
ਗੋਲਡਨ ਗੇਟ ਅੰਮ੍ਰਿਤਸਰ ਵਿਖੇ ਰੋਸ ਮੁਜ਼ਾਹਿਰਾ
Kisan Andolan: ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ 'ਤੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਦੇ ਜਮਹੂਰੀ ਅਧਿਕਾਰਾਂ ਨੂੰ ਕੁਚਲਣ ਦਾ ਦੋਸ਼ ਲਗਾਇਆ ਹੈ। ਐਸਕੇਐਮ ਨੇ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਕਿਸਾਨ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅੰਦੋਲਨਕਾਰੀ ਕਿਸਾਨਾਂ 'ਤੇ ਦਬਾਅ ਪਾਉਣ ਦੀ ਬਜਾਏ, ਸੀਐਮ ਮਾਨ ਨੂੰ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਹੱਲ ਲੱਭਣਾ ਚਾਹੀਦਾ ਹੈ। ਕਿਸਾਨ ਆਗੂਆਂ ਨੂੰ ਦਬਾਉਣ ਅਤੇ ਡਰਾਉਣ ਲਈ ਅੱਧੀ ਰਾਤ ਨੂੰ ਘਰਾਂ ਵਿੱਚ ਪੁਲਿਸ ਭੇਜਣਾ ਰਾਜਨੀਤਿਕ ਤੌਰ 'ਤੇ ਗਲਤ ਅਤੇ ਬਹੁਤ ਹੀ ਮੰਦਭਾਗਾ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸੂਬਾ ਸਰਕਾਰ ਦਾ ਇਹ ਰਵੱਈਆ ਨਿੰਦਣਯੋਗ ਹੈ ਅਤੇ ਲੋਕਤੰਤਰ ਵਿੱਚ ਅਜਿਹੀ ਸਰਕਾਰ ਤੋਂ ਕੁਝ ਵੀ ਉਮੀਦ ਨਹੀਂ ਕੀਤੀ ਜਾਂਦੀ। ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ, ਗਦਰ ਇਨਕਲਾਬੀਆਂ ਅਤੇ ਭਗਤ ਸਿੰਘ ਦੀ ਸ਼ਾਨਦਾਰ ਵਿਰਾਸਤ ਵਾਲੇ ਪੰਜਾਬ ਦੇ ਲੋਕ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੀ ਇਜਾਜ਼ਤ ਨਾ ਦੇਣ ਦਾ ਸੂਬਾ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ।
ਇਸ ਸਿਲਸਿਲੇ ਵਿੱਚ ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ ਪੰਜਾਬ ਜਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ, ਭਗਵੰਤ ਮਾਨ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਦੀ ਗ੍ਰਿਫਤਾਰੀ ਅਤੇ ਧਰਨਾ ਪ੍ਰਦਰਸ਼ਨ ਕਰਨ ਦੇ ਜਮਹੂਰੀ ਅਧਿਕਾਰ ਨੂੰ ਦੱਬਣ ਲਈ ਕੀਤੇ ਜਬਰ, ਅਨਿਆਂ ਤੇ ਧਕੇਸ਼ਾਹੀ, ਖਿਲਾਫ ਅੱਜ ਜਥੇਬੰਦੀ ਦੇ ਸੂਬਾ ਪੱਧਰੀ ਪ੍ਰੋਗਰਾਮ ਦੇ ਚਲਦੇ ਜਿਲ੍ਹਾ ਅੰਮ੍ਰਿਤਸਰ ਵਿੱਚ ਲਗਭਗ 21 ਥਾਵਾਂ 'ਤੇ ਹਜਾਰਾਂ ਕਿਸਾਨਾਂ ਮਜਦੂਰਾਂ ਵੱਲੋਂ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕ ਕੇ ਰੋਸ ਮੁਜਾਹਰੇ ਕੀਤੇ ਗਏ। ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ 3 ਮਾਰਚ ਨੂੰ ਚੰਡੀਗੜ੍ਹ ਵਿੱਚ ਕਿਸਾਨ ਆਗੂਆਂ ਨਾਲ ਚੱਲ ਰਹੀ ਮੀਟਿੰਗ ਨੂੰ ਵਿਚਾਲੇ ਛੱਡਕੇ ਗਏ ਅਤੇ ਅੱਧੀ ਰਾਤ ਤੋਂ ਛਾਪੇਮਾਰੀ ਕਰਕੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਥੇਬੰਦੀ ਵੱਲੋਂ ਉਹਨਾਂ ਦੇ ਇਸ ਕਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ।
ਉਹਨਾ ਕਿਹਾ ਕਿ ਨਸ਼ੇ ਨੂੰ ਠੱਲ ਪਾਉਣ ਦੇ ਨਾਮ 'ਤੇ ਪੰਜਾਬ ਵਿੱਚ "ਬੁਲਡੋਜਰ ਜਸਟਿਸ" ਠੀਕ ਨਹੀਂ, ਲੋਕਤੰਤਰ ਰਾਜ ਵਿੱਚ ਇਸ ਤਰਾ ਦੇ ਗੈਰ ਮਾਨਵੀ ਅਤੇ ਗੈਰ ਸੰਵਿਧਾਨਕ ਤਰੀਕੇ ਨਵਾਜ਼ਿਬ ਹਨ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਅਸਲ ਰੂਪ ਵਿੱਚ ਰੋਕਣ ਲਈ ਵੱਡੇ ਸੌਦਾਗਰਾਂ ਨੂੰ ਫੜਿਆ ਜਾਵੇ ਨਾ ਕਿ ਚੰਦ ਨਸ਼ਾ ਕਰਨ ਵਾਲੇ ਨਸ਼ੇ ਤੋਂ ਪਹਿਲਾਂ ਤੋਂ ਹੀ ਪੀੜਤ ਨੌਜਵਾਨਾਂ ਨੂੰ ਫੜ ਕੇ ਖਾਣਾ ਪੂਰਤੀਂ ਅਤੇ ਮਾਰਕੇਬਾਜ਼ੀ ਕੀਤੀ ਜਾਵੇ। ਉਹਨਾ ਕਿਹਾ ਕਿ ਮੁੱਖ ਮੰਤਰੀ ਕੇਂਦਰ ਦੇ ਇਸ਼ਾਰੇ 'ਤੇ ਕਿਸਾਨ ਮਜ਼ਦੂਰ ਵਿਰੋਧੀ ਕੰਮ ਕਰ ਰਹੀ ਹੈ। ਉਹਨਾ ਕਿਹਾ ਕਿ ਕਿਸਾਨ ਮਜ਼ਦੂਰ ਜਥੇਬੰਦੀ ਦੇ ਕਿਸਾਨਾਂ ਮਜਦੂਰਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਵਾਲੀ ਹਰ ਆਵਾਜ਼ ਦੇ ਹੱਕ ਵਿੱਚ ਖੜੀ ਹੈ ਅਤੇ ਵਿਚਾਰਕ ਮਤਭੇਦ ਕਦੀ ਸਾਡੇ ਰਾਹ ਦਾ ਰੋੜਾ ਨਹੀਂ ਬਣੇ। ਉਹਨਾ ਮੰਗ ਕੀਤੀ ਕਿ ਗ੍ਰਿਫਤਾਰ ਅਤੇ ਨਜ਼ਰਬੰਦ ਕੀਤੇ ਆਗੂਆਂ ਨੂੰ ਤਰੁੰਤ ਰਿਹਾਅ ਕੀਤਾ ਜਾਵੇ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਚੰਡੀਗੜ੍ਹ ਦੇ 34 ਜਾਂ 17 ਸੈਕਟਰ ਵਿੱਚ ਥਾਂ ਦਿੱਤੀ ਜਾਵੇ ਅਤੇ ਕਿਸਾਨਾਂ ਦੀਆਂ 18 ਮੰਗਾਂ ਤਰੁੰਤ ਮੰਨੀਆ ਜਾਣ।
ਇਹ ਵੀ ਪੜ੍ਹੋ: Hoshiarpur ਵਿਖੇ ਪਸ਼ੂ ਪਾਲਣ ਅਤੇ ਮੌਸਮੀ ਬਦਲਾਅ 'ਤੇ ਜਾਗਰੁਕਤਾ ਕੈਂਪ, Dr. Prabhjot Kaur ਨੇ ਖੇਤੀ ਅਤੇ ਡੇਅਰੀ ਧੰਧੇ ਵਿੱਚ ਖਰਚੇ ਤੇ ਮੁਨਾਫੇ ਦਾ ਪੂਰਾ ਹਿਸਾਬ ਰੱਖਣ 'ਤੇ ਦਿੱਤਾ ਜ਼ੋਰ
ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਸਕੇਐਮ ਵਫ਼ਦ ਵਿਚਕਾਰ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੀਟਿੰਗ ਵਿੱਚ, ਐਸਕੇਐਮ ਵਫ਼ਦ ਨੇ ਖੇਤੀਬਾੜੀ ਮੰਡੀਕਰਨ 'ਤੇ ਰਾਸ਼ਟਰੀ ਨੀਤੀ ਢਾਂਚੇ ਦੇ ਵਿਰੁੱਧ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ਮਤੇ ਲਈ ਮੁੱਖ ਮੰਤਰੀ ਮਾਨ ਨੂੰ ਵਧਾਈ ਦਿੱਤੀ। ਕਿਸਾਨ ਵਫ਼ਦ ਨੇ ਅਸਲ ਹੱਕਾਂ ਦੀ ਪ੍ਰਾਪਤੀ ਲਈ ਕੇਂਦਰ ਸਰਕਾਰ ਵਿਰੁੱਧ ਲੰਬੇ ਸਮੇਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੀ ਮਹੱਤਤਾ ਬਾਰੇ ਦੱਸਿਆ, ਪਰ ਮੁੱਖ ਮੰਤਰੀ ਬਿਨਾਂ ਕਿਸੇ ਕਾਰਨ ਦੇ ਗੁੱਸੇ ਵਿੱਚ ਆ ਗਏ ਅਤੇ ਚਰਚਾ ਨੂੰ ਰੋਕ ਦਿੱਤਾ ਅਤੇ ਫਿਰ ਮੀਟਿੰਗ ਛੱਡ ਕੇ ਚਲੇ ਗਏ।
ਉਨ੍ਹਾਂ ਕਿਹਾ ਕਿ ਸੋਮਵਾਰ ਦੇਰ ਰਾਤ ਤੱਕ, ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਪੁਲਿਸ ਨੇ ਪੰਜਾਬ ਭਰ ਦੇ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਤੇ 80 ਸਾਲਾ ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਤੋਂ ਇਲਾਵਾ ਰੁਲਦੂ ਸਿੰਘ ਮਾਨਸਾ, ਜੰਗਵੀਰ ਸਿੰਘ ਚੌਹਾਨ, ਗੁਰਮੀਤ ਸਿੰਘ ਭਾਟੀਵਾਲ, ਨਛੱਤਰ ਸਿੰਘ ਜੈਤੋਂ, ਵੀਰਪਾਲ ਸਿੰਘ ਢਿੱਲੋਂ, ਬਿੰਦਰ ਸਿੰਘ ਗੋਲੇਵਾਲ, ਗੁਰਨਾਮ ਭੀਖੀ ਅਤੇ ਹਰਮੇਸ਼ ਸਿੰਘ ਢੇਸੀ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਕੁਝ ਕਿਸਾਨ ਆਗੂਆਂ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ ਹੈ।
Summary in English: Police arrest before protest, angry farmers protest at Golden Gate Amritsar, CM Mann's effigy burnt