ਸਰਦੀਆਂ ਦੇ ਮੌਸਮ ਵਿਚ ਪਸ਼ੂਆਂ ਦੀ ਸੁਚੱਜੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਤਾਂ ਕਿ ਪਸ਼ੂਆਂ ਦੀ ਸਿਹਤ ਅਤੇ ਉਤਪਾਦਨ ਨੂੰ ਬਿਹਤਰ ਰੱਖਿਆ ਜਾ ਸਕੇ। ਇਹ ਜਾਣਕਾਰੀ ਡਾ. ਬਲਜਿੰਦਰ ਕੁਮਾਰ ਬਾਂਸਲ, ਨਿਰਦੇਸ਼ਕ, ਲਾਈਵਸਟਾਕ ਫਾਰਮਜ਼, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨੇ ਕੀਤਾ।
ਡਾ. ਬਾਂਸਲ ਨੇ ਕਿਹਾ ਕਿ ਸ਼ੈੱਡਾਂ ਨੂੰ ਪਰਦੇ ਲਾ ਕੇ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਠੰਡੀ ਹਵਾ ਰੋਕੀ ਜਾ ਸਕੇ। ਪਰਦੇ ਬਨਾਉਣ ਲਈ ਤਰਪਾਲ, ਸੁੱਕਾ ਘਾਹ, ਪਰਾਲੀ ਜਾਂ ਬਾਂਸ ਆਦਿ ਵਰਤੇ ਜਾ ਸਕਦੇ ਹਨ। ਸ਼ੈੱਡਾਂ ਦੇ ਆਲੇ ਦੁਆਲੇ ਖੜ੍ਹੇ ਰੁੱਖਾਂ ਨੂੰ ਛਾਂਗ ਦੇਣਾ ਚਾਹੀਦਾ ਹੈ ਤਾਂ ਕਿ ਧੁੱਪ ਸ਼ੈੱਡਾਂ ਜਾਂ ਢਾਰਿਆਂ ਦੇ ਅੰਦਰ ਤੱਕ ਪਹੁੰਚ ਸਕੇ। ਫਰਸ਼ ਨੂੰ ਵੀ ਸੁੱਕਾ ਰੱਖਣਾ ਚਾਹੀਦਾ ਹੈ ਤਾਂ ਜੋ ਪਸ਼ੂਆਂ ਨੂੰ ਠੰਡ ਲੱਗਣ ਤੋਂ ਬਚਾਇਆ ਜਾ ਸਕੇ। ਠੰਡ ਨਾਲ ਪਸ਼ੂਆਂ ਨੂੰ ਬੁਖਾਰ, ਨਮੂਨੀਆ ਅਤੇ ਮੋਕ ਆਦਿ ਹੋ ਸਕਦੀ ਹੈ। ਫਰਸ਼ ਨੂੰ ਠੰਡਿਆਂ ਹੋਣ ਤੋਂ ਬਚਾਉਣ ਲਈ ਸੁੱਕਾ ਘਾਹ, ਪਰਾਲੀ, ਤੂੜੀ ਜਾਂ ਚੌਲਾਂ ਦੀ ਫੱਕ ਆਦਿ ਵਿਛਾਉਣੀ ਚਾਹੀਦੀ ਹੈ। ਪਸ਼ੂਆਂ ਦੇ ਸਰੀਰ ’ਤੇ ਝੁੱਲ ਵੀ ਪਾਏ ਜਾ ਸਕਦੇ ਹਨ। ਜਿਸ ਨਾਲ ਉਨ੍ਹਾਂ ਦੇ ਸਰੀਰ ਦੀ ਗਰਮੀ ਬਣੀ ਰਹੇਗੀ। ਸ਼ੈੱਡਾਂ ਨੂੰ ਦਿਨ ਵਿਚ ਦੋ ਵਾਰ ਸਾਫ ਕਰਨਾ ਚਾਹੀਦਾ ਹੈ ਤੇ ਪਾਣੀ, ਗੋਹੇ ਦੇ ਨਿਕਾਸੀ ਪ੍ਰਬੰਧ ਦਰੁਸਤ ਰੱਖਣੇ ਚਾਹੀਦੇ ਹਨ। ਪਸ਼ੂਆਂ ਨੂੰ ਨਹਾਉਣ ਤੋਂ ਪਰਹੇਜ਼ ਕਰਦਿਆਂ ਸੁੱਕੇ ਕੱਪੜੇ ਜਾਂ ਪਰਾਲੀ ਨਾਲ ਸਫਾਈ ਕਰ ਦੇਣੀ ਚਾਹੀਦੀ ਹੈ। ਜੇਕਰ ਲੋੜ ਪਵੇ ਤਾਂ ਪਸ਼ੂ ਨੂੰ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ।
ਡਾ. ਬਾਂਸਲ ਨੇ ਜਾਣਕਾਰੀ ਦਿੱਤੀ ਕਿ ਪਸ਼ੂ ਨੂੰ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ। ਇਸ ਮੌਸਮ ਵਿਚ ਬਰਸੀਮ ਦੇ ਪੱਠਿਆਂ ਦੀ ਕਾਫੀ ਬਹੁਤਾਤ ਹੁੰਦੀ ਹੈ ਅਤੇ ਇਸ ਵਿਚ ਪ੍ਰੋਟੀਨ ਅਤੇ ਪਾਣੀ ਦੀ ਕਾਫੀ ਮਾਤਰਾ ਮਿਲ ਜਾਂਦੀ ਹੈ। ਦੁਧਾਰੂ ਪਸ਼ੂਆਂ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਹਰੇ ਚਾਰਿਆਂ ਦੀ ਘਾਟ ਹੋਵੇ ਤਾਂ 25-30 ਕਿੱਲੋ ਫਲੀਦਾਰ ਚਾਰਿਆਂ ਵਿਚ 5 ਤੋਂ 10 ਕਿੱਲੋ ਤੂੜੀ ਮਿਲਾ ਕੇ ਪ੍ਰਤੀ ਪਸ਼ੂ ਦੇਣੀ ਚਾਹੀਦੀ ਹੈ। 10 ਕਿੱਲੋ ਤੱਕ ਦੁੱਧ ਦੇਣ ਵਾਲੇ ਪਸ਼ੂ ਨੂੰ ਤਿੰਨ ਕਿੱਲੋ ਦਾਣਾ ਅਤੇ 40-50 ਕਿੱਲੋ ਚਾਰੇ ਦੀ ਲੋੜ ਹੁੰਦੀ ਹੈ। ਨਾਈਟ੍ਰੇਟ ਜ਼ਹਿਰਬਾਦ ਤੋਂ ਬਚਾਉਣ ਲਈ ਫਲੀਦਾਰ ਅਤੇ ਗੈਰ-ਫਲੀਦਾਰ ਚਾਰਿਆਂ ਨੂੰ ਤੂੜੀ ਨਾਲ ਮਿਲਾ ਕੇ ਹੀ ਪਸ਼ੂ ਨੂੰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿਚ ਕੁਲ ਖੁਰਾਕ ਦਾ ਦੋ ਪ੍ਰਤੀਸ਼ਤ ਧਾਤਾਂ ਦਾ ਚੂਰਾ ਅਤੇ ਇੱਕ ਪ੍ਰਤੀਸ਼ਤ ਲੂਣ ਵੀ ਪਸ਼ੂ ਨੂੰ ਦੇਣਾ ਜਰੂਰੀ ਹੈ। ਪਸ਼ੂ ਨੂੰ ਸਾਫ, ਤਾਜ਼ਾ ਅਤੇ ਕੋਸਾ ਪਾਣੀ ਮੁਹੱਈਆ ਕਰਨਾ ਚਾਹੀਦਾ ਹੈ। ਪਸ਼ੂ ਨੂੰ ਮਲ੍ਹੱਪ ਰਹਿਤ ਕਰਨ ਦੀ ਦਵਾਈ ਇੱਕ ਵਾਰ ਦੇਣ ਤੋਂ ਬਾਅਦ 21 ਦਿਨ ਬਾਅਦ ਦੁਬਾਰਾ ਦੇਣੀ ਚਾਹੀਦੀ ਹੈ। ਚਿੱਚੜਾਂ ਤੋਂ ਬਚਾਉਣ ਲਈ ਸ਼ੈੱਡਾਂ ਵਿਚ ਚਿੱਚੜ ਮਾਰ ਦਵਾਈ ਵਰਤਣੀ ਚਾਹੀਦੀ ਹੈ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Proper care of livestock in winter is essential for better production and health care - Veterinary Specialist