
ਨੌਜਵਾਨ ਕਿਸਾਨਾਂ ਲਈ ਤਿੰਨ ਮਹੀਨੇ ਦਾ ਸਰਵਪੱਖੀ ਫਸਲ ਉਤਪਾਦਨ ਸਿਖਲਾਈ ਕੋਰਸ
Agricultural Training Course: ਪੰਜਾਬ, ਇੱਕ ਅਜਿਹਾ ਸੂਬਾ ਜੋ ਆਪਣੇ ਜੋਸ਼ੀਲੇ ਅਤੇ ਜਵਾਨੀ ਦੇ ਜਜ਼ਬੇ ਲਈ ਜਾਣਿਆ ਜਾਂਦਾ ਹੈ, ਪੰਜਾਬ ਨੇ ਖੇਤੀਬਾੜੀ ਵਿੱਚ ਹਮੇਸ਼ਾ ਇੱਕ ਉੱਤਮ ਦਰਜੇ ਦਾ ਹੁਨਰ ਰੱਖਿਆ ਹੈ। ਪੰਜਾਬ ਦਾ ਕਿਸਾਨ ਭਾਈਚਾਰਾ ਹੋਰ ਸੂਬਿਆਂ ਦੇ ਮੁਕਾਬਲੇ ਖ਼ੁਸ਼ਹਾਲ ਰਿਹਾ ਹੈ ਅਤੇ ਭਾਰਤ ਵਿੱਚ ਲੋੜੀਂਦੀ ਖ਼ੁਰਾਕ ਦੀ ਪੂਰਤੀ ਲਈ ਹਰੀ ਕ੍ਰਾਂਤੀ ਦੁਆਰਾ ਅਹਿਮ ਭੂਮਿਕਾ ਨਿਭਾਈ ਹੈ। ਹਾਲਾਂਕਿ, ਇਸ ਖੁਸ਼ਹਾਲ ਸੂਬੇ ਦੇ ਨੌਜਵਾਨਾਂ ਨੂੰ ਕਈ ਗੰਭੀਰ ਮੁੱਦਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਇਸ ਨੌਜਵਾਨ ਪੀੜ੍ਹੀ ਦੀ ਤਰੱਕੀ ਅਤੇ ਖ਼ੁਸ਼ਹਾਲੀ 'ਤੇ ਮਾੜਾ ਪ੍ਰਭਾਵ ਪਾ ਰਹੇ ਹਨ।
ਨਸ਼ੀਲੇ ਪਦਾਰਥਾਂ ਦੀ ਵਰਤੋਂ, ਵਿਦਿਅਕ ਚੁਣੌਤੀਆਂ ਕਾਰਨ ਵਿਦੇਸ਼ਾਂ ਵੱਲ ਪਰਵਾਸ ਅਤੇ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਵਰਗੇ ਵੱਖ-ਵੱਖ ਸਮਾਜਿਕ ਮੁੱਦਿਆਂ ਨੇ ਪੰਜਾਬ ਦੇ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਰੁਕਾਵਟ ਪਾਈ ਹੈ। ਕਿੱਤੇ ਵਜੋਂ ਖੇਤੀ ਕਰਨਾ ਵੀ ਇਸ ਨੌਜਵਾਨ ਪੀੜ੍ਹੀ ਲਈ ਬਹੁਤਾ ਆਕਰਸ਼ਕ ਨਹੀਂ ਲੱਗ ਰਿਹਾ। ਹੁਣ ਇਹ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਨੌਜਵਾਨਾਂ ਦੇ ਖੇਤੀ ਪ੍ਰਤੀ ਨਜ਼ਰੀਏ ਵਿੱਚ ਬਦਲਾਅ ਲਿਆਇਆ ਜਾਵੇ ਅਤੇ ਖੇਤੀ ਨੂੰ ਖੇਤੀ ਵਪਾਰ ਵਜੋਂ ਪੇਸ਼ ਕਰਨ ਦੇ ਨਾਲ-ਨਾਲ ਖੇਤੀ ਪ੍ਰਤੀ ਵਿਗਿਆਨਕ ਰੁੱਚੀ ਪੈਦਾ ਕੀਤੀ ਜਾਵੇ।
ਅਜੋਕੇ ਸਮੇਂ ਦਾ ਨੌਜਵਾਨ ਖੇਤੀ ਤੋਂ ਦੂਰ ਹੁੰਦਾ ਜਾ ਰਿਹਾ ਹੈ ਇਸ ਕਰਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਨੌਜਵਾਨਾਂ ਨੂੰ ਸਹੀ ਢੰਗ ਨਾਲ ਖੇਤੀ ਦੀ ਮੁੱਖ ਧਾਰਾ ਵਿੱਚ ਲਿਆਉਣ ਦੀ ਲੋੜ ਨੂੰ ਮਹਿਸੂਸ ਕਰਦਿਆਂ, ਨੌਜਵਾਨ ਕਿਸਾਨਾਂ ਲਈ ਤਿੰਨ ਮਹੀਨੇ ਦਾ ਸਰਵਪੱਖੀ ਫਸਲ ਉਤਪਾਦਨ ਸਿਖਲਾਈ ਕੋਰਸ ਆਯੋਜਿਤ ਕੀਤੇ ਜਾ ਰਹੇ ਹਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 133 ਸਿਖਲਾਈ ਕੋਰਸ ਪੰਜਾਬ ਦੇ ਨੌਜਵਾਨਾਂ ਲਈ ਲਗਾਏ ਜਾ ਚੁੱਕੇ ਹਨ। ਇਹ ਸਿਖਲਾਈ ਕੋਰਸਾਂ ਦਾ ਲਗਭਗ 5100 ਨੌਜਵਾਨ ਕਿਸਾਨ ਲਾਭ ਉਠਾ ਚੁੱਕੇ ਹਨ। ਕੋਰਸ ਦੀ ਮਿਆਦ 3 ਮਹੀਨੇ ਹੁੰਦੀ ਹੈ ਅਤੇ ਸਾਲ ਵਿੱਚ ਦੋ ਵਾਰੀ ਲਗਾਇਆ ਜਾਂਦਾ ਹੈ। ਪਹਿਲਾ ਕੋਰਸ ਹਰ ਸਾਲ ਜਨਵਰੀ ਤੋਂ ਮਾਰਚ ਮਹੀਨੇ ਤੱਕ ਅਤੇ ਦੂਜਾ ਅਗਸਤ ਤੋਂ ਅਕਤੂਬਰ ਮਹੀਨੇ ਤੱਕ ਆਯੋਜਿਤ ਕੀਤਾ ਜਾਂਦਾ ਹੈ।
ਪ੍ਰੋਗਰਾਮ ਦਾ ਉਦੇਸ਼ ਨੌਜਵਾਨ ਕਿਸਾਨਾਂ ਨੂੰ ਜਿਹੜੇ ਕਿ ਜਿਆਦਾਤਰ ਪੜ੍ਹੇ-ਲਿਖੇ ਸ੍ਰੇਣੀ ਵਿਚੋਂ ਹਨ ਅਤੇ ਖੇਤੀ ਦੀ ਮੁੱਢਲੀ ਜਾਣਕਾਰੀ ਤੋਂ ਦੂਰ ਹਨ ਨੂੰ ਫਸਲਾਂ ਦੀ ਸਹੀ ਢੰਗ ਨਾਲ ਖੇਤੀ ਕਰਨ ਅਤੇ ਕੁਸ਼ਲ ਖੇਤੀ ਉਤਪਾਦਨ ਕਰਨ ਲਈ ਲੋੜੀਂਦੇ ਗਿਆਨ ਅਤੇ ਹੁਨਰ ਨਾਲ ਲੈਸ ਕਰਨਾ ਹੈ। ਸਿਖਲਾਈ ਕੋਰਸ ਦੀ ਸਮਾਂ-ਸਾਰਣੀ ਖੇਤੀਬਾੜੀ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਸਾਵਧਾਨੀ ਨਾਲ ਤਿਆਰ ਕੀਤੀ ਜਾਂਦੀ ਹੈ, ਲਿਖਤੀ ਅਤੇ ਪ੍ਰੈਕਟੀਕਲ ਸਿਖਲਾਈ ਨੂੰ ਬਰਾਬਰ ਦੀ ਅਹਿਮੀਅਤ ਦਿੱਤੀ ਜਾਂਦੀ ਹੈ।
ਕੋਰਸ ਦੌਰਾਨ ਖੇਤੀਬਾੜੀ ਪ੍ਰਤੀ ਵਿਗਿਆਨਕ ਰੁੱਚੀ ਪੈਦਾ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ। ਕੋਰਸ ਵਿੱਚ ਫਸਲਾਂ ਦੀ ਕਾਸ਼ਤ, ਮਿੱਟੀ ਦੀ ਪਰਖ, ਉਪਜਾਊ ਸ਼ਕਤੀ ਅਤੇ ਪੌਸ਼ਟਿਕ ਤੱਤਾਂ ਦੇ ਪ੍ਰਬੰਧਨ, ਰੋਗ ਪ੍ਰਬੰਧਨ ਅਤੇ ਕੀਟ ਪ੍ਰਬੰਧਨ, ਸਿੰਚਾਈ ਦੀਆਂ ਸਹੀ ਤਕਨੀਕਾਂ ਅਤੇ ਖੇਤੀ ਦੇ ਹੋਰ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਵੱਖ-ਵੱਖ ਖੋਜ ਆਧਾਰਿਤ ਬਿਜਾਈ ਅਤੇ ਟ੍ਰਾਂਸਪਲਾਂਟਿੰਗ ਤਕਨੀਕਾਂ, ਨਰਸਰੀ ਉਗਾਉਣ, ਸਬਜ਼ੀਆਂ ਦੀ ਕਾਸ਼ਤ, ਹਾਈਬ੍ਰਿਡ ਬੀਜ ਉਤਪਾਦਨ, ਖੁਸ਼ਬੂਦਾਰ ਅਤੇ ਦਵਾਈਆਂ ਵਾਲੇ ਬੂਟਿਆਂ ਦੀ ਕਾਸ਼ਤ ਅਤੇ ਡਰੈਗਨ ਫਰੂਟ ਵਰਗੀਆਂ ਵਿਦੇਸ਼ੀ ਫਲਾਂ ਦੀ ਕਾਸ਼ਤ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: How to Start a Fruit Garden: ਬਾਗ ਲਗਾਉਣ ਲਈ ਸੁਚੱਜੀ ਵਿਉਂਤਬੰਦੀ ਅਤੇ ਪ੍ਰਬੰਧਨ ਜ਼ਰੂਰੀ, PAU ਨੇ ਸਿਫ਼ਾਰਸ਼ ਕੀਤੀਆਂ ਫ਼ਲਦਾਰ ਬੂਟਿਆਂ ਦੀਆਂ ਉੱਨਤ ਕਿਸਮਾਂ
ਇਸ ਵਿੱਚ ਕੁਦਰਤੀ ਸਰੋਤਾਂ ਦੀ ਸੰਭਾਲ, ਫ਼ਸਲੀ ਰਹਿੰਦ-ਖੂਹੰਦ ਦੀ ਸੰਭਾਲ, ਵਾਢੀ ਤੋਂ ਬਾਅਦ ਪ੍ਰਬੰਧਨ ਅਤੇ ਖੇਤੀ ਉਪਜ ਦੀ ਸੰਭਾਲ ਵੀ ਸ਼ਾਮਲ ਹੈ ਤਾਂ ਜੋ ਇਸ ਦਾ ਸੁਚੱਜਾ ਉਪਯੋਗ ਕੀਤਾ ਜਾ ਸਕੇ ਅਤੇ ਖੇਤੀ ਆਮਦਨ ਵਿੱਚ ਵਾਧਾ ਹੋ ਸਕੇ। ਕਿਸਾਨਾਂ ਨੂੰ ਖੇਤੀ ਵਿੱਚ ਖਰਚਿਆਂ ਦਾ ਸਹੀ ਰਿਕਾਰਡ ਰੱਖਣਾ ਸਿਖਾਇਆ ਜਾਂਦਾ ਹੈ ਤਾਂ ਜੋ ਕਿਸੇ ਵੀ ਫਸਲ ਦੀ ਲਾਗਤ ਅਤੇ ਮੁਨਾਫ਼ੇ ਦਾ ਹਿਸਾਬ ਲਗਾਇਆ ਜਾ ਸਕੇ। ਉਨ੍ਹਾਂ ਨੂੰ ਆਪਣੀ ਖੇਤੀ ਵਿੱਚ ਵਿਭਿੰਨਤਾ ਲਿਆਉਣ ਅਤੇ ਆਪਣੇ ਪਿੰਡਾਂ ਲਈ ਇੱਕ ਰੋਲ ਮਾਡਲ ਬਣਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਖੁੰਬਾਂ ਦੀ ਕਾਸ਼ਤ, ਮਧੂ ਮੱਖੀ ਪਾਲਣ, ਡੇਅਰੀ, ਪੋਲਟਰੀ ਅਤੇ ਸੂਰ ਪਾਲਣ ਵਰਗੇ ਸਹਾਇਕ ਧੰਦੇ ਸ਼ੁਰੂ ਕਰਨ ਬਾਰੇ ਵੀ ਸਿਖਲਾਈ ਦਿੱਤੀ ਜਾਂਦੀ ਹੈ। ਇਹਨਾਂ ਖੇਤੀਬਾੜੀ ਅਧਾਰਤ ਕਿੱਤਿਆਂ ਦੇ ਵੱਖ-ਵੱਖ ਪਹਿਲੂ ਜਿਵੇਂ ਕਿ ਵਪਾਰਕ ਯੋਜਨਾਬੰਦੀ, ਮਾਰਕੀਟਿੰਗ, ਵਿੱਤੀ ਪ੍ਰਬੰਧਨ, ਸੰਚਾਲਨ ਅਤੇ ਮੁੱਖ ਖੇਤੀ ਤਕਨੀਕਾਂ ਸੰਬੰਧੀ ਫੈਸਲਾ ਲੈਣ ਦਾ ਹੁਨਰ ਵੀ ਸਿਖਾਇਆ ਜਾਂਦਾ ਹੈ। ਪੁਰਾਣੇ ਸਿਖਿਆਰਥੀਆਂ ਨੇ ਨਾ ਸਿਰਫ ਖੇਤੀਬਾੜੀ ਪ੍ਰਤੀ ਆਪਣੀ ਸੋਚ ਵਿੱਚ ਤਬਦੀਲੀ ਦਾ ਅਨੁਭਵ ਕੀਤਾ ਹੈ ਬਲਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਕਾਦਮਿਕ ਵਾਤਾਵਰਣ ਦੇ ਐਕਸਪੋਜਰ ਨੇ ਸਿਖਿਆਰਥੀਆਂ ਦਾ ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਪ੍ਰਤੀ ਨਜ਼ਰੀਆ ਵੀ ਬਦਲ ਦਿੱਤਾ ਹੈ।
ਹਰ ਬੈਚ ਵਿੱਚ ਲਗਭਗ 30-40 ਸਿਖਿਆਰਥੀ ਹੁੰਦੇ ਹਨ। ਹਰ ਕੋਰਸ ਦੇ ਆਰੰਭ ਵਿੱਚ ਸਿਖਿਆਰਥੀਆਂ ਦਾ ਖੇਤੀਬਾੜੀ ਬਾਰੇ ਗਿਆਨ ਦਾ ਪੱਧਰ ਦੇਖਿਆ ਜਾਂਦਾ ਹੈ ਅਤੇ ਜਿਹੜੇ ਵਿਦਿਆਰਥੀਆਂ ਦੀ ਹਾਜ਼ਰੀ 75% ਪੂਰੀ ਹੁੰਦੀ ਹੈ, ਕੋਰਸ ਦੇ ਅੰਤ ਵਿੱਚ ਉਹਨਾਂ ਦਾ ਇਮਤਿਹਾਨ ਲਿਆ ਜਾਂਦਾ ਹੈ। ਉਹਨਾਂ ਦੀ ਖੇਤੀ ਪ੍ਰਤੀ ਜਾਣਕਾਰੀ ਵਿੱਚ ਕਿੰਨਾ ਕੁ ਵਾਧਾ ਹੋਇਆ, ਇਹ ਵੀ ਜਾਣਿਆ ਜਾਂਦਾ ਹੈ ਤਾਂ ਕਿ ਕੋਰਸ ਵਿੱਚ ਜੇਕਰ ਕੋਈ ਵੀ ਤਰੁੱਟੀ ਰਹੀ ਹੋਵੇ ਤਾਂ ਉਸ ਵਿੱਚ ਅੱਗੇ ਤੋਂ ਲੋੜੀਂਦਾ ਸੁਧਾਰ ਕੀਤਾ ਜਾ ਸਕੇ। ਉਹਨਾਂ ਸਿਖਿਆਰਥੀਆਂ ਨੂੰ ਹੀ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ ਜੋ ਇਮਤਿਹਾਨ ਵਿੱਚ ਪਾਸ ਹੋਏ ਹੋਣ। ਸਿਖਿਅਤ ਨੌਜਵਾਨਾਂ ਨੂੰ ਪੀ.ਏ.ਯੂ. ਕਿਸਾਨ ਕਲੱਬ ਦੀ ਮੈਂਬਰਸ਼ਿਪ ਲਈ ਪ੍ਰੇਰਿਤ ਕਰਕੇ ਯੂਨੀਵਰਸਿਟੀ ਨਾਲ ਜੋੜਨ ਦੀ ਕੋਸ਼ਿਸ ਕੀਤੀ ਜਾਂਦੀ ਹੈ।। ਇਸ ਕੋਰਸ ਵਿੱਚ 20 ਤੋਂ 40 ਸਾਲ ਉਮਰ ਦੇ ਦਸਵੀਂ ਪਾਸ ਪੰਜਾਬ ਦੇ ਨੌਜਵਾਨ ਕਿਸਾਨ ਦਾਖ਼ਲਾ ਲੈ ਸਕਦੇ ਹਨ।
ਇਹ ਵੀ ਪੜ੍ਹੋ: Punjab ਦੇ ਕਿਸਾਨਾਂ ਨੂੰ ਸਲਾਹ, Dr. Sukhdeep Singh Hundal ਨੇ ਸਾਂਝੇ ਕੀਤੇ ਅਗਸਤ ਮਹੀਨੇ ਦੇ ਬਾਗਬਾਨੀ ਰੁਝੇਂਵੇਂ
ਦਾਖਲਾ ਲੈਣ ਦੇ ਚਾਹਵਾਨ ਸਕਿੱਲ ਡਿਵੈਲਪਮੈਂਟ ਸੈਂਟਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵੈਬਸਾਈਟ (www.pau.edu) ਤੇ ਦਿੱਤੇ ਲਿੰਕ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਜਿਹਨਾਂ ਉਮੀਦਵਾਰਾਂ ਨੇ ਆਪਣੀ ਅਰਜ਼ੀ ਦਰਜ ਕਰਵਾ ਦਿੱਤੀ ਹੋਵੇਗੀ ਅਸੀਂ ਉਹਨਾਂ ਉਮੀਦਵਾਰਾਂ ਦਾ ਵਟਸਅਪ ਗਰੁੱਪ ਬਣਾ ਕੇ ਇੰਟਰਵਿਊ ਲਈ ਜਾਣਕਾਰੀ ਦਿੰਦੇ ਹਾਂ। ਇੰਟਰਵਿਊ ਵਾਲੇ ਦਿਨ ਉਮੀਦਵਾਰਾਂ ਨੂੰ ਦਸਵੀਂ ਪਾਸ ਅਤੇ ਉਮਰ ਦੇ ਸਬੂਤ ਦਾ ਸਰਟੀਫਿਕੇਟ ਨਾਲ ਲੈ ਕੇ ਲਿਆਉਣ ਲਈ ਸੂਚਿਤ ਕੀਤਾ ਜਾਦਾਂ ਹੈ।
ਚੁਣੇ ਜਾਣ ਵਾਲੇ ਸਿਖਿਆਰਥੀ ਤੋਂ 1000/- ਰੁਪਏ ਬਤੌਰ ਸਕਿਓਰਟੀ ਲਈ ਜਾਦੀ ਹੈ ਜੋ ਕਿ ਸਫ਼ਲਤਾ ਪੂਰਵਕ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀ ਨੂੰ ਹੀ ਵਾਪਿਸ ਦਿੱਤੀ ਜਾਦੀ ਹੈ। ਇਸ ਤੋਂ ਇਲਾਵਾ ਕੋਰਸ ਦੀ ਫੀਸ 1000/- (GST ਵੱਖਰਾ) ਰੁਪਏ ਹੈ ਅਤੇ ਰਿਹਾਇਸ਼ ਦੀ 300/- (GST ਵੱਖਰਾ) ਰੁਪਏ ਪ੍ਰਤੀ ਮਹੀਨਾ ਫੀਸ ਲਈ ਜਾਦੀ ਹੈ। । ਚਾਹਵਾਨ ਸਿਖਿਆਰਥੀ 25 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ ,ਇਹ ਕੋਰਸ 1 ਅਗਸਤ ਤੋਂ 31 ਅਕਤੂਬਰ 2025 ਤੱਕ ਲੱਗੇਗਾ। ਵਧੇਰੇ ਜਾਣਕਾਰੀ ਲਈ 9779700905, 9501004172 ਜਾਂ 9417109781 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਰੋਤ: ਡਾ. ਰੁਪਿੰਦਰ ਕੌਰ, ਡਾ. ਲਵਲੀਸ਼ ਗਰਗ ਅਤੇ ਡਾ. ਕੁਲਵੀਰ ਕੌਰ, ਪੀ.ਏ.ਯੂ. ਲੁਧਿਆਣਾ
Summary in English: Punjab Youth: Three-month comprehensive Agricultural training course for young farmers of Punjab