
ਵਿੱਤ ਮੰਤਰੀ ਵੱਲੋਂ ਪੀ.ਏ.ਯੂ. ਵਿਦਿਆਰਥੀਆਂ ਦੀ ਸ਼ਲਾਘਾ
PAU Students: ਬੀਤੇ ਦਿਨੀਂ ਪੰਜਾਬ ਦੇ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਪੀ.ਏ.ਯੂ ਦਾ ਵਿਸ਼ੇਸ਼ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਨੇ ਜਿੱਥੇ ਯੂਨੀਵਰਸਿਟੀ ਦੇ ਨਵੀਨ ਖੇਤੀ ਖੋਜ ਅਤੇ ਸਿਖਲਾਈ ਪ੍ਰੋਗਰਾਮਾਂ ਨੂੰ ਜਾਣਿਆ, ਓਥੇ ਹੀ ਅਕਾਦਮਿਕ ਅਤੇ ਵਿਦਿਆਰਥੀ ਸਿਖਲਾਈ ਪ੍ਰੋਗਰਾਮਾਂ ਦਾ ਜਾਇਜ਼ਾ ਵੀ ਲਿਆ।
ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਬੀ.ਐਸਸੀ. ਪੋਸ਼ਣ ਅਤੇ ਖੁਰਾਕ ਵਿਗਿਆਨ ਪ੍ਰੋਗਰਾਮ ਦੇ ਅਨੁਭਵੀ ਸਿਖਲਾਈ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਸਨੈਕਸ ਨੂੰ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਦੀ ਪ੍ਰਸ਼ੰਸਾ ਖਾਸ ਤੌਰ ਤੇ ਹਾਸਿਲ ਹੋਈ।
ਆਪਣੀ ਵਿਹਾਰਕ ਸਿਖਲਾਈ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੇ ਸੰਤੁਲਿਤ ਪੋਸ਼ਣ, ਪੌਸ਼ਟਿਕ ਤੱਤਾਂ ਦੀ ਵਰਤੋਂ ਅਤੇ ਭੋਜਨ ਸੁਰੱਖਿਆ ਨਾਲ ਰਸੋਈ ਹੁਨਰਾਂ ਦੁਆਰਾ ਕਈ ਤਰ੍ਹਾਂ ਦੇ ਸਿਹਤਮੰਦ ਸਨੈਕਸ ਤਿਆਰ ਕਰਕੇ ਪੇਸ਼ ਕੀਤੇ। ਪੌਸ਼ਟਿਕ ਭੋਜਨ ਪਦਾਰਥ ਵਿੱਤ ਮੰਤਰੀ ਅਤੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਪਰੋਸੇ ਗਏ, ਜਿਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਸੁਆਦ, ਨਵੀਨ ਤਕਨੀਕ ਅਤੇ ਸਿਹਤ ਪ੍ਰਤੀ ਜਾਗਰੂਕਤਾ ਲਈ ਪ੍ਰਸ਼ੰਸਾ ਕੀਤੀ।
ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ, ਸ. ਹਰਪਾਲ ਸਿੰਘ ਚੀਮਾ ਨੇ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਮੌਜੂਦਾ ਸੰਸਾਰ ਦੇ ਕਾਰ ਵਿਹਾਰ ਨਾਲ ਬਰ ਮੇਚਣ ਲਈ ਦਿੱਤੇ ਜਾ ਰਹੇ ਹੁਨਰਾਂ ਉੱਪਰ ਤਸੱਲੀ ਪ੍ਰਗਟਾਈ। ਸ਼੍ਰੀ ਚੀਮਾ ਨੇ ਕਿਹਾ ਕਿ ਸੰਸਾਰ ਦੀਆਂ ਚੁਣੌਤੀਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਾ ਅੱਜ ਦੀ ਪੜ੍ਹਾਈ ਦਾ ਉਦੇਸ਼ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਨਵੀਨਤਾ ਅਤੇ ਤੰਦਰੁਸਤੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਪੀਏਯੂ ਦੀ ਸ਼ਲਾਘਾ ਕੀਤੀ।
ਕਮਿਊਨਿਟੀ ਸਾਇੰਸ ਦੇ ਡੀਨ ਡਾ ਕਿਰਨ ਬੈਂਸ ਨੇ ਇਸ ਮੌਕੇ ਕਿਹਾ ਕਿ ਤਜਰਬੇ ਤੇ ਆਧਾਰਿਤ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਵਿੱਚ ਉੱਦਮੀ ਹੁਨਰ ਵਿਕਸਤ ਕਰਨ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਇਹ ਜ਼ਰੂਰੀ ਹੈ ਕਿ ਸਾਡੇ ਵਿਦਿਆਰਥੀ ਡਿਗਰੀ ਧਾਰਕ ਹੋਣ ਦੇ ਨਾਲ ਨਾਲ ਭਵਿੱਖ ਵਿੱਚ ਨੌਕਰੀ ਪ੍ਰਦਾਨ ਕਰਨ ਵਾਲੇ ਵਜੋਂ ਗ੍ਰੈਜੂਏਟ ਹੋਣ। ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਰਚਨਾਤਮਕਤਾ, ਵਿਹਾਰਕ ਹੁਨਰ ਅਤੇ ਵਪਾਰਕ ਸੂਝ-ਬੂਝ ਦਾ ਨਿਰਮਾਣ ਪੀਏਯੂ ਦੇ ਅਕਾਦਮਿਕ ਵਿਹਾਰ ਦਾ ਕੇਂਦਰ ਹੈ।
ਇਹ ਵੀ ਪੜ੍ਹੋ: ਮੌਜੂਦਾ ਸਮੇਂ 'ਚ ਖੇਤੀ ਨੂੰ ਵਿਗਿਆਨਕ ਲੀਹਾਂ 'ਤੇ ਤੋਰ ਕੇ ਮੁਨਾਫੇਯੋਗ ਕਿੱਤਾ ਬਨਾਉਣ ਦੀ ਚੁਣੌਤੀ ਸਭ ਦੇ ਸਾਹਮਣੇ: Finance Minister Harpal Singh Cheema
ਯੂਨੀਵਰਸਿਟੀ ਦੇ ਸਿਖਲਾਈ ਪ੍ਰੋਗਰਾਮਾਂ ਬਾਰੇ ਗੱਲ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਦੱਸਿਆ ਕਿ ਪੀ ਏ ਯੂ ਆਪਣੇ ਸਕਿੱਲ ਡਿਵੈਲਪਮੈਂਟ ਸੈਂਟਰ ਰਾਹੀਂ, ਵਿਹਾਰਕ ਸਿਖਲਾਈ ਅਤੇ ਉੱਦਮਤਾ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਨੇ ਪੀ ਏ ਯੂ ਦੇ ਦੋ ਸਟਾਰਟ-ਅੱਪ ਪ੍ਰੋਗਰਾਮ ਉੱਦਮ ਅਤੇ ਉਡਾਨ ਦੀ ਸਫਲਤਾ 'ਤੇ ਚਾਨਣਾ ਪਾਇਆ, ਦੋਵੇਂ ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ (ਪਾਬੀ) ਪ੍ਰੋਜੈਕਟ ਦੇ ਅਧੀਨ ਜਾਰੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਸ਼ੇਸ਼ ਹੁਨਰ ਸਿਖਲਾਈ ਪ੍ਰੋਗਰਾਮਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਰਾਹੀਂ, ਪੀਏਯੂ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਖੇਤੀਬਾੜੀ ਉੱਦਮੀ ਬਣਨ ਲਈ ਤਿਆਰ ਬਣਾ ਰਿਹਾ ਹੈ, ਜਿਸ ਨਾਲ ਪੇਂਡੂ ਅਰਥਵਿਵਸਥਾ ਵਿੱਚ ਯੋਗਦਾਨ ਪਾ ਕੇ ਸਵੈ-ਨਿਰਭਰਤਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
Summary in English: Preparing students for the challenges of the world should be the aim of today's education: Finance Minister Harpal Singh Cheema