ਵੈਟਨਰੀ ਯੂਨੀਵਰਸਿਟੀ ਵਿਖੇ ਮੁਰਗੀ ਪਾਲਣ ਸੰਬੰਧੀ ਸਿਖਲਾਈ ਸੰਪੂਰਨ
Training Camp: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਮੁਰਗੀ ਪਾਲਣ ਦੀ ਸਿਖਲਾਈ ਸੰਬੰਧੀ ਦੋ ਹਫ਼ਤੇ ਦਾ ਸਿਖਲਾਈ ਕੋਰਸ ਸੰਪੂਰਨ ਹੋ ਗਿਆ।
ਇਸ ਸਿਖਲਾਈ ਕੋਰਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 42 ਉਮੀਦਵਾਰ ਸ਼ਾਮਿਲ ਹੋਏ, ਜਿੰਨ੍ਹਾਂ ਵਿੱਚ ਇਕ ਔਰਤ ਵੀ ਸ਼ਮਿਲ ਸੀ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਬਹੁਤ ਜ਼ਿੰਮੇਵਾਰ ਢੰਗ ਨਾਲ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦਾ ਇਹ ਪ੍ਰਣ ਵੀ ਦੁਹਾਇਆ ਕਿ ਅਸੀਂ ਪਸ਼ੂਧਨ ਕਿੱਤਿਆਂ ਦੀ ਬਿਹਤਰੀ ਅਤੇ ਵਿਗਿਆਨਕ ਲੀਹਾਂ ਨਾਲ ਕਰਨ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਹਾਂ। ਉਨ੍ਹਾਂ ਮੁਰਗੀ ਪਾਲਣ ਦੇ ਕਿੱਤੇ ਨੂੰ ਸਵੈ-ਰੁਜ਼ਗਾਰ ਲਈ ਇਕ ਬਹੁਤ ਸੰਭਾਵਨਾਵਾਂ ਭਰਪੂਰ ਕਿੱਤਾ ਦੱਸਿਆ ਜਿਸ ਨਾਲ ਪੇਂਡੂ ਉਦਮੀਪਨ ਵਿੱਚ ਸੁਚੱਜਾ ਹੁਲਾਰਾ ਆ ਸਕਦਾ ਹੈ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਸਾਡਾ ਸਭ ਤੋਂ ਪਹਿਲਾ ਉਦੇਸ਼ ਇਹੋ ਹੈ ਕਿ ਪੇਂਡੂ ਜੀਵਿਕਾ ਨੂੰ ਪਸ਼ੂਧਨ ਕਿੱਤਿਆਂ ਨਾਲ ਜੋੜ ਕੇ ਚੰਗੀਆਂ ਤਕਨੀਕਾਂ ਅਤੇ ਮੰਡੀਕਰਨ ਦੇ ਨੁਕਤੇ ਦੱਸੇ ਜਾਣ।
ਡਾ. ਜਸਵਿੰਦਰ ਸਿੰਘ, ਕੋਰਸ ਨਿਰਦੇਸ਼ਕ ਅਤੇ ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਕਿਹਾ ਕਿ ਇਸ ਸਿਖਲਾਈ ਕੋਰਸ ਵਿੱਚ ਪੁਸਤਕ ਗਿਆਨ ਦੇ ਨਾਲ ਵਿਹਾਰਕ ਸਿੱਖਿਆ ਵੀ ਪ੍ਰਦਾਨ ਕੀਤੀ ਗਈ। ਇਸ ਸਿਖਲਾਈ ਵਿੱਚ ਸ਼ੈਡ ਪ੍ਰਬੰਧਨ, ਖੁਰਾਕੀ ਪ੍ਰਬੰਧਨ, ਬਿਮਾਰੀ ਪ੍ਰਬੰਧਨ, ਜੈਵਿਕ ਸੁਰੱਖਿਆ, ਮੁਰਗੀਆਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਅਤੇ ਮੰਡੀਕਾਰੀ ਦੇ ਢੰਗ ਤਰੀਕੇ ਦੱਸੇ ਗਏ।
ਸਿਖਲਾਈ ਵਿੱਚ ਡਾ. ਹਰਪਾਲ ਸਿੰਘ ਸੋਢੀ, ਸਹਾਇਕ ਮੁੱਖ ਪ੍ਰਬੰਧਕ, ਵੈਂਕੀ ਇੰਡੀਆ ਲਿਮ. ਦਾ ਵਿਸ਼ੇਸ਼ ਭਾਸ਼ਣ ਵੀ ਰੱਖਿਆ ਗਿਆ। ਉਨ੍ਹਾਂ ਨੇ ਵਪਾਰਕ ਮੁਰਗੀ ਪਾਲਣ ਕਿੱਤੇ ਵਿੱਚ ਨਵੇਂ ਰੁਝਾਨ, ਉਤਮ ਅਭਿਆਸ ਅਤੇ ਉਤਪਾਦਨ ਸੰਬੰਧੀ ਜਾਣਕਾਰੀ ਸਾਂਝੀ ਕੀਤੀ।
ਸਿਖਲਾਈ ਦਾ ਸੰਯੋਜਨ ਡਾ. ਰਾਜੇਸ਼ ਕਸਰੀਜਾ ਅਤੇ ਡਾ. ਰਵਦੀਪ ਸਿੰਘ ਨੇ ਬਹੁਤ ਸੁਚੱਜੇ ਢੰਗ ਨਾਲ ਵਿਦਿਆਰਥਣ ਡਾ. ਕਿਰਨਜੋਤ ਕੌਰ ਦੇ ਸਹਿਯੋਗ ਨਾਲ ਕੀਤਾ। ਪ੍ਰਤੀਭਾਗੀਆਂ ਨੇ ਵੀ ਇਸ ਗੱਲ ਦੀ ਤਸੱਲੀ ਅਤੇ ਖੁਸ਼ੀ ਪ੍ਰਗਟਾਈ ਕਿ ਉਨ੍ਹਾਂ ਨੂੰ ਸਿਖਲਾਈ ਦਾ ਬਹੁਤ ਫਾਇਦਾ ਹੋਇਆ ਹੈ।
ਸਰੋਤ: ਗਡਵਾਸੂ (GADVASU)
Summary in English: Poultry Farming a promising profession for self-employment: Vice-Chancellor Dr. J.P.S. Gill