
ਐਗਰੋ-ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ
Agro-Processing Complex and Jaggery Processing Plant: ਪੀ.ਏ.ਯੂ. ਦੇ ਵਿਸ਼ੇਸ਼ ਦੌਰੇ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ 28 ਅਪ੍ਰੈਲ 2025 ਨੂੰ ਕਈ ਨਵੇਂ ਖੇਤੀ ਪ੍ਰੋਗਰਾਮਾਂ ਅਤੇ ਕੰਪਲੈਕਸਾਂ ਦਾ ਨੀਂਹ ਪੱਥਰ ਰੱਖਿਆ।
ਉਨ੍ਹਾਂ ਨੇ ਵਢਾਈ ਉਪਰੰਤ ਤਕਨੀਕਾਂ, ਮੁੱਲ ਵਾਧਾ, ਉਤਪਾਦ ਨਿਰਮਾਣ ਅਤੇ ਨਵੀਆਂ ਵਿਗਿਆਨਕ ਵਿਧੀਆਂ ਵਾਲੀਆਂ ਲੈਬਾਰਟਰੀਆਂ ਦਾ ਜਾਇਜਾ ਲਿਆ ਅਤੇ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਹੋਸਟਲ, ਜਿੰਮਨੇਜ਼ੀਅਮ ਅਤੇ ਖੇਡਾਂ ਦੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਐਗਰੋ-ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ
ਇਸ ਮੌਕੇ ਵਿੱਤ ਮੰਤਰੀ ਨੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਉਦਘਾਟਨ ਕੀਤਾ, ਜਿਸ ਵਿਚ ਪਿੰਡਾਂ ਵਿਚ ਸਥਾਨਕ ਪੱਧਰ ਦੇ ਵਢਾਈ ਉਪਰੰਤ ਫਸਲਾਂ ਤੋਂ ਉਤਪਾਦ ਨਿਰਮਾਣ ਦਾ ਕਾਰਜ ਨੇਪਰੇ ਚੜਦਾ ਹੈ। ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਵੱਲੋਂ 46 ਲੱਖ ਰੁਪਏ ਦੀ ਕੀਮਤ ਨਾਲ ਸਥਾਪਿਤ ਕੀਤਾ ਜਾਣ ਵਾਲਾ ਐਗਰੋ ਪ੍ਰੋਸੈਸਿੰਗ ਕੰਪਲੈਕਸ ਕਈ ਮਸ਼ੀਨਾਂ ਦਾ ਸਮੂਹ ਹੈ ਜਿਸ ਵਿਚ ਦਾਲਾਂ ਸਾਫ ਕਰਨ ਅਤੇ ਦਰਜਾਬੰਦੀ ਵਾਲੀ ਮਸ਼ੀਨ, ਆਟਾ ਪਿਸਾਈ ਚੱਕੀ, ਛੋਟੀ ਚੌਲ ਕੱਢਣ ਵਾਲੀ ਮਸ਼ੀਨ, ਹਾਈਡ੍ਰੋਲਿਕ ਤੇਲ ਕੋਹਲੂ, ਅਨਾਜ ਸਟੋਰ ਕਰਨ ਵਾਲਾ ਸਾਇਲੋ, ਆਟੋਮੈਟਿਕ ਪੈਕੇਜਿੰਗ ਮਸ਼ੀਨ, ਹਵਾ ਕੱਢਣ ਵਾਲੀ ਪੈਕੇਜਿੰਗ ਮਸ਼ੀਨ, ਨਾਈਟ੍ਰੋਜਨ ਫਲੱਸ਼ ਪੈਕੇਜਿੰਗ ਮਸ਼ੀਨ ਸ਼ਾਮਿਲ ਹਨ। ਉਹਨਾਂ ਨੇ ਗੁੜ ਬਨਾਉਣ ਦੇ ਵਿਗਿਆਨਕ ਪਲਾਂਟ ਦਾ ਵੀ ਉਦਘਾਟਨ ਕੀਤਾ।

ਐਗਰੋ-ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ
ਇਸ ਦੌਰਾਨ ਸ. ਚੀਮਾ ਨੇ ਜਿਣਸਾਂ ਤੋਂ ਉਤਪਾਦ ਬਨਾਉਣ ਲਈ ਮਾਹਿਰਾਂ ਵੱਲੋਂ ਕੀਤੀ ਜਾਂਦੀ ਖੋਜ ਦੀ ਜਾਣਕਾਰੀ ਹਾਸਲ ਕੀਤੀ। ਉਪਰੰਤ ਵਿੱਤ ਮੰਤਰੀ ਖੇਤੀ ਬਾਇਓਤਕਨਾਲੋਜੀ ਸਕੂਲ ਵਿਚ ਪੌਦਿਆਂ ਲਈ ਐਕਲੀਮਟਾਈਜ਼ੇਸ਼ਨ ਵਿਧੀ ਦੇ ਯੂਨਿਟ ਦੀ ਸਥਾਪਨਾ ਦਾ ਨੀਂਹ ਪੱਥਰ ਰੱਖਿਆ। ਜ਼ਿਕਰਯੋਗ ਹੈ ਕਿ ਇਸ ਤਕਨੀਕ ਰਾਹੀਂ ਪੌਦਿਆਂ ਨੂੰ ਟਿਸ਼ੂ ਕਲਚਰ ਅਤੇ ਹੋਰ ਵਿਧੀਆਂ ਰਾਹੀਂ ਨਿਰੋਗੀ ਰੂਪ ਵਿਚ ਪੈਦਾ ਕਰਕੇ ਕਿਸਾਨੀ ਸਮਾਜ ਦੀ ਭਲਾਈ ਕੀਤੀ ਜਾਂਦੀ ਹੈ। ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ ਏ ਐੱਸ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਸਮੇਤ ਸਮੁੱਚੇ ਉਚ ਅਧਿਕਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਮੌਜੂਦ ਸਨ।
ਸ. ਹਰਪਾਲ ਸਿੰਘ ਚੀਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੀ.ਏ.ਯੂ. ਨੇ ਹਰੀ ਕ੍ਰਾਂਤੀ ਨੂੰ ਲਿਆ ਕੇ ਦੇਸ਼ ਦੀ ਅਨਾਜ ਦੀ ਥੁੜ ਪੂਰਨ ਲਈ ਇਤਿਹਾਸਕ ਯੋਗਦਾਨ ਪਾਇਆ ਹੈ। ਮੌਜੂਦਾ ਸਮੇਂ ਵਿਚ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਤੋਰ ਕੇ ਮੁਨਾਫੇਯੋਗ ਕਿੱਤਾ ਬਨਾਉਣ ਦੀ ਚੁਣੌਤੀ ਸਭ ਦੇ ਸਾਹਮਣੇ ਹੈ। ਉਹਨਾਂ ਆਸ ਪ੍ਰਗਟਾਈ ਕਿ ਪੀ.ਏ.ਯੂ. ਇਸ ਦਿਸ਼ਾ ਵਿਚ ਵੀ ਮਸ਼ਾਲ ਧਾਰਕ ਦੀ ਭੂਮਿਕਾ ਨਿਭਾਏਗੀ। ਸ. ਚੀਮਾ ਨੇ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ, ਹੋਸਟਲ ਨੰ. 15, ਜਿੰਮਨੇਜ਼ੀਅਮ, ਸਵੀਮਿੰਗ ਪੂਲ, ਸ਼ੂਟਿੰਗ ਰੇਂਜ ਅਤੇ ਖੇਡ ਮੈਦਾਨਾਂ ਦਾ ਦੌਰਾ ਕਰਦਿਆਂ ਪੀ.ਏ.ਯੂ. ਵੱਲੋਂ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਸਰੀਰਕ ਵਿਕਾਸ ਲਈ ਪਾਏ ਜਾਂਦੇ ਭਰਪੂਰ ਯੋਗਦਾਨ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਹਰ ਸੰਭਵ ਤਰੀਕੇ ਨਾਲ ਪੀ.ਏ.ਯੂ. ਦੀ ਸਹਾਇਤਾ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: GADVASU ਵਿਖੇ 'ਪਸ਼ੂ ਸਿਹਤ ਲਈ ਟੀਮ ਜ਼ਰੂਰੀ' ਦੇ ਨਾਅਰੇ ਨਾਲ ਮਨਾਇਆ ਗਿਆ `World Veterinary Day 2025`

ਐਗਰੋ-ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸ. ਚੀਮਾ ਦਾ ਸਵਾਗਤ ਕਰਦਿਆਂ ਉਹਨਾਂ ਵੱਲੋਂ ਗਾਹੇ-ਬਗਾਹੇ ਪੀ.ਏ.ਯੂ. ਦੇ ਆਰਥਿਕ ਸਹਿਯੋਗ ਲਈ ਕੀਤੇ ਜਾਂਦੇ ਯਤਨਾਂ ਬਾਬਤ ਉਹਨਾਂ ਦਾ ਧੰਨਵਾਦ ਕੀਤਾ। ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਇਤਿਹਾਸ ਵਿਚ ਜੋ ਕਾਰਜ ਕੀਤਾ ਹੈ ਉਸਨੂੰ ਨਿਰੰਤਰ ਗਤੀ ਵਿਚ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਹਨਾਂ ਯੂਨੀਵਰਸਿਟੀ ਵਿਚ ਜਾਰੀ ਵਿਕਾਸ ਕਾਰਜਾਂ ਦੀ ਜਾਣਕਾਰੀ ਮਾਣਯੋਗ ਵਿੱਤ ਮੰਤਰੀ ਨੂੰ ਦਿੱਤੀ ਅਤੇ ਆਸ ਪ੍ਰਗਟਾਈ ਕਿ ਸਹਿਯੋਗ ਦਾ ਇਹ ਪੁਲ ਭਵਿੱਖ ਵਿਚ ਇਸ ਸੰਸਥਾ ਨੂੰ ਨਵੀਆਂ ਉਚਾਈਆਂ ਵੱਲ ਲਿਜਾਣ ਦਾ ਸਬੱਬ ਬਣੇਗਾ।
ਇਸ ਤੋਂ ਪਹਿਲਾ ਖੇਤੀ ਬਾਇਓਤਕਨਾਲੋਜੀ ਦੇ ਮਾਹਿਰ ਅਤੇ ਡਾ. ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਆਫ ਜੈਨੇਟਿਕਸ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਇਕ ਵਿਸ਼ੇਸ਼ ਪੇਸ਼ਕਾਰੀ ਰਾਹੀਂ ਡਿਜ਼ੀਟਲ ਕਾਰਜਾਂ ਅਤੇ ਖੇਤੀਬਾੜੀ ਦੇ ਭਵਿੱਖ ਉੱਪਰ ਚਾਨਣਾ ਪਾਇਆ। ਆਪਣੀ ਪੇਸ਼ਕਾਰੀ ਦੌਰਾਨ ਉਹਨਾਂ ਨੇ ਪੌਦਾ ਕਿਸਮ ਸੁਧਾਰ, ਬਰੀਡਿੰਗ, ਬਾਇਓਤਕਨਾਲੋਜੀ, ਏ ਆਈ ਅਤੇ ਹੋਰ ਨਵੀਆਂ ਤਕਨੀਕਾਂ ਸੰਬੰਧੀ ਯੂਨੀਵਰਸਿਟੀ ਵਿਚ ਜਾਰੀ ਕਾਰਜਾਂ ਦੀ ਸੰਖੇਪ ਰੂਪਰੇਖਾ ਪੇਸ਼ ਕੀਤੀ। ਉਹਨਾਂ ਦੱਸਿਆ ਕਿ ਗਤੀ ਬਰੀਡਿੰਗ ਵਿਧੀ ਨਾਲ ਫਸਲਾਂ ਬਾਰੇ ਤਜਰਬੇ ਪਹਿਲਾਂ ਨਾਲੋਂ ਛੇਤੀ ਕੀਤੇ ਜਾ ਸਕਣਗੇ ਤਾਂ ਜੋ ਬਦਲਦੇ ਮੌਸਮ ਅਤੇ ਜਲਵਾਯੂ ਦੀਆਂ ਹਾਲਤਾਂ ਅਨੁਸਾਰ ਕਿਸਮਾਂ ਪੈਦਾ ਕੀਤੀਆਂ ਜਾ ਸਕਣ।
ਇਹ ਵੀ ਪੜ੍ਹੋ: PAU ਨੌਜਵਾਨਾਂ ਦੇ ਖੇਤੀ ਹੁਨਰ ਨੂੰ ਉਤਸ਼ਾਹਿਤ ਕਰਨ ਲਈ ਹਮੇਸ਼ਾ ਤੱਤਪਰ: Dr. T.S. Riar

ਐਗਰੋ-ਪ੍ਰੋਸੈਸਿੰਗ ਕੰਪਲੈਕਸ ਅਤੇ ਗੁੜ ਪ੍ਰੋਸੈਸਿੰਗ ਪਲਾਂਟ ਦਾ ਉਦਘਾਟਨ
ਉਹਨਾਂ ਨੇ ਆਪਣੀ ਪੇਸ਼ਕਾਰੀ ਵਿਚ ਦੱਸਿਆ ਕਿ ਪੀ.ਏ.ਯੂ. ਵੱਲੋਂ ਵੱਧ ਝਾੜ ਦੇ ਨਾਲ-ਨਾਲ ਖੇਤੀ ਲਾਗਤਾਂ ਘੱਟ ਕਰਨ ਲਈ ਖੋਜ ਜਾਰੀ ਹੈ। ਇਸਦਾ ਹਵਾਲਾ ਦਿੰਦਿਆਂ ਉਹਨਾਂ ਨੇ ਪੀ ਆਰ 132 ਅਤੇ ਪੀ ਆਰ 131 ਦਾ ਜ਼ਿਕਰ ਕੀਤਾ। ਝੋਨੇ ਦੀ ਕਿਸਮ ਪੀ ਆਰ 126 ਅਤੇ ਕਣਕ ਦੀ ਕਿਸਮ ਪੀ ਬੀ ਡਬਲਯੂ 826 ਦੇ ਆਰਥਿਕ ਪ੍ਰਭਾਵਾਂ ਬਾਰੇ ਵੀ ਡਾ. ਛੁਨੇਜਾ ਨੇ ਚਾਨਣਾ ਪਾਇਆ। ਉਹਨਾਂ ਆਪਣੀ ਪੇਸ਼ਕਾਰੀ ਦਾ ਜ਼ਿਕਰ ਇਸ ਗੱਲ ਨਾਲ ਕੀਤਾ ਕਿ ਪੀ.ਏ.ਯੂ. ਨੇ ਹਰੀ ਕ੍ਰਾਂਤੀ ਦਾ ਮੁੱਢ ਬੰਨਿਆ ਸੀ ਅਤੇ ਹੁਣ ਜੀਨ ਵਿਗਿਆਨ ਦੀ ਕ੍ਰਾਂਤੀ ਦਾ ਮੋਢੀ ਇਹ ਸੰਸਥਾ ਬਣੇਗੀ।
ਸ. ਹਰਪਾਲ ਸਿੰਘ ਚੀਮਾ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਹੋਰ ਉੱਚ ਅਧਿਕਾਰੀਆਂ ਨੇ ਫੁਲਕਾਰੀ, ਸਨਮਾਨ ਚਿੰਨ ਅਤੇ ਕੌਫੀਟੇਬਲ ਨਾਲ ਸਨਮਾਨਿਤ ਕੀਤਾ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਯੂਨੀਵਰਸਿਟੀ ਦੀਆਂ ਤਾਜ਼ਾ ਖੇਤੀ ਪ੍ਰਕਾਸ਼ਨਾਵਾਂ ਦਾ ਸੈੱਟ ਸ. ਚੀਮਾ ਨੂੰ ਭੇਂਟ ਕੀਤਾ।
Summary in English: Punjab Finance Minister Harpal Singh Cheema inaugurates Agro-Processing Complex and Jaggery Processing Plant