ਸੰਬੰਧਾਂ, ਪੋਸ਼ਣ ਪ੍ਰਬੰਧਨ ਅਤੇ ਖੇਤੀ ਸਮੱਸਿਆਵਾਂ ਬਾਰੇ ਨਿਠ ਕੇ ਵਿਚਾਰ ਚਰਚਾ ਹੋਈ। ਅੰਤਰਰਾਸ਼ਟਰੀ ਫਰਟੀਲਾਈਜ਼ਰ ਡਿਵੈਲਪਮੈਂਟ ਸੈਂਟਰ ਦੇ ਉਪ ਪ੍ਰਧਾਨ ਡਾ ਉਪੇਦਰ ਸਿੰਘ ਵੀ ਮੁਲਾਕਾਤ ਦੌਰਾਨ ਮੌਜੂਦ ਰਹੇ।
ਡਾ. ਗੋਸਲ ਨੇ ਦੱਸਿਆ ਕਿ ਪੀਏਯੂ ਨੇ ਖੇਤ ਮਸ਼ੀਨਰੀ, ਮੁੜ ਉਤਪਾਦਨ ਖੇਤੀਬਾੜੀ, ਅਤੇ ਤਕਨਾਲੋਜੀ ਰੂਪਾਂਤਰਨ ਦੇ ਖੇਤਰ ਵਿੱਚ ਵਿਲੱਖਣ ਕਾਰਜ ਕੀਤਾ ਹੈ ਉਹਨਾਂ ਦੱਸਿਆ ਕਿ ਯੂਨੀਵਰਸਿਟੀ ਨੂੰ ਐਨ ਆਈ ਆਰ ਐਫ ਵੱਲੋਂ ਲਗਾਤਾਰ ਦੋ ਸਾਲਾਂ ਤੋਂ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਐਲਾਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਡਾ ਗੋਸਲ ਨੇ ਹਰੀ ਕ੍ਰਾਂਤੀ ਲਿਆਉਣ ਵਿੱਚ ਪੀਏਯੂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨਾਂ ਕਿਹਾ ਕਿ ਮੌਜੂਦਾ ਸਮੇਂ ਯੂਨੀਵਰਸਿਟੀ ਦਾ ਪੂਰਾ ਧਿਆਨ ਉਤਪਾਦਨ ਤਕਨੀਕਾਂ ਦੇ ਵਿਕਾਸ ਦੇ ਨਾਲ ਨਾਲ ਵਾਤਾਵਰਣ ਦੀ ਸੰਭਾਲ ਵਾਲੀਆਂ ਤਕਨੀਕਾਂ ਦਾ ਪਸਾਰ ਅਤੇ ਪੋਸ਼ਣ ਸਬੰਧੀ ਆਉਣ ਵਾਲੀਆਂ ਸਮੱਸਿਆਵਾਂ ਦੇ ਨਿਵਾਰਨ ਵੱਲ ਹੈ। ਉਨਾਂ ਕਿਹਾ ਕਿ ਪੀਏਯੂ ਸੰਸਾਰ ਦੀਆਂ ਉੱਚ ਪੱਧਰੀ ਸੰਸਥਾਵਾਂ ਨਾਲ ਸਾਂਝ ਦੇ ਮੌਕਿਆਂ ਨੂੰ ਵਧਾ ਕੇ ਖੇਤੀ ਵਿਗਿਆਨ ਦੇ ਅਨੁਭਵ ਨੂੰ ਵਿਸ਼ਵੀ ਬਣਾਉਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਪੀਏਯੂ ਵਾਤਾਵਰਣ ਪੱਖੀ ਫਸਲੀ ਚੱਕਰ ਦੀ ਉਸਾਰੀ ਲਈ ਸੂਖਮ ਖੇਤੀ, ਮਸਨੂਈ ਬੁੱਧੀ ਅਤੇ ਸਥਿਰ ਮਸ਼ੀਨੀਕਰਨ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਕਾਰਜਾਂ ਨੂੰ ਅੰਜਾਮ ਦੇ ਰਹੀ ਹੈ।
ਡਾ. ਹੈਂਕਵਾਨ ਡੂਏਨ ਅਤੇ ਡਾ ਉਪੇੰਦਰ ਸਿੰਘ ਨੇ ਇਸ ਮੌਕੇ ਅੰਤਰਰਾਸ਼ਟਰੀ ਫਰਟੀਲਾਈਜ਼ਰ ਡਿਵੈਲਪਮੈਂਟ ਸੈਂਟਰ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਫਸਲੀ ਕਾਸ਼ਤ ਵਿੱਚ ਢੁਕਵੇਂ ਪੋਸ਼ਣ ਪ੍ਰਬੰਧਨ ਲਈ ਖਾਦਾਂ ਦੀ ਵਰਤੋਂ ਵੱਲ ਵੀ ਕੇਂਦਰ ਧਿਆਨ ਦੇ ਰਿਹਾ ਹੈ। ਇਸ ਮੌਕੇ ਉਨਾਂ ਨੇ ਪੀਏਯੂ ਵੱਲੋਂ ਖੇਤੀ ਵਿਕਾਸ ਦੇ ਖੇਤਰ ਵਿੱਚ ਨਿਭਾਈ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਇਸ ਸੰਸਥਾ ਨਾਲ ਸਾਂਝ ਦੇ ਮੌਕੇ ਵਧਾਉਣ ਦੀ ਵਕਾਲਤ ਕੀਤੀ। ਡਾ ਹੈਂਕ ਨੇ ਅਫਰੀਕਨ ਖੇਤਰ ਵਿੱਚ ਸਥਿਰ ਖੇਤੀਬਾੜੀ ਦੇ ਵਿਕਾਸ ਲਈ ਪੀਏਯੂ ਦੇ ਅਨੁਭਵਾਂ ਦੀ ਵਰਤੋਂ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ: IFFCO MD Dr. Udai Shanker Awasthi ਦਾ ਸਨਮਾਨ, Bharat Mandapam ਵਿੱਚ ਆਯੋਜਿਤ ਸਮਾਗਮ ਦੌਰਾਨ ਮਿਲਿਆ ਵੱਕਾਰੀ Rochdale Pioneers Award 2024
ਪੀਏਯੂ ਦੇ ਪ੍ਰਮੁੱਖ ਵਿਗਿਆਨੀ ਡਾ ਐਚ ਐਸ ਸਿੱਧੂ ਨੇ ਵਫਦ ਦੇ ਮੈਂਬਰਾਂ ਬਾਰੇ ਜਾਣਕਾਰੀ ਦਿੰਦਿਆਂ ਪੀਏਯੂ ਅਤੇ ਅੰਤਰਰਾਸ਼ਟਰੀ ਫਰਟੀਲਾਈਜ਼ਰ ਡਿਵੈਲਪਮੈਂਟ ਸੈਂਟਰ ਅਮਰੀਕਾ ਵਿਚਕਾਰ ਸਾਂਝ ਦੇ ਵਿਰਸੇ ਬਾਰੇ ਗੱਲ ਕੀਤੀ। ਅਮਰੀਕੀ ਵਫਦ ਨੇ ਪੀਏਯੂ ਦੇ ਖੇਤਾਂ ਦਾ ਦੌਰਾ ਕਰਕੇ ਮਸ਼ੀਨਰੀ ਦੇ ਵਿਕਾਸ ਅਤੇ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਲਈ। ਖੇਤ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ ਮਹੇਸ਼ ਨਾਰੰਗ ਨੇ ਅੰਤ ਵਿੱਚ ਅਮਰੀਕੀ ਵਫਦ ਦਾ ਧੰਨਵਾਦ ਕਰਦਿਆਂ ਸਭ ਲਈ ਦਿਲੀ ਧੰਨਵਾਦ ਪ੍ਰਗਟਾਇਆ।
Summary in English: PAU Vice Chancellor Dr. Satbir Singh Gosal discusses solutions to agricultural challenges with US delegation