
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
PMFME Scheme Summit: ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਪੰਜਾਬ ਭਰ ਤੋਂ ਭੋਜਨ ਪ੍ਰੋਸੈਸਿੰਗ ਅਤੇ ਕਾਰੋਬਾਰ ਨਾਲ ਜੁੜੇ ਛੋਟੇ ਅਤੇ ਦਰਮਿਆਨੇ ਉੱਦਮੀਆਂ ਦਾ ਵਿਸ਼ੇਸ਼ ਸੰਮੇਲਨ ਕਰਵਾਇਆ ਗਿਆ। ਇਹ ਸਮਾਰੋਹ ਪੰਜਾਬ ਰਾਜ ਭੋਜਨ ਕਮਿਸ਼ਨ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਹੋਇਆ। ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਖੇਤੀਬਾੜੀ ਕਿਸਾਨ ਭਲਾਈ ਅਤੇ ਭੋਜਨ ਪ੍ਰੋਸੈਸਿੰਗ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਸਨ।
ਉਹਨਾਂ ਨਾਲ ਮੰਚ ਉੱਪਰ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਸਿੰਘ ਗਿੱਲ, ਪੰਜਾਬ ਦੇ ਪ੍ਰਮੁੱਖ ਸਕੱਤਰ ਭੋਜਨ ਪ੍ਰੋਸੈਸਿੰਗ ਕੁਮਾਰੀ ਰਾਖੀ ਭੰਡਾਰੀ ਆਈ ਏ ਐੱਸ, ਭੋਜਨ ਪ੍ਰੋਸੈਸਿੰਗ ਬਾਰੇ ਵਿਸ਼ੇਸ਼ ਸਕੱਤਰ ਕੁਮਾਰੀ ਹਰਗੁਨਜੀਤ ਕੌਰ ਆਈ ਏ ਐੱਸ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਲੁਧਿਆਣਾ ਦੇ ਮੇਅਰ ਸ਼੍ਰੀਮਤੀ ਇੰਦਰਜੀਤ ਕੌਰ ਅਤੇ ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਮੌਜੂਦ ਰਹੇ।
ਇਸ ਤੋਂ ਇਲਾਵਾ ਪੀ.ਏ.ਯੂ. ਦੇ ਭੋਜਨ ਪ੍ਰੋਸੈਸਿੰਗ ਨਾਲ ਸੰਬੰਧਿਤ ਵੱਖ-ਵੱਖ ਵਿਗਿਆਨੀ, ਕਈ ਵਿਭਾਗਾਂ ਦੇ ਮਾਹਿਰ ਅਤੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਭਰ ਤੋਂ ਭੋਜਨ ਕਾਰੋਬਾਰ ਉੱਦਮੀ ਅਤੇ ਭੋਜਨ ਉਦਯੋਗ ਨਾਲ ਸੰਬੰਧਿਤ ਕਰਮੀ ਭਾਰੀ ਗਿਣਤੀ ਵਿਚ ਹਾਲ ਵਿਚ ਮੌਜੂਦ ਸਨ। ਸ. ਗੁਰਮੀਤ ਸਿੰਘ ਖੁੱਡੀਆ ਨੇ ਆਪਣੇ ਮੁੱਖ ਭਾਸ਼ਣ ਵਿਚ ਭੋਜਨ ਉਦਯੋਗ ਨਾਲ ਜੁੜੇ ਉੱਦਮੀਆਂ ਲਈ ਪ੍ਰੇਰਨਾ ਦੇ ਸ਼ਬਦ ਕਹੇ। ਉਹਨਾਂ ਕਿਹਾ ਕਿ ਖੇਤੀ ਉਪਜ ਦੇ ਮਾਮਲੇ ਵਿਚ ਪੰਜਾਬ ਨੇ ਬੇਮਿਸਾਲ ਸ਼ਿਖਰਾਂ ਛੋਹੀਆਂ ਹਨ ਪਰ ਅਜੋਕਾ ਦੌਰ ਖੇਤੀ ਉਤਪਾਦਨ ਮਗਰ ਦੌੜਨ ਦਾ ਨਹੀਂ ਬਲਕਿ ਖੇਤੀ ਜਿਣਸਾਂ ਨੂੰ ਉਤਪਾਦ ਬਣਾ ਕੇ ਉਹਨਾਂ ਦੀ ਪ੍ਰੋਸੈਸਿੰਗ ਅਤੇ ਮੁੱਲਵਾਧੇ ਦੀਆਂ ਸੰਭਾਵਨਾਵਾਂ ਦੀ ਤਲਾਸ਼ ਦਾ ਹੈ। ਇਸ ਕਾਰਜ ਲਈ ਸਰਕਾਰੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ਼੍ਰੀ ਖੁੱਡੀਆ ਨੇ ਕਿਹਾ ਕਿ ਸਰਕਾਰ ਹਰ ਖੇਤੀ ਕਾਰੋਬਾਰ ਲਈ ਸੰਭਵ ਸਹਿਯੋਗ ਵਾਸਤੇ ਹਮੇਸ਼ਾਂ ਤਤਪਰ ਹੈ।
ਉਹਨਾਂ ਨੇ ਕਿਸਾਨੀ ਸਮਾਜ ਨਾਲ ਜੁੜੇ ਲੋਕਾਂ ਨੂੰ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨਾਲ ਨਾ ਸਿਰਫ ਲੇਬਰ ਦੀ ਢੁੱਕਵੀਂ ਵਰਤੋਂ ਹੋ ਸਕੇਗੀ ਬਲਕਿ ਪਰਿਵਾਰ ਦੀ ਆਮਦਨ ਵਿਚ ਵਾਧਾ ਅਤੇ ਬਕਾਇਦਗੀ ਵੀ ਸ਼ਾਮਿਲ ਹੋਵੇਗੀ। ਸ਼੍ਰੀ ਖੁੱਡੀਆ ਨੇ ਉਤਪਾਦ ਤਿਆਰ ਕਰਕੇ ਆਪ ਵੇਚਣ ਨੂੰ ਬਿਨਾਂ ਕਿਸੇ ਸ਼ਰਮ ਜਾਂ ਸੰਕੋਚ ਦੇ ਕਿਸਾਨੀ ਪਰਿਵਾਰਾਂ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਕਾਮਯਾਬੀ ਦਾ ਰਸਤਾ ਉੱਦਮ ਵੱਲੋਂ ਹੋ ਕੇ ਜਾਂਦਾ ਹੈ। ਨਾਲ ਹੀ ਸ਼੍ਰੀ ਖੁੱਡੀਆ ਨੇ ਖੇਤੀ ਉੱਦਮੀਆਂ ਨੂੰ ਆਪਣੇ ਇਲਾਕੇ ਵਿਚ ਹੋਰ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਕਿਹਾ। ਉਹਨਾਂ ਨੇ ਪੀ.ਏ.ਯੂ. ਵੱਲੋਂ ਖੇਤੀ ਕਾਰੋਬਾਰ ਦੇ ਖੇਤਰ ਵਿਚ ਦਿੱਤੀਆਂ ਜਾਣ ਵਾਲੀਆਂ ਸਿਖਲਾਈਆਂ ਦੀ ਸ਼ਲਾਘਾ ਵੀ ਕੀਤੀ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਕੱਤਰ ਹੋਏ ਕਾਰੋਬਾਰ ਉੱਦਮੀਆਂ ਨਾਲ ਫਲਾਂ ਅਤੇ ਸਬਜ਼ੀਆਂ ਤੋਂ ਇਲਾਵਾ ਹੋਰ ਜਿਣਸਾਂ ਆਦਿ ਦੀ ਪ੍ਰੋਸੈਸਿੰਗ ਤਕਨਾਲੋਜੀ ਬਾਰੇ ਪੀ.ਏ.ਯੂ. ਦੀ ਪਹੁੰਚ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਕਣਕ ਅਤੇ ਝੋਨੇ ਦੇ ਖੇਤਰ ਵਿੱਚ ਪੰਜਾਬ ਨੇ ਦੁਨੀਆਂ ਭਰ ਵਿਚ ਸਿਖਰਲੀ ਉਤਪਾਦਕਤਾ ਹਾਸਲ ਕੀਤੀ ਹੈ। ਹੁਣ ਖੇਤੀਬਾੜੀ ਦੇ ਨਾਲ-ਨਾਲ ਖੇਤੀ ਕਾਰੋਬਾਰ ਦਾ ਦੌਰ ਆ ਗਿਆ ਹੈ। ਕੁਝ ਸਮਾਂ ਪਹਿਲਾਂ ਪੀ.ਏ.ਯੂ. ਵਿਚ ਹੋਏ ਪਰਵਾਸੀ ਸੰਮੇਲਨ ਦੇ ਪੰਜਾਬੀ ਡੈਲੀਗੇਟਾਂ ਦੇ ਤਜਰਬੇ ਸਾਂਝੇ ਕਰਦਿਆਂ ਡਾ. ਗੋਸਲ ਨੇ ਕਿਹਾ ਕਿ ਉਹ ਲੋਕ ਏਧਰੋਂ ਨਿਗੂਣੀ ਰਾਸ਼ੀ ਲੈ ਕੇ ਵਿਦੇਸ਼ ਦੀ ਧਰਤੀ ਉੱਪਰ ਗਏ ਸਨ ਪਰ ਅੱਜ ਉਹ ਵੱਖ-ਵੱਖ ਜਿਣਸਾਂ ਦੇ ਕਿੰਗ ਬਣੇ ਹੋਏ ਹਨ। ਅਜਿਹਾ ਇਸ ਕਰਕੇ ਸੰਭਵ ਹੋਇਆ ਕਿ ਉਹਨਾਂ ਨੇ ਖੇਤੀਬਾੜੀ ਨੂੰ ਖੇਤੀ ਕਾਰੋਬਾਰ ਵਿਚ ਤਬਦੀਲ ਕੀਤਾ ਅਤੇ ਆਪਣੇ ਤੋਂ ਅਗਲੀਆਂ ਪੀੜੀਆਂ ਨੂੰ ਖੇਤੀ ਦੀ ਕਾਰੋਬਾਰੀ ਗੁਣਵੱਤਾ ਨਾਲ ਜੋੜਿਆ।
ਇਹ ਵੀ ਪੜੋ: Income ਅਤੇ Employment ਦੇ ਮੌਕਿਆਂ ਨੂੰ ਵਧਾਉਣ ਲਈ Goat Farming ਵਧੀਆ ਕਿੱਤਾ: Dr. Gurdeep Singh
ਡਾ. ਗੋਸਲ ਨੇ ਕਿਹਾ ਕਿ ਪੀ.ਏ.ਯੂ. ਨੇ ਇਸ ਸੰਬੰਧ ਵਿਚ ਉੱਦਮੀਆਂ ਨੂੰ ਪ੍ਰੇਰਿਤ ਕਰਨ ਦਾ ਹੀਲਾ ਕੀਤਾ ਹੈ। ਭੋਜਨ ਵਿਗਿਆਨ ਬਾਰੇ ਪੀ.ਏ.ਯੂ. ਦੇ ਤਿੰਨ ਵਿਭਾਗਾਂ ਤੋਂ ਇਲਾਵਾ ਖੇਤੀ ਬਿਜ਼ਨਸ ਸਕੂਲ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਹਵਾਲਾ ਦਿੰਦਿਆਂ ਡਾ. ਗੋਸਲ ਨੇ ਕਿਹਾ ਕਿ ਇਹਨਾਂ ਵਿਚ ਜਾਰੀ ਨਿਧੀ ਅਤੇ ਪਾਬੀ ਯੋਜਨਾਵਾਂ ਤਹਿਤ ਖੇਤੀ ਕਾਰੋਬਾਰੀਆਂ ਨੂੰ ਸਿਖਲ਼ਾਈ ਦੇ ਕੇ ਸਰਕਾਰੀ ਇਮਦਾਦ ਦੇ ਪਾਤਰ ਬਣਾਇਆ ਗਿਆ ਹੈ ਜਿਸ ਨਾਲ ਕਰੋੜਾਂ ਰੁਪਏ ਦੀਆਂ ਗਰਾਂਟਾਂ ਲੈ ਕੇ ਉੱਦਮੀਆਂ ਨੇ ਆਪਣੇ ਕਾਰੋਬਾਰ ਆਰੰਭ ਕੀਤੇ ਹਨ। ਡਾ. ਗੋਸਲ ਨੇ ਕਿਹਾ ਕਿ ਸਿਖਲਾਈ ਲੈਣ ਤੋਂ ਬਾਅਦ ਹੱਥੀਂ ਅਤੇ ਵਿਹਾਰਕ ਕਾਰਜ ਲਈ ਭੋਜਨ ਉਦਯੋਗ ਇੰਨਕੁਬੇਸ਼ਨ ਕੇਂਦਰ ਵਿਚ ਤਜਰਬਾ ਕੀਤਾ ਜਾ ਸਕਦਾ ਹੈ। ਉਹਨਾਂ ਨੇ ਪੇਂਡੂ ਇਲਾਕਿਆਂ ਵਿਚ ਖੇਤੀ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰਨ ਦੀ ਪੀ.ਏ.ਯੂ. ਦੀ ਮੰਸ਼ਾ ਜਾਹਿਰ ਕੀਤੀ ਅਤੇ ਸੰਮੇਲਨ ਵਿਚ ਸ਼ਾਮਿਲ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੀ.ਏ.ਯੂ. ਦਾ ਖੇਤੀ ਪ੍ਰੋਸੈਸਿੰਗ ਯੂਨਿਟ ਜ਼ਰੂਰ ਵੇਖਣ।
ਗਡਵਾਸੂ ਦੇ ਵਾਈਸ ਚਾਂਸਲਰ ਡਾ. ਜਤਿੰਦਰਪਾਲ ਗਿੱਲ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿਚ ਕਿਹਾ ਕਿ ਪੰਜਾਬ 14.3 ਮਿਲੀਅਨ ਟਨ ਦੁੱਧ ਦਾ ਉਤਪਾਦਨ ਕਰਦਾ ਹੈ ਜੋ ਸਮੁੱਚੇ ਭਾਰਤ ਦਾ 6 ਪ੍ਰਤੀਸ਼ਤ ਬਣਦਾ ਹੈ। ਇਸ ਵਿੱਚੋਂ 10 ਪ੍ਰਤੀਸ਼ਤ ਦੇ ਕਰੀਬ ਦੁੱਧ ਦੀ ਪ੍ਰੋਸੈਸਿੰਗ ਹੁੰਦੀ ਹੈ| ਬਾਕੀ ਸਾਰਾ ਦੁੱਧ ਤਰਲ ਰੂਪ ਵਿਚ ਖੁੱਲੀ ਮੰਡੀ ਦਾ ਹਿੱਸਾ ਬਣਦਾ ਹੈ। ਉਹਨਾਂ ਕਿਹਾ ਕਿ ਵਧੇਰੇ ਦੁੱਧ ਉਤਪਾਦਨ ਵਾਲੇ ਮਹੀਨਿਆਂ ਵਿਚ ਦੁੱਧ ਦੀ ਪ੍ਰੋਸੈਸਿੰਗ ਕਰਕੇ ਕਈ ਪ੍ਰੋਸੈਸਿੰਗ ਉਤਪਾਦ ਬਣਾਏ ਜਾ ਸਕਦੇ ਹਨ। ਵਿਸ਼ੇਸ਼ ਤੌਰ ਤੇ ਉਹਨਾਂ ਨੇ ਸਰਕਾਰ ਨੂੰ ਚੀਜ਼ ਬਨਾਉਣ ਵਾਲੇ ਯੂਨਿਟ ਸਥਾਪਿਤ ਕਰਨ ਲਈ ਕਿਹਾ ਤਾਂ ਜੋ ਮੱਝਾਂ ਦੇ ਦੁੱਧ ਦੀ ਪ੍ਰੋਸੈਸਿੰਗ ਕਰਕੇ ਮੋਜ਼ਰੇਲਾ ਚੀਜ਼ ਬਣਾਈ ਜਾ ਸਕੇ।
ਭੋਜਨ ਪ੍ਰੋਸੈਸਿੰਗ ਬਾਰੇ ਮੁੱਖ ਸਕੱਤਰ ਕੁਮਾਰੀ ਰਾਖੀ ਗੁਪਤਾ ਨੇ ਆਪਣੇ ਸੰਬੋਧਨ ਵਿਚ ਕੇਂਦਰ ਸਰਕਾਰ ਦੀ ਪ੍ਰਧਾਨਮੰਤਰੀ ਲਘੂ ਭੋਜਨ ਪ੍ਰੋਸੈਸਿੰਗ ਇਕਾਈਆਂ ਬਾਰੇ ਬਕਾਇਦਾ ਯੋਜਨਾ ਦੀ ਤਫਸੀਲ ਸਾਂਝੀ ਕੀਤੀ। ਉਹਨਾਂ ਕਿਹਾ ਕਿ ਇਸ ਯੋਜਨਾ ਦਾ ਮੰਤਵ ਪੰਜਾਬ ਦੇ ਲੋਕਾਂ ਨੂੰ ਪ੍ਰੋਸੈਸਿੰਗ ਦੇ ਹੁਨਰ ਨਾਲ ਭਰਪੂਰ ਕਰਕੇ ਉਹਨਾਂ ਦੇ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਇਸ ਤੋਂ ਇਲਾਵਾ ਮੇਅਰ ਇੰਦਰਜੀਤ ਕੌਰ, ਪੰਜਾਬ ਰਾਜ ਭੋਜਨ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਬਾਲ ਮੁਕੰਦ ਸ਼ਰਮਾ ਅਤੇ ਭੋਜਨ ਪ੍ਰੋਸੈਸਿੰਗ ਬਾਰੇ ਵਿਸ਼ੇਸ਼ ਸਕੱਤਰ ਹਰਗੁਨਜੀਤ ਕੌਰ ਨੇ ਵੀ ਸਭਾ ਨੂੰ ਸੰਬੋਧਿਤ ਕੀਤਾ।
ਇਹ ਵੀ ਪੜੋ: ਮੱਝਾਂ ਪਾਲਣ ਸੰਬੰਧੀ ਕੌਮੀ ਵਿਚਾਰ ਗੋਸ਼ਠੀ, ਭਵਿੱਖ ਦੀ ਰੂਪਰੇਖਾ ਤਿਆਰ ਕਰਨ ਲਈ GADVASU ਦੇ ਮਾਹਿਰਾਂ ਵੱਲੋਂ ਵਿਚਾਰਾਂ
ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਮੂਹ ਪਤਵੰਤਿਆਂ ਅਤੇ ਹਾਜ਼ਰ ਲੋਕਾਂ ਲਈ ਸਵਾਗਤ ਦੇ ਸ਼ਬਦ ਕਹੇ| ਉਹਨਾਂ ਕਿਹਾ ਕਿ ਪੀ.ਏ.ਯੂ. ਇਸ ਯੋਜਨਾ ਦਾ ਤਕਨੀਕੀ ਹਿੱਸੇਦਾਰ ਹੈ। ਇਸਲਈ ਪ੍ਰਾਪਤੀਆਂ ਅਤੇ ਕਮਜ਼ੋਰੀਆਂ ਦਾ ਲੇਖਾ ਜੋਖਾ ਕਰਕੇ ਭਵਿੱਖ ਦੀ ਰੂਪਰੇਖਾ ਉਲੀਕੀ ਜਾ ਸਕਦੀ ਹੈ।
ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸ਼੍ਰੀ ਰਜਨੀਸ਼ ਤੁਲੀ ਨੇ ਅੰਤ ਵਿਚ ਧੰਨਵਾਦ ਦੇ ਸ਼ਬਦ ਕਹੇ| ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਐਗਰੋ ਦੀਆਂ ਪਿਛਲੇ ਪੰਜ ਸਾਲਾਂ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ| ਇਸ ਮੌਕੇ ਪਟਿਆਲਾ ਤੋਂ ਖੇਤੀ ਉੱਦਮੀ ਸ਼੍ਰੀ ਰਣਜੀਤ ਸਿੰਘ ਨੇ ਸੋਇਆ ਪਨੀਰ ਦੇ ਦਰਮਿਆਨੇ ਉਦਯੋਗ ਦੀ ਸਥਾਪਤੀ ਦੇ ਤਜਰਬੇ ਸਾਂਝੇ ਕੀਤੇ। ਪਟਿਆਲਾ ਤੋਂ ਹੀ ਸ਼੍ਰੀਮਤੀ ਗੁਰਪ੍ਰੀਤ ਕੌਰ ਨੇ ਇਸ ਯੋਜਨਾ ਨਾਲ ਜੁੜ ਕੇ ਪੈਦਾ ਹੋਏ ਆਤਮ ਵਿਸ਼ਵਾਸ਼ ਅਤੇ ਕਾਰੋਬਾਰ ਵਿਚ ਵਾਧੇ ਦੀ ਗੱਲ ਕੀਤੀ।
ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਖੋਜ ਪ੍ਰੋ. ਮਹੇਸ਼ ਕੁਮਾਰ ਨੇ ਯੂਨੀਵਰਸਿਟੀ ਵੱਲੋਂ ਕਾਰੋਬਾਰ ਉੱਦਮੀਆਂ ਦੀ ਸਮਰਥਾ ਦੇ ਨਿਰਮਾਣ ਲਈ ਕੀਤੇ ਜਾਣ ਵਾਲੇ ਯਤਨਾਂ ਦਾ ਹਵਾਲਾ ਦਿੱਤਾ। ਉਹਨਾਂ ਤੋਂ ਇਲਾਵਾ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਟੀ ਸੀ ਮਿੱਤਲ ਨੇ ਐਗਰੋ ਪ੍ਰੋਸੈਸਿੰਗ ਯੂਨਿਟਾਂ ਦੀ ਸਥਾਪਤੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਲਾਂਬੜਾ ਕਾਂਗੜੀ ਦੀ ਸਹਿਕਾਰੀ ਸਭਾ ਦੇ ਨੁਮਾਇੰਦੇ ਨੇ ਵੀ ਕਿਸਾਨਾਂ ਨੂੰ ਪ੍ਰੋਸੈਸਿੰਗ ਅਤੇ ਮੁੱਲਵਾਧੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਪ੍ਰਧਾਨਗੀ ਮੰਡਲ ਨੇ ਖੇਤੀ ਪ੍ਰੋਸੈਸਿੰਗ ਅਤੇ ਖੇਤੀ ਕਾਰੋਬਾਰ ਨਾਲ ਜੁੜ ਕੇ ਨਵੀਆਂ ਲੀਹਾਂ ਸਿਰਜਣ ਵਾਲੇ ਕਿਸਾਨਾਂ ਦੇ ਵਿਸ਼ੇਸ਼ ਸਨਮਾਨ ਕੀਤੇ| ਸਮਾਰੋਹ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Punjab Agriculture Minister lauds entrepreneurs at PMFME Scheme Summit, calls for diversification in dairy business