KVK Sangrur: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ ਵੱਲੋਂ ਪਰਾਲੀ ਪ੍ਰਬੰਧਨ ਪ੍ਰੋਜੈਕਟ 2024-25 ਅਧੀਨ ਬਲਾਕ ਅਨਦਾਨਾ ਦੇ ਪਿੰਡ ਰਾਮਗੜ੍ਹ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡ ਦੇ 30 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।
ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਵੀਰਾਂ ਨੂੰ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਵਿੱਚ ਸਰਵਪੱਖੀ ਖਾਦ ਪ੍ਰਬੰਧ ਅਤੇ ਖੇਤੀ ਮਸ਼ੀਨਰੀ ਦੀ ਸੰਭਾਲ ਬਾਰੇ ਜਾਣਕਾਰੀ ਮੁਹਈਆ ਕਰਵਾਉਣਾ ਸੀ।
ਕੈਂਪ ਦੌਰਾਨ ਜਾਣਕਾਰੀ ਦਿੰਦਿਆਂ ਡਾ. ਮਨਦੀਪ ਸਿੰਘ ਨੇ ਕਿਸਾਨ ਵੀਰਾਂ ਨੂੰ ਕਣਕ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਪੂਰੇ ਵਿਸਥਾਰ ਨਾਲ ਦੱਸਿਆ। ਉਹਨਾਂ ਕਿਸਾਨਾਂ ਨੂੰ ਫ਼ਸਲ ਦੀ ਲੋੜ ਤੋਂ ਵੱਧ ਖਾਦ ਪਾਉਣ ਦੇ ਨੁਕਸਾਨਾਂ ਬਾਰੇ ਵੀ ਸੁਚੇਤ ਕੀਤਾ ਅਤੇ ਖਾਦਾਂ ਦੀ ਬੇਲੋੜੀ ਵਰਤੋਂ ਤੋਂ ਗ਼ੁਰੇਜ਼ ਕਰਨ ਲਈ ਕਿਹਾ। ਉਹਨਾਂ ਕਿਸਾਨਾਂ ਨੂੰ ਕਣਕ ਵਿੱਚ ਲਘੂ ਤੱਤਾਂ ਜਿਵੇਂ ਕਿ ਮੈਗਨੀਜ਼, ਜ਼ਿੰਕ, ਗੰਧਕ ਅਤੇ ਨਾਈਟ੍ਰੋਜਨ ਦੀ ਘਾਟ ਦੇ ਲੱਛਣਾਂ ਅਤੇ ਇਹਨਾਂ ਦੀ ਯੋਗ ਪੂਰਤੀ ਕਰਨ ਦੇ ਢੰਗ ਤਰੀਕੇ ਵੀ ਸਮਝਾਏ।
ਉਹਨਾਂ ਕਿਹਾ ਕਿ ਕਣਕ ਵਿੱਚ ਮੈਗਨੀਜ਼ ਤੱਤ ਦੀ ਘਾਟ ਆਉਣ ਤੇ 1 ਕਿਲੋ ਮੈਗਨੀਜ਼ ਸਲਫੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਧੁੱਪ ਵਾਲੇ ਦਿਨ ਗੋਲ ਨੋਜ਼ਲ ਵਰਤ ਕੇ ਛਿੜਕਾਅ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਮੈਗਨੀਜ਼ ਸਲਫੇਟ ਨੂੰ ਕਦੇ ਵੀ ਫ਼ਸਲ ਵਿੱਚ ਛੱਟੇ ਨਾਲ ਨਾ ਪਾਓ। ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਅਤੇ ਸਿਖਲਾਈ ਕੋਰਸਾਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।
ਇਹ ਵੀ ਪੜ੍ਹੋ: Krishi Vigyan Kendra, Hoshiarpur ਵੱਲੋਂ ਪਿੰਡ ਚੱਗਰਾਂ ਵਿਖੇ ਕਿਸਾਨ ਸਾਇੰਸਦਾਨ ਮਿਲਣੀ ਦਾ ਆਯੋਜਨ
ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਦੀ ਵਰਤੋਂ ਤੋਂ ਬਾਅਦ ਇਸ ਦੇ ਦੇਖਭਾਲ ਅਤੇ ਰੱਖ-ਰਖਾਵ ਬਾਰੇ ਸਮੁੱਚੀ ਜਾਣਕਾਰੀ ਦਿੱਤੀ। ਉਹਨਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੀ ਖੇਤ ਵਿੱਚ ਸੰਭਾਲ ਲਈ ਮਲਚਿੰਗ ਵਿਧੀ ਅਤੇ ਸਮਾਰਟ ਸੀਡਰ ਮਸ਼ੀਨ ਬਾਰੇ ਵੀ ਜਾਣਕਾਰੀ ਦਿੱਤੀ।
ਕੈਂਪ ਦੌਰਾਨ ਕਿਸਾਨਾਂ ਵੱਲੋਂ ਕਣਕ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਅਤੇ ਗੁੱਲੀਡੰਡੇ ਦੀ ਰੋਕਥਾਮ ਬਾਰੇ ਪੁੱਛੇ ਸੁਆਲਾਂ ਦੇ ਜੁਆਬ ਦਿੱਤੇ ਗਏ। ਅਖੀਰ ਵਿੱਚ ਕਣਕ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ ਅਤੇ ਕਿਸਾਨਾਂ ਨੂੰ ਮੌਕੇ ਅਨੁਸਾਰ ਸੁਝਾਅ ਦਿੱਤੇ ਗਏ। ਇਸ ਕੈਂਪ ਦੀ ਕਾਮਯਾਬੀ ਲਈ ਸ੍ਰੀ ਬਾਲ ਕ੍ਰਿਸ਼ਨ ਸੈਣੀ, ਪਿੰਡ ਭੂਲਣ ਅਤੇ ਪਿੰਡ ਰਾਮਗੜ੍ਹ ਦੇ ਸਰਪੰਚ ਸ੍ਰੀ ਗੋਰਾ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।
Summary in English: Providing information on comprehensive fertilizer management and maintenance of agricultural machinery in wheat and other Rabi crops